ਪੁਲਿਸ ਵਾਲਿਆਂ ਦੀ ਜ਼ਿੰਦਗੀ ਬਹੁਤ ਹੀ ਸਖ਼ਤ ਹੈ। ਪੁਲਿਸ ਮਹਿਕਮੇ ਵਿੱਚ ਫ਼ੌਜ ਦੇ ਉਲਟ ਛੁੱਟੀ ਹੱਕ ਨਹੀਂ, ਰਿਆਇਤ ਮੰਨੀ ਜਾਂਦੀ ਹੈ। ਛੁੱਟੀ ਦੇਣੀ ਸਿਰਫ਼਼ ਅਤੇ ਸਿਰਫ ਸੀਨੀਅਰ ਅਫ਼ਸਰ ਦੀ ਮਰਜ਼ੀ 'ਤੇ ਨਿਰਭਰ ਹੁੰਦੀ ਹੈ। ਜੇ ਅਫ਼ਸਰ ਚੰਗੇ ਸੁਭਾਅ ਦਾ ਹੈ ਤਾਂ ਛੁੱਟੀ ਮਿਲਦੀ ਰਹਿੰਦੀ ਹੈ ਨਹੀਂ ਤਾਂ ਭਾਵੇਂ ਮਹੀਨਾ ਮਹੀਨਾ ਘਰ ਨਾ ਜਾਣ ਦੇਵੇ। ਜੇ ਕਿਤੇ ਪਿੱਛੋਂ ਵੀ.ਆਈ.ਪੀ. ਡਿਊਟੀ ਪੈ ਜਾਵੇ ਜਾਂ ਕੋਈ ਵੱਡੀ ਵਾਰਦਾਤ ਹੋ ਜਾਵੇ ਤਾਂ ਰਸਤੇ ਵਿੱਚੋਂ ਵੀ ਵਾਪਸ ਮੁੜਨਾ ਪੈ ਸਕਦਾ ਹੈ। ਤੁਸੀਂ ਮਿੱਥ ਕੇ ਰਿਸ਼ਤੇਦਾਰੀਆਂ ਵਿੱਚ ਵਿਆਹ-ਸ਼ਾਦੀ ਜਾਂ ਮਰਨੇ-ਪਰਨੇ 'ਤੇ ਨਹੀਂ ਜਾ ਸਕਦੇ। ਰਿਸ਼ਤੇਦਾਰ ਗ਼ੁੱਸਾ ਕਰਦੇ ਹਨ ਕਿ ਅਫ਼ਸਰ ਬਣ ਕੇ ਇਸ ਦਾ ਦਿਮਾਗ਼ ਖ਼ਰਾਬ ਹੋ ਗਿਆ ਹੈ। ਲੋਕਾਂ ਨੂੰ ਜਿਪਸੀ ਵਿੱਚ ਗੰਨਮੈਨਾਂ ਸਮੇਤ ਜਾਂਦਾ ਥਾਣੇਦਾਰ ਬਹੁਤ ਵਧੀਆ ਲੱਗਦਾ ਹੈ। ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਸ਼ਾਇਦ ਕਿਸੇ ਅਫ਼ਸਰ ਤੋਂ ਝਿੜਕਾਂ ਖਾ ਕੇ ਆ ਰਿਹਾ ਹੈ ਜਾਂ ਖਾਣ ਜਾ ਰਿਹਾ ਹੈ।
ਬਾਕੀ ਸਰਕਾਰੀ ਮਹਿਕਮਿਆਂ ਦੇ ਕਰਮਚਾਰੀ ਆਮ ਤੌਰ 'ਤੇ ਉਹੀ ਕੰਮ ਕਰਦੇ ਹਨ ਜਿਸ ਲਈ ਉਹਨਾਂ ਨੂੰ ਭਰਤੀ ਕੀਤਾ ਗਿਆ ਹੁੰਦਾ ਹੈ। ਪਰ ਪੁਲਿਸ ਵਿੱਚ ਇਸ ਤਰਾਂ ਨਹੀਂ ਚੱਲਦਾ। ਥਾਣੇਦਾਰ ਨੂੰ ਸਿਰਫ ਐੱਸ.ਐੱਚ.ਓ ਹੀ ਨਹੀਂ ਲਗਾਇਆ ਜਾਂਦਾ ਬਲਕਿ ਪੁਲਿਸ ਲਾਈਨ ਵਿੱਚ ਐਲ.ਓ ., ਗਾਰਦ ਇੰਚਾਰਜ, ਅਦਾਲਤ ਵਿੱਚ ਮੁਲਜ਼ਮ ਭੁਗਤਾਉਣੇ, ਤਫ਼ਤੀਸ਼ੀ, ਟਰੈਫਿਕ, ਪੀ.ਏ.ਪੀ. ਆਈ.ਆਰ.ਬੀ. ਅਤੇ ਦਫ਼ਤਰੀ ਡਿਊਟੀ ਆਦਿ, ਕਿਸੇ ਵੀ ਕੰਮ 'ਤੇ ਲਾਇਆ ਜਾ ਸਕਦਾ ਹੈ। ਕਈ ਵਾਰ ਤਾਂ ਕਈ ਕਈ ਮਹੀਨਿਆਂ ਲਈ ਬਾਹਰਲੇ ਸੂਬਿਆਂ ਵਿੱਚ ਇਲੈਕਸ਼ਨ ਡਿਊਟੀ ਵੀ ਭੇਜ ਦਿੱਤਾ ਜਾਂਦਾ ਹੈ। ਡਿਊਟੀ ਦੇ ਘੰਟੇ ਫਿਕਸ ਨਹੀਂ ਹਨ, 24 ਘੰਟੇ ਵੀ ਚੱਲ ਸਕਦੀ ਹੈ।
ਇਹ ਕਹਾਣੀ ਅਜਿਹੇ ਹੀ ਡਿਊਟੀ ਦੇ ਝੰਬੇ ਹੋਏ ਇੱਕ ਪੁਲਿਸ ਅਫਸਰ ਦੀ ਹੈ। ਹਰਮੀਕ ਸਿੰਘ ਚੰਗਾ ਭਲਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਲੈਕਚਰਾਰ ਲੱਗਾ ਹੋਇਆ ਸੀ, ਪਰ ਵਰਦੀ ਦੇ ਸ਼ੌਕ ਵਿੱਚ ਫਸ ਕੇ ਸੁੱਖ ਸ਼ਾਂਤੀ ਵਾਲੀ ਨੌਕਰੀ ਛੱਡ ਕੇ ਏ.ਐੱਸ.ਆਈ. ਭਰਤੀ ਹੋ ਗਿਆ। ਅੱਜ ਕੱਲ੍ਹ ਉਹ ਬਹੁਤ ਹੀ ਜ਼ਿਆਦਾ ਡਿਊਟੀ ਵਾਲੇ ਲੱਖੀਪੁਰ ਥਾਣੇ ਦਾ ਐੱਸ.ਐੱਚ.ਉ. ਲੱਗਾ ਹੋਇਆ ਸੀ। ਕਰੋਨਾ ਕਾਰਨ ਡਿਊਟੀ ਵੱਧ ਪੈਣ ਕਾਰਨ ਡੇਢ ਮਹੀਨੇ ਤੋਂ ਘਰ ਵੀ ਨਹੀਂ ਜਾ ਸਕਿਆ। ਪਤਨੀ ਬੱਚੇ ਲੁਧਿਆਣੇ ਰਹਿੰਦੇ ਸਨ। ਇੱਕ ਦਿਨ ਤਿਰਕਾਲਾਂ ਵੇਲੇ ਪਤਨੀ ਦਾ ਫ਼ੋਨ ਆਇਆ, "ਸਰਦਾਰ ਜੀ ਕੀ ਗੱਲ ਹੋ ਗਈ ? ਕਈ ਦਿਨਾਂ ਤੋਂ ਟਾਈਮ 'ਤੇ ਫ਼ੋਨ ਹੀ ਨਹੀਂ ਕਰਦੇ, ਨਾ ਵਟਸਐਪ ਚੈੱਕ ਕਰਦੇ ਹੋ ਤੇ ਨਾ ਹੀ ਮਿੱਸ ਕਾਲ ਵੇਖਦੇ ਉ।" ਗਰੇਵਾਲ ਹੁਣੇ ਹੁਣੇ ਮਈ ਮਹੀਨੇ ਦੀ ਗਰਮੀ ਵਿੱਚ ਸਾਰਾ ਦਿਨ ਧੁੱਪੇ ਖੜ੍ਹ ਕੇ ਪਰਵਾਸੀ ਮਜ਼ਦੂਰਾਂ ਨੂੰ ਰੇਲ 'ਤੇ ਚੜ੍ਹਾਉਣ ਦੀ ਡਿਊਟੀ ਕਰ ਕੇ ਕਵਾਟਰ ਆਇਆ ਸੀ ਤੇ ਪਸੀਨੇ ਨਾਲ ਲੱਥ ਪੱਥ ਵਰਦੀ ਖਿੱਚ ਕੇ ਸਰੀਰ ਤੋਂ ਵੱਖ ਕਰ ਹੀ ਰਿਹਾ ਸੀ। ਉਹ ਮਰੀਅਲ ਜਿਹੀ ਅਵਾਜ਼ ਵਿੱਚ ਬੋਲਿਆ, "ਨਹੀਂ ਅਜਿਹੀ ਕੋਈ ਗੱਲ ਨਹੀਂ, ਕੱਲ੍ਹ ਐਵੇਂ ਭੁੱਲ ਗਿਆ ਸੀ।" ਘਰਵਾਲੀ ਦੀ ਅਵਾਜ਼ ਥੋੜ੍ਹੀ ਜਿਹੀ ਤਿੱਖੀ ਹੋ ਗਈ, "ਐਵੇਂ ਕਿਵੇਂ ਭੁੱਲ ਗਏ ? ਕੁਝ ਘਰ ਦਿਆਂ ਦਾ ਵੀ ਖ਼ਿਆਲ ਕਰਿਆ ਕਰੋ।" ਹਰਮੀਕ ਨੇ ਸੋਚਿਆ ਕਿ ਕਿਉਂ ਐਵੇਂ ਪਵਾੜਾ ਪਾਉਣਾ, ਪਹਿਲਾਂ ਹੀ ਪੰਗੇ ਨਹੀਂ ਮੁੱਕਦੇ, "ਨਹੀਂ, ਕੁਝ ਉਲਝ ਗਿਆ ਸੀ ਸਰਕਾਰੀ ਕੰਮਾਂ 'ਚ " ਪਤਨੀ ਬੋਲੀ, "ਮੈਨੂੰ ਦੱਸੋ' ਸ਼ਾਇਦ ਮੈਂ ਕੋਈ ਮਦਦ ਕਰ ਸਕਾਂ।" ਗਰੇਵਾਲ ਮਨ ਹੀ ਮਨ ਹੱਸਿਆ ਕਿ ਇਹ ਤਾਂ ਆਪਣੇ ਆਪ ਨੂੰ ਬੇਨਜ਼ੀਰ ਭੁੱਟੋ ਸਮਝੀ ਬੈਠੀ ਆ, "ਕੋਈ ਗੱਲ ਨਹੀਂ। ਤੂੰ ਨਹੀਂ ਸਮਝ ਸਕਦੀ, ਹੁਣ ਛੱਡ ਵੀ ਪਰ੍ਹਾਂ, ਕਰ ਤਾਂ ਰਿਹਾ ਗੱਲ" ਪਤਨੀ ਫਿਰ ਨਾ ਹਟੀ, "ਮੈਂ ਹਮੇਸ਼ਾ ਤੁਹਾਡੇ ਨਾਲ ਖੜੀ ਹਾਂ, ਦੱਸੋ ਕੀ ਪਰੇਸ਼ਾਨੀ ਹੈ ? ਮੈਂ ਸ਼ਾਇਦ ਕੋਈ ਹੱਲ ਕੱਢ ਸਕਾਂ" ਪਤਨੀ ਕੁਝ ਜ਼ਿਆਦਾ ਹੀ ਜੋਸ਼ ਵਿੱਚ ਆ ਗਈ ਸੀ।
ਖਿਝਿਆ ਖਪਿਆ ਗਰੇਵਾਲ ਸ਼ੁਰੂ ਹੋ ਗਿਆ, "ਲੈ ਫਿਰ ਸੁਣ, ਥਾਣੇ ਦੀ ਐੱਸੀ ਤੈਸੀ ਹੋਈ ਪਈ ਆ, ਮੁਲਾਜ਼ਮ ਕੋਈ ਠਹਿਰਦਾ ਨਹੀਂ, ਡਿਊਟੀ ਤੋਂ ਡਰਦੇ ਸਾਰੇ ਬਦਲੀਆਂ ਕਰਵਾ ਕੇ ਭੱਜੇ ਜਾਂਦੇ ਨੇ , 5 ਥਾਣੇਦਾਰ ਮੰਗੇ ਸੀ, 3 ਮਿਲੇ ਆ, ਇੱਕ ਮੰਜਾ ਮੱਲ੍ਹੀ ਬਿਆਰ ਪਿਆ, ਦੋ ਨਾਲਾਇਕ ਹਨ, ਜਿਹੜੇ ਪਾਸੇ ਭੇਜੋ ਪੰਗਾ ਪਵਾ ਕੇ ਹੀ ਮੁੜਦੇ ਹਨ, 20 ਸਿਪਾਹੀਆਂ ਦੀ ਡਿਮਾਂਡ ਭੇਜੀ ਸੀ, ਐੱਸ.ਪੀ. ਹੈੱਡਕੁਆਟਰ ਨੇ 8 ਲਗਾਏ ਨੇ, ਉਹਨਾਂ ਵਿੱਚੋਂ 2 ਡੀ.ਐੱਸ.ਪੀ. ਕੋਲ ਹਨ, 2 ਨੂੰ ਗ਼ੈਰਹਾਜ਼ਰ ਹੋਣ ਕਾਰਨ ਲਾਈਨ ਹਾਜ਼ਰ ਕਰ ਦਿੱਤਾ ਗਿਆ ਤੇ 2 ਮਹਾਂ ਸ਼ਰਾਬੀ ਨੇ , ਥਾਣੇ ਵਿੱਚ ਅੱਧੇ ਮੁਲਾਜ਼ਮਾਂ ਨੂੰ ਵੀ ਕੰਮ ਨਹੀਂ ਆਉਂਦਾ, ਜਿਨ੍ਹਾਂ ਨੂੰ ਆਉਂਦਾ, ਉਹ ਕਰਨਾ ਨਹੀਂ ਚਾਹੁੰਦੇ, ਹੁਣ ਕੰਮ ਕਰਨ ਲਈ ਬੰਦੇ ਪਿੰਡੋਂ ਲੈ ਕੇ ਆਵਾਂ ? ਸੰਮਨ ਵਰੰਟ 90% ਤਾਮੀਲ ਹੋਣ ਵਾਲੇ ਪਏ ਆ , ਐੱਸ.ਐੱਸ.ਪੀ. ਕਰੋਨਾ ਮਰੀਜ਼ਾਂ ਦੀ ਸੇਵਾ ਕਰਾਓਣ ਪਿੱਛੇ ਪਿਆ ਹੋਇਆ ਆ, ਰਾਤ 12 ਵਜੇ ਤੱਕ ਕਰੋਨਾ ਕੁਆਰਟੀਨ ਸੈਂਟਰਾਂ ਵਿੱਚ ਮਰੀਜ਼ਾਂ ਨੂੰ ਗੁਰਦਵਾਰਿਆਂ ਤੋਂ ਤਰਲੇ ਕੱਢ ਕੇ ਲੰਗਰ ਲਿਆ ਕੇ ਰੋਟੀ ਖਵਾਈ ਦੀ ਆ, ਬਾਬੇ ਵੀ ਹੁਣ ਜਵਾਬ ਦੇਈ ਜਾਂਦੇ ਆ , ਉੱਤੋਂ ਹਰ ਤੀਸਰੇ ਦਿਨ ਰਾਤ ਦੀ ਗਸ਼ਤ ਦਾ ਮੈਸੇਜ ਆ ਜਾਂਦਾ ਆ, ਅਫ਼ੀਮ, ਭੁੱਕੀ, ਜੂਆ, ਐਕਸਾਈਜ਼ ਐਕਟ ਦੀ ਬਰਾਮਦਗੀ ਪਿਛਲੇ ਸਾਲ ਨਾਲੋਂ ਅੱਧੀ ਤੋਂ ਵੀ ਘੱਟ ਆ, 109, 107-151 ਦੀਆਂ ਕਾਰਵਾਈਆਂ ਵੀ ਪੂਰੀਆਂ ਨਹੀਂ ਹੋ ਰਹੀਆਂ, ਥਾਣੇ ਦਾ ਸਾਰਾ ਰਿਕਾਰਡ ਆਨਲਾਈਨ ਕਰਨਾ ਹੈ, ਅਜੇ ਅੱਧਾ ਵੀ ਨਹੀਂ ਹੋਇਆ , ਸੋਮਵਾਰ ਉਸ ਸਬੰਧੀ ਮੀਟਿੰਗ ਹੈ, 2 ਦਿਨ ਪਹਿਲਾਂ ਇੱਕ ਬਦਮਾਸ਼ ਨਾਬਾਲਿਗ ਲੜਕੀ ਨੂੰ ਲੈ ਕੇ ਭੱਜ ਗਿਆ ਸੀ, ਕੱਲ੍ਹ ਨੂੰ ਵਿਰੋਧੀ ਪਾਰਟੀਆਂ ਨੇ ਥਾਣਾ ਘੇਰਨ ਦੀ ਕਾਲ ਦਿੱਤੀ ਹੋਈ ਆ , ਜੋੜੀ ਲੱਭ ਨਹੀਂ ਰਹੀ, ਬਦਲੀ ਦੇ ਪੂਰੇ ਚਾਂਸ ਬਣੇ ਹੋਏ ਹਨ, ਇੱਕ ਪਿੰਡ ਵਿੱਚ ਗਹਿਗੱਚ ਲੜਾਈ ਹੋ ਗਈ ਹੈ, ਇੱਕ ਲੀਡਰ ਕਹਿੰਦਾ ਆ ਕਿ 307 ਲਗਾ ਕੇ ਕੰਨ ਕੁੱਟ ਕੇ ਹਵਾਲਾਤ ਵਿੱਚ ਦਿਉ ਤੇ ਦੂਸਰਾ ਲੀਡਰ ਕਹਿੰਦਾ ਆ ਕਿ ਮੁਕੱਦਮਾ ਦਰਜ਼ ਕੀਤੇ ਬਗੈਰ ਰਾਜ਼ੀਨਾਮਾ ਕਰਾਉ, 25 ਗੰਭੀਰ ਅਪਰਾਧਾਂ ਦੇ ਮੁਕੱਦਮੇ ਪੇਸ਼ ਅਦਾਲਤ ਹੋਣ ਵਾਲੇ ਪਏ ਨੇ, ਮੈਜਿਸਟਰੇਟ ਕਹਿੰਦਾ ਕਿ ਐਸ.ਐਚ.ਉ. ਖ਼ੁਦ ਆਵੇ ਨਹੀਂ ਤਾਂ ਮੈਂ ਨਹੀਂ ਲੈਣੇ, ਮੁਕੱਦਮਿਆਂ ਦੇ ਮਾਲ ਦੇ ਨਮੂਨੇ ਕੈਮੀਕਲ ਲਈ ਲੈਬਾਰਟਰੀ ਭੇਜਣੇ ਨੇ, ਇੱਕ ਵਿਸਰਾ ਖ਼ਰਾਬ ਹੋ ਗਿਆ ਹੈ ਤੇ ਚਰਸ ਚੂਹੇ ਖਾ ਗਏ ਹਨ, ਸ਼ਰਾਬ ਦੇ ਨਮੂਨੇ ਲਗਦਾ ਮੁਨਸ਼ੀ ਪੀ ਗਿਆ, ਕਹਿੰਦਾ ਲੱਭ ਨਹੀਂ ਰਹੇ, ਏ.ਪੀ.ਪੀ. ਚਲਾਨ ਨਹੀਂ ਪਾਸ ਕਰ ਰਿਹਾ, ਸਾਹਿਬ ਦੇ ਸਟੈਨੋ ਨੇ ਤਿੰਨ ਇਨਕੁਆਰੀ ਖੋਲ੍ਹ ਦਿੱਤੀਆਂ ਹਨ , ਹੁਣੇ ਚੰਡੀਗੜ੍ਹ ਤੋਂ ਮੈਸੇਜ ਆਇਆ ਹੈ ਕਿ ਜੇ ਨਜਾਇਜ਼ ਸ਼ਰਾਬ ਬੰਦ ਨਾ ਹੋਈ ਤਾਂ ਮੇਰਾ ਤੇ ਡੀ.ਐਸ.ਪੀ. ਦਾ ਰਿਕਾਰਡ ਖ਼ਰਾਬ ਕਰ ਦਿੱਤਾ ਜਾਵੇਗਾ ਤੇ ਦੁਬਾਰਾ ਮੈਂ ਕਦੇ ਐਸ.ਐਚ.ਓ ਨਹੀਂ ਲੱਗ ਸਕਦਾ , ਸਵੇਰੇ 8 ਵਜੇ ਇਸ ਸਬੰਧੀ ਪੁਲਿਸ ਲਾਈਨ ਵਿੱਚ ਮੀਟਿੰਗ ਹੈ , ਜੇ ਮੈਂ ਕਰੋਨਾ ਨਾਲ ਨਾ ਮਰਿਆ ਤਾਂ ਇਸ ਟੈਨਸ਼ਨ ਨਾਲ ਜ਼ਰੂਰ ਮਰ ਜਾਵਾਂਗਾ, ਹੁਣ ਦੱਸ ਮੈਂ ਕੀ ਕਰਾਂ ? ਤੂੰ ਮੇਰੀ ਕੀ ਮਦਦ ਕਰ ਸਕਦੀ ਹੈਂ ?
ਫੋਨ ਦੇ ਦੂਸਰੇ ਪਾਸੇ ਮੌਤ ਵਰਗਾ ਸੰਨਾਟਾ ਪਸਰਿਆ ਹੋਇਆ ਸੀ, ਪਤਨੀ ਦੀ ਜ਼ੁਬਾਨ ਤਾਲੂ ਨਾਲ ਲੱਗ ਗਈ, ਹਰਮੀਕ ਫਿਰ ਬੋਲਿਆ, "ਹੈਲੋ, ਕਿੱਥੇ ਗਈ ? ਪਤਨੀ ਬੋਲੀ, "ਉ.ਕੇ, ਬਾਏ, ਆਪਣਾ ਧਿਆਨ ਰੱਖਿਆ ਕਰੋ, ਕਰੋਨਾ ਕਾਰਨ ਅਜੇ ਘਰ ਆਉਣ ਦੀ ਜ਼ਰੂਰਤ ਨਹੀਂ, ਬੱਚੇ ਛੋਟੇ ਹਨ ਕਿਤੇ ਉਨ੍ਹਾਂ ਨੂੰ ਲਾਗ ਨਾ ਲੱਗ ਜਾਵੇ, ਮੈਂ ਹਾਲੇ ਖਾਣਾ ਵੀ ਬਣਾਉਣਾ ਹੈ ਤੇ ਬੱਚਿਆਂ ਦਾ ਆਨਲਾਈਨ ਮਿਲਿਆ ਹੋਮ ਵਰਕ ਵੀ ਕਰਾਉਣਾ ਹੈ, ਹੋਰ ਪੰਜਾਹ ਕੰਮ ਪਏ ਹਨ ਕਰਨ ਵਾਲੇ, ਮੈਂ ਬਾਅਦ ਵਿੱਚ ਗੱਲ ਕਰਾਂਗੀ " ਹਰਮੀਕ ਅਜੇ ਨਹਾਉਣ ਲਈ ਬਾਥਰੂਮ ਵਿੱਚ ਵੜਨ ਹੀ ਲੱਗਾ ਸੀ ਕਿ ਮੁਨਸ਼ੀ ਭੱਜਾ ਆਇਆ ਕਿ ਐਸ.ਪੀ. ਡੀ. ਨੇ ਸੀ.ਆਈ.ਏ. ਸਟਾਫ਼ ਸਮੇਤ ਪੰਡੋਰੀ ਸਿੱਧਵਾਂ ਪਿੰਡ ਵਿੱਚ ਨਜਾਇਜ਼ ਸ਼ਰਾਬ ਪਕੜਨ ਲਈ ਸਿੱਧੀ ਰੇਡ ਕਰ ਦਿੱਤੀ ਹੈ, ਵਿਚਾਰਾ ਹਰਮੀਕ ਉਹੀ ਪਸੀਨੇ ਨਾਲ ਭਿੱਜੀ ਵਰਦੀ ਪਾ ਕੇ ਕਵਾਟਰ ਤੋਂ ਗੱਡੀ ਵਿੱਚ ਬੈਠ ਕੇ ਸਿੱਧਾ ਪੰਡੋਰੀ ਸਿੱਧਵਾਂ ਵੱਲ ਭੱਜ ਨਿਕਲਿਆ।
-
ਬਲਰਾਜ ਸਿੰਘ ਸਿੱਧੂ, ਐਸ.ਪੀ. ਪੰਜਾਬ ਪੁਲਿਸ
bssidhupps@gmail.com
9501100062
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.