ਨੋਵਲ ਕੋਰੋਨਾ ਵਾਇਰਸ ਨੇ ਹਾਲਾਂਕਿ ਜਨਵਰੀ 2020 ਦੀ ਸ਼ੁਰੂਆਤ ਵਿੱਚ ਹੀ ਭਾਰਤ ਅੰਦਰ ਦਸਤਕ ਦੇ ਦਿੱਤੀ ਸੀ ਪਰ ਉਸ ਸਮੇਂ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਇਸ ਨੂੰ ਏਨੀ ਗੰਭੀਰਤਾ ਨਾਲ ਨਹੀਂ ਲਿਆ ਗਿਆ, ਜਿਸ ਤਰ੍ਹਾਂ ਕਿ ਲੈਣਾ ਚਾਹੀਦਾ ਸੀ। ਉਲਟਾ 26 ਜਨਵਰੀ 2020 ਗਣਤੰਤਰਤਾ ਦਿਵਸ ਮੌਕੇ ਰਾਸ਼ਟਰੀ ਸਮਾਗਮ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੱਦਾ ਦੇ ਕੇ ਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਅਣਗੌਲਿਆਂ ਕਰਦਿਆਂ ਆਪਣੇ ਦੇਸ਼ ਵਾਸੀਆਂ ਨੂੰ ਪ੍ਰਮਾਤਮਾ ਭਰੋਸੇ ਛੱਡ ਕੇ ਉਸ ਦੀ ਆਓ–ਭਗਤ ਕਰਨ ਦੀਆਂ ਤਿਆਰੀਆਂ 'ਚ ਜੁਟ ਗਈ ਅਤੇ ਉਨ੍ਹਾਂ ਦੀ ਇਸ ਦੇਖ–ਭਾਲ 'ਤੇ ਕਰੋੜਾਂ ਰੁਪਏ ਫੂਕ ਦਿੱਤੇ ਗਏ, ਜੋ ਕਿ ਦੇਸ਼ ਵਾਸੀਆਂ ਵੱਲੋਂ ਟੈਕਸ ਦੇ ਰੂਪ 'ਚ ਸਰਕਾਰ ਨੂੰ ਲੋਕ ਭਲਾਈ ਕਾਰਜਾਂ ਲਈ ਦਿੱਤੇ ਜਾਂਦੇ ਹਨ। ਗਣਤੰਤਰਤਾ ਦਿਵਸ ਸਮਾਗਮ ਵੀ ਮਨਾ ਲਿਆ ਗਿਆ ਪਰ ਕੇਂਦਰ ਸਰਕਾਰ ਫਿਰ ਵੀ ਇਸ ਵਾਇਰਸ ਸਬੰਧੀ ਗੰਭੀਰ ਨਹੀਂ ਹੋਈ, ਉਲਟਾ ਮੱੱਧ ਪ੍ਰਦੇਸ਼ ਰਾਜ ਅੰਦਰ ਸਿਆਸੀ ਦਾਅ–ਪੇਚ ਖੇਡਦਿਆਂ ਕਾਂਗਰਸੀ ਸਰਕਾਰ ਨੂੰ ਗੱਦੀਓਂ ਲਾਹ ਕੇ ਆਪਣੀ ਪਾਰਟੀ ਦੀ ਸਰਕਾਰ ਬਨਾਉਣ 'ਚ ਲੱਗੀ ਰਹੀ ਅਤੇ ਸਫ਼ਲਤਾ ਹਾਸਿਲ ਕਰਨ ਉਪਰੰਤ ਹੀ ਸਰਕਾਰ ਨੂੰ ਇਸ ਵਾਇਰਸ ਨੂੰ ਲੈ ਕੇ ਆਪਣੇ ਦੇਸ਼ ਵਾਸੀਆਂ ਦੀ ਚਿੰਤਾ ਸਤਾਉਣ ਲੱਗੀ।
ਸਰਕਾਰ ਦੀ ਇਸ ਅਣਗਹਿਲੀ ਦੇ ਚੱਲਦਿਆਂ ਕੋਵਿਡ–19 ਨੇ ਦੇਸ਼ ਅੰਦਰ ਆਪਣੇ ਪੈਰ ਪਸਾਰਣੇ ਸ਼ੁਰੂ ਕਰ ਦਿੱਤੇ। ਪਾਣੀ ਸਿਰ ਉੱਪਰ ਦੀ ਗੁਜ਼ਰਦਾ ਵੇਖ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ 22 ਮਾਰਚ 2020 ਨੂੰ ਇੱਕ ਦਿਨ ਲਈ ਪਹਿਲਾਂ ਜਨਤਾ ਕਰਫ਼ਿਊ ਅਤੇ ਫਿਰ ਅਚਾਨਕ 23 ਮਾਰਚ 2020 ਨੂੰ ਸਾਰੇ ਦੇਸ਼ ਅੰਦਰ ਲਾਕਡਾਊਨ ਦੀ ਘੋਸ਼ਣਾ ਕਰ ਦਿੱਤੀ ਅਤੇ ਇਸ ਦੌਰਾਨ ਦੇਸ਼ ਅੰਦਰ ਕਰੀਬ ਹਰ ਇੱਕ ਗਤੀਵਿਧੀ 'ਤੇ ਰੋਕ ਲਗਾ ਦਿੱਤੀ ਗਈ।
ਦੇਸ਼ ਅੰਦਰ ਲਾਕਡਾਊਨ ਲਗਾਉਣ ਸਮੇਂ ਜੇਕਰ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਵੱਲੋਂ ਹਰ ਉਸ ਵਿਅਕਤੀ ਨੂੰ ਆਪਣੇ ਟਿਕਾਣੇ (ਆਪਣੇ ਘਰ) ਜਾਣ ਦਾ ਢੁੱਕਵਾਂ ਸਮਾਂ ਦਿੱਤਾ ਹੁੰਦਾ, ਜੋ ਕਿ ਪਾਪੀ ਪੇਟ ਦੀ ਭੁੱਖ ਮਿਟਾਉਣ ਦੀ ਖ਼ਾਤਿਰ ਆਪਣੇ ਸੂਬੇ ਤੋਂ ਬਾਹਰ ਜਾਂ ਦੂਰ–ਦੁਰੇਡੇ ਕੰਮ–ਕਾਰ (ਨੌਕਰੀ/ਦਿਹਾੜੀ) ਕਰਦੇ ਸਨ, ਤਾਂ ਸ਼ਾਇਦ ਅੱਜ ਮਜ਼ਦੂਰ, ਜਿਸ ਦਾ ਕਿ ਦੇਸ਼ ਦੇ ਵਿਕਾਸ 'ਚ ਮਹੱਤਵਪੂਰਨ ਯੋਗਦਾਨ ਹੈ ਜਾਂ ਕਿਹਾ ਜਾ ਸਕਦਾ ਹੈ ਕਿ ਮਜ਼ਦੂਰ ਵਰਗ ਦੇਸ਼ ਦੇ ਵਿਕਾਸ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ, ਸੜਕਾਂ 'ਤੇ ਨਾ ਰੁਲਦਾ, ਸੜਕ ਹਾਦਸਿਆਂ 'ਚ ਨਾ ਮਰਦਾ, ਪੁਲਿਸ ਵੱਲੋਂ ਆਪਣੀ ਪਿਟਾਈ ਨਾ ਕਰਵਾਉਂਦਾ, ਆਪਣੇ ਬੱਚਿਆਂ ਨੂੰ ਕੈਰੀ ਬੈਗ 'ਤੇ ਲਿਟਾ ਜਾਂ ਵਹਿੰਗੀ ਬਣਾ ਕੇ ਬੱਚਿਆਂ ਨੂੰ ਨਾ ਲਿਜਾਂਦਾ, ਆਪਣੀ ਆਰਥਿਕ ਅਤੇ ਮਾਨਸਿਕ ਲੁੱਟ ਦਾ ਸ਼ਿਕਾਰ ਨਾ ਹੁੰਦਾ, ਮਜ਼ਦੂਰ ਔਰਤ ਸੜਕ 'ਤੇ ਬੱਚਾ ਪੈਦਾ ਨਾ ਕਰਦੀ, ਅਚਾਨਕ ਕੰਮ ਠੱਪ ਹੋਣ ਕਾਰਨ ਪ੍ਰਵਾਸੀ ਮਜ਼ਦੂਰ ਬੁਨਿਆਦੀ ਚੀਜ਼ਾਂ ਤੋਂ ਵਾਂਝੇ ਨਾ ਹੁੰਦੇ, ਲਾਕਡਾਊਨ ਦੌਰਾਨ ਹਰ ਪਾਸਿਓਂ ਪ੍ਰੇਸ਼ਾਨ ਹੋਏ ਮਜ਼ਦੂਰ ਪੈਦਲ, ਟਰੱਕਾਂ 'ਤੇ, ਸਾਇਕਲਾਂ 'ਤੇ ਆਪਣੇ ਘਰਾਂ ਨੂੰ ਨਾ ਜਾਂਦੇ ਪਰ ਇਸ ਸਭ ਬਾਰੇ ਦੇਸ਼ ਅਤੇ ਕਿਸੇ ਵੀ ਸੂਬਾ ਸਰਕਾਰ ਨੇ ਮਜ਼ਦੂਰਾਂ ਦਾ ਦਰਦ ਸਮਝਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ, ਜਦਕਿ ਸਰਕਾਰਾਂ ਚਲਾਉਣ ਵਾਲੇ ਇਹੋ ਰਾਜਨੇਤਾ ਵੋਟਾਂ ਵੇਲੇ ਇੰਨ੍ਹਾਂ ਦੇ ਪੈਰੀ ਹੱਥ ਲਗਾਉਣ ਤੱਕ ਜਾਂਦੇ ਹਨ। ਆਪਣੇ ਸੂਬਿਆਂ 'ਚ ਕੰਮ–ਕਾਰ ਨਾ ਮਿਲਣ ਕਾਰਨ ਹੀ ਇਹ ਮਜ਼ਦੂਰ ਰੋਜ਼ੀ–ਰੋਟੀ ਦੀ ਭਾਲ 'ਚ ਦੇਸ਼ ਦੇ ਵੱਖ–ਵੱਖ ਹਿੱਸਿਆਂ 'ਚ ਜਾ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਣ ਦੀ ਕੋਸ਼ਿਸ਼ ਕਰਦੇ ਹਨ ਪਰ ਜਦ ਹੁਣ ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਕੇਂਦਰ ਸਰਕਾਰ ਵੱਲੋਂ ਅਚਾਨਕ ਲਗਾਏ ਲਾਕਡਾਊਨ ਦੌਰਾਨ ਕੰਮ–ਕਾਰ ਠੱਪ ਹੋ ਗਏ, ਮਾਲਕਾਂ ਵੱਲੋਂ ਬਣਦੀ ਮਜ਼ਦੂਰੀ ਦੇ ਕੇ ਘਰਾਂ ਨੂੰ ਜਾਣ ਨੂੰ ਕਹਿ ਦਿੱਤਾ ਗਿਆ, ਮਕਾਨ ਮਾਲਕਾਂ ਵੱਲੋਂ ਮਜ਼ਦੂਰਾਂ ਨੂੰ ਬਣਦਾ ਕਿਰਾਇਆ ਦੇਣ ਲਈ ਮਜ਼ਬੂਰ ਕੀਤਾ ਜਾਣ ਲੱਗਿਆ ਤਾਂ ਇੰਨ੍ਹਾਂ ਹਾਲਾਤਾਂ ਵਿੱਚ ਕੋਈ ਵੀ ਸਹਾਰਾ ਨਾ ਮਿਲਦਾ ਵੇਖ ਦੇਸ਼ ਅੰਦਰਲੇ ਵੱਡੀ ਗਿਣਤੀ ਇਹ ਮਜ਼ਦੂਰ ਮਾਨਸਿਕ ਤੌਰ 'ਤੇ ਹਤਾਸ਼ ਹੋ ਕੇ ਹਰ ਹਾਲ ਵਿੱਚ ਆਪਣੇ ਘਰਾਂ ਨੂੰ ਜਾਣ ਲਈ ਮਜ਼ਬੂਰ ਹੋ ਗਏ ਅਤੇ ਆਪਣੇ ਇਸ ਸਫ਼ਰ ਦੌਰਾਨ ਉਨ੍ਹਾਂ ਨੂੰ ਬੜੀਆਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਭੁੱਖੇ–ਪਿਆਸੇ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਇੰਨ੍ਹਾਂ ਮਜ਼ਦੂਰਾਂ ਨੂੰ ਸ਼ੋਸ਼ਲ ਡਿਸਟੈਂਸਿੰਗ ਦੇ ਨਾਮ 'ਤੇ ਜਗ੍ਹਾ–ਜਗ੍ਹਾ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ। ਪੈਰਾਂ ਨਾਲ ਨਾਪਦੇ ਆਪਣੇ ਲੰਬੇ ਸਫ਼ਰ ਦੌਰਾਨ ਕਈ ਮਜ਼ਦੂਰ ਰੇਲ ਗੱਡੀ ਹੇਠ ਕੱਟ ਕੇ ਮਰ ਗਏ। ਵਾਪਰੇ ਕਈ ਸੜਕ ਹਾਦਸਿਆਂ ਵਿੱਚ ਵੀ ਅਨੇਕਾਂ ਹੀ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੇ ਬੱਚੇ, ਬੁੱਢੇ ਮਾਂ–ਬਾਪ ਅਨਾਥ ਹੋ ਕੇ ਰਹਿ ਗਏ। ਇਸ ਤੋਂ ਇਲਾਵਾ ਪੈਦਲ ਚੱਲਦੇ ਅਨੇਕਾਂ ਮਜ਼ਦੂਰ ਮਾਨਸਿਕ ਅਤੇ ਸਰੀਰਕ ਰੂਪ 'ਚ ਦਰਦ ਨਾਲ ਕਰਾਹ ਰਹੇ ਹਨ।
ਇਸ ਦੌਰਾਨ ਮਜ਼ਦੂਰਾਂ ਦੀ ਇਸ ਦੁਰ–ਦਸ਼ਾ ਨੂੰ ਲੈ ਕੇ ਮੀਡੀਆ ਵੱਲੋਂ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਭਰਵੀਂ ਆਲੋਚਨਾ ਕੀਤੀ ਗਈ, ਜਿਸ ਤੋਂ ਕੇਂਦਰ ਸਰਕਾਰ ਨੇ ਮਜ਼ਦੂਰਾਂ ਪ੍ਰਤੀ ਹਮਦਰਦੀ ਦਾ ਵਿਖਾਵਾ ਕਰਦਿਆਂ ਕੁੱਝ ਸਪੈਸ਼ਲ ਟ੍ਰੇਨਾਂ ਚਲਾਉਣ ਦੀ ਛੋਟ ਦਿੱਤੀ ਪਰ ਇੱਥੇ ਵੀ ਮਜ਼ਦੂਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਜਿਸ ਦਾ ਕਾਰਨ ਸਰਕਾਰ ਵੱਲੋਂ ਕੋਈ ਠੋਸ ਵਿਊਂਤਬੰਦੀ (ਰੂਪ–ਰੇਖਾ) ਦਾ ਨਾ ਉਲੀਕੇ ਜਾਣਾ ਹੀ ਕਿਹਾ ਜਾ ਸਕਦਾ ਹੈ। ਇਹ ਮਜ਼ਦੂਰ ਟ੍ਰੇਨਾਂ ਰਾਹੀਂ ਆਪਣੇ ਸੂਬੇ ਅੰਦਰ ਤਾਂ ਦਾਖਲ ਹੋ ਰਹੇ ਹਨ ਪਰ ਉੱਥੋਂ ਆਪਣੇ ਪਿੰਡ ਜਾਂ ਘਰ ਜਾਣ ਦੇ ਲਈ ਉਨ੍ਹਾਂ ਨੂੰ ਮੁਕੰਮਲ ਰੂਪ 'ਚ ਕੋਈ ਵਹੀਕਲ ਮੁਹੱਈਆ ਸਰਕਾਰਾਂ ਵੱਲੋਂ ਨਹੀਂ ਕਰਵਾਏ ਜਾ ਰਹੇ। ਹੁਣ ਵੇਖਣਾ ਇਹ ਹੈ ਕਿ ਹਰ ਚੰਗੇ ਕੰਮ ਦਾ ਸਿਹਰਾ ਸਿਰਫ਼ ਆਪਣੇ ਸਿਰ ਲੈਣ ਵਾਲੀ ਕੇਂਦਰ ਸਰਕਾਰ ਇਸ ਲਾਕਡਾਊਨ ਦੌਰਾਨ ਹੋਈਆਂ ਅਨੇਕਾਂ ਮਜ਼ਦੂਰਾਂ ਦੀ ਮੌਤ ਦੀ ਜਿੰਮੇਵਾਰੀ ਕੀ ਆਪਣੇ ਸਿਰ ਲਵੇਗੀ ਜਾਂ ਫਿਰ ਸਿਰਫ਼ ਹਮਦਰਦੀ ਜ਼ਾਹਿਰ ਕਰਦਿਆਂ ਥੋੜ੍ਹਾ –ਬਹੁਤ ਮੁਆਵਜ਼ਾ ਰਾਸ਼ੀ ਦੇ ਕੇ ਪੱਲਾ ਝਾੜ ਲਵੇਗੀ?
-
ਮਿੱਤਰ ਸੈਨ ਸ਼ਰਮਾ, ਲੇਖਕ ਤੇ ਪੱਤਰਕਾਰ
tajasamachar2005@gmail.com
09876961270
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.