ਮਦਰਜ਼ ਡੇ ਇੱਕ ਐਸਾ ਦਿਨ ਹੈ ਜੋ ਕਿ ਸਾਰੇ ਸੰਸਾਰ ਵਿੱਚ ਆਪਣੀਆਂ ਮਾਤਾਵਾਂ ਨੂੰ ਸਨਮਾਨ ਦੇਣ ਲਈ ਮਨਾਇਆ ਜਾਂਦਾ ਹੈ। ਮਾਂ ਅਤੇ ਬੱਚੇ ਦਾ ਸੰਬੰਧ ਇੱਕ ਐਸਾ ਪ੍ਰੇਮ ਹੈ ਜੋ ਕਿ ਪਵਿੱਤਰ ਹੈ ਅਤੇ ਸਵਾਰਥ ਤੋਂ ਰਹਿਤ ਹੈ।
ਜੇਕਰ ਅਸੀਂ ਆਪਣੇ ਜੀਵਨ ਦੇ ਉਦਾਹਰਣ ਲਈਏ ਤਾਂ ਅਸੀਂ ਦੇਖਦੇ ਹਾਂ ਕਿ ਸਭ ਤੋਂ ਉਚੀ ਅਤੇ ਚੰਗੀ ਮਿਸਾਲ ਮਾਂ ਅਤੇ ਬੱਚੇ ਦੇ ਸੰਸਾਰਿਕ ਪ੍ਰੇਮ ਦੀ ਹੈ। ਅਸੀਂ ਦੇਖਦੇ ਹਾਂ ਕਿ ਕਿਵੇਂ ਇੱਕ ਛੋਟਾ ਬੱਚਾ ਆਪਣੀ ਮਾਂ ਦੇ ਵਾਲਾਂ ਨੂੰ ਖਿੱਚਦਾ ਹੈ ਅਤੇ ਉਸਦੀਆਂ ਗੱਲ੍ਹਾਂ ‘ਤੇ ਥੱਪੜ ਮਾਰਦਾ ਹੈ ਤਾਂ ਵੀ ਮਾਂ ਨੂੰ ਉਸਦੀਆਂ ਇਹਨਾਂ ਹਰਕਤਾਂ ‘ਤੇ ਕ੍ਰੋਧ ਨਹੀਂ ਆਉਂਦਾ। ਇਥੋਂ ਤੱਕ ਕਿ ਜੇਕਰ ਬੱਚਾ ਗੰਦਗੀ ਨਾਲ ਲਿਬੜਿਆ ਹੋਇਆ ਆਪਣੀ ਮਾਂ ਕੋਲ ਆਉਂਦਾ ਹੈ ਤਾਂ ਵੀ ਉਹ ਬੱਚੇ ਨੂੰ ਗਲ ਨਾਲ ਲਗਾ ਲੈਂਦੀ ਹੈ। ਇੱਕ ਮਾਂ ਦਾ ਪ੍ਰੇਮ ਆਪਣੇ ਬੱਚੇ ਲਈ ਦਿਲ ਤੋਂ ਦਿਲ ਦੀ ਰਾਹ ਹੈ। ਮਾਂ ਅਤੇ ਬੱਚੇ ਦੇ ਰਿਸ਼ਤੇ ਵਿੱਚ ਲਾਲਚ ਦਾ ਕੋਈ ਸਥਾਨ ਨਹੀਂ ਹੈ। ਇੱਕ ਮਾਂ ਆਪਣੇ ਬੱਚੇ ਲਈ ਸਭ ਕੁਝ ਕੁਰਬਾਨ ਕਰ ਦਿੰਦੀ ਹੈ। ਉਹ ਆਪਣੀ ਥਾਲੀ ਵਿੱਚੋਂ ਭੋਜਨ ਲੈ ਕੇ ਬੱਚੇ ਨੂੰ ਖਵਾਉਂਦੀ ਹੈ।
ਇਸੇ ਪ੍ਰਕਾਰ ਉਹ ਆਪਣਾ ਕੋਟ ਉਤਾਰ ਕੇ ਬੱਚੇ ਨੂੰ ਦੇ ਦਿੰਦੀ ਹੈ ਤਾਂ ਕਿ ਉਸਦਾ ਬੱਚਾ ਨਿੱਘ ਮਹਿਸੂਸ ਕਰ ਸਕੇ। ਇੱਕ ਮਾਂ ਦੁਆਰਾ ਆਪਣੇ ਬੱਚੇ ਦੇ ਲਈ ਕੀਤੀਆਂ ਕੁਰਬਾਨੀਆਂ ਅਤੇ ਬਲਿਦਾਨਾਂ ਦਾ ਕੋਈ ਅੰਤ ਨਹੀਂ ਹੈ। ਇਸ ਪਵਿੱਤਰ ਰਿਸ਼ਤੇ ਵਿੱਚ ਇੱਕ ਮਾਂ ਆਪਣੇ ਬੱਚੇ ਦੇ ਪ੍ਰੇਮ ਦੇ ਸਿਵਾ ਜਿਤਨੇ ਵੀ ਲਗਾਵ ਅਤੇ ਪ੍ਰੇਮ ਹਨ, ਉਹਨਾਂ ਨੂੰ ਛੱਡ ਦਿੰਦੀ ਹੈ। ਜਦੋਂ ਬੱਚਾ ਉਸਦੀਆਂ ਬਾਹਾਂ ਵਿੱਚ ਲੇਟਿਆ ਹੁੰਦਾ ਹੈ ਤਾਂ ਉਹ ਸਭ ਕੁੱਝ ਭੁੱਲ ਜਾਂਦੀ ਹੈ ਅਤੇ ਸਿਰਫ਼ ਆਪਣੇ ਬੱਚੇ ਦੇ ਪ੍ਰੇਮ ਵਿੱਚ ਮਗਨ ਰਹਿੰਦੀ ਹੈ। ਇੱਕ ਮਾਂ ਇਸ ਰਿਸ਼ਤੇ ਵਿੱਚ ਆਪਣੀ ਖ਼ੁਦੀ ਅਰਥਾਤ ਅਹੰਕਾਰ ਤਿਆਗ ਦਿੰਦੀ ਹੈ। ਇਸ ਪ੍ਰਕਾਰ ਇੱਕ ਮਾਂ ਆਪਣੇ ਬੱਚੇ ਦੀਆਂ ਇੱਛਾਵਾਂ ਦੇ ਅੱਗੇ ਆਪਣੇ ਆਪ ਨੂੰ ਝੁਕਾ ਲੈਂਦੀ ਹੈ ਅਤੇ ਨਿਰਸਵਾਰਥ ਭਾਵ ਨਾਲ ਸੇਵਾ ਕਰਦੀ ਹੈ।
ਅਸੀਂ ਜਾਣਦੇ ਹਾਂ ਕਿ ਇੱਕ ਮਾਂ ਦਾ ਆਪਣੇ ਬੱਚੇ ਦੇ ਪ੍ਰੇਮ ਨਾਜ਼ੁਕ ਅਤੇ ਹਿਰਦੇ-ਸਪਰਸ਼ੀ ਹੁੰਦਾ ਹੈ। ਇਹ ਸੰਸਾਰਿਕ ਪ੍ਰੇਮ ਦਾ ਸ਼ੁੱਧ ਰੂਪ ਹੈ ਜਿਹੜਾ ਪੂਰੀ ਤਰ੍ਹਾਂ ਸਵਾਰਥ ਤੋਂ ਰਹਿਤ ਹੈ। ਇਸਦੇ ਨਾਲ ਹੀ ਬੱਚਿਆਂ ਨੂੰ ਇਹ ਵੀ ਜਾਨਣਾ ਅਤੇ ਸਮਝਣਾ ਚਾਹੀਦਾ ਹੈ ਕਿ ਉਹਨਾਂ ਦੀਆਂ ਮਾਤਾਵਾਂ ਕਿਸ ਪ੍ਰਕਾਰ ਉਹਨਾਂ ਦੀ ਸੇਵਾ ਕਰਦੀਆਂ ਹਨ ਅਤੇ ਕਿਤਨਾ ਉਹ ਉਹਨਾਂ ਦੇ ਸੁਖ-ਸੁਵਿਧਾ ਲਈ ਤਿਆਗ ਕਰਦੀਆਂ ਹਨ। ਜਦੋਂ ਅਸੀਂ ਵੱਡੇ ਹੋਈਏ ਤਾਂ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਉਹਨਾਂ ਨੂੰ ਆਦਰ ਸਹਿਤ ਪ੍ਰੇਮ ਕਰੀਏ। ਅਸੀਂ ਆਪਣੇ ਅੰਤਰਮਨ ਤੋਂ ਉਹਨਾਂ ਦੁਆਰਾ ਸਾਡੇ ਲਈ ਕੀਤੀਆਂ ਅਥੱਕ ਕੋਸ਼ਿਸ਼ਾਂ ਨੂੰ ਸਵੀਕਾਰ ਕਰੀਏ।
ਇਸਦੇ ਨਾਲ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਪ੍ਰਭੂ ਦਾ ਪ੍ਰੇਮ ਆਪਣੇ ਸ਼ਿਸ਼ਾਂ ਲਈ ਹਜ਼ਾਰਾਂ ਮਾਂਵਾਂ ਦੇ ਪ੍ਰੇਮ ਨਾਲੋਂ ਵੀ ਜ਼ਿਆਦਾ ਹੈ। ਸਰਵ-ਸ਼ਕਤੀਮਾਨ ਪਿਤਾ-ਪਰਮੇਸ਼ਰ ਸਾਨੂੰ ਸਭ ਨੂੰ ਬਹੁਤ ਪ੍ਰੇਮ ਕਰਦੇ ਹਨ। ਉਹ ਸਾਡੇ ਤੋਂ ਕਿਸੇ ਵੀ ਪ੍ਰਕਾਰ ਦੀ ਕੋਈ ਆਸ ਨਹੀਂ ਰੱਖਦੇ ਅਤੇ ਕੇਵਲ ਸਾਨੂੰ ਪ੍ਰੇਮ ਦੇਣ ਲਈ ਆਉਂਦੇ ਹਨ। ਉਹ ਹਮੇਸ਼ਾ ਸਾਨੂੰ ਆਪਣੇ ਅੰਤਰ ਵਿੱਚ ਜਾ ਕੇ ਉਹਨਾਂ ਨਾਲ ਜੁੜਨ ਲਈ ਪ੍ਰੇਰਿਤ ਕਰਦੇ ਹਨ।
ਅਸੀਂ ਮਦਰਜ਼ ਡੇ ਦੇ ਦਿਨ ਇਹ ਕਰੀਏ ਕਿ ਅਸੀਂ ਆਪਣੀ ਮਾਤਾ ਜੀ ਦੇ ਨਿਰਸਵਾਰਥ ਪ੍ਰੇਮ ਨੂੰ ਨਾ ਸਿਰਫ਼ ਮਦਰਜ਼ ਡੇ ਦੇ ਦਿਨ ਹੀ ਯਾਦ ਕਰਾਂਗੇ ਬਲਕਿ ਉਸਨੂੰ ਪ੍ਰਤੀਦਿਨ ਆਪਣੇ ਦਿਲਾਂ ਵਿੱਚ ਸੰਜੋਅ ਕੇ ਰੱਖਾਂਗੇ। ਅਸੀਂ ਪਰਮ-ਪਿਤਾ ਪਰਮਾਤਮਾ ਦਾ ਵੀ ਸ਼ੁਕਰੀਆ ਅਦਾ ਕਰੀਏ ਕਿ ਉਹਨਾਂ ਨੇ ਸਾਨੂੰ ਮਾਨਵ ਜੀਵਨ ਦਾ ਸੁਨਹਿਰਾ ਅਵਸਰ ਪ੍ਰਦਾਨ ਕੀਤਾ ਹੈ ਅਤੇ ਉਹਨਾਂ ਦੇ ਅਣਗਿਣਤ ਆਸ਼ੀਰਵਾਦ ਅਤੇ ਅਸੀਮ ਪ੍ਰੇਮ ਦਾ ਸ਼ੁਕਰੀਆ ਅਦਾ ਕਰਨ ਦਾ ਸਭ ਤੋਂ ਚੰਗਾ ਤਰੀਕਾ ਇਹ ਹੈ ਕਿ ਅਸੀਂ ਪ੍ਰੇਮ ਨਾਲ ਸਦਾਚਾਰੀ ਜੀਵਨ ਜਿਉਂਦੇ ਹੋਏ ਧਿਆਨ-ਅਭਿਆਸ ਵਿੱਚ ਸਮਾਂ ਲਗਾਈਏ ਅਤੇ ਅਧਿਆਤਮਿਕ ਮਾਰਗ ‘ਤੇ ਤੇਜ਼ੀ ਨਾਲ ਅੱਗੇ ਵਧੀਏ।
-
ਸੰਤ ਰਾਜਿੰਦਰ ਸਿੰਘ ਜੀ ਮਹਾਰਾਜ, ਲੇਖਕ
*****************
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.