ਖ਼ਬਰ ਹੈ ਕਿ ਪੰਜਾਬ ਦੇ ਲਗਭਗ ਸਾਰੇ ਮੰਤਰੀਆਂ ਨੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੇ ਨਾਲ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਹਾਲਾਂਕਿ ਇਹ ਫ਼ੈਸਲਾ ਪ੍ਰੀ-ਕੈਬਨਿਟ ਮੀਟਿੰਗ ਵਿੱਚ ਹੀ ਲੈ ਲਿਆ ਗਿਆ ਸੀ ਪਰ ਬਾਅਦ ਵਿੱਚ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਜਦੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਹ ਮਤਾ ਰੱਖਿਆ ਤਾਂ ਸੀ.ਐਮ. ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਅਧਿਕਾਰਕ ਮੀਟਿੰਗ ਹੈ, ਇਸ ਲਈ ਲਿਖਤੀ ਨੋਟ ਕਰਵਾਇਆ ਜਾਵੇ। ਇਸ ਤੋਂ ਬਾਅਦ ਵਜ਼ਾਰਤ ਨੇ ਲਿਖਤੀ ਰੂਪ ਵਿੱਚ ਨੋਟ ਕਰਵਾ ਦਿੱਤਾ। ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਕੇ ਮੁੱਖ ਸਕੱਤਰ ਦੇ ਸ਼ਰਾਬ ਕਾਰੋਬਾਰੀਆਂ ਨਾਲ ਸਬੰਧ ਹੋਣ 'ਤੇ ਕਟਿਹਰੇ ਵਿੱਚ ਖੜਾ ਕਰ ਦਿੱਤਾ ਹੈ। ਉਹਨਾ ਕਿਹਾ ਕਿ ਉਹ ਕਿਵੇਂ ਮਨ੍ਹਾ ਕਰਨਗੇ ਕਿ ਉਹਨਾ ਦੇ ਬੇਟੇ ਹਰਮਨ ਸਿੰਘ ਦੇ ਚੰਡੀਗੜ੍ਹ ਅਤੇ ਜਲੰਧਰ ਦੇ ਸ਼ਰਾਬ ਕਾਰੋਬਾਰੀਆਂ ਅਰਵਿੰਦ ਸਿੰਗਲਾ ਤੇ ਚੰਦਨ ਨਾਲ ਸਬੰਧ ਨਹੀਂ ਹਨ।
ਜਾਪਦੈ ਲੌਕਡਾਊਨ ਹੋ ਗਿਆ, ਸਿਆਸਤਦਾਨਾਂ ਅਤੇ ਅਫ਼ਸਰਾਂ ਵਿਚਕਾਰ! ਹੋਵੇ ਵੀ ਕਿਉਂ ਨਾ, ਗੱਲ ਹਉਮੈ ਦੀ ਆ। ਤੂੰ ਵੱਡਾ ਕਿ ਮੈਂ? ਲੜਾਈ ਇਸ ਗੱਲ ਦੀ ਆ। ਪਰ ਭਾਈ ਆਹ ਆਪਣੇ ਨੌਕਰਸ਼ਾਹ ਸਮਝਦੇ ਪਤਾ ਨਹੀਂ ਕਿਉਂ ਕਵੀਂ ਦੀਆਂ ਇਹ ਕਹੀਆਂ ਗੱਲਾਂ, "ਅਮਲ ਬੰਦੇ ਦੇ "ਕੈਲਵੀ" ਪਰਖਿਆ ਕਰ, ਮਹਿਕ ਵੰਡਦਾ ਕਦੇ ਨਹੀਂ ਪੱਦ ਯਾਰੋ"। ਅਤੇ ਆਹ ਆਪਣੇ ਸਿਆਸਤਦਾਨ ਆਂਹਦੇ ਆ, ਸਾਥੋਂ ਵੱਡਾ ਕੋਈ ਨਹੀਂ, ਨਾ ਬੰਦਾ, ਨਾ ਕਾਨੂੰਨ। ਉਹ ਵੀ ਕਵੀ ਦੀ ਕਹੀ ਹੋਈ ਗੱਲ ਪਤਾ ਨਹੀਂ ਕਿਉਂ ਪੱਲੇ ਨਹੀਂ ਬੰਨ੍ਹਦੇ, "ਹਰ ਗੱਲ ਹੈ ਹੱਦ ਦੇ ਵਿੱਚ ਚੰਗੀ, ਹਰ ਗੱਲ ਦੀ ਹੁੰਦੀ ਹੈ ਹੱਦ ਯਾਰੋ"।
ਵੇਖੋ ਜੀ, ਨੌਕਰਸ਼ਾਹ ਆ ਸਭੋ ਕੁਝ। ਸਿਆਸਤਦਾਨ ਨੂੰ, ਲੋਕਾਂ ਨੂੰ ਸਬਕ ਪੜ੍ਹਾਉਣ ਵਾਲੇ, ਸਿਖਾਉਣ ਵਾਲੇ ਅਤੇ ਫਿਰ ਉਹਨਾ ਨੂੰ ਹੱਥਾਂ ਤੇ ਨਚਾਉਣ ਵਾਲੇ ਬਾਦਸ਼ਾਹ! ਸਿਆਸਤਦਾਨ ਆ ਲੋਕਤੰਤਰ ਦੇ ਠੇਕੇਦਾਰ, ਅਲੰਬਰਦਾਰ, ਝੰਡਾ ਬਰਦਾਰ। ਤਦੇ ਕਵੀ ਲਿਖਦਾ ਆ," ਲੋਕਤੰਤਰ ਨੂੰ ਅਸਾਂ ਮਜ਼ਬੂਤ ਕੀਤਾ, ਵੇਖੋ! ਤਾਂ ਵੀ ਚਿੱਤ ਨਹੀਂ ਅਸਾਂ ਉਦਾਸ ਕੀਤਾ!!
ਧੂੰਏ ਨਾਲ ਹੀ ਜੇਕਰ ਹੈ ਘਰ ਭਰਨਾ,
ਐਸੇ ਬਾਲਣ ਨੂੰ ਬਾਲਣ ਦਾ ਕੀ ਫਾਇਦਾ?
ਖ਼ਬਰ ਹੈ ਕਿ ਕੋਰੋਨਾ ਦੇ ਕਾਰਨ ਲੱਗੇ ਲੌਕਡਾਊਨ ਨੂੰ ਹਟਾਉਣ ਲਈ ਜਿੰਨੀਆਂ ਆਵਾਜਾਂ ਉੱਠ ਰਹੀਆਂ ਹਨ,ਉਨੀਆਂ ਹੀ ਆਵਾਜਾਂ ਇਸ ਨੂੰ ਇੱਕ ਮੁਸ਼ਤ ਨਾ ਹਟਾਉਣ ਲਈ ਵੀ ਹਨ। ਪੰਜਾਬ ਦੇ ਮੁੱਖਮੰਤਰੀ ਨੇ ਕਿਹਾ ਕਿ ਲੌਕਡਾਊਨ ਵਧਾਉਣਾ ਚਾਹੀਦਾ ਹੈ, ਪਰ ਲੌਕਡਾਊਨ 'ਚੋਂ ਬਾਹਰ ਨਿਕਲਣ ਦੀ ਰਣਨੀਤੀ ਸੂਬਿਆਂ ਨੂੰ ਵਿੱਤੀ ਅਤੇ ਆਰਥਿਕ ਤੌਰ 'ਤੇ ਵਧੇਰੇ ਸ਼ਕਤੀਆਂ ਦੇਣ ਲਈ ਵਿਚਰਦੇ ਹੋਏ ਕੇਂਦਰਤ ਕਰਨੀ ਚਾਹੀਦੀ ਹੈ ਕਿਉਂਕਿ ਆਮ ਆਦਮੀ ਦੀ ਰੋਜ਼ੀ-ਰੋਟੀ ਅਤੇ ਸਮਾਜਿਕ ਸਿਹਤ ਤੇ ਅਸਰ ਪਾਉਣ ਵਾਲੀ ਸਿੱਧੀ ਕਾਰਵਾਈ ਲਈ ਸੂਬੇ ਹੀ ਜ਼ਿੰਮੇਵਾਰ ਹੁੰਦੇ ਹਨ। ਉਹਨਾ ਕਿਹਾ ਕਿ ਰੈੱਡ, ਆਰੈਂਜ ਜ਼ੋਨ ਮਨੋਨੀਤ ਕਰਨ ਦਾ ਫ਼ੈਸਲਾ ਵੀ ਸੂਬਿਆਂ ਤੇ ਛੱਡਣਾ ਚਾਹੀਦਾ ਹੈ।
ਬਾਬਾ ਕੈਪਟਨ ਸਿਹੁੰ, ਜਾਪਦੈ ਪੇਂਡੂ ਵਿਰਾਸਤ ਤੇ ਪੇਂਡੂ ਪਰਿਵਾਰਾਂ ਦੇ ਬਜ਼ੁਰਗ ਬਾਪੂ ਦੇ ਸੁਭਾਅ ਨੂੰ ਭੁੱਲ ਗਿਆ, ਜਿਹੜੇ ਮਰਦੇ ਦਮ ਤੱਕ ਜ਼ਮੀਨ ਜਾਇਦਾਦ ਆਪਣੇ ਨਾਮ ਉਤੇ ਲੁਵਾਈ ਰੱਖਦੇ ਸਨ ਤੇ ਬੇਬੇ, ਘਰ ਦੀਆਂ ਸੰਦੂਕ ਦੀਆਂ ਚਾਬੀਆਂ ਲੜ ਨਾਲ ਬੰਨ੍ਹੀ ਰੱਖਦੀ ਸੀ ਤਾਂ ਕਿ ਘਰ ਵਿੱਚ ਉਹਦਾ ਦਬਦਬਾ ਰਹੇ। ਭਾਈ ਕੈਪਟਨ ਜੀ, ਆਹ ਆਪਣਾ ਮੋਦੀ ਵੀ ਕਿਸੇ ਪੰਜਾਬੀ ਬਜ਼ੁਰਗ ਜਾਂ ਬੇਬੇ ਦਾ ਚੰਡਿਆ ਹੋਇਐ, ਜਿਹੜੇ ਰਤਾ ਭਰ ਵੀ ਤਾਕਤ ਕਿਸੇ ਹੋਰ ਨੂੰ ਦੇਣ ਲਈ ਰਾਜ਼ੀ ਨਹੀਂ। ਭਾਈ ਮੋਦੀ ਸੋਚਦਾ ਹੋਊ, ਬੰਦੇ ਨੇ ਤਾਂ ਮਰ ਹੀ ਜਾਣਾ। ਲਿਖੀ ਨੂੰ ਕੌਣ ਮੇਟ ਸਕਦਾ? ਗੱਲਾਂ ਕਰੋ, ਖੱਟੀ ਖਾਓ ਅਤੇ ਲੋਕਾਂ ਨੂੰ ਸਬਕ ਸਿਖਾਉ ਟਰੰਪ ਵਾਂਗਰ, ਜਿਹੜਾ ਆਂਹਦਾ ਆ ਕੋਰੋਨਾ ਤਾਂ ਆਪੇ ਖਤਮ ਹੋ ਜਾਣਾ। ਉਂਜ ਭਾਈ ਕੋਰੋਨਾ ਹੈ ਵੱਡੀ ਚੀਜ਼, ਜਿਹਨੇ ਵੱਡਿਆਂ-ਵੱਡਿਆਂ ਨੂੰ ਵੀ ਪੜ੍ਹਨੇ ਪਾ ਦਿੱਤਾ।
ਰਹੀ ਗੱਲ ਕੈਪਟਨ ਸਿਹੁੰ ਦੀ, ਜਿਹੜਾ ਮੋਦੀ ਨੂੰ ਗੱਲਾਂ 'ਚ ਪਤਿਆਉਣਾ ਚਾਹੁੰਦਾ ਪਰ ਮੋਦੀ ਨੇ ਦੁਨੀਆ ਗਾਹੀ ਹੋਈ ਆ, ਚਾਰੀ ਹੋਈ ਆ, ਇਹਦੇ ਕਾਬੂ ਕਾਹਨੂੰ ਆਉਂਦਾ। ਉਂਜ ਭਾਈ ਟਰੰਪ ਨੇ ਮੋਦੀ ਪੱਲੇ ਗੱਲਾਂ ਪਾਈਆਂ ਤੇ ਮੋਦੀ ਅੱਗੇ ਗੱਲਾਂ ਵੰਡੀ ਜਾਂਦਾ ਤੇ ਟਰੰਪ ਵਾਂਗਰ ਗਿੱਲਾ ਗੋਹਾ ਬਾਲੀ ਜਾਂਦਾ, ਉਹਦੇ ਤੋਂ ਕੀ ਆਸਾਂ? ਤਦੇ ਤਾਂ ਕਵੀ ਨੇ ਲਿਖਿਆ ਆ, "ਧੂੰਏ ਨਾਲ ਹੀ ਜੇਕਰ ਹੈ ਘਰ ਭਰਨਾ, ਐਸੇ ਬਾਲਣ ਨੂੰ ਬਾਲਣ ਦਾ ਕੀ ਫਾਇਦਾ"?
ਭ੍ਰਿਸ਼ਟਾਚਾਰ ਵਿੱਚ ਦੋਸਤੋ ਦੇਸ਼ ਸਾਡਾ,
ਰਿਹਾ ਆਮ ਨਾ, ਵਿਸ਼ਵ ਵਿੱਚ ਖ਼ਾਸ ਹੋਇਆ।
ਖ਼ਬਰ ਹੈ ਕਿ ਭਾਰਤ ਨੂੰ ਲੋੜੀਂਦੇ ਹੀਰਾ ਵਪਾਰੀ ਨੀਰਵ ਮੋਦੀ ਖਿਲਾਫ਼ ਭਾਰਤ ਹਾਵਾਲਾਤੀ ਮੁਕੱਦਮੇ ਦੀ ਸੁਣਵਾਈ ਲੰਡਨ ਅਦਾਤਲ 'ਚ ਸ਼ੁਰੂ ਹੋ ਗਈ ਹੈ। ਪੰਜਾਬ ਨੈਸ਼ਨਲ ਬੈਂਕ ਧੋਖਾਧੜੀ ਤੇ ਹਵਾਲਾ ਰਾਸ਼ੀ ਮਾਮਲੇ 'ਚ ਭਾਰਤ ਹਵਾਲਗੀ ਚਲਣ ਵਾਲੀ ਸੁਣਵਾਈ ਦੌਰਾਨ ਕੋਰੋਨਾ ਵਾਇਰਸ ਅਤੇ ਤਾਲਾਬੰਦੀ ਕਰਨ ਲਈ ਤਬਦੀਲੀਆਂ ਕੀਤੀਆਂ ਗਈਆਂ ਹਨ। ਨੀਰਵ ਮੋਦੀ ਜੇਲ੍ਹ ਵਿੱਚ ਬੰਦ ਹੈ। ਉਸਨੂੰ ਹੁਣ ਨਿੱਜੀ ਤੌਰ ਤੇ ਅਦਾਲਤ ਵਿੱਚ ਪੇਸ਼ ਕਰਨ ਦੀ ਉਮੀਦ ਹੈ। ਅਦਾਲਤ ਇਸ ਗੱਲ ਤੇ ਸਹਿਮਤ ਹੋਈ ਹੈ ਕਿ ਸੀਮਤ ਗਿਣਤੀ 'ਚ ਕਾਨੂੰਨੀ ਨੁਮਾਇੰਦੇ ਨਿੱਜੀ ਤੌਰ 'ਤੇ ਅਦਾਲਤ ਵਿੱਚ ਪੇਸ਼ ਹੋਣਗੇ।
ਛਾਲਾਂ ਮਾਰਦੀ ਤਰੱਕੀ ਹੋਈ ਹੈ ਭਾਈ ਦੇਸ਼ 'ਚ। ਮਾਫੀਆ ਗਲੀ ਬਜ਼ਾਰ। ਵਿਚੋਲੀਏ ਸ਼ਰੇਆਮ ਬਿਨ੍ਹਾਂ ਘੁੰਡ। ਭ੍ਰਿਸ਼ਟਾਚਾਰ ਹੱਦਾਂ-ਬੰਨੇ ਪਾਰ। ਸਿਆਸਤਦਾਨ ਅਫ਼ਸਰ ਆਪਸ ਵਿੱਚ ਯਾਰ। ਤਾਂ ਫਿਰ ਜਨਤਾ ਨਾਲ ਕੌਣ ਕਰੇ ਪਿਆਰ?
ਬੈਂਕ ਵਿਆਜ ਅੱਧੋ ਅੱਧ ਤੇ ਫਿਰ ਬੱਟੇ-ਖਾਤੇ। ਗ੍ਰਾਂਟਾਂ ਅੱਧੀਆਂ ਆਪਣੀ ਝੋਲੀ, ਅੱਧੀਆਂ ਦਲਾਲਾਂ ਨੂੰ। ਗਰੀਬ ਵਿਚਾਰਾ ਠੂਠਾ ਫੜ ਘੁੰਮੇ ਸੜਕਾਂ ਤੇ। ਕਵੀ ਤਦੇ ਵਿਲਕਦਾ, "ਚੂੰਡਣ ਚੱਟਣ ਦਾ ਕੰਮ ਸਭ ਸਿੱਖ ਗਏ ਨੇ, ਸਸਤਾ ਅੱਜ ਗਰੀਬ ਦਾ ਮਾਸ ਹੋਇਆ"। ਉਂਜ ਭਾਈ ਭਾਰਤ ਇਕ ਨਹੀਂ ਦੋ ਹੋ ਗਏ ਹਨ। ਇੱਕ ਪਾਸੇ ਭੁੱਖ, ਨੰਗ, ਗਰੀਬੀ ਦੇ ਪੱਲੜੇ ਹਨ ਅਤੇ ਦੂਜੇ ਪਾਸੇ ਨੀਰਵ ਮੋਦੀ, ਵਿਜੈ ਮਾਲਿਆ, ਨਿਲੇਸ਼ ਪਾਰੇਖ, ਸਾਭਿਆ ਸੇਠ, ਅੰਗਦ ਸਿੰਘ, ਮੇਹੁਲ ਚੌਕਸੀ, ਸੰਜੈ ਭੰਡਾਰੀ , ਲਲਿਤ ਮੋਦੀ, ਲਾਲੂ ਯਾਦਵ ਵਰਗਿਆਂ ਦੇ ਪੱਲੜੇ। ਤਦੇ ਤਾਂ ਭਾਈ ਚਰਚੇ ਨੇ ਦੇਸ਼-ਵਿਦੇਸ਼ 'ਚ ਆਪਣਿਆਂ ਦੇ ਕਵੀ ਦੇ ਕਹਿਣ ਵਾਂਗਰ, "ਭ੍ਰਿਸ਼ਟਾਚਾਰ ਵਿੱਚ ਦੋਸਤੋ ਦੇਸ਼ ਸਾਡਾ, ਰਿਹਾ ਆਮ ਨਾ, ਵਿਸ਼ਵ ਵਿੱਚ ਖ਼ਾਸ ਹੋਇਆ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਯੂ.ਐਨ.ਓ ਦੀ ਇੱਖ ਰਿਪੋਰਟ ਅਨੁਸਾਰ ਕੋਰੋਨਾ ਵਾਇਰਸ ਦੇ ਪ੍ਰਭਾਵ ਹੇਠ 400 ਮਿਲੀਅਨ ਲੋਕਾਂ ਦੇ ਕੰਮਕਾਜ ਖੁਸ ਜਾਣਗੇ। ਇਹਨਾ ਵਿੱਚ 195 ਮਿਲੀਅਨ ਪੂਰੇ ਸਮੇਂ ਦੀਆਂ ਨੌਕਰੀਆਂ ਕਰਨ ਵਾਲੇ ਲੋਕ ਵੀ ਸ਼ਾਮਲ ਹਨ।
ਇੱਕ ਵਿਚਾਰ
ਇਸ ਜੀਵਨ ਵਿੱਚ ਸਾਡਾ ਮੁੱਖ ਉਦੇਸ਼ ਦੂਸਰਿਆਂ ਦੀ ਮਦਦ ਕਰਨਾ ਹੈ ਅਤੇ ਜੇਕਰ ਆਪ ਉਹਨਾ ਦੀ ਮਦਦ ਨਹੀਂ ਕਰ ਸਕਦੇ,ਤਾਂ ਘੱਟੋ-ਘੱਟ ਉਹਨਾ ਨੂੰ ਚੋਟ ਨਾ ਪਹੁੰਚਾਓ।.......ਦਲਾਈ ਲਾਮਾ
-
ਗੁਰਮੀਤ ਸਿੰਘ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.