ਬਚਪਨ 'ਚ ਪੁਲਿਸ ਨਾਂਅ ਦਾ ਸ਼ਬਦ ਸੁਣਦਿਆਂ ਹੀ ਮਨ 'ਚ ਦਹਿਸ਼ਤ ਪੈ ਜਾਂਦੀ ਸੀ। ਸ਼ੁਰੂ ਤੋਂ ਹੀ ਜਿਸ ਸਮਾਜ 'ਚ ਅਸੀਂ ਰਹੇ ਹਾਂ, ਉਸ ਵੱਲੋਂ ਪੁਲਿਸ ਨਾਂਅ ਦੇ ਸ਼ਬਦ ਤੋਂ ਭੈਅ ਖਾਣਾ ਹੀ ਸਿੱਖਿਆ। ਹੁਣ ਤੱਕ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਨੇ ਜੋ ਆਪਣੇ ਸਿਆਣਿਆਂ ਤੋਂ ਸੁਣੀਆਂ ਜਿਸ 'ਚ ਪੁਲਿਸ ਦਾ ਕੇਵਲ ਮਾੜਾ ਅਕਸ ਹੀ ਸੁਣਨ 'ਚ ਮਿਲਿਆ। ਕਦੇ ਇਹ ਨਹੀਂ ਸੁਣਿਆ ਸੀ ਕਿ ਪੰਜਾਬ ਪੁਲਿਸ ਚੰਗੀ ਵੀ ਹੁੰਦੀ ਐ ਤੇ ਇਹ ਲੋਕਾਂ ਦੀ ਰੱਖਿਆ ਲਈ ਹੁੰਦੀ ਐ। ਜਵਾਨੀ 'ਚ ਪੈਰ ਪਾਉਂਦਿਆਂ ਪੁਲਿਸ ਦੀ ਇਹ ਦਹਿਸ਼ਤ ਮਨ 'ਚ ਹੋਰ ਵਧ ਗਈ। ਪਰ ਜਿਵੇਂ ਜਿਵੇਂ ਜ਼ਿੰਦਗੀ ਮਾਣਦੇ ਗਏ, ਆਪਣੇ ਆਲੇ ਦੁਆਲੇ ਦੀ ਸਮਝ ਪੈਣ ਲੱਗ ਪਈ, ਉਵੇਂ ਹੀ ਪੁਲਿਸ ਨਾਂਅ ਦੇ ਸ਼ਬਦ ਨਾਲ ਈਰਖਾ ਘਟੀ ਤੇ ਸਤਿਕਾਰ ਆਉਣ ਲੱਗਾ। ਸਿਆਣਿਆਂ ਤੋਂ ਅਕਸਰ ਸੁਣਦੇ ਸੀ ਕਿ ਸੇਬਾਂ ਦੀ ਪੇਟੀ ਦਾ ਇੱਕ ਸੇਬ ਦਾਗੀ ਹੋਵੇ ਤਾਂ ਬਾਕੀਆਂ ਨੂੰ ਵੀ ਦਾਗੀ ਕਰ ਦਿੰਦੈ। ਉਸ ਵਕਤ ਇੰਨੀ ਸਮਝ ਨਹੀਂ ਸੀ ਤੇ ਇਸ ਅਖਾਣ ਨੂੰ ਕੇਵਲ ਸੇਬਾਂ ਦੀ ਪੇਟੀ ਤੱਕ ਹੀ ਸੀਮਤ ਰੱਖਦੇ ਸੀ। ਪਰ ਹੁਣ ਜਦੋਂ ਇੰਨ੍ਹਾਂ ਦਾਗੀ ਸੇਬਾਂ ਨੂੰ ਇਨਸਾਨੀ ਕਿਰਦਾਰਾਂ 'ਚ ਦੇਖਦਾ ਹਾਂ ਤਾਂ ਪਤਾ ਲੱਗਦੈ ਕਿ ਇਹ ਦਾਗੀ ਸੇਬ ਅਸਲ 'ਚ ਕਿਹੜੇ ਨੇ।
ਇੰਨ੍ਹੀਂ ਦਿਨੀਂ ਕੋਰੋਨਾ ਕਾਰਨ ਲਾਕਡਾਊਨ ਲੱਗਿਆ ਹੋਇਆ ਤੇ ਇਸ ਦੌਰਾਨ ਪੰਜਾਬ ਦਾ ਪੁਲਿਸ ਮਹਿਕਮਾ ਫੇਰ ਤੋਂ ਸੁਰਖੀਆਂ 'ਚ ਬਣਿਆ ਹੋਇਆ। ਸੋਸ਼ਲ ਮੀਡੀਆ 'ਤੇ ਕਦੇ ਲੋਕ ਪੁਲਿਸ 'ਤੇ ਥੂ-ਥੂ ਕਰਨ ਲੱਗ ਜਾਂਦੇ ਨੇ ਤੇ ਕਦੇ ਉਨ੍ਹਾਂ ਦੀਆਂ ਤਰੀਫਾਂ ਦੇ ਪੁਲ ਬੰਨ੍ਹ ਦਿੰਦੇ ਨੇ। ਪੁਲਿਸ 'ਚ ਵੀ ਦੋ ਤਰ੍ਹਾਂ ਦੇ ਕਿਰਦਾਰ ਕੰਮ ਕਰਦੇ ਨੇ। ਇੱਕ ਤਾਂ ਐੱਸ.ਆਈ ਹਰਜੀਤ ਸਿੰਘ ਅਤੇ ਦੂਸਰਾ ਖੰਨਾ ਸਦਰ ਥਾਣੇ ਦੇ ਥਾਣੇਦਾਰ ਬਲਜਿੰਦਰ ਸਿੰਘ ਵਰਗੇ ਅਤੇ ਕਪੂਰਥਲਾ ਪੁਲਿਸ ਦੇ ਏ.ਐਸ.ਆਈ ਪਰਮਜੀਤ ਸਿੰਘ ਵਰਗੇ। ਸਭ ਨੂੰ ਇਹ ਤਾਂ ਪਤਾ ਹੀ ਐ ਕਿ ਇਸ ਕਪੂਰਥਲਾ ਪੁਲਿਸ ਦੇ ਏ.ਐਸ.ਆਈ ਪਰਮਜੀਤ ਸਿੰਘ ਨੇ ਆਪਣੀ ਵਰਦੀ ਦੇ ਰੋਹਬ 'ਚ ਸਾਨ੍ਹ ਵਰਗੇ ਕਬੱਡੀ ਖਿਡਾਰੀ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਤੇ ਉਸ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਭਲਵਾਨ ਪੱਡਿਆਂ ਵਾਲਾ ਤੇ ਮਾਪਿਆਂ ਦੇ ਅਰਵਿੰਦਰ ਭਲਵਾਨ ਨੂੰ ਸਦਾ ਲਈ ਖਾਮੋਸ਼ ਕਰ ਦਿੱਤਾ। ਖੰਨੇ ਸਦਰ ਥਾਣੇ 'ਚ ਵੀ ਜੋ ਸਿੱਖ ਪਿਉ ਪੁੱਤ ਤੇ ਉਨ੍ਹਾਂ ਦੇ ਸੀਰੀ ਨੂੰ ਨੰਗਾ ਕਰ ਵੀਡੀੳ ਬਣਾਉਣ ਵਾਲੀ ਸ਼ਰਮਨਾਕ ਘਟਨਾ ਨੂੰ ਉਥੋਂ ਦੇ ਐੱਸ.ਐਚ.ਓ ਬਲਜਿੰਦਰ ਸਿੰਘ ਨੇ ਅੰਜਾਮ ਦਿੱਤਾ। ਉਹ ਵੀ ਨਿੰਦਣਯੋਗ ਹੈ। ਉਸ ਖਿਲਾਫ ਵੀ ਹਾਲੇ ਕਾਰਵਾਈ ਹੋਣੀ ਬਾਕੀ ਐ। ਉਸਨੂੰ ਸਿਰਫ ਤਬਾਦਲਾ ਕਰਕੇ ਫਿਲਹਾਲ ਛੱਡ ਦਿੱਤਾ ਗਿਆ।
ਜਦੋਂ ਕਦੇ ਵੀ ਪੰਜਾਬ ਪੁਲਿਸ ਦਾ ਅਜਿਹਾ ਵਤੀਰਾ ਦੇਖਣ ਨੂੰ ਮਿਲਦੈ ਤਾਂ ਬਹੁਤ ਘੱਟ ਸਿਆਸਤਦਾਨ ਨੇ ਜੋ ਇਹੋ ਜਿਹੇ ਦਾਗੀ ਸੇਬਾਂ ਬਾਰੇ ਬੋਲਦੇ ਹੋਣ। ਥੋੜ੍ਹਾ ਸਮੇਂ 'ਚ ਪਿੱਛੇ ਚਲਦੇ ਹਾਂ। ਗੱਲ ਕਰੀਏ ਪਟਿਆਲਾ ਸਬਜ਼ੀ ਮੰਡੀ ਵਿਚਲੀ ਘਟਨਾ ਦੀ, ਜਿਥੇ ਐਸ.ਆਈ ਹਰਜੀਤ ਸਿੰਘ ਨੇ ਡਿਊਟੀ ਕਰਦੇ ਸਮੇਂ ਆਪਣਾ ਹੱਥ ਤੱਕ ਵਢਾ ਲਿਆ। ਇਸ ਮੁਲਾਜ਼ਮ ਦੀ ਪੂਰੇ ਵਿਸ਼ਵ 'ਚ ਤਰੀਫ ਹੋਈ। ਤਰੀਫ ਕਰਨੀ ਬਣਦੀ ਵੀ ਸੀ। ਦੂਜੇ ਪਾਸੇ ਉਨ੍ਹਾਂ ਨਿਹੰਗਾਂ ਦਾ ਜੋ ਕੁਟਾਪਾ ਚੜ੍ਹਿਆ ਹੋਣੈ, ਉਹ ਤਾਂ ਪੰਜਾਬ ਪੁਲਿਸ ਜਾਣਦੀ ਹੈ ਜਾਂ ਉਹ ਨਿਹੰਗ ਜਾਣਦੇ ਨੇ। ਕੁਝ ਸਿਆਸਤਦਾਨਾਂ ਨੇ ਵੀ ਨਿਹੰਗਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ, ਜਿਵੇਂ ਐਚ.ਐੱਸ.ਫੂਲਕਾ ਨੇ ਤਾਂ ਇੱਥੋਂ ਤੱਕ ਮੰਗ ਰੱਖੀ ਸੀ ਕਿ ਇੰਨ੍ਹਾਂ ਨਿਹੰਗਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇ। ਉਥੇ ਹੀ ਪਟਿਆਲਾ ਐਮ.ਪੀ ਪਰਨੀਤ ਕੌਰ ਨੇ ਵੀ ਇੰਨ੍ਹਾਂ ਖਿਲਾਫ ਸਖਤ ਤੋਂ ਸਖਤ ਸਜ਼ਾ ਦੇਣ ਦੀ ਗੱਲ ਆਖੀ ਸੀ। ਚਲੋ, ਅਸੀਂ ਮੰਨਦੇ ਹਾਂ ਕਿ ਜਿਸ ਨੇ ਗਲਤੀ ਕੀਤੀ, ਉਸਨੂੰ ਸਖਤ ਸਜ਼ਾ ਦੇਣੀ ਬਣਦੀ ਹੈ। ਪਰ ਕਾਨੂੰਨ ਸਾਰਿਆਂ ਲਈ ਇੱਕ ਹੋਣਾ ਚਾਹੀਦਾ। ਪਟਿਆਲੇ ਵਾਲੀ ਘਟਨਾ ਤੋਂ ਕੁਝ ਹਫਤਿਆਂ ਬਾਅਦ ਹੀ ਕਪੂਰਥਲੇ ਐਸ.ਆਈ ਪਰਮਜੀਤ ਸਿੰਘ ਵੱਲੋਂ ਕਬੱਡੀ ਖਿਡਾਰੀ ਮਾਰ ਦਿੱਤਾ ਗਿਆ। ਕੀ ਕਾਨੂੰਨ ਇਸ ਕਾਤਲ ਪੁਲਸੀਏ ਲਈ ਵੀ ਉਹੀ ਹੋਏਗਾ, ਜਿਹੜਾ ਕਿ ਨਿਹੰਗਾਂ ਵੱਲੋਂ ਸਿਰਫ ਹੱਥ ਵੱਢੇ ਜਾਣ 'ਤੇ ਸੀ ? ਇੱਕ ਪਾਸੇ ਐਸ.ਆਈ ਹਰਜੀਤ ਸਿੰਘ ਅਤੇ ਉਸਦੀ ਟੀਮ ਜਿਹੇ ਸਮਝਦਾਰ ਪੁਲਿਸ ਮੁਲਾਜ਼ਮ, ਜਿੰਨ੍ਹਾਂ ਨੇ ਨਿਹੰਗਾਂ ਵੱਲੋਂ ਹਰਜੀਤ ਸਿੰਘ ਦਾ ਹੱਥ ਵੱਢੇ ਜਾਣ ਤੋਂ ਬਾਅਦ ਵੀ ਕੋਈ ਗੋਲੀ ਨਹੀਂ ਚਲਾਈ, ਕਿਉਂਕਿ ਉਹ ਵੀ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਲੈਣਾ ਚਾਹੁੰਦੇ ਸਨ। ਦੂਜੇ ਪਾਸੇ ਕਪੂਰਥਲੇ ਵਾਲਾ ਏ.ਐਸ.ਆਈ ਪਰਮਜੀਤ ਸਿੰਘ, ਜਿਸਨੇ ਨਿਹੱਥੇ ਮੁੰਡਿਆਂ 'ਤੇ ਗੋਲੀਆਂ ਚਲਾ ਦਿੱਤੀਆਂ। ਹੁਣ ਤੱਕ ਦੀਆਂ ਸਾਹਮਣੇ ਆਈਆਂ ਰਿਪੋਰਟਾਂ 'ਚ ਇਹ ਵੀ ਪਤਾ ਲੱਗਾ ਕਿ ਉਨ੍ਹਾਂ ਨੌਜਵਾਨਾਂ ਦਾ ਕੋਈ ਕਸੂਰ ਵੀ ਨਹੀਂ ਸੀ। ਥੋੜ੍ਹੀ ਬਹੁਤ ਤੂੰ-ਤੂੰ ਮੈਂ-ਮੈਂ ਸੀ, ਜੋ ਗੱਲਬਾਤ ਨਾਲ ਵੀ ਨਜਿੱਠੀ ਜਾ ਸਕਦੀ ਸੀ। ਇਸ ਘਟਨਾ 'ਤੇ ਬਿਆਨ ਦੇਣ ਲਈ ਕਿੱਥੇ ਹੈ ਐਚ.ਐੱਸ ਫੂਲਕਾ ? ਤੇ ਕਿੱਥੇ ਨੇ ਹੋਰ ਲੀਡਰ, ਜੋ ਹਿੱਕ ਠੋਕ ਕੇ ਕਹਿ ਸਕਣ ਕਿ ਕਤਲ ਕਰਨ ਵਾਲੇ ਪੁਲਿਸ ਮੁਲਾਜ਼ਮ ਨੂੰ ਸਖਤ ਸਜ਼ਾ ਦੇਣੀ ਚਾਹੀਦੀ ਹੈ। ਹੱਥ ਵੱਢੇ ਜਾਣ ਦੀ ਸਜ਼ਾ ਉਮਰ ਕੈਦ ਤਾਂ ਫੇਰ ਕਤਲ ਕਰਨ ਵਾਲੇ ਨੂੰ ਘੱਟੋ ਘੱਟ ਫਾਂਸੀ ਤਾਂ ਹੋਵੇ ਹੀ !
ਮੁੱਕਦੀ ਗੱਲ, ਇਨਸਾਨ 'ਚ ਸਹਿਣਸ਼ੀਲਤਾ ਬਿਲਕੁਲ ਖਤਮ ਹੋ ਗਈ। ਪਟਿਆਲੇ ਵਾਲੀ ਘਟਨਾ 'ਚ ਵੀ ਜੇਕਰ ਨਿਹੰਗ ਠਰ੍ਹਮੇ ਨਾਲ ਗੱਲ ਕਰਦੇ ਤਾਂ ਮਸਲਾ ਇੰਨਾ ਵਧਣਾ ਨਹੀਂ ਸੀ। ਇਸੇ ਤਰ੍ਹਾਂ ਜੇ ਕਪੂਰਥਲੇ ਵਾਲੀ ਘਟਨਾ 'ਚ ਏ.ਐੱਸ.ਆਈ ਠਰ੍ਹਮੇ ਨਾਲ ਨੌਜਵਾਨਾਂ ਨਾਲ ਗੱਲ ਕਰਦਾ ਤਾਂ ਉਸ ਹੱਥੋਂ ਗੋਲੀ ਨਾ ਚੱਲਦੀ ਤੇ ਕਿਸੇ ਮਾਂ ਦਾ ਪੁੱਤ ਨਾ ਮਰਦਾ। ਗੱਲ ਮੁੱਕਦੀ ਇਨਸਾਫ 'ਤੇ । ਕੀ ਕਬੱਡੀ ਖਿਡਾਰੀ ਨੂੰ ਇਨਸਾਫ ਮਿਲੇਗਾ ? ਜਾਂ ਫੇਰ ਕਾਤਲ ਥੋੜ੍ਹਾ ਸਮਾਂ ਕੋਰਟ ਕੇਸਾਂ 'ਚ ਪੇਸ਼ੀਆਂ ਭੁਗਤ ਮੁੜ ਤੋਂ ਖੁੱਲ੍ਹੀ ਹਵਾ 'ਚ ਘੁੰਮੇਗਾ ? ਕੀ ਕਾਨੂੰਨ ਇੱਕ ਆਮ ਨਾਗਰਿਕ ਅਤੇ ਪੁਲਿਸ ਮੁਲਾਜ਼ਮ ਲਈ ਵੱਖੋ ਵੱਖਰਾ ਹੈ ? ਨੌਜਵਾਨ ਕਬੱਡੀ ਖਿਡਾਰੀ ਭਲਵਾਨ ਨੇ ਅਜੇ ਦੁਨੀਆ ਦੇਖਣੀ ਸੀ। ਪਰ ਉਸ ਤੋਂ ਪਹਿਲਾਂ ਹੀ ਪੁਲਸੀਏ ਦੀ ਗੋਲੀ ਕਾਰਨ ਫੌਤ ਹੋ ਗਿਆ। ਉਸਦੀ ਮੌਤ ਨਾਲ ਪੂਰੇ ਖੇਡ ਜਗਤ 'ਚ ਸੋਗ ਅਤੇ ਰੋਹ ਦੀ ਲਹਿਰ ਹੈ। ਸਾਰਿਆਂ ਦੀ ਮੰਗ ਹੈ ਕਿ ਪੁਲਿਸ ਮੁਲਾਜ਼ਮ ਨਾਲ ਵੀ ਉਹੀ ਵਤੀਰਾ ਕੀਤਾ ਜਾਵੇ ਜੋ ਪਟਿਆਲੇ ਦੇ ਨਿਹੰਗਾਂ ਨਾਲ ਕੀਤਾ ਜਾ ਰਿਹਾ ਹੈ ਤੇ ਕੀਤਾ ਜਾਵੇਗਾ। ਇਸ ਕੋਰੋਨਾ ਮਹਾਂਮਾਰੀ ਦੌਰਾਨ ਹਰ ਫਰੰਟਲਾਈਨ ਯੋਧਾ ਆਪਣੀ ਡਿਊਟੀ ਨਿਭਾਅ ਰਿਹੈ। ਉਸੇ ਦਾ ਇੱਕ ਹਿੱਸਾ ਪੰਜਾਬ ਪੁਲਿਸ ਵੀ ਹੈ। ਅਸੀਂ ਵੀ ਪੰਜਾਬ ਪੁਲਿਸ ਦੇ ਨਾਲ ਹਾਂ ਤੇ ਉਸਦੇ ਕੰਮ ਦੀ ਤਰੀਫ ਕਰਦੇ ਹਾਂ। ਪਰ ਸਿਆਣਿਆਂ ਦੇ ਕਹਿਣ ਮੁਤਾਬਕ ਕੁਝ ਕੁ ਦਾਗੀ ਸੇਬਾਂ ਨੂੰ ਜੇ ਪੇਟੀ 'ਚੋਂ ਹੀ ਕੱਢ ਦਿੱਤਾ ਜਾਵੇ ਤਾਂ ਬਾਕੀ ਰਹਿੰਦਿਆਂ ਦੇ ਅਕਸ ਬਚ ਜਾਂਦੇ ਨੇ। ਸਾਡੀਆਂ ਸਰਕਾਰਾਂ ਨੂੰ ਇਸ ਵਿਸ਼ੇ ਵੱਲ੍ਹ ਗਹੁ ਨਾਲ ਦੇਖਣਾ ਹੋਵੇਗਾ ਅਤੇ ਇਹੋ ਜਿਹੇ ਮੁਲਾਜ਼ਮਾਂ ਨਾਲ ਵੀ ਸਖਤੀ ਵਰਤਣੀ ਹੋਵੇਗੀ। ਨਹੀਂ ਤਾਂ ਪਤਾ ਨੀ ਕਿੰਨੇ ਹੋਰ ਪੱਡਿਆਂ ਵਾਲੇ ਭਲਵਾਨ ਇਹੋ ਜਿਹੇ ਘਮੰਡੀ ਮੁਲਾਜ਼ਮਾਂ ਦੀ ਗੋਲੀ ਦਾ ਸ਼ਿਕਾਰ ਹੋਣਗੇ। ਅਖ਼ੀਰ 'ਤੇ ਇੱਕ ਗੱਲ ਹੋਰ, ਪਰਮਾਤਮਾ ਇਹੋ ਜਿਹੇ ਪੁਲਿਸ ਮੁਲਾਜ਼ਮਾਂ ਦੇ ਨਾਲ-ਨਾਲ ਬਹੁਤੇ ਤੱਤੇ ਖੋਪੜ ਵਾਲੇ ਆਮ ਨਾਗਰਿਕਾਂ ਨੂੰ ਵੀ ਸੁਮੱਤ ਬਖਸ਼ੇ।
ਰੱਬ ਰਾਖਾ
-
ਯਾਦਵਿੰਦਰ ਸਿੰਘ ਤੂਰ, ਨਿਊਜ਼ ਐਡੀਟਰ ਬਾਬੂਸ਼ਾਹੀ
yadwinder12@gmail.com
9501582626
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.