11 ਫਰਵਰੀ, 2020
ਕੈਮਰਾ ਮੇਜ਼ ਤੇ ਪਿਆ ਹੈ ਅਤੇ ਮੈਂ ਬਿਲਕੁਲ ਬਿਨਾਂ ਹਿੱਲਿਆਂ ਬੈਠਾ ਗਾਲ੍ਹੜ ਵੱਲ ਵੇਖ ਰਿਹਾ ਹਾਂ, ਜਿਹੜਾ ਹੌਲੀ ਹੌਲੀ ਨੇੜੇ ਆ ਰਿਹਾ ਹੈ। ਮੇਰੇ ਵਿੱਚ ਕੈਮਰੇ ਨੂੰ ਚੁੱਕਣ ਦੀ ਹਿੰਮਤ ਵੀ ਨਹੀਂ ਪੈ ਰਹੀ। ਜਦੋਂ ਗਾਲ੍ਹੜ ਦਾ ਧਿਆਨ ਪਾਸੇ ਹਟਦਾ ਹੈ ਤਾਂ ਮੈਂ ਹੌਸਲਾ ਕਰਕੇ ਕੈਮਰਾ ਚੁੱਕਣ ਲਈ ਹੱਥ ਵਧਾਉਂਦਾ ਹਾਂ, ਪਰ ਜਿਵੇਂ ਗਾਲ੍ਹੜ ਮੇਰੀ ਸੋਚ ਨਾਲ ਜੁੜਿਆ ਹੋਵੇ, ਉਦੋਂ ਹੀ ਉਹਦੀ ਨਿਗ੍ਹਾ ਮੇਰੇ 'ਤੇ ਟਿਕ ਜਾਂਦੀ ਹੈ।
“ਚਾਹ ਬਣ ਗਈ ਹੈ, ਅੰਦਰ ਆ ਜਾਓ, ਕਿ ਸਾਰਾ ਦਿਨ ਹੁਣ ਬਾਹਰ ਹੀ ਬੈਠੇ ਰਹਿਣਾ ਹੈ?” ਮੇਰੀ ਘਰ ਵਾਲੀ ਪੋਰਚ ਦੇ ਦਰਵਾਜ਼ੇ ਤੇ ਆ ਕੇ ਬੋਲਦੀ ਹੈ। ਬੱਸ ਉਸ ਦੇ ਬੋਲਣ ਦੀ ਦੇਰ ਸੀ ਕਿ ਗਾਲ੍ਹੜ ਹੋ ਗਿਆ ਤਿੱਤਰ ਬਿੱਤਰ। ਅੱਜ ਫੇਰ ਬਚ ਗਿਆ, ਅਗਲੀ ਵਾਰ ਮੈਂ ਕੈਮਰਾ ਤਿਆਰ ਬਰ ਤਿਆਰ ਕਰਕੇ, ਹੱਥ ਚ ਫੜ ਕੇ ਬੈਠਾਂਗਾ, ਇਹ ਫ਼ੈਸਲਾ ਕਰਕੇ ਮੈਂ ਅੰਦਰ ਚਲਾ ਜਾਂਦਾ ਹਾਂ।
ਮੈਂ ਆਪਣਾ ਚਾਹ ਦਾ ਕੱਪ ਫੜਕੇ ਕੰਪਿਊਟਰ 'ਤੇ ਬੈਠ ਜਾਂਦਾ ਹਾਂ, ਇੱਕ ਰਿਟਾਇਰ ਹੋਏ ਬੰਦੇ ਲਈ ਕੰਮ ਵੀ ਹੋਰ ਕਿੰਨੇ ਕੁ ਹੁੰਦੇ ਹਨ? ਨਿਊ ਯਾਰਕ ਟਾਈਮਜ਼ ਵਿੱਚ ਮੋਟੀ ਸੁਰਖ਼ੀ ਹੈ ਕਿ WHO ਨੇ ਕਰੋਨਾ ਵਾਇਰਸ ਨੂੰ ਨਵਾਂ ਨਾਂਅ ਦੇ ਦਿੱਤਾ ਹੈ COVID-19 ਨਾਂਅ ਇਸ ਤਰਾਂ ਚੁਣਿਆ ਹੈ ਤਾਂ ਜੋ ਇਸ ਵਾਇਰਸ ਨੂੰ ਕਿਸੇ ਇਨਸਾਨ, ਜਗ੍ਹਾ ਜਾਂ ਜਾਨਵਰ ਨਾਲ ਜੋੜ ਕੇ ਨਾ ਵੇਖਿਆ ਜਾ ਸਕੇ। ਤਿੰਨ ਚਾਰ ਦਿਨ ਪੁਰਾਣੀ ਇੱਕ ਖ਼ਬਰ ਤੇ ਨਿਗ੍ਹਾ ਜਾ ਟਿਕਦੀ ਹੈ। ਚੀਨੀ ਡਾਕਟਰ ਲੀ ਵੈਨਲੀਆਂਗ (Dr. Li Wenliang) ਦੀ ਮੌਤ ਦੀ ਖ਼ਬਰ ਹੈ, ਲਿਖਿਆ ਹੈ ਕਿ ਡਾਕਟਰ ਦੀ ਮੌਤ ਵਾਇਰਸ ਨਾਲ ਹੋਈ ਹੈ। ਪੜ੍ਹ ਕੇ ਮਨ ਵਿੱਚ ਮੌਤ ਦੇ ਕਾਰਨ ਤੇ ਸ਼ੱਕ ਪੈਦਾ ਹੁੰਦਾ ਹੈ। ਇਹ ਉਹੋ ਡਾਕਟਰ ਸੀ ਜਿਸ ਨੇ ਰੌਲਾ ਪਾਇਆ ਸੀ ਕਿ ਚੀਨੀ ਗੌਰਮਿੰਟ ਤੋਂ ਵਾਇਰਸ ਬੇਕਾਬੂ ਹੋ ਰਿਹਾ ਹੈ, ਅਤੇ ਉਹ ਸਾਰੀਆਂ ਖ਼ਬਰਾਂ 'ਤੇ ਪਰਦਾ ਪਾ ਰਹੀ ਹੈ।
ਅਸੀਂ ਹੁਣੇ ਹੁਣੇ ਪਰਿਵਾਰ ਸਮੇਤ ਤਨਜ਼ਾਨੀਆਂ ਤੋਂ ਵਾਪਸ ਮੁੜੇ ਹਾਂ। ਬਹੁਤ ਵਧੀਆ ਚੱਕਰ ਸੀ, ਗਰਾਂਗਾਰੋ (Ngorongoro) ਨੈਸ਼ਨਲ ਪਾਰਕ ਅਤੇ ਗਰਾਂਗਾਰੋ ਦੇ ਡੂੰਘੇ ਕਰੇਟਰ ਵਿੱਚ ਖੁੱਲ੍ਹੀ ਛੱਤ ਵਾਲੀ ਜੀਪ ਵਿੱਚ ਘੁੰਮਣਾ ਜਿੱਥੇ ਚਾਰੇ ਪਾਸੇ ਗਿੱਦੜਾਂ ਹਿਰਨਾਂ ਤੋਂ ਲੈ ਕੇ, ਹਾਥੀ ਸ਼ੇਰ ਬਘੇਰਿਆਂ ਤੀਕਰ ਤਰਾਂ ਤਰਾਂ ਦੇ ਜੰਗਲੀ ਜਾਨਵਰ ਘੁੰਮਦੇ ਹੋਣ, ਅਤੇ ਉਹਦੇ ਵਿਚਕਾਰ ਨਿੱਕੇ ਨਿੱਕੇ ਝੌਂਪੜੀਆਂ ਵਾਲੇ ਮਾਜਰਿਆਂ ਵਿੱਚ ਲੋਕੀ ਰਹਿੰਦੇ ਹੋਣ, ਕਿਤੇ ਮੀਲਾਂ ਤੀਕਰ ਚਾਰੇ ਪਾਸੇ ਹਰੇ ਭਰੇ ਖੁੱਲ੍ਹੇ ਮੈਦਾਨ ਦਿਸਣ ਤੇ ਕਿਤੇ ਤੁਸੀਂ ਜੰਗਲ ਵਿੱਚੋਂ ਲੰਘ ਰਹੇ ਹੋਵੋ – ਤੁਹਾਨੂੰ ਕੁਦਰਤ ਦੇ ਬਹੁਤ ਨੇੜੇ ਹੋਣ ਦਾ ਅਹਿਸਾਸ ਹੋ ਜਾਂਦਾ ਹੈ। ਐਸ ਟ੍ਰਿਪ ਦੌਰਾਨ ਹੀ ਮੈਨੂੰ ਫ਼ੋਟੋਗਰਾਫੀ ਦਾ ਸ਼ੌਕ ਪੈਦਾ ਹੋਇਆ। ਕੁੱਝ ਕੁ ਸਾਲ ਪਹਿਲਾਂ ਮੈਂ Nikon d610 ਕੈਮਰਾ ਖ਼ਰੀਦਿਆ ਸੀ ਪਰ ਵਰਤਿਆ ਬਹੁਤਾ ਨਹੀਂ ਸੀ। ਹੁਣ ਫ਼ੋਟੋਗਰਾਫੀ ਦੀ ਅਹਿਮੀਅਤ ਮਹਿਸੂਸ ਹੋਣ ਲੱਗ ਪਈ ਹੈ, ਲੰਘ ਰਹੇ ਪਲਾਂ ਨੂੰ, ਆਪਣੇ ਇਰਦ ਗਿਰਦ ਨੂੰ, ਉਡਦੇ ਪੰਛੀਆਂ ਨੂੰ, ਛਲਾਂਗਾ ਮਾਰਦੇ ਜਾਨਵਰਾਂ ਨੂੰ ਕੈਮਰੇ ਚ ਕੈਦ ਕਰਕੇ ਰੱਖ ਲੈਣ ਦੀ ਚਾਹਨਾਂ ਪੈਦਾ ਹੋ ਗਈ ਹੈ। ਪਤਾ ਨਹੀਂ ਇਹਦਾ ਕੀ ਕਾਰਨ ਹੈ, ਆਪਣੀ ਲੰਘ ਰਹੀ ਉਮਰ ਦਾ ਅਹਿਸਾਸ ਜਾਂ ਕੁਦਰਤ ਦੀ ਖ਼ੂਬਸੂਰਤੀ ਲਈ ਉਪਜੀ ਨਵੀਂ ਸ਼ਲਾਘਾ। ਘਰ ਦੇ ਪਿਛਲੇ ਲ਼ਾਨ ਵਿੱਚ ਇੱਕ ਗਾਲ੍ਹੜ ਰਹਿੰਦਾ ਹੈ ਕਈ ਮਹੀਨਿਆਂ ਤੋਂ ਉਹਨੂੰ ਭੱਜਦਾ ਨੱਠਦਾ ਵੇਖ ਰਿਹਾ ਹਾਂ, ਅਤੇ ਕੱਲ੍ਹ ਦਾ ਫ਼ਤੂਰ ਚੜ੍ਹਿਆ ਹੈ ਇਹਨੂੰ ਕੈਮਰੇ ਚ ਕੈਦ ਕਰਨ ਦਾ।
ਪਿਛਲੇ ਮਹੀਨੇ ਕੁ ਦੇ ਸਮੇਂ ਵਿੱਚ ਕਿੰਨਾ ਕੁੱਝ ਵਾਪਰ ਚੁੱਕਾ ਹੈ। ਕਰੋਨਾ ਬਿਮਾਰੀ ਇੰਡੀਆ ਪਹੁੰਚ ਚੁੱਕੀ ਹੈ, ਚੀਨ ਤੋਂ ਮੁੜੇ ਕੇਰਲਾ ਦੇ ਵਿਦਿਆਰਥੀ ਇਸ ਦਾ ਸ਼ਿਕਾਰ ਹਨ। ਵਟਸਐਪ ਤੇ ਦਿਲਚਸਪ ਮੈਸੇਜਜ਼ ਤੇ ਵੀਡੀਓ ਆ ਰਹੇ ਨੇ। ਕੋਈ ਕਹਿ ਰਿਹਾ ਹੈ ਕਿ ਚੀਨ ਗੌਰਮਿੰਟ ਝੂਠ ਬੋਲ ਰਹੀ ਹੈ, ਉੱਥੇ ਮੌਤਾਂ ਹਜ਼ਾਰਾਂ ਵਿੱਚ ਨਹੀਂ, ਲੱਖਾਂ ਵਿੱਚ ਹੋ ਰਹੀਆਂ ਨੇ, ਕਿਸੇ ਨੇ ਵੀਡੀਓ ਪਾਇਆ ਹੋਇਆ ਹੈ ਜਿਸ ਵਿੱਚ ਚੀਨ ਦੀ ਪੁਲੀਸ ਬਿਮਾਰੀ ਦੇ ਸ਼ੱਕ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਅਤੇ ਕਾਰਾਂ ਵਿਚੋਂ ਕੱਢ ਕੱਢ, ਰੱਬ ਜਾਣੇ ਕਿੱਥੇ ਲੈ ਜਾ ਰਹੀ ਹੈ। WHO ਨੇ ਬਿਮਾਰੀ ਨੂੰ ਦੁਨਿਆਵੀ ਪੱਧਰ ਤੇ ਐਮਰਜੈਂਸੀ ਹੋਣ ਦਾ ਐਲਾਨ ਕਰ ਦਿੱਤਾ ਹੈ, ਟ੍ਰੰਪ ਨੇ ਚੀਨ ਤੋਂ ਆ ਰਹੀ ਆਵਾਜਾਈ ਰੋਕ ਦਿੱਤੀ ਹੈ, ਬਿਮਾਰੀ ਦੇ ਮਰੀਜ਼ ਹੁਣ ਚੀਨ ਤੋਂ ਬਾਹਰ ਵੀ ਮਿਲਣ ਲੱਗ ਗਏ ਨੇ, ਜਾਪਾਨ ਨੇ ਛੁੱਟੀਆਂ ਮਨਾ ਰਹੇ ਹਜ਼ਾਰਾਂ ਲੋਕਾਂ ਨਾਲ ਭਰਿਆ ਸਮੁੰਦਰੀ ਜਹਾਜ਼, ਕੰਢੇ ਲੱਗਣ ਤੋਂ ਰੋਕ ਦਿੱਤਾ ਹੈ।
ਕੁਦਰਤ ਵੀ ਕੀ ਅਜੀਬ ਚੀਜ਼ ਹੈ, ਡਾਇਮੰਡ ਪਰਿੰਸੈਸ, ਮਤਲਬ ਹੀਰਿਆਂ ਵਾਲੀ ਰਾਜਕੁਮਾਰੀ, ਕਿੰਨਾ ਸੁਹਣਾ ਨਾਂ ਹੈ ਜਿਸ ਨੂੰ ਸੁਣਕੇ ਕਦੀ ਜਹਾਜ਼ ਦੀ ਸੁਹਾਵਣੀ ਜਿਹੀ ਸ਼ਕਲ ਸਾਹਮਣੇ ਆਉਂਦੀ ਹੋਣੀ ਹੈ। ਅੱਜ ਇਹੋ ਨਾਂ ਸੁਣਕੇ ਨਰਕ ਦੀ ਝਲਕ ਪੈਂਦੀ ਹੈ। ਉੱਥੇ ਲੋਕਾਂ ਨੂੰ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਕੈਦ ਕੀਤਾ ਹੋਇਆ ਹੈ, ਆਪਣੇ ਆਪਣੇ ਕਮਰਿਆਂ ਵਿੱਚ ਤਾੜਿਆ ਹੋਇਆ ਹੈ, ਬੱਸ ਖਾਣਾ ਉਨ੍ਹਾਂ ਦੇ ਦਰਵਾਜ਼ੇ ਤੀਕਰ ਪਹੁੰਚਾ ਦਿੱਤਾ ਜਾਂਦਾ ਹੈ। ਬਹੁਤੇ ਅੰਦਰ ਵਾਲੇ ਕਮਰਿਆਂ ਦੇ ਵਾਸੀ ਤਾਂ ਵਿਚਾਰੇ, ਸੂਰਜ ਦੀ ਤਾਂ ਕੀ, ਸਮੁੰਦਰ ਦੇ ਵਿਚਕਾਰ ਰਹਿੰਦੇ ਹੋਇਆਂ ਸਮੁੰਦਰ ਦੀ ਵੀ ਝਲਕ ਨਹੀਂ ਲੈ ਸਕਦੇ।
ਚਲਦਾ...
ਡਾ. ਰਛਪਾਲ ਸਹੋਤਾ ਦੇ ਬਲਾਗਸ 'ਤੇ ਪੜ੍ਹਨ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://rachhpalsahota.blog/2020/05/06/237/
-
ਡਾ ਰਛਪਾਲ ਸਹੋਤਾ, Former Scientist Procter and Gamble, USA
rachhpalsahota@hotmail.com
+1 (513) 288-9513
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.