ਅਸੀਂ ਲੰਬੇ ਸਮੇਂ ਤੋਂ ਮੀਡੀਆ ਦੇ ਵੱਖ-ਵੱਖ ਸਾਧਨਾਂ ਜਰੀਏ ਪੰਜਾਬੀਆਂ ਨੂੰ ਇੱਕੋ ਗੱਲ ਦਾ ਰੋਣਾ ਰੋਂਦੇ ਸੀ ਕਿ ਜੋ ਤੁਹਾਡੇ ਸਾਹਮਣੇ ਇਨ੍ਹਾਂ ਅੱਜ ਦੇ ਕਈ ਕਲਾਕਾਰਾਂ ਵੱਲੋਂ ਗਾਇਕੀ ਪੇਸ਼ ਕੀਤੀ ਜਾ ਰਹੀ ਹੈ ਉਸ ਦਾ ਕਿਸੇ ਵੀ ਤਰ੍ਹਾਂ ਪੰਜਾਬੀ ਸੱਭਿਆਚਾਰ ਨਾਲ ਲੈਣਾ ਦੇਣਾ ਨਹੀਂ ਹੈ । ਗੋਲੀਆਂ ਦੀ ਛਾਂਵੇ ਕੁੜੀਆਂ ਨੂੰ ਚੁੱਕ ਕੇ ਲੈ ਜਾਣ ਵਾਲੇ ਪੰਜਾਬੀ ਮਾਂ ਬੋਲੀ ਦੇ ਰਾਖੇ ਕਦੇ ਨਹੀਂ ਹੋ ਸਕਦੇ । ਜੋ ਜਾਲ ਫੁਕਰਾਪੰਥੀ ਕਲਾਕਾਰਾਂ ਵੱਲੋਂ ਲੰਬੇ ਸਮੇਂ ਤੋਂ ਸਾਡੀ ਨੌਜਵਾਨੀ ਨੂੰ ਫਸਾਉਣ ਦੇ ਲਈ ਬੁਣਿਆ ਜਾ ਰਿਹਾ ਸੀ ਆਖ਼ਰ ਇਹ ਲੋਕ ਉਸ ਦੇ ਵਿੱਚ ਹੀ ਇੱਕ-ਇੱਕ ਕਰਕੇ ਫਸਣ ਲੱਗੇ ਹਨ ਅਤੇ ਗੱਲ ਕਲਾਕਾਰਾਂ ਤੇ ਪਰਚੇ ਦਰਜ ਹੋਣ ਤੱਕ ਆ ਪਹੁੰਚੀ ਹੈ । ਸਮੇਂ ਦਾ ਫੇਰ ਦੇਖੋ ਗੀਤਾਂ ਰਾਹੀਂ ਪੁਲਿਸ ਨੂੰ ਝਕਾਨੀਆਂ ਦੇਣ ਵਾਲੇ ਹੁਣ ਆਪ ਖੁਦ ਘਰ ਤੋਂ ਫਰਾਰ ਹਨ ਖੈਰ..। ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਗਾਇਕੀ ਅੰਦਰ ਝੁੱਲ ਰਹੀ ਅਸ਼ਲੀਲਤਾ , ਹਥਿਆਰ ਅਤੇ ਬਦਮਾਸੀ ਦੀ ਹਨੇਰੀ ਨੇ ਸਾਰੇ ਹੱਦ ਬੰਨਿਆਂ ਨੂੰ ਪਾਰ ਕਰਦਿਆਂ ਨਵੀਆਂ ਨਿਵਾਣਾਂ ਨੂੰ ਛੂਹ ਲਿਐ । ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਸੱਭਿਆਚਾਰ ਦੀਆਂ ਕੋਮਲ ਸਿਨਫਾਂ ਦੇ ਤੌਰ 'ਤੇ ਜਾਣੀ ਜਾਂਦੀ ਪੰਜਾਬੀ ਗਾਇਕੀ ਦੀ ਸੇਵਾ ਕਰਨ ਦੇ ਨਾਂਅ 'ਤੇ ਮੇਵਾ ਛਕਣ ਵਾਲੇ ਕਲਾਕਾਰਾਂ 'ਤੇ ਪਰਚੇ ਦਰਜ ਹੋਣਗੇ ਅਤੇ ਉਨ੍ਹਾਂ ਦੀਆਂ ਮਾਰੀਆਂ ਯਵਲੀਆਂ ਸਮਾਜ ਵਿੱਚ ਬਖੇੜਾ ਖੜ੍ਹਾ ਕਰਨਗੀਆਂ । ਕਈ ਫੁਕਰਾਪੰਥੀ ਕਲਾਕਾਰਾਂ ਦੀ ਬਦੌਲਤ ਸਮੇਂ ਨੇ ਐਸਾ ਮੋੜਾ ਕੱਟਿਆ ਕਿ ਸਾਡੀ ਨੌਜਵਾਨੀ ਸਭ ਕੁਝ ਭੁੱਲ ਕੇ ਇਨ੍ਹਾਂ ਦੇ ਮਗਰ ਹੋ ਤੁਰੀ ਕਿਸੇ ਨੇ ਇਹ ਵੇਖਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਇਹ ਰਸਤਾ ਕਿੱਧਰ ਨੂੰ ਜਾਦੈ ।
ਪੰਜਾਬੀ ਸੱਭਿਆਚਾਰ ਦੀ ਸੇਵਾ ਕਰਨ ਦੇ ਨਾਂ ਤੇ ਸਾਡੇ ਕਲਾਕਾਰਾਂ ਨੇ ਉਹ ਕੁੱਝ ਕਰ ਵਿਖਾਇਆ ,ਜਿਸ ਨੂੰ ਸੋਚ ਅਤੇ ਵੇਖ ਚੰਗੇ ਇਨਸਾਨ ਦੀ ਰੂਹ ਤੱਕ ਕੰਬ ਜਾਵੇ ,ਕਹਿਣ ਸੁਣਨ ਨੂੰ ਭਾਵੇਂ ਇਹ ਕਲਾਕਾਰ ਜਾਪਦੇ ਨੇ ਪਰ ਇਨ੍ਹਾਂ ਦੀਆਂ ਹਰਕਤਾਂ ਅਤੇ ਪਹਿਰਾਵੇ ਤੋਂ ਇਹ ਚੰਬਲ ਦੇ ਡਾਕੂਆਂ ਤੋਂ ਵੀ ਭੈੜੇ ਵਿਖਾਈ ਦਿੰਦੇ ਹਨ । ਵਰ੍ਹਿਆਂ ਤੋਂ ਸ਼ੁਰੂ ਹੋਈ ਇਹ ਅਨੋਖੀ ਕਹਾਣੀ ਅੱਜ ਵੀ ਰੁੱਕਣ ਦਾ ਨਾਮ ਨਹੀਂ ਲੈ ਰਹੀ ਪਹਿਲਾਂ ਤੋਂ ਹੀ ਵਾਹਣੀ ਪਈ ਨੌਜਵਾਨੀ ਤੋਂ ਹੋਰ ਲਾਹਾ ਖੱਟਣ ਦੀ ਤਾਕ ਵਿੱਚ ਫੁਕਰਾਪੰਥੀ ਕਲਾਕਾਰਾਂ ਨੇ ਸਾਰੀਆਂ ਹੱਦਾਂ ਪਾਰ ਕਰਦਿਆਂ ਆਪਸ ਵਿੱਚ ਲੜਾਈ ਦੇ ਡਰਾਮੇ ਕਰ ਰਹਿੰਦੀ ਕਸਰ ਵੀ ਪੂਰੀ ਕਰ ਦਿੱਤੀ ।
ਇੱਕ ਕਲਾਕਾਰ ਸ਼ਰੇਆਮ ਦੂਜੇ ਨੂੰ ਚੰਗਾ ਮੰਦਾ ਆਖ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਣ ਤੋਂ ਵੀ ਗੁਰੇਜ਼ ਨਹੀਂ ਕਰ ਰਿਹਾ,ਸਮਾਂ ਬੰਨ੍ਹ ਕੇ ਲੜਾਈ ਲੜਨ ਦੇ ਨਾਂ ਤੇ ਇੱਕ ਦੂਜੇ ਦੀਆਂ ਕੁੜੀਆਂ ਚਿੜੀਆਂ ਨੂੰ ਪੁਣਦੇ ਇਹ ਲੋਕ ਇਹ ਗੱਲ ਸਮਝਣ ਤੋਂ ਇਨਕਾਰੀ ਹਨ ਕਿ ਇਨ੍ਹਾਂ ਗੱਲਾਂ ਦਾ ਨੌਜਵਾਨੀ 'ਤੇ ਕੀ ਅਸਰ ਪਵੇਗਾ । ਲੰਘੇ ਦਿਨੀਂ ਕਈ ਫੁਕਰਾਪੰਥੀ ਕਲਾਕਾਰਾਂ ਵੱਲੋਂ ਸਰੇਆਮ ਵੀਡੀਓ ਬਣਾ ਕੇ ਇੱਕ ਦੂਜੇ ਨੂੰ ਵੇਖ ਲੈਣ ਦੀਆਂ ਧਮਕੀਆਂ ਦਿੱਤੀਆਂ ਅਤੇ ਫਿਰ ਕਬੱਡੀ ਕੱਪਾਂ ਉੱਤੇ ਦਰਸ਼ਕਾਂ ਦੀ ਵੱਡੀ ਗਿਣਤੀ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਦੇ ਲਈ ਰੱਜ ਕੇ ਊਲ-ਜਲੂਲ ਬੋਲਣ ਤੋਂ ਬਾਅਦ ਚੰਗੀਆਂ ਸੁਰਖੀਆਂ ਬਟੋਰੀਆਂ ਗਈਆਂ ।
ਇੱਕ ਗੱਲ ਸਮਝ ਤੋਂ ਬਾਹਰ ਦੀ ਹੈ ਕਿ ਇਹ ਕਲਾਕਾਰ ਵਰਗ ਆਖਰ ਚਾਹੁੰਦਾ ਕੀ ਹੈ ਪੈਸੇ ਦੀ ਘਾਟ ਤਾਂ ਇਨ੍ਹਾਂ ਨੇ ਕਈ ਸਾਲਾਂ ਤੋਂ ਪੂਰੀ ਕਰ ਲਈ ਹੈ , ਰੱਜ ਕੇ ਪੈਸਾ ਕਮਾਉਣ ਤੋਂ ਬਾਅਦ ਵੀ ਇਹ ਲੋਕ ਬਾਂਦਰ ਟਪੂਸੀਆਂ ਮਾਰਨੋ ਬਾਜ ਕਿਉਂ ਨਹੀਂ ਆਉਂਦੇ, ਸ਼ਾਇਦ ਪੜ੍ਹਾਈ ਅਤੇ ਸੰਸਕਾਰਾਂ ਦੀ ਘਾਟ ਇਨ੍ਹਾਂ ਲੋਕਾਂ ਨੂੰ ਇੱਕ ਚੰਗਾ 'ਤੇ ਸਿਆਣਾ ਇਨਸਾਨ ਨਹੀਂ ਬਣਨ ਦੇ ਰਹੀ । ਸੋਚ ਕੇ ਵੇਖੀਏ ਤਾਂ ਕਲੇਜਾ ਮੂੰਹ ਨੂੰ ਆਉਂਦਾ ਹੈ ਕਿ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਲੋਕਾਂ ਦੇ ਉੱਤੇ ਆਪਣੀ ਹੀ ਮਾਂ ਬੋਲੀ ਦਾ ਨਿਰਾਦਰ ਕਰਨ ਦੇ ਦੋਸ਼ੀ ਹੋਣ ਦਾ ਮਾਮਲਾ ਦਰਜ ਹੋਵੇਗਾ , ਕਦੇ ਕਿਸੇ ਨੇ ਸੋਚਿਆ ਸੀ ਕਿ ਕਲਾਕਾਰਾਂ ਨੂੰ ਗੀਤਾਂ ਦੀ ਗਲਤ ਸ਼ਬਦਾਵਲੀ ਬਦਲੇ ਅਦਾਲਤਾਂ ਵੱਲੋਂ ਸੰਮਣ ਆਉਣਗੇ ,ਅਤੇ ਉਨ੍ਹਾਂ ਨੂੰ ਥਾਣੇ ਕਚਹਿਰੀਆਂ ਵਿੱਚ ਇਸ ਲਈ ਜਾਣਾ ਪਵੇਗਾ ਕਿ ਉਹ ਮਾਂ ਬੋਲੀ ਦੀ ਦੁਰਗ਼ਤ ਕਰ ਰਹੇ ਹਨ ।
ਸਮਾਂ ਆਪਣਾ ਹਿਸਾਬ ਜ਼ਰੂਰ ਮੰਗਦਾ ਹੈ ਇਕ ਪਾਸੇ ਜਿਹੋ- ਜਿਹਾ ਇਨ੍ਹਾਂ ਕਲਾਕਾਰਾਂ ਵੱਲੋਂ ਬੀਜਿਆ ਗਿਆ ਉਹੋ-ਜਿਹੀ ਫਸਲ ਇਨ੍ਹਾਂ ਨੂੰ ਵੱਢਣੀ ਪੈ ਰਹੀ ਹੈ , ਕਦੇ ਸਰੋਤਿਆਂ ਵੱਲੋਂ ਸ਼ਰੇਆਮ ਸਟੇਜਾਂ 'ਤੇ ਚੜ੍ਹ ਕੇ ਇਨ੍ਹਾਂ ਕਲਾਕਾਰਾਂ ਦੀ ਬੇਇਜ਼ਤੀ ਕੀਤੀ ਜਾਂਦੀ ਹੈ ਅਤੇ ਕਦੇ ਕਿਸੇ ਮਹਿਲਾ ਕਲਾਕਾਰ ਦਾ ਹੱਥ ਫੜ ਕੇ ਉਸ ਨੂੰ ਧੂਹ ਲਿਆ ਜਾਂਦਾ ਹੈ । ਕਿਉਂ ਹੋ ਰਿਹਾ ਇਹ ਸਭ ਕੁਝ, ਕਿਸ ਦੀ ਜ਼ਿੰਮੇਵਾਰੀ ਬਣਦੀ ਹੈ, ਇਹ ਸਭ ਕੁਝ ਨੌਜਵਾਨਾਂ ਨੂੰ ਕਿੱਥੋਂ ਮਿਲਿਆ ,ਸਾਡਾ ਵਿਰਸਾ ਅਤੇ ਇਤਿਹਾਸ ਅਜਿਹਾ ਨਹੀਂ ਸੀ ਅਸੀਂ ਜਾਣ ਬੁਝਕੇ ਚੰਦ ਛਿੱਲੜਾਂ ਦੀ ਖਾਤਰ ਨੌਜਵਾਨੀ ਨੂੰ ਗਲਤ ਰਸਤੇ 'ਤੇ ਤੁੋਰਿਆ ਉਸ ਦਾ ਨਤੀਜਾ ਤਾਂ ਸਾਨੂੰ ਮਿਲਣਾ ਹੀ ਸੀ । ਪਿੰਡਾਂ ਵਿੱਚੋਂ ਕੁੜੀਆਂ ਚੁੱਕਣ ਤੋਂ ਲੈ ਕੇ ਬਦਮਾਸੀ ਦੇ ਚਿੱਠਿਆਂ , ਆਸਕੀ , ਨਸ਼ਾ , ਅਜਿਹਾ ਕੁਝ ਨਹੀਂ ਬਚਿਆ ਜੋ ਇਨ੍ਹਾਂ ਕਲਾਕਾਰਾਂ ਵੱਲੋਂ ਨੌਜਵਾਨੀ ਅੱਗੇ ਪਰੋਸਿਆ ਨਾ ਗਿਆ ਹੋਵੇ ਜਿਸ ਦਾ ਅਸਰ ਸੁਭਾਵਿਕ ਹੈ ।
ਬੁੱਧੀਜੀਵੀ ਵਰਗ ਅਤੇ ਮਾਂ ਬੋਲੀ ਦੇ ਸਰਵਣ ਪੁੱਤਰ ਇਸ ਗੱਲ ਦੀ ਚਿੰਤਾ ਜ਼ਰੂਰ ਕਰਦੇ ਨੇ ਕਿ ਪੰਜਾਬ ਦੀ ਨੌਜਵਾਨੀ ਦਾ ਵੱਡਾ ਹਿੱਸਾ ਅੱਜ ਫੁਕਰਾਪੰਥੀ ਕਲਾਕਾਰਾਂ ਦੇ ਦੁਆਲੇ ਇਕੱਠਾ ਹੋ ਰਿਹੈ ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ । ਸਾਡੇ ਕਲਾਕਾਰ ਵਰਗ ਨੂੰ ਵੀ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਨੌਜਵਾਨੀ ਦੇ ਸਿਰ ਤੋਂ ਆਪਣੇ ਐਸ਼ੋ ਆਰਾਮ ਦੇ ਸਾਧਨ ਖਾਤਰ ਪੈਸੇ ਕਮਾ ਕੇ ਇਸ ਸਾਰੇ ਮਾਮਲੇ ਤੋਂ ਬਰੀ ਨਹੀਂ ਹੋ ਸਕਦੇ ਇਸ ਦਾ ਜਵਾਬ ਤਾਂ ਉਨ੍ਹਾਂ ਨੂੰ ਵੀ ਦੇਣਾ ਹੀ ਪਵੇਗਾ ਪਰ ਉਦੋਂ ਤੱਕ ਸਾਡਾ ਸਮਾਜ , ਨੌਜਵਾਨੀ ਅਤੇ ਸਾਡੀਆਂ ਨੈਤਿਕ ਕਦਰਾਂ-ਕੀਮਤਾਂ ਤਹਿਸ ਹੋ ਚੁੱਕੀਆਂ ਹੋਣਗੀਆਂ, ਸਾਡਾ ਵਿਰਸਾ ਅਤੇ ਸੱਭਿਆਚਾਰ ਤਬਾਹ ਹੋ ਚੁੱਕਿਆ ਹੋਵੇਗਾ ।
-
ਮਨਜਿੰਦਰ ਸਿੰਘ ਸਰੌਦ, ਮੁੱਖ ਪ੍ਰਚਾਰ ਸਕੱਤਰ ( ਵਿਸ਼ਵ ਪੰਜਾਬੀ ਲੇਖਕ ਮੰਚ )
manjindersinghkalasaroud@gmail.com
094634-63136
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.