ਪਿਛਲਾ ਅੰਕ ਪੜ੍ਹਨ ਲਈ ਹੇਠ ਲਿੰਕ 'ਤੇ ਕਲਿੱਕ ਕਰੋ:-
http://www.babushahi.com/punjabi/opinion.php?oid=3023
...ਤੇ ਹੇਠ ਪੜ੍ਹੋ ਨਵਾਂ ਅੰਕ
17 ਫਰਵਰੀ 2020
ਅੱਜ ਸਵੇਰ ਦਾ ਮੀਂਹ ਪੈ ਰਿਹਾ ਹੈ। ਮੇਰੀ ਨਜ਼ਰ ਖਿੜਕੀ ਚੋਂ ਬਾਹਰ ਪੈਂਦੀ ਹੈ, ਥੋੜ੍ਹੀ ਦੇਰ ਲਈ ਮੀਂਹ ਰੁਕ ਗਿਆ ਹੈ ਤੇ ਗਾਲ੍ਹੜ ਘਾਹ ਵਿੱਚ ਭੱਜਿਆ ਫਿਰਦਾ ਹੈ। ਮੈਂ ਫਟਾ ਫਟ ਕੈਮਰਾ ਤਿਆਰ ਕਰਕੇ, ਹੌਲੀ ਜਿਹੇ ਪੋਰਚ ਦਾ ਦਰਵਾਜ਼ਾ ਖੋਲਦਾ ਹਾਂ। ਗਾਲ੍ਹੜ ਮੇਰੀ ਆਮਦ ਤੋਂ ਬਿਲਕੁਲ ਬੇਖਬਰ ਕੁੱਝ ਖਾਣ ਵਿੱਚ ਰੁੱਝਾ ਹੈ, ਮੈਂ ਫੋਟੋ ਵਾਲੇ ਸਹੀ ਫਾਸਲੇ ਤੇ ਪਹੁੰਚ ਜਾਂਦਾ ਹਾਂ, ਤੇ ਆਪਣੀ ਹੁਸ਼ਿਆਰੀ 'ਤੇ ਨਾਜ਼ ਕਰਦਾ ਹੋਇਆ ਕੈਮਰਾ ਅੱਖ ਨਾਲ ਲਾਉਂਦਾ ਹਾਂ।
“ਗਿੱਲੇ ਘਾਹ ਚ ਅੰਦਰ ਵਾਲੀ ਚੱਪਲ ਪਾਈ ਫਿਰਦੇ ਓਂ, ਸਾਰਾ ਗੰਦ ਤੁਸੀਂ ਅੰਦਰ ਲੈ ਆਉਣਾ ਏ,” ਪਿੱਛੋਂ ਘਰਵਾਲੀ ਦੀ ਕੜਕਦੀ ਆਵਾਜ਼ ਪੈਂਦੀ ਹੈ । ਐਸ ਤੋਂਂ ਪਹਿਲਾਂ ਗਾਲ੍ਹੜ ਕੈਮਰੇ ਦੇ ਫੋਕਸ ਵਿੱਚ ਆਂਉਂਦਾ, ਲੰਮੀਆਂ ਛਲਾਂਗਾ ਉਹਨੂੰ ਮੇਰੀ ਨਜ਼ਰ ਤੋਂ ਪਾਸੇ ਲੈ ਜਾਂਦੀਆਂ ਨੇ ਅਤੇ ਮੈਂ ਆਪਣੀ ਅਣਗਹਿਲੀ ਨੂੰ ਕੋਸਦਾ ਵਾਪਸ ਮੁੜਦਾ ਹਾਂ।
ਅੰਦਰ ਆਕੇ ਖਬਰ ਪੜਦਾ ਹਾਂ, ਗੂਗਲ ਬਾਬਾ ਦੱਸ ਰਿਹਾ ਹੈ ਕਿ ਚੀਨ ਨੇ ਕਨੂੰਨ ਪਾਸ ਕਰ ਕੇ ਜੰਗਲੀ ਜਾਨਵਰਾਂ ਨੂੰ ਖਾਣ ਦੀ ਮਨਾਹੀ ਕਰ ਦਿੱਤੀ ਹੈ। ਖਬਰ ਪੜ੍ਹ ਕੇ ਕਿਸੇ ਦਾ ਵਟਸਐਪ ਤੇ ਪਾਇਆ ਵੀਡੀਓ ਅੱਖਾਂ ਸਾਹਮਣੇ ਘੁੰਮ ਜਾਂਦਾ ਹੈ, ਚੀਨ ਦੀ ਇੱਕ ਮੀਟ ਮਾਰਕੀਟ ਦਾ ਵੀਡੀਓ ਸੀ- ਹਰ ਤਰਾਂ ਦੇ ਜਿਓਂਦੇ ਜਾਨਵਰ, ਚੂਹਿਆਂ, ਸੱਪਾਂ ਤੇ ਅਜਗਰਾਂ ਤੋਂ ਲੈ ਕੇ, ਕੁੱਤਿਆਂ, ਬਿੱਲੀਆਂ,ਚਮਗਿੱਦੜਾਂ, ਜੰਗਲੀ ਸੂਰਾਂ ਅਤੇ ਬਾਂਦਰਾਂ ਤੀਕਰ ਪਿੰਜਰਿਆਂ ਵਿੱਚ ਸੁੱਟੇ ਹੋਏ ਸਨ ਅਤੇ ਮੀਟ ਲੈਣ ਵਾਲਿਆਂ ਨਾਲ ਬਜ਼ਾਰ ਭਰਿਆ ਪਿਆ ਸੀ। ਤੁਸੀਂ ਕੱਟਿਆ ਕਟਾਇਆ ਅਤੇ ਤਾਜ਼ਾ ਭੁੰਨਿਆ ਮੀਟ ਲੈ ਸਕਦੇ ਸੀ ਤੇ ਜਾਂ ਆਪਣੇ ਸਾਹਮਣੇ ਜਿਓਂਦੇ ਜਾਨਵਰ ਨੂੰ ਕਟਵਾਕੇ ਪੂਰਾ ਜਾਨਵਰ ਜਾਂ ਉਹਦਾ ਕੋਈ ਹਿੱਸਾ ਪੈਕ ਕਰਵਾ ਸਕਦੇ ਸੀ। ਆਪਣੀ ਬਾਰੀ ਉਡੀਕ ਰਹੇ ਲਾਚਾਰ ਜਾਨਵਰ ਸਾਰਾ ਤਸ਼ੱਦਦ ਵੇਖ ਰਹੇ ਸਨ। ਇਹ ਸਾਰੇ ਜਾਨਵਰ ਜੰਗਲਾਂ ਚੋਂ ਫੜੇ ਜਾਂਦੇ ਹਨ। ਚੱਲੋ ਵਿਚਾਰੇ ਜੰਗਲੀ ਜਾਨਵਰਾਂ ਨੂੰ ਹੀ ਕਰੋਨਾ ਦਾ ਫਾਇਦਾ ਹੋਇਆ, ਸੋਚ ਕੇ ਮਨ ਨੂੰ ਸਕੂਨ ਮਿਲਿਆ।
ਅਖਬਾਰਾਂ ਕੋਲ ਜਿਵੇਂ ਖਬਰਾਂ ਮੁੱਕ ਗਈਆਂ ਹੋਣ, ਬੱਸ ਇਕੋ ਖਬਰ ਚੱਲ ਰਹੀ ਹੈ, ਕਰੋਨਾ ਦੀ। ਚੀਨ ਤੋਂ ਬਾਅਦ ਕਰੋਪੀ ਇਰਾਨ ਚ ਆਈ ਹੋਈ ਹੈ। ਦੱਖਣੀ ਅਮਰੀਕਾ ਵਿੱਚ ਕਰੋਨਾ ਦੇ ਮਰੀਜ਼ ਦੀ ਖਬਰ ਆਈ, ਫੇਰ ਯੋਰਪ ਵਿੱਚ ਮਰੀਜ਼ਾਂ ਦੇ ਪਤਾ ਲੱਗਣ ਦੀਆਂ ਖਬਰਾਂ ਵਧਣੀਆਂ ਸ਼ੁਰੂ ਹੋ ਗਈਆਂ। ਪਾਕਿਸਤਾਨੀ ਅਖਬਾਰ ਡਾਨ ਤੇ ਜਿੰਨੇ ਆਰਟੀਕਲ ਛਪਦੇ ਨੇ ਸੋਹਣੇ ਹੁੰਦੇ ਨੇ, ਪਰ ਉਸਤੋਂ ਵੀ ਜ਼ਿਅਦਾ ਮਨੋਰੰਜਨ ਲੋਕਾਂ ਦੇ ਕੋਮੈਂਟਸ ਪੜਨ ਵਿੱਚ ਹੁੰਦਾ ਹੈ। ਕਈ ਵਾਰ ਇੱਕ ਇੱਕ ਆਰਟੀਕਲ ਤੇ ਸੈਂਕੜੇ ਕੌਮੈਂਟਸ ਲਿਖੇ ਹੁੰਦੇ ਨੇ। ਕੌਮੈਂਟਸ ਪੜ ਪੜ ਕੇ ਮੈਂ ਆਪਣੇ ਮਨ ਵਿੱਚ ਡਾਨ ਪਾੜੂਆਂ ਨੂੰ ਚਾਰ ਸ਼ਰੇਣੀਆਂ ਵਿੱਚ ਵੰਡਿਆ ਹੋਇਆ ਹੈ 1) ਉਹ ਭਾਰਤੀ ਮੂਲ ਦੇ ਪਾੜੂ ਜਿਹਨਾਂ ਦੇ ਕੌਮੈਂਟਸ ਹਰ ਤਰੀਕੇ ਨਾਲ ਪਾਕਿਸਤਾਨ ਨੂੰ ਨੀਵਾਂ ਦਿਖਾਉਣ ਲਈ ਲਿਖੇ ਹੁੰਦੇ ਹਨ 2) ਪਾਕਿਸਤਾਨੀ ਮੂਲ ਦੇ ਨੈਸ਼ਨਿਲਿਸਟ ਜਿਨਾਂ ਦੇ ਕੌਮੈਂਟਸ ਹਰ ਤਰੀਕੇ ਨਾਲ ਭਾਰਤੀਆਂ ਨੂੰ ਨੀਵਾਂ ਦਿਖਾਉਣ ਲਈ ਲਿਖੇ ਹੁੰਦੇ ਹਨ 3) ਤੀਜੀ ਸ਼ਰੇਣੀ ਹੈ ਜਿਹਨਾਂ ਨੂੰ ਮੈਂ ਰੈਸ਼ਨਲ ਪਾੜੂ ਕਹਿੰਦਾ ਹਾਂ ਜਿਹੜੇ ਖਬਰ ਨੂੰ ਸਿਰਫ ਖਬਰ ਕਰਕੇ ਪੜਦੇ ਹਨ, ਉਹਨਾਂ ਦੀਆਂ ਟਿਪਣੀਆਂ ਛੋਟੀਆਂ ਤੇ ਸਾਦਾ ਕਿਸਮ ਦੀਆਂ ਹੁੰਦੀਆਂ ਹਨ, 4) ਚੌਥੀ ਕਿਸਮ ਹੈ ਉਹਨਾਂ ਦੀ, ਇਹ ਥੋੜੇ ਹੀ ਹਨ, ਜਿਹੜੇ ਪਾਕਿਸਤਾਨੀ-ਭਾਰਤੀ, ਭਾਈ ਭਾਈ ਦਾ ਨਾਹਰਾ ਗੱਡ ਕੇ ਮਾਰਦੇ ਹਨ। ਪਾਕਿਸਤਾਨ ਨੇ ਜਦੋਂ ਆਪਣੇ ਵਿਦਿਆਰਥੀ ਵੂਹਾਨ ਚੋਂ ਬਾਹਰ ਨਾਂ ਕੱਢੇੇ, ਤਾਂ ਉਹਦੇ ਬਾਰੇ ਹੋਈ ਤੂੰ ਤੂੰ, ਮੈਂ ਮੈਂ, ਕਾਫੀ ਦਿਲਚਸਪ ਸੀ। ਅੱਜ ਕੱਲ ਮੁਕਾਬਲਾ ਚੱਲ ਰਿਹਾ ਹੈ ਇਮਰਾਨ ਖਾਨ ਤੇ ਮੋਦੀ ਵਿਚੋਂ ਕਿਹੜਾ ਇਸ ਬਿਮਾਰੀ ਨੂੰ ਵਧੀਆ ਕਾਬੂ ਕਰ ਰਿਹਾ ਹੈ।
ਮਾੜੀਆਂ ਖਬਰਾਂ ਵਿੱਚ ਦਿਲ ਖੁਸ਼ ਕਰਨ ਵਾਲੀਆਂ ਖਬਰਾਂ ਵੀ ਹੁੰਦੀਆਂ ਹਨ, ਜਿਵੇਂ ਕਿ ਸਾਢੇ ਕੁ ਚਾਰ ਸੌ ਮੁਸਾਫਰਾਂ ਨੂੰ ਡਾਇਮੰਡ ਪਰਿੰਸੈਸ ਜਹਾਜ਼ ਚੋਂ ਘਰੇ ਲੈ ਆਉਣ ਦੀ ਖਬਰ ।ਫਿਰ ਇਟਲੀ ਵਿੱਚ ਕੇਸਾਂ ਦੀ ਗਿਣਤੀ ਵਧਣ ਦੀਆਂ ਖਬਰਾਂ ਡਰਾਉਣ ਲੱਗਦੀਆਂ ਹਨ ਅਤੇ ਟ੍ਰੰਪ ਨੇ ਯੂ ਐਸ ਕਾਂਗਰਸ ਕੋਲੋਂ ਬਿਮਾਰੀ ਨਾਲ ਲੜਨ ਲਈ 1.25 ਖਰਬ ਡਾਲਰਾਂ ਦੀ ਮੰਗ ਕੀਤੀ। ਐਨੇ ਵਿੱਚ ਬਿਮਾਰੀ ਦੱਖਣੀ ਅਮਰੀਕਾ ਵਿੱਚ ਪਹੁੰਚ ਗਈ ਹੈ ਤੇ ਯੋਰਪ ਵਿੱਚ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵਧਣ ਲੱਗੀ ਹੈ। 28 ਫਰਵਰੀ ਨੂੰ ਅਫਰੀਕਾ ਵਿੱਚ ਪਹਿਲੇ ਕੇਸ ਦੀ ਖਬਰ ਆਈ ਜਾਨ ਬਚੀ ਲਾਖੋਂ ਪਾਏ ਦਾ ਖਿਆਲ ਦਿਲ ਚੋਂ ਨਿੱਕਲ ਗਿਆ, ਅਸੀ ਅਫਰੀਕਾ ਤੋਂ ਢਾਈ ਕੁ ਹਫਤੇ ਪਹਿਲਾਂ ਹੀ ਮੁੜੇ ਸਾਂ।ਹੁਣ ਅਮਰੀਕਾ ਨੇ ਵੀ ਮੋਰਚਾ ਗੱਡ ਲਿਆ, ਬਾਹਰਲੀ ਆਵਾਜਾਈ ਤੇ ਪਾਬੰਦੀ ਲਾ ਦਿੱਤੀ, ਚੱਲੋ ਦੇਰ ਆਏ ਦਰੁਸਤ ਆਏ। ਇੰਡੀਆ ਵਿੱਚ ਕੇਸਾਂ ਦੇ ਵਧਣ ਦੀਆਂ ਖਬਰਾਂ ਆਉਣ ਲੱਗੀਆਂ ਹਨ। ਇਰਾਨ ਅਤੇ ਸਾਊਥ ਕੋਰੀਆ ਤੋਂ ਮੁੜੇ ਭਾਰਤੀ ਨਾਗਰਿਕਾਂ ਤੇ ਉੰਗਲ ਉੱਠ ਰਹੀ ਹੈ।
ਡਾ. ਰਛਪਾਲ ਸਹੋਤਾ ਦੇ ਬਲਾਗਸ 'ਤੇ ਪੜ੍ਹਨ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://rachhpalsahota.blog/2020/05/08/https-rachhpalsahota-blog-2020-05-08-my-diary-corona-lock-down-punjabi-2/
-
ਡਾ ਰਛਪਾਲ ਸਹੋਤਾ, Former Scientist Procter and Gamble, USA
rachhpalsahota@hotmail.com
+1 (513) 288-9513
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.