ਸੰਸਾਰ ਵਿਚ ਕਰੋਨਾ ਮਹਾਂਮਾਰੀ ਦਾ ਕੋਹਰਾਮ ਮੱਚਿਆ ਹੋਇਆ ਹੈ। ਹਰ ਇਨਸਾਨ ਚਿੰਤਾ ਵਿਚ ਡੁੱਬਿਆ ਹੋਇਆ ਹੈ। ਸੰਸਾਰ ਦੀ ਆਰਥਿਕਤਾ ਡਾਵਾਂਡੋਲ ਹੋ ਗਈ ਹੈ। ਵੈਸੇ ਤਾਂ ਲਾਕਡਾਊਨ ਦਾ ਹਰ ਵਿਅਕਤੀ ਦੀ ਆਰਥਿਕਤਾ ਤੇ ਅਸਰ ਪਿਆ ਹੈ ਪ੍ਰੰਤੂ ਗ਼ਰੀਬ ਵਰਗ ਸਭ ਤੋਂ ਵੱਧ ਪ੍ਰਭਾਵਤ ਹੋਇਆ ਹੈ। ਉਨ੍ਹਾਂ ਨੂੰ ਤਾਂ ਰੋਟੀ ਰੋਜ਼ ਦੇ ਲਾਲੇ ਪੈ ਗਏ ਹਨ। ਅਜਿਹੇ ਬਿਪਤਾ ਦੇ ਸਮੇਂ ਵਿਚ ਸਿੱਖਾਂ ਅਤੇ ਗੁਰਦੁਆਰਾ ਸਾਹਿਬਾਨ ਨੇ ਸੰਸਾਰ ਦੇ ਪ੍ਰਭਾਵਤ ਇਲਾਕਿਆਂ ਵਿਚ ਲੰਗਰ ਲਗਾਕੇ ਲੋਕਾਂ ਨੂੰ ਖਾਣਾ ਖਿਲਾਇਆ। ਸੰਸਾਰ ਦਾ ਅਜਿਹਾ ਕੋਈ ਗੁਰਦੁਆਰਾ ਨਹੀਂ ਜਿਥੋਂ ਲੰਗਰ ਬਣਾਕੇ ਲੋਕਾਂ ਨੂੰ ਨਾ ਦਿੱਤਾ ਹੋਵੇ। ਗੁਰੂ ਘਰਾਂ ਤੋਂ ਇਲਾਵਾ ਸਿੱਖ ਸੰਸਥਾਵਾਂ ਅਤੇ ਸਿੱਖਾਂ ਨੇ ਨਿੱਜੀ ਤੌਰ ਤੇ ਲੰਗਰ ਤਿਆਰ ਕਰਕੇ ਲੋੜਮੰਦਾਂ ਨੂੰ ਤਕਸੀਮ ਕੀਤਾ। ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭੁੱਖੇ ਸਾਧੂਆਂ ਨੂੰ 20 ਰੁਪਏ ਦਾ ਭੋਜਨ ਕਰਵਾਕੇ ਸੱਚਾ ਸੌਦਾ ਕੀਤਾ ਸੀ, ਜਿਸ ਉਪਰ ਸਿੱਖ ਧਰਮ ਦੇ ਅਨੁਆਈ ਪਿਛਲੇ 550 ਸਾਲਾਂ ਤੋਂ ਪਹਿਰਾ ਦੇ ਰਹੇ ਹਨ। ਕਿਰਤ ਕਰੋ ਤੇ ਵੰਡ ਛਕੋ ਸਿੱਖ ਧਰਮ ਦੀ ਵਿਚਾਰਧਾਰਾ ਦਾ ਧੁਰਾ ਹੈ। ਜਿਸ ਕਰਕੇ ਲੰਗਰ ਦੀ ਪ੍ਰਥਾ ਲਗਾਤਾਰ ਜਾਰੀ ਹੈ। ਸੰਸਾਰ ਵਿਚ ਬਹੁਤ ਸਾਰੇ ਧਰਮ ਹਨ। ਸਾਰੇ ਧਰਮ ਸਰਬਸਾਂਝੀਵਾਲਤਾ ਦਾ ਸੰਦੇਸ ਦਿੰਦੇ ਹੋਏ ਸਦਭਾਵਨਾ ਬਰਕਰਾਰ ਰੱਖਣ ਦੀ ਪ੍ਰੇਰਨਾ ਦਿੰਦੇ ਹਨ। ਆਮ ਤੌਰ ਤੇ ਹਰ ਧਰਮ ਦੇ ਅਨੁਆਈ ਆਪੋ ਆਪਣੇ ਧਰਮਾ ਦੇ ਲੋਕਾਂ ਦੀ ਬਿਹਤਰੀ ਅਤੇ ਸੁਖ ਸ਼ਾਂਤੀ ਦੀ ਕਾਮਨਾ ਕਰਦੇ ਹੋਏ ਆਪੋ ਆਪਣੇ ਧਰਮਾ ਨੂੰ ਸਰਵਉਚ ਸਮਝਦੇ ਹਨ। ਜੇਕਰ ਉਨ੍ਹਾਂ ਨੇ ਕੋਈ ਭਲਾਈ ਦਾ ਕੰਮ ਕਰਨਾ ਹੋਵੇ ਤਾਂ ਸਿਰਫ ਆਪਣੇ ਲੋਕਾਂ ਦਾ ਹੀ ਧਿਆਨ ਰੱਖਦੇ ਹਨ। ਸਿੱਖ ਧਰਮ ਸਾਰੇ ਧਰਮਾ ਤੋਂ ਨਵਾਂ, ਨਵੇਕਲਾ, ਵਿਲੱਖਣ ਅਤੇ ਆਧੁਨਿਕ ਹੈ। ਸਿੱਖ ਧਰਮ ਦੀ ਖਾਸੀਅਤ ਇਹ ਹੈ ਕਿ ਇਹ ਸਰਬਤ ਦੇ ਭਲੇ ਦੀ ਗੱਲ ਕਰਦਾ ਹੈ। ਭਾਵ ਸਿਰਫ ਸਿੱਖਾਂ ਦੇ ਭਲੇ ਦੀ ਨਹੀਂ ਸਗੋਂ ਹੋਰ ਧਰਮਾਂ ਦੇ ਅਨੁਆਈਆਂ ਦਾ ਭਲਾ ਵੀ ਚਾਹੁੰਦਾ ਹੈ। ਅਰਥਾਤ ਇਨਸਾਨੀਅਤ ਦਾ ਮੁਦਈ ਹੈ। ਇਥੇ ਹੀ ਬਸ ਨਹੀਂ ਸਗੋਂ ਆਪਣੀ ਦਸਾਂ ਨੌਂਹਾਂ ਦੀ ਕਿਰਤ ਕਮਾਈ ਵਿਚੋਂ ਦਸਵੰਧ ਭਾਵ ਦਸਵਾਂ ਹਿੱਸਾ ਸ਼ੁਭ ਕੰਮਾ ਤੇ ਖਰਚਣ ਦੀ ਤਾਕੀਦ ਕਰਦਾ ਹੈ। ਗੁਰੂ ਦੀ ਗੋਲਕ ਨੂੰ ਗ਼ਰੀਬ ਦਾ ਮੂੰਹ ਕਿਹਾ ਜਾਂਦਾ ਹੈ। ਸ਼ੁਭ ਕੰਮ ਤੋਂ ਭਾਵ ਮਾਨਵਤਾ ਦੀ ਸੇਵਾ ਲਈ ਖਰਚਣ ਲਈ ਕਹਿੰਦਾ ਹੈ।
ਅਸਲ ਵਿਚ ਰੈਡ ਕਰਾਸ ਦੀ ਸ਼ੁਰੂਆਤ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਕੀਤੀ ਸੀ। ਉਨ੍ਹਾਂ ਭਾਈ ਘਨਈਆ ਨੂੰ ਮੁਗਲਾਂ ਵੱਲੋਂ 1704 ਵਿਚ ਆਨੰਦਪੁਰ ਸਾਹਿਬ ਵਿਖੇ ਕੀਤੇ ਗਏ ਹਮਲੇ ਦੌਰਾਨ ਲੜਾਈ ਵਿਚ ਜ਼ਖ਼ਮੀਆਂ ਨੂੰ ਪਾਣੀ ਪਿਲਾਉਣ ਦੀ ਜ਼ਿੰਮੇਵਾਰੀ ਲਗਾਈ ਸੀ ਤੇ ਨਾਲ ਹੀ ਇਹ ਵੀ ਹਦਾਇਤ ਕੀਤੀ ਸੀ ਕਿ ਸਾਰੇ ਜ਼ਖ਼ਮੀਆਂ ਨੂੰ ਪਾਣੀ ਪਿਲਾਇਆ ਜਾਵੇ, ਭਾਵੇਂ ਉਹ ਦੁਸ਼ਮਣ ਫੌਜਾਂ ਦੇ ਹੀ ਕਿਉਂ ਨਾ ਹੋਣ। ਗੁਰੂ ਸਾਹਿਬ ਦਾ ਹੁਕਮ ਸੀ ਕਿ ਪਾਣੀ ਪਿਲਾਉਣ ਸਮੇਂ ਰੰਗ, ਜ਼ਾਤ, ਧਰਮ ਅਤੇ ਕੌਮੀਅਤ ਨਾ ਵੇਖੀ ਜਾਵੇ, ਅਰਥਾਤ ਕੋਈ ਭੇਦ ਭਾਵ ਨਾ ਕੀਤਾ ਜਾਵੇ। ਇਸੇ ਕਰਕੇ ਸਿੱਖ ਧਰਮ ਬਿਨਾ ਕਿਸੇ ਵੀ ਭੇਦ ਭਾਵ ਤੇ ਹਰ ਲੋੜਮੰਦ ਦੀ ਮਦਦ ਕਰਦਾ ਹੈ। । ਭਾਈ ਘਨਈਆ ਸਿੱਖ ਧਰਮ ਦਾ ਪਹਿਲਾ ਵਿਅਕਤੀ ਹੋਇਆ ਹੈ, ਜਿਸਨੇ ਆਨੰਦਪੁਰ ਸਾਹਿਬ ਵਿਖੇ ਜੰਗ ਦੇ ਮੈਦਾਨ ਵਿਚ ਜਖ਼ਮੀਆਂ ਨੂੰ ਪਾਣੀ ਪਿਲਾਉਂਦਿਆਂ ਦੁਸ਼ਮਣਾਂ ਦੇ ਜ਼ਖਮੀਆਂ ਨੂੰ ਪਾਣੀ ਪਿਲਾਕੇ ਸਰਬਤ ਦੇ ਭਲੇ ਦਾ ਉਪਰਾਲਾ ਕੀਤਾ ਸੀ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਕੋਲ ਇਹ ਸ਼ਿਕਾਇਤ ਕੀਤੀ ਗਈ ਕਿ ਉਹ ਤਾਂ ਜ਼ਖ਼ਮੀ ਦੁਸ਼ਮਣਾ ਨੂੰ ਵੀ ਪਾਣੀ ਪਿਲਾ ਰਿਹਾ ਹੈ ਤਾਂ ਭਾਈ ਘਨਈਆ ਨੇ ਕਿਹਾ ਸੀ ਕਿ ਉਸਨੂੰ ਤਾਂ ਹਰ ਜ਼ਖਮੀ ਵਿਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਨਜ਼ਰ ਆਉਂਦੀ ਹੈ। ਭਾਵ ਇਹ ਸੀ ਕਿ ਉਸਨੂੰ ਸਾਰੇ ਇਨਸਾਨ ਇਕੋ ਜਹੇ ਲੱਗਦੇ ਹਨ। ਇਹ ਹੈ ਸਿੱਖੀ ਵਿਚਾਰਧਾਰਾ ਦੀ ਸੋਚ, ਜਿਸ ਵਿਚ ਹਰ ਇਨਸਾਨ ਨੂੰ ਇਕੋ ਨਿਗਾਹ ਨਾਲ ਵੇਖਿਆ ਜਾਂਦਾ ਹੈ। ਸਿੱਖ ਗੁਰਦੁਆਰਾ ਸਾਹਿਬਾਨ ਵਿਚ ਹਮੇਸ਼ਾ ਲੰਗਰ ਚਲਦਾ ਰੱਖਦੇ ਹਨ। ਲੰਗਰ ਵਿਚ ਕੋਈ ਵੀ ਆ ਕੇ ਖਾਣਾ ਖਾ ਸਕਦਾ ਹੈ। ਵਰਤਮਾਨ ਰੈਡ ਕਰਾਸ ਤਾਂ ਸਿੱਖ ਸੋਚ ਵਿਚੋਂ ਲਈ ਗਈ ਧਾਰਨਾ ਹੈ। ਰੈਡ ਕਰਾਸ ਬਣਾਉਣ ਦਾ ਵਿਚਾਰ ਸਵਿਟਜ਼ਲੈਂਡ ਦੇ ਨੌਜਵਾਨ ਵਿਓਪਾਰੀ ਹੈਨਰੀ ਦੁਨੰਤ ਨੂੰ 1859 ਵਿਚ ਆਸਟਰੀਆ ਅਤੇ ਫਰੈਂਕੋ ਸਾਰਡੀਅਨ ਗਠਜੋੜ ਦਰਮਿਆਨ ਇਟਲੀ ਦੇ ਸੋਲਫਰੀਨੋ ਸ਼ਹਿਰ ਵਿਚ ਹੋਈ ਲੜਾਈ ਸਮੇਂ ਜ਼ਖ਼ਮੀਆਂ ਦੀ ਦੁਰਦਸ਼ਾ ਵੇਖਕੇ ਹੋਇਆ ਸੀ। ਵਰਤਮਾਨ ਅੰਤਰਰਾਸ਼ਟਰੀ ਰੈਡ ਕਰਾਸ ਦੀ ਸਥਾਪਨਾ 1863 ਵਿਚ ਹੋਈ ਸੀ। ਸਿੱਖ ਧਰਮ ਦੇ ਅਨੁਆਈ ਹਰ ਕੁਦਰਤੀ ਆਫਤ ਦੌਰਾਨ ਸਮੁੱਚੇ ਸੰਸਾਰ ਵਿਚ ਸਿੱਖ ਜਗਤ ਵੱਲੋਂ ਕਿਰਤ ਕਰੋ ਤੇ ਵੰਡ ਛਕੋ ਦੇ ਸਿਧਾਂਤ ਤੇ ਪਹਿਰਾ ਦੇ ਕੇ ਮਾਨਵਤਾ ਦੇ ਭਲੇ ਲਈ ਕੀਤੇ ਕਾਰਜਾਂ ਦੀ ਭਰਪੂਰ ਪ੍ਰਸੰਸਾ ਹੁੰਦੀ ਰਹੀ ਹੈ। ਭਾਈ ਰਵੀ ਸਿੰਘ ਵੱਲੋਂ ਸ਼ੁਰੂ ਕੀਤੀ ਗਈ ''ਖਾਲਸਾ ਏਡ ਸੰਸਥਾ'' ਸੰਸਾਰ ਵਿਚ ਹਰ ਕੁਦਰਤੀ ਆਫ਼ਤ ਦੇ ਮੌਕੇ ਤੇ ਪਹੁੰਚਕੇ ਲੋੜਮੰਦਾਂ ਦੀ ਮਦਦ ਕਰਦੀ ਹੈ। ਭੁੱਖਿਆਂ ਨੂੰ ਰੋਟੀ ਅਤੇ ਕਪੜਿਆਂ ਦਾ ਪ੍ਰਬੰਧ ਕਰਦੀ ਹੈ। ਖਾਲਸਾ ਏਡ ਨੇ ਸਿੱਖ ਧਰਮ ਦੀ ਪਛਾਣ ਤਾਂ ਬਣਾਈ ਹੀ ਹੈ ਪ੍ਰੰਤੂ ਸਾਰੇ ਸਿੱਖ ਜਗਤ ਨੂੰ ਵੀ ਕਿਰਤ ਕਰੋ ਤੇ ਵੰਡ ਛਕੋ ਤੇ ਪਹਿਰਾ ਦੇਣ ਲਈ ਪ੍ਰੇਰਨਾ ਦਿੱਤੀ ਹੈ। ਕਰੋਨਾ ਮਹਾਂਮਾਰੀ ਦੌਰਾਨ ਸੰਸਾਰ ਵਿਚ ਲਾਕਡਾਊਨ ਹੋਇਆ। ਲੋਕ ਘਰਾਂ ਵਿਚ ਬੈਠੇ ਹਨ ਪ੍ਰੰਤੂ ਸਿੱਖ ਧਰਮ ਦੇ ਅਨੁਆਈ ਸੰਸਾਰ ਦੇ 165 ਦੇਸਾਂ ਵਿਚ ਗੁਰਦੁਆਰਾ ਸਾਹਿਬਾਨ ਵਿਚ ਅਤੇ ਨਿੱਜੀ ਤੌਰ ਤੇ ਲੰਗਰ ਤਿਆਰ ਕਰਕੇ ਆਪਦੀਆਂ ਜ਼ਿੰਦਗੀਆਂ ਨੂੰ ਦਾਅ ਤੇ ਲਾ ਕੇ ਲੋਕਾਂ ਨੂੰ ਘਰੋ ਘਰੀ ਪਹੁੰਚਾ ਰਹੇ ਹਨ। ਦੁਨੀਆਂ ਦਾ ਅਜਿਹਾ ਕੋਈ ਸ਼ਹਰਿ ਅਤੇ ਪਿੰਡ ਨਹੀਂ ਜਿਥੇ ਸਿੱਖ ਲੰਗਰ ਨਹੀਂ ਪਹੁੰਚਾ ਰਹੇ। ਸਮੁੱਚੇ ਸੰਸਾਰ ਵਿਚ ਇਸ ਕਰਕੇ ਸਿੱਖ ਧਰਮ ਅਤੇ ਸਿੱਖਾਂ ਦੀ ਪ੍ਰਸੰਸਾ ਹੋ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਇਹ ਕਿਹਾ ਹੈ ਕਿ ਹਰ ਸ਼ਹਿਰ ਵਿਚ ਗੁਰਦੁਆਰਾ ਹੋਣਾ ਚਾਹੀਦਾ ਹੈ ਤਾਂ ਕਿ ਕੋਈ ਇਨਸਾਨ ਭੁੱਖਾ ਨਾਂ ਰਹਿ ਸਕੇ। ਸੰਸਾਰ ਦੇ ਵੱਖ ਵੱਖ ਦੇਸਾਂ ਵਿਚ ਜਿਹੜੇ ਵਿਦਿਆਰਥੀ ਪੜ੍ਹਾਈ ਲਈ ਗਏ ਹੋਏ ਹਨ, ਉਹ ਘਰਾਂ ਵਿਚ ਹੀ ਬੰਦ ਹਨ। ਉਨ੍ਹਾਂ ਕੋਲ ਖ਼ਰਚੇ ਵੀ ਨਹੀਂ ਹਨ, ਸਿੱਖ ਗੁਰਦੁਆਰਿਆਂ ਵਿਚ ਲੰਗਰ ਤਿਆਰ ਕਰਕੇ ਅਤੇ ਕਈ ਸਿੱਖ ਨਿੱਜੀ ਤੌਰ ਤੇ ਉਨ੍ਹਾਂ ਨੂੰ ਘਰੋ ਘਰੀ ਹਰ ਰੋਜ ਖਾਣਾ ਪਹੁੰਚਾ ਰਹੇ ਹਨ। ਇਸ ਤੋਂ ਇਲਾਵਾ ਹੋਰ ਜਿਹੜੇ ਉਥੋਂ ਦੇ ਵਸਨੀਕ ਵੀ ਲੋੜਮੰਦ ਹਨ, ਉਨ੍ਹਾਂ ਨੂੰ ਵੀ ਖਾਣਾ ਦਿੱਤਾ ਜਾ ਰਿਹਾ ਹੈ। ਕੈਨੇਡਾ ਵਿਚ ਤਾਂ ਜਸਟਿਨ ਟਰੂਡੋ ਕਈ ਵਾਰ ਸਿੱਖ ਧਰਮ ਦੀ ਪ੍ਰਸੰਸਾ ਕਰ ਚੁੱਕਾ ਹੈ। ਅਮਰੀਕਾ ਵਿਚ ਲੰਗਰ ਤਕਸੀਮ ਕਰਨ ਕਰਕੇ ਕੈਲੇਫੋਰਨੀਆਂ ਵਿਚ ਰਿਵਰਸਾਈਡ ਗੁਰਦੁਆਰਾ ਸਾਹਿਬ ਨੂੰ ਉਥੋਂ ਦੀ ਪੁਲਿਸ ਨੇ ਸਲਾਮੀ ਦਿੱਤੀ ਹੈ, ਜਿਸਦੀ ਸੰਸਾਰ ਵਿਚ ਚਰਚਾ ਹੋ ਰਹੀ ਹੈ। ਮੈਸਾਚੂਸੈਸ ਸਟੇਟ ਦੇ ਹੈਲੀਓਕ ਸ਼ਹਿਰ ਵਿਚ ਵਿਸਾਖੀ ਵਾਲੇ ਦਿਨ ਅਮਰੀਕਾ ਦੇ ਝੰਡੇ ਨਾਲ ਸਿੱਖ ਪੰਥ ਦਾ ਖਾਲਸਾ ਨਿਸ਼ਨ ਵਾਲਾ ਕੇਸਰੀ ਝੰਡਾ ਝੁਲਾਇਆ ਗਿਆ, ਜਿਹੜਾ ਇਕ ਮਹੀਨਾ ਝੁਲਦਾ ਰਹੇਗਾ। ਵਾਸ਼ਿੰਗਟਨ ਸਟੇਟ ਵਿਚ ਮਿਡਲ ਸਕੂਲ ਦੀਆਂ ਪੁਸਤਕਾਂ ਵਿਚ ਸਿੱਖ ਧਰਮ ਦੀ ਜਾਣਕਾਰੀ ਪਾਉਣ ਲਈ ਕਾਨੂੰਨ ਪਾਸ ਕੀਤਾ ਗਿਆ ਹੈ। ਕੈਨੇਡਾ ਦੇ ਐਲਬਰਟਾ ਰਾਜ ਸਿੱਖ ਯੂਥ ਐਡਮਿੰਟਨ ਲਗਾਤਾਰ ਵੱਖ ਵੱਖ ਦਾਨੀਆਂ ਵੱਲੋਂ ਤਿਆਰ ਕੀਤਾ ਲੰਗਰ ਐਡਮਿੰਟਨ ਵਿਚ ਵੰਡ ਰਹੇ ਹਨ। ਇਹ ਜਾਣਕਾਰੀ ਗੁਲਜ਼ਾਰ ਸਿੰਘ ਨਿਰਮਾਣ ਨੇ ਫੇਸ ਬੁੱਕ ਤੇ ਦਿੰਦਿਆਂ ਦੱਸਿਆ ਕਿ ਗੁਰੂ ਘਰਾਂ ਵਿਚੋਂ ਲੰਗਰ ਤਿਆਰ ਕਰਕੇ ਵੀ ਲੋੜਮੰਦਾਂ ਨੂੰ ਵੰਡਿਆ ਜਾ ਰਿਹਾ ਹੈ। ਐਲਬਰਟਾ ਦੀ ਸਮਾਜ ਭਲਾਈ ਮੰਤਰੀ ਰਾਜਨ ਸਾਹਨੀ ਨੇ ਸਿੱਖ ਯੂਥ ਐਡਮਿੰਟਨ ਨੂੰ ਸਨਮਾਨਤ ਕੀਤਾ।
ਭਾਰਤ ਵਿਚ ਵੀ ਸਿੱਖ ਲਗਪਗ ਹਰ ਸ਼ਹਿਰ ਵਿਚ ਲੰਗਰ ਲਗਾਕੇ ਖਾਣਾ ਦੇ ਰਹੇ ਹਨ। ਮੁੰਬਈ ਅਤੇ ਦਿੱਲੀ ਵਰਗੇ ਵੱਡੇ ਸ਼ਹਿਰਾਂ ਵਿਚ ਤਾਂ ਹਰ ਰੋਜ ਇੱਕ-ਇੱਕ ਲੱਖ ਲੋਕਾਂ ਨੂੰ ਖਾਣਾ ਦਿੱਤਾ ਜਾ ਰਿਹਾ ਹੈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੀ ਹਰ ਰੋਜ ਲੱਖਾਂ ਲੋਕਾਂ ਨੂੰ ਆਪਣੇ ਸਾਰੇ ਗੁਰਦੁਅਰਿਆਂ ਰਾਹੀਂ ਲੰਗਰ ਪਹੁੰਚਾ ਰਹੀ ਹੈ। ਦਿੱਲੀ ਸਥਿਤ ਹੋਰ ਗੁਰਦੁਆਰਾ ਸਾਹਿਬਾਨ ਤੋਂ ਇਲਾਵਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕੱਲੀ ਹਰ ਰੋਜ ਇੱਕ ਲੱਖ ਤੋਂ ਵੱਧ ਲੋਕਾਂ ਨੂੰ ਖਾਣਾ ਖੁਆ ਰਹੀ ਹੈ। ਇਸ ਲਈ ਦਿੱਲੀ ਪੁਲਿਸ ਨੇ ਗੁਰਦੁਆਰਾ ਬੰਗਲਾ ਸਾਹਿਬ ਦੀ ਆਪਣੀਆਂ ਗੱਡੀਆਂ ਵਿਚ ਆ ਕੇ ਪਰਕਰਮਾ ਕੀਤੀ ਅਤੇ ਸਲਾਮੀ ਦਿੱਤੀ। ਇੰਜ ਉਨ੍ਹਾਂ ਅਮਰੀਕਾ ਤੋਂ ਸਲਾਮੀ ਦੇਣ ਤੋਂ ਬਾਅਦ ਕੀਤਾ ਹੈ। ਇਹ ਉਹੀ ਦਿੱਲੀ ਪੁਲਿਸ ਹੈ ਜਿਸਨੇ 1984 ਵਿਚ ਸਿੱਖਾਂ ਦੀ ਹੋ ਰਹੀ ਨਸਲਕੁਸ਼ੀ ਨੂੰ ਰੋਕਣ ਵਿਚ ਕੋਈ ਕਾਰਵਾਈ ਨਹੀਂ ਕੀਤੀ ਸੀ, ਸਗੋਂ ਬਾਅਦ ਵਿਚ ਵੀ ਕਿਸੇ ਕੇਸ ਦੀ ਪੈਰਵਾਈ ਨਹੀਂ ਕੀਤੀ। ਹਾਲਾਂ ਕਿ ਸਿੱਖਾਂ ਦਾ ਅਕਸ ਪਹਿਲਾਂ ਵੀ ਇਕ ਮਨੁਖੀ ਅਧਿਕਾਰਾਂ ਦੇ ਰਖਵਾਲੇ ਅਤੇ ਰੱਖਿਅਕ ਦੇ ਤੌਰ ਜਾਣਿਆਂ ਜਾਂਦਾ ਸੀ। ਯੂ ਐਨ ਓ ਨੇ ਵੀ ਵਿਸਾਖੀ ਤੇ ਪਹਿਲੀ ਵਾਰ ਖਾਲਸੇ ਦੇ ਜਨਮ ਦਿਵਸ ਦੀ ਵਧਾਈ ਦਿੱਤੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨੇ ਵੀ ਪਹਿਲੀ ਵਾਰ ਸਿੱਖਾਂ ਵੱਲੋਂ ਔਖੇ ਸਮੇਂ ਲਾਕ ਡਾਊਨ ਦਰਮਿਆਨ ਲੰਗਰ ਵਰਤਾਉਣ ਦੀ ਪ੍ਰਸੰਸਾ ਕੀਤੀ। ਨਾਗਪੁਰ ਦੇ ਇੱਕ ਹੋਟਲ ਦੇ ਮਾਲਕ ਜਸਬੀਰ ਸਿੰਘ ਨੇ ਕਰੋਨਾ ਦੇ ਇਲਾਜ ਵਿਚ ਜੁਟੇ ਹੋਏ ਡਾਕਟਰਾਂ, ਨਰਸਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਸੇਵਾ ਵਿਚ ਆਪਣਾ 150 ਕਮਰਿਆਂ ਵਾਲਾ ਏਅਰ ਕੰਡੀਸ਼ਨ ਹੋਟਲ ਮੁਫਤ ਬਹਿਣ ਲਈ ਦੇ ਦਿੱਤਾ ਹੈ। ਉਨ੍ਹਾਂ ਸਾਰਿਆਂ ਨੂੰ ਖਾਣਾ ਵੀ ਦਿੱਤਾ ਜਾਵੇਗਾ ਅਤੇ ਹਸਪਤਾਲਾਂ ਵਿੱਚ ਛੱਡਣ ਅਤੇ ਲੈ ਕੇ ਆਉਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਸਿੱਖਾਂ ਦੀ ਸੇਵਾ ਦਾ ਮੁੱਲ ਨਹੀਂ ਪਾਇਆ ਜਾ ਰਿਹਾ ਸਗੋਂ ਮੀਡੀਆ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਨੂੰ ਬਦਨਾਮ ਕਰ ਰਿਹਾ ਹੈ। ਸਿਆਸੀ ਲੋਕ ਅਜਿਹੇ ਦੁੱਖਦਾਈ ਸਮੇਂ ਵੀ ਸਿਆਸਤ ਕਰਨ ਲੱਗੇ ਹੋਏ ਹਨ। ਪਾਲ ਸਿੰਘ ਕੈਲੇਫੋਰਨੀਆਂ ਨੇ ਕਿਹਾ ਹੈ ਕਿ ਹਜ਼ੂਰ ਸਾਹਿਬ ਤੋਂ ਜਿਹੜੇ ਸ਼ਰਧਾਲੂ ਵਾਪਸ ਪੰਜਾਬ ਆਏ ਹਨ, ਉਨ੍ਹਾਂ ਦੇ ਏਕਾਂਤਵਾਸ ਅਤੇ ਇਲਾਜ ਦਾ ਸਾਰਾ ਖ਼ਰਚਾ ਉਹ ਕਰੇਗਾ, ਭਾਵੇਂ ਉਨ੍ਹਾਂ ਨੂੰ ਹੋਟਲਾਂ ਵਿਚ ਰੱਖਿਆ ਜਾਵੇ, ਉਨ੍ਹਾਂ ਦਾ ਕਿਰਾਇਆ ਵੀ ਉਹ ਦੇਵੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ੁਰੂ ਕੀਤੀ ਪਰੰਪਰਾ ਤੇ ਪਹਿਰਾ ਦਿੰਦੇ ਹੋਏ ਸਿੱਖ ਦਸਵੰਦ ਕਢਕੇ ਸੇਵਾ ਕਰਨ ਨੂੰ ਬਰਕਰਾਰ ਰੱਖ ਰਹੇ ਹਨ। ਭਾਈ ਬਲਦੇਵ ਸਿੰਘ ਪਠਲਾਵਾਂ ਨੂੰ ਹੋਲਾ ਮਹੱਲਾ ਵਿਚ ਕਰੋਨਾ ਫੈਲਾਉਣ ਲਈ ਬਦਨਾਮ ਕੀਤਾ ਗਿਆ। ਨਿਜਾਮੂਦੀਨ ਵਿਖੇ ਤਬਲੀਗੀ ਜਮਾਤ ਵੱਲੋਂ ਕੀਤੇ ਗਏ ਧਾਰਮਿਕ ਸਮਾਗਮ ਨੂੰ ਵੀ ਧਰਮ ਨਾਲ ਜੋੜਕੇ ਬਦਨਾਮ ਕੀਤਾ ਜਾ ਰਿਹਾ ਹੈ। ਕੁਝ ਮੀਡੀਆ ਗਰੁਪ ਅਤੇ ਸਰਕਾਰਾਂ ਘੱਟ ਗਿਣਤੀਆਂ ਨੂੰ ਬਦਨਾਮ ਕਰ ਰਹੇ ਹਨ। ਪੰਜਾਬ ਦੇ ਮਾੜੇ ਦਿਨਾ ਵਿਚ ਸਿੱਖਾਂ ਨੂੰ ਅਤਵਾਦੀ ਕਿਹਾ ਗਿਆ। ਜਿਨ੍ਹਾਂ ਸਿੱਖਾਂ ਦੀ ਪ੍ਰਸੰਸਾ ਵੀ ਕੀਤੀ ਹੈ ਉਹ ਵਕਤੀ ਹੀ ਹੈ। ਉਨ੍ਹਾਂ ਸਿੱਖਾਂ ਦੇ ਯੋਗਦਾਨ ਨੂੰ ਫਿਰ ਭੁੱਲ ਜਾਣਾ ਹੈ। ਭਾਵੇਂ ਕੋਈ ਕਿਤਨੀ ਵੀ ਨੁਕਤਾਚੀਨੀ ਕਰੀ ਜਾਵੇ ਪ੍ਰੰਤੂ ਸਿੱਖ ਜਗਤ ਆਪਣੇ ਗੁਰੂਆਂ ਦੀ ਵਿਚਾਰਧਾਰਾ ਤੋਂ ਬੇਮੁੱਖ ਨਹੀਂ ਹੋਵੇਗਾ। ਭੁੱਖਿਆਂ ਅਤੇ ਲੋੜਮੰਦਾਂ ਦੀ ਸੇਵਾ ਇਸੇ ਤਰ੍ਹਾਂ ਹੁੰਦੀ ਰਹੇਗੀ।
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.