ਕਾਲਮ ਵਿਚ ਛਪੀ ਫੋਟੂ ਵੇਖਣ ਨੂੰ ਖੂਬਸੂਰਤ ਲਗਦੀ ਹੈ ਪਰ ਅੰਦਰੋਂ ਬਦਸੂਰਤ ਹੈ। ਬੈਠੇ ਵਾਲੀ ਥਾਂ ਬੜੀ ਪਿਆਰੀ ਹੈ। ਇਕ ਪਾਸੇ ਸਾਗਰ ਹੈ ਨੀਲਾ ਗਹਿਰਾ। ਪਰ੍ਹੇ ਪੀਲੱਤਣ ਹੈ। ਕੁਰਸੀ ਵੀ ਸੋਹਣੀ। ਹੱਥ ਵਿਚ ਕਾਗਜ,ਕੁਛ ਲਿਖਣੇ ਨੂੰ ਮਜਬੂਰ ਕਰਦੇ ਹੱਥ।
×××× ਪ੍ਰਦੇਸ ਸਾਂ। ਠੰਢੀਆਂ ਧਰਤੀਆਂ। ਕੋਸੀਆਂ ਹਵਾਵਾਂ। ਧੁੱਪ ਦੀ ਗਲਵੱਕੜੀ। ਉਛਲਦੀਆਂ ਝੀਲਾਂ। ਖੌਲਦੇ ਸਾਗਰ। ਗਗਨ ਚੁੰਭੀ ਇਮਾਰਤਾਂ ਅਕਾਸ਼ ਨਿਹਾਰਦੀਆਂ। ਸੁੰਦਰ ਘਰ,ਚੁੱਪ ਵਿਚ ਲਿਪਟੇ ਹੋਏ, ਇਕੋ ਜਿਹੇ ਡੱਬਿਆਂ ਵਰਗੇ। ਸੱਪ ਦੀ ਜੀਭ ਜਿਹੀਆਂ ਸੜਕਾਂ, ਜਿਵੇਂ ਕੱਚੀ ਲੱਸੀ ਨਾਲ ਧੋਤੀਆਂ ਹੋਣ ਹੁਣੇ ਹੁਣੇ! ਸੱਜਣਾ ਸਨੇਹੀਆਂ ਦੀ ਸੰਗਤ। ਮੋਹ ਦੇ ਟੋਕਰੇ।ਮਹਿਫਿਲਾਂ।ਸੈਮੀਨਾਰ। ਰੇਡੀਓ ਟੀਵੀ ਉਤੇ ਵਿਚਾਰ ਚਰਚਾਵਾਂ। ਸੈਰਾਂ ਸੁਹਾਣੀਆਂ ਪਰ ਪਿੰਡ ਗੇੜੇ ਦਿੰਦਾ ਸੁਪਨਿਆਂ ਵਿਚ। ਮਾਂ ਹਾਕਾਂ ਮਾਰਦੀ।ਪਿਓ ਸਿਰ ਪਲੋਸਦਾ। ਜਾਗ ਟੁਟਦੀ। ਮੁੜ ਜੁੜਦੀ। ਇਕ ਦਿਨ। ਅਤਿ ਸੁਰੀਲੀ ਅਵਾਜ਼ ਕੰਨੀਂ ਪੈਂਦੀ ਹੈ। ਮਿੱਤਰ ਨਾਲ ਉਹਦੇ ਫਾਰਮ ਉਤੇ ਜਾ ਰਿਹਾਂ। ਰੇਡੀਓ ਵੱਜ ਰਿਹੈ। ਗੀਤ ਦੇ ਬੋਲ ਨੇ: ਜਿਥੇ ਆਕੇ ਵਸਗੇ ਆਂ, ਸਾਡੀ ਜਿੰਦ ਵਰਗਾ ਨਹੀਂ ਏਹ ਮੁਲਕ ਤਾਂ ਸੋਹਣਾ ਏਂ ਮੇਰੇ ਪਿੰਡ ਵਰਗਾ ਨਹੀਂ ਅੱਖਾਂ ਭਰ ਆਇਆ ਮੈਂ। ਮਿੱਤਰ ਨੇ ਨੈਪਕਿਨ ਦਿੱਤੈ। ਕੁਛ ਨਾ ਪੁਛਿਆ ਕਿ ਬੇਲੀ, ਕਿਉਂ ਅੱਖਾਂ ਭਰੀਆਂ? ਏਹੀ ਖਾਸੀਅਤ ਹੈ ਏਹਨਾ ਮੁਲਕਾਂ ਦੇ ਬਾਸ਼ਿੰਦਿਆਂ ਦੀ। ਖਾਹ ਮਖਾਹ ਦਖਲ ਨਹੀਂ ਦਿੰਦੇ ਤੁਹਾਡੇ ਨਿੱਜੀ ਮਸਲੇ ਜਾਂ ਵਰਤੋਂ ਵਿਹਾਰ ਵਿਚ, ਉਹ ਵੀ, ਜਿੰਨਾ ਚਿਰ ਤੁਸੀਂ ਅਗਲੇ ਨੇੰ ਦੱਸੋ ਨਾ! ਗੋਰਿਆਂ ਦੀ ਜੀਵਨ ਸ਼ੈਲੀ ਦਾ ਰੰਗ ਜੁ ਚੜ ਗਿਆ ਹੋਇਐ ਆਪਣਿਆ ਉਤੇ ਵੀ। ਵੈਸੇ ਇਹ ਗੱਲ ਚੰਗੀ ਹੀ ਨਹੀਂ, ਸਗੋਂ ਬਾਹਲੀ ਚੰਗੀ ਹੈ।
××× ਗੀਤ ਨੇ ਖਹਿੜਾ ਨਹੀਂ ਛੱਡਿਆ,ਪਿੱਛੇ ਪੈ ਗਿਆ ਹਰ ਵੇਲੇ। ਗੁਣ ਗੁਣਾਈ ਜਾਵਾਂ: ਏਹ ਮੁਲਕ ਤਾਂ ਸੋਹਣਾ ਏਂ
ਮੇਰੇ ਪਿੰਡ ਵਰਗਾ ਨਹੀਂ ਗਾਇਕ ਨਹੀਂ ਲੱਭਾ। ਪੁੱਛਿਆ ਵੀ ਕਈਆਂ ਨੂੰ,ਸਿਰ ਫੇਰ ਗਏ। ਪਿੰਡ ਪਰਤਿਆ। ਹੌਲੀ ਹੌਲੀ ਗੀਤ ਵੀ ਗੁੰਮ ਗਿਆ। ਇਨਾ ਦਿਨਾਂ ਵਿਚ, ਅਚਾਨਕ ਆਪੇ ਲੱਭ ਪਿਆ,ਸੁਣਾਂ ਤਾਂ ਪ੍ਰਦੇਸ ਆਵਾਜ਼ਾਂ ਮਾਰੇ। ਮਿੱਤਰਾਂ ਨੂੰ ਚੇਤੇ ਕਰਦਾ।ਮਨ ਭਰਦਾ। ਅਣ ਗਿਣਤ ਅੰਕਲ ਆਂਟੀਆਂ ਤੇ ਭੈਣ ਭਾਈ, ਸੱਜਣ ਬੇਲੀ ਬਹੁਤ ਯਾਦ ਆਏ ਵਾਰ ਵਾਰ।
××× ਕੈਸਾ ਹੈ ਮਨੁੱਖੀ ਮਨ-- ਸੋਚਦਾਂ।ਕੋਈ ਥਾਹ ਨਹੀਂ ਏਹਦੀ।ਸਮੁੰਦਰ ਤੋਂ ਵੀ ਗਹਿਰਾ।ਸ਼ਾਤ ਵੀ ਓਨਾ। ਉਛਲਣ ਲਗਿਆਂ ਵੀ ਪਲ ਨਹੀਂ ਲਾਉਂਦਾ। ਉਸਤਾਦ ਸਵ ਲਾਲ ਚੰਦ ਯਮਲਾ ਜੱਟ ਗਾਇਆ ਕਰਦੇ ਸਨ, ਤੂੰਬੇ ਨਾਲ: ਦਿਲ ਦਰਿਆ ਸਮੁਦਰੋਂ ਡੂੰਘੇ
ਕੌਣ ਦਿਲਾਂ ਦੀਆਂ ਜਾਣੇ ਕਰੋਨਾ ਲੰਘ ਜਾਹ। ਜਾਹ ਮਗਰੋਂ ਲਹਿ। ਜਿਥੋਂ ਆਈ ਏਂ - ਜਾਹ ਜਾਕੇ ਮਰ ਮਿਟ ਉਥੇ! ਮੈਨੂੰ ਪਰਦੇਸੀਂ ਵਸਦਿਆਂ ਆਪਣਿਆਂ ਦਾ ਝੋਰਾ ਹੈ। ਫਿਕਰ ਹੈ। ਮੋਹ ਹੈ। ਸੁਨੇਹੇ ਘੱਲਦਾਂ ਕਿ ਆਪਣਾ ਤੇ ਪਰਿਵਾਰ ਦਾ ਧਿਆਨ ਰੱਖਿਓ,ਤਾਕੀਦਾਂ ਕਰਦਾਂ। ਕਈਆਂ ਨੂੰ ਬੋਲ ਕੇ ਸੁਨੇਹੇ ਰਿਕਾਰਡ ਕਰਦਾਂ। ਕਿਸੇ ਨੂੰ ਵੈਟਸ ਐਪ ਕਾਲਾਂ। ਕੁਝ ਨੂੰ ਫੇਸ ਬੁੱਕ ਉਤੇ ਗੁਆਚੇ ਢੂੰਡਦਾਂ। ਫਿਰ ਵੀ, ਜਿਹੜੇ ਯਾਦ ਕਰਨੋਂ ਰਹਿ ਗਏ ਹੋਣ,ਉਨਾ ਤੋਂ ਮਾਫੀ ਮੰਗਦਾਂ ਦੋਵੇਂ ਹੱਥ ਜੋੜ । ਜਿਥੇ ਵੀ ਹੋ,ਸੁਖੀ ਰਹੋ। ਪਰਿਵਾਰਾਂ ਦੀਆਂ ਰੌਣਕਾਂ ਸੋਂਹਦੀਆਂ ਰਹਿਣ। ਕਰੋਨਾ ਦਾ ਤੱਤਾ ਹਨੇਰ ਥੰਮ ਰਿਹੈ।
ਪਾਤਰ ਜੀ ਨੇ ਲਿਖਿਆ ਸੀ : ਲੰਘ ਜਾਣ ਦੇ ਬਨੇਰੇ ਤੋਂ ਹਵਾਵਾਂ ਤੱਤੀਆਂ- ਜਿਹੜੇ ਤੁਹਾਨੂੰ ਇਹ ਕਹਿ ਕੇ ਦੁਖੀ ਕਰਦੇ ਰਹੇ ਕਿ ਪਰਵਾਸੀ ਉਧਰੋਂ ਕਰੋਨਾ ਲੈ ਕੇ ਆਏ ਆ। ਉਨ੍ਹਾਂ ਨੂੰ ਰੱਬ ਸੁਮੱਤ ਬਖਸ਼ੇ। ਅਕਲ ਦਾ ਖਾਲੀ ਖਜਾਨਾ ਮਾਲਾ ਮਾਲ ਕਰੇ ਉਹਨਾ ਦਾ ਰੱਬ। ਤੁਸੀਂ ਨਿਰਾਸ਼ ਨਾ ਹੋਇਓ ਪ੍ਰਵਾਸੀਓ!
ਰਬ ਰਾਖਾ!!
-
ਨਿੰਦਰ ਘੁਗਿਆਣਵੀ, ਲੇਖਕ ਤੇ ਕਾਲਮਨਿਸਟ
ninder_ghugianvi@yahoo.com
9417421700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.