ਅੱਜ ਤੋਂ ਸੰਤਾਲੀ ਵਰ੍ਹੇ ਪਹਿਲਾਂ 6 ਤੇ 7 ਮਈ 1973 ਵਿਚਕਾਰਲੀ ਅੱਧੀ ਕਾਲੀ ਬੋਲੀ ਰਾਤ ਨੂੰ ਸ਼ਿਵ ਕੁਮਾਰ ਬਟਾਲਵੀ ਨੇ ਇਸ ਫਾਨੀ ਦੁਨੀਆ ਨੂੰ ਹਮੇਸ਼ਾ ਵਾਸਤੇ ਅਲਵਿਦਾ ਕਿਹਾ ਸੀ। ਲਗਪਗ ਅੱਧੀ ਸਦੀ ਬੀਤ ਜਾਣ ਦੇ ਬਾਅਦ ਵੀ ਸ਼ਿਵ ਆਪਣੀ ਸ਼ਾਇਰੀ ਤੇ ਸ਼ਬਦਾਂ ਦੇ ਚਹੇਤਿਆਂ ਦੇ ਦਿਲਾਂ ਵਿੱਚ ਅੱਜ ਵੀ ਰਾਜ ਕਰਦਾ ਹੈ। ਆਪਣੇ ਅੰਤ ਵੇਲੇ ਉਹ ਪਠਾਨਕੋਟ ਨੇੜੇ ਰਾਵੀ ਕੰਢੇ ਪੈਂਦੇ ਪਿੰਡ ਮੰਗਿਆਲ ਵਿੱਚ ਸਹੁਰੇ ਘਰ ਦੇ ਚੌਬਾਰੇ ਦੀ ਦੂਸਰੀ ਮੰਜ਼ਿਲ ਉੱਪਰ ਸੀ। ਦਰਦਾਂ ਤੇ ਤਕਲੀਫਾਂ ਸਹਿੰਦੇ ਸ਼ਿਵ ਦੇ ਮੂੰਹੋਂ ਸ਼ਾਇਦ ਇਹ ਸ਼ਬਦ ਵਾਰ ਵਾਰ ਨਿਕਲੇ ਹੋਣਗੇ:
ਇਹ ਫੱਟ ਹਨ ਇਸ਼ਕ ਦੇ ਇਹਨਾਂ ਦੀ ਯਾਰੋ ਕੀ ਦਵਾ ਹੋਵੇ
ਇਹ ਹੱਥ ਲਾਇਆਂ ਵੀ ਦੁਖਦੇ ਨੇ ਮਲ੍ਹਮ ਲਾਇਆਂ ਵੀ ਦੁਖਦੇ ਨੇ।
ਕਿਹਾ ਜਾਂਦਾ ਹੈ ਕਿ ਉਸ ਵੇਲੇ ਭਾਵੇਂ ਅੱਜ ਕੱਲ੍ਹ ਵਾਂਗ ਕੋਰੋਨਾ ਵਰਗੀ ਤਾਲਾਬੰਦੀ ਨਹੀਂ ਲੱਗੀ ਸੀ ਪਰ ਫਿਰ ਵੀ ਬਹੁਤ ਘੱਟ ਲੋਕ ਉਸਦੇ ਆਖਰੀ ਸਫ਼ਰ ਵੇਲੇ ਸ਼ਰੀਕ ਹੋਏ ਸਨ। ਉਸ ਵੇਲੇ ਉਸਦੀ ਆਤਮਾ ਕੁਝ ਇਹੀ ਕਹਿ ਰਹੀ ਹੋਣੀ ਹੈ:
ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ, ਉੱਗੀ ਕਿਤੇ ਕੁਰਾਹੇ
ਨਾ ਕਿਸੇ ਮਾਲੀ ਸਿੰਜਿਆ ਮੈਨੂੰ , ਨਾ ਕੋਈ ਸਿੰਜਣਾ ਚਾਹੇ।
ਕਹਿੰਦੇ ਹਨ ਕਿ ਜਦੋਂ ਸ਼ਿਵ ਇੰਗਲੈਂਡ ਤੋਂ ਵਾਪਿਸ ਆਇਆ ਤਾਂ ਉਹ ਬਹੁਤ ਬਿਮਾਰ ਹੋ ਚੁੱਕਾ ਸੀ। ਉਸਨੂੰ ਅਹਿਸਾਸ ਹੋ ਚੁੱਕਾ ਸੀ ਕਿ ਉਸਦਾ ਬਚਣਾ ਹੁਣ ਮੁਸ਼ਕਿਲ ਹੈ। ਸੋ ਉਹ ਚੰਡੀਗੜ੍ਹ ਤੋਂ ਬਟਾਲੇ ਨੂੰ ਤੁਰ ਪਿਆ, ਸ਼ਾਇਦ ਇਹ ਗੀਤ ਗਾਉਂਦਾ ਹੋਇਆ।
ਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ
ਜੋਬਨ ਰੁੱਤੇ ਆਸ਼ਿਕ ਮਰਦੇ ਜਾਂ ਕੋਈ ਕਰਮਾਂ ਵਾਲਾ।
ਸੁਣਿਆ ਜਾਂਦਾ ਹੈ ਕਿ ਭਲਿਆਂ ਦਿਨਾਂ ਵਿੱਚ ਲੋਹੇ ਦੇ ਸ਼ਹਿਰ ਕਹਾਉਂਦੇ ਬਟਾਲੇ ਦੇ ਕਈ ਸਰਾਮਏਦਾਰ ਲੋਕ ਸ਼ਿਵ ਨੂੰ ਖੁਆ ਪਿਆ ਕੇ ਉਸ ਦੇ ਮੂੰਹੋਂ ਸ਼ਾਈਰੀ ਸੁਣਨ ਦਾ ਆਨੰਦ ਉਠਾਉਂਦੇ ਹੁੰਦੇ ਸਨ। ਉਸਨੂੰ ਆਪਣੀਆਂ ਹਥੇਲੀਆਂ ਉੱਪਰ ਚੁੱਕੀ ਫਿਰਦੇ ਸਨ। ਪਰ ਜਦੋਂ ਉਹਨਾਂ ਨੂੰ ਸ਼ਿਵ ਦੇ ਬਹੁਤ ਜ਼ਿਆਦਾ ਬਿਮਾਰ ਹੋਣ ਦਾ ਪਤਾ ਲੱਗਿਆ ਤਾਂ ਬਹੁਤੇ ਵਿਉਪਾਰੀ ਨੁਮਾਂ ਉਸਦੇ ਆਰਜ਼ੀ ਦੋਸਤ ਮਿੱਤਰ ਘੇਸ ਵੱਟ ਗਏ। ਦੋਸਤਾਂ, ਮਿੱਤਰਾਂ, ਆੜੀਆਂ ਤੇ ਚਹੇਤਿਆਂ ਦੇ ਇਸ ਵਿਹਾਰ ਤੇ ਵਤੀਰੇ ਤੋਂ ਦੁਖੀ ਸ਼ਿਵ ਦੇ ਮਨ ਵਿੱਚ ਜੋ ਗੁਬਾਰ ਆਉਂਦੇ ਹੋਣਗੇ ਉਹ ਸ਼ਾਇਦ ਇਹਨਾਂ ਸ਼ਬਦਾਂ ਰਾਹੀਂ ਬਾਹਰ ਨਿਕਲਦੇ ਹੋਣਗੇ:
ਕੁੱਤਿਓ ਰਲ ਕੇ ਭੌਂਕੋ ਤਾਂ ਕਿ ਮੈਨੂੰ ਨੀਂਦ ਨਾ ਆਵੇ,
ਰਾਤ ਹੈ ਕਾਲੀ ਚੋਰ ਨੇ ਫਿਰਦੇ ਕੋਈ ਘਰ ਨੂੰ ਸੰਨ੍ਹ ਨਾ ਲਾਵੇ।
ਅਖੀਰ ਉਹ ਬਹੁਤ ਦੁਖੀ ਹੋ ਗਿਆ। ਬਟਾਲੇ ਨੂੰ ਤਿਆਗ ਕੇ ਉਸਨੇ ਆਪਣਾ ਆਖਰੀ ਠਿਕਾਣਾ ਸਹੁਰਾ ਪਿੰਡ ਬਣਾ ਲਿਆ। ਉਸਨੂੰ ਯਕੀਨ ਹੋ ਚੁੱਕਾ ਸੀ ਕਿ ਉਸਦਾ ਅੰਤਲਾ ਸਮਾਂ ਨੇੜੇ ਆ ਚੁੱਕਾ ਹੈ। ਉਸ ਵੇਲੇ ਉਸਦੀ ਕਲਮ ਨੇ ਇਹ ਸ਼ਬਦ ਰਚੇ ਹੋਣਗੇ:
ਵਾਰੋ ਪੀੜ ਮੇਰੀ ਦੇ ਸਿਰ ਤੋਂ ਨੈਣ-ਸਰਾਂ ਦਾ ਪਾਣੀ
ਇਸ ਪਾਣੀ ਨੂੰ ਜੱਗ ਵਿੱਚ ਵੰਡੋ ਹਰ ਇੱਕ ਆਸ਼ਿਕ ਤਾਣੀ
ਪ੍ਰਭ ਜੀ ਜੇ ਕੋਈ ਬੂੰਦ ਬਚੇ ਉਹਦਾ ਆਪੇ ਘੁੱਟ ਭਰੋ
ਤੇ ਮੈਨੂੰ ਵਿਦਾ ਕਰੋ ਮੇਰੇ ਰਾਮ ਕੋਸਾ ਹੰਝ ਤਲੀ ਧਰੋ।
ਜਦੋਂ ਸ਼ਿਵ ਪੂਰਾ ਹੋਇਆ ਤਦ ਉਸਦੇ ਬੱਚੇ ਮਸੀਂ ਕਰੂੰਬਲਾਂ ਦੀ ਉਮਰ ਦੇ ਸਨ। ਵਿਆਹ ਹੋਏ ਵੀ ਮੁਸ਼ਕਿਲ ਨਾਲ ਪੰਜ ਕੁ ਸਾਲ ਹੀ ਹੋਏ ਸਨ। ਉਸਦੀ ਪਤਨੀ ਦੇ ਹੱਥਾਂ ਉੱਪਰ ਲੱਗੀ ਮਹਿੰਦੀ ਦਾ ਤਾਂ ਅਜੇ ਰੰਗ ਵੀ ਨਹੀਂ ਸੀ ਉਤਰਿਆ ਹੋਣਾ। ਉਸਦੇ ਤਾਂ ਕਈ ਚਾਅ ਅਜੇ ਪੂਰੇ ਹੋਣੇ ਬਾਕੀ ਸਨ। ਆਪਣੇ ਪਰਿਵਾਰ ਨੂੰ ਦੇਖ ਉਸਦੇ ਦੇ ਮਨ ਅੰਦਰ ਇਹ ਖਿਆਲ ਜ਼ਰੂਰ ਆਉਂਦਾ ਹੋਣਾ ਹੈ:
ਤੁਸੀਂ ਕਿਹੜੀ ਰੁੱਤੇ ਆਏ ਮੇਰੇ ਰਾਮ ਜੀਉ,
ਜਦੋਂ ਬਾਗ਼ੀ ਫੁੱਲ ਕੁਮਲਾਏ ਮੇਰੇ ਰਾਮ ਜੀਉ।
ਕਿੱਥੇ ਸਉ ਜਦ ਅੰਗ ਅੰਗ ਸਾਡੇ ਰੁੱਤ ਜੋਬਨ ਦੀ ਮੌਲੀ
ਕਿੱਥੇ ਸਉ ਜਦ ਤਨ ਮਨ ਸਾਡੇ ਗਈ ਕਥੂਰੀ ਘੋਲੀ
ਕਿੱਥੇ ਸਉ ਜਦ ਸਾਹ ਵਿੱਚ ਚੰਬਾ ਚੇਤਰ ਬੀਜਣ ਆਏ,
ਮੇਰੇ ਰਾਮ ਜਿਉ ਤੁਸੀਂ ਕਿਹੜੀ ਰੁੱਤੇ ਆਏ ।
ਸ਼ਿਵ ਭੌਤਿਕ ਰੂਪ ਵਿੱਚ ਤਾਂ ਦੁਨੀਆ ਤੋਂ ਚਲਾ ਗਿਆ ਪਰ ਉਸਦੇ ਸ਼ਬਦ ਹਮੇਸ਼ਾ ਵਾਸਤੇ ਅਮਰ ਹੋ ਗਏ। ਉਹ ਆਪਣੀ ਹੋਂਦ ਫੁੱਲਾਂ ਰਾਹੀਂ ਦਰਸਾਉਂਦਾ ਹੈ। ਪੌਣਾਂ ਰਾਹੀਂ ਮਹਿਸੂਸ ਕਰਵਾਉਂਦਾ ਹੈ। ਰੁੱਖਾਂ ਰਾਹੀਂ ਉਹ ਆਪਣੀ ਸਾਂਝ ਪਾਉਂਦਾ ਹੈ। ਦੇਖੋ ਉਹ ਰੁੱਖਾਂ ਬਾਰੇ ਕੀ ਸੋਚਦਾ ਹੈ।
ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ ਕੁਝ ਰੁੱਖ ਲਗਦੇ ਮਾਵਾਂ
ਕੁਝ ਰੁੱਖ ਨੂੰਹਾਂ ਧੀਆਂ ਲਗਦੇ ਕੁਝ ਰੁੱਖ ਵਾਂਗ ਭਰਾਵਾਂ
ਕੁਝ ਰੁੱਖ ਮੇਰੇ ਬਾਬੇ ਵਾਕਣ ਪੱਤਰ ਟਾਵਾਂ ਟਾਵਾਂ
ਕੁਝ ਰੁੱਖ ਮੇਰੀ ਦਾਦੀ ਵਰਗੇ ਚੂਰੀ ਪਾਵਣ ਕਾਵਾਂ।
ਕਈ ਵਾਰ ਜਦੋਂ ਪੁੰਨਿਆ ਦਾ ਚੰਨ ਆਪਣੀ ਜਵਾਨੀ ਵਿੱਚ ਹੁੰਦਾ ਹੈ ਤਾਂ ਉਸ ਵਿੱਚੋਂ ਸ਼ਿਵ ਦਾ ਝਲਕਾਰਾ ਪੈਂਦਾ ਹੈ। ਜਿਵੇਂ ਉਹ ਗਾ ਰਿਹਾ ਹੋਵੇ:
ਰਾਤ ਚਾਨਣੀ ਮੈਂ ਟੁਰਾਂ ਮੇਰਾ ਨਾਲ ਟੁਰੇ ਪਰਛਾਵਾਂ ਜ਼ਿੰਦੇ ਮੇਰੀਏ
ਗਲੀਏ ਗਲੀ ਚਾਨਣ ਸੁੱਤੇ ਮੈਂ ਕਿਸ ਗਲੀਏ ਆਵਾਂ ਜ਼ਿੰਦੇ ਮੇਰੀਏ
ਠੀਕਰ-ਪਹਿਰਾ ਦੇਣ ਸੁਗੰਧੀਆਂ ਲੋਰੀ ਦੇਣ ਹਵਾਵਾਂ ਜ਼ਿੰਦੇ ਮੇਰੀਏ
ਮੈਂ ਰਿਸ਼ਮਾਂ ਦਾ ਵਾਕਫ਼ ਨਾਹੀਂ ਕਿਹੜੀ ਰਿਸ਼ਮ ਜਗਾਵਾਂ ਜ਼ਿੰਦੇ ਮੇਰੀਏ।
ਸ਼ਿਵ ਆਪਣੇ ਪੰਜਾਬ ਬਾਰੇ ਵੀ ਬਹੁਤ ਚਿੰਤਨਸ਼ੀਲ ਰਹਿੰਦਾ ਸੀ। ਉਸਨੂੰ ਪੰਜਾਬ ਦੀ ਮਿੱਟੀ ਨਾਲ ਬਹੁਤ ਮੋਹ ਸੀ। ਬਹੁਤ ਫਿਕਰਮੰਦ ਸੀ। ਦੇਖੋ ਉਸ ਵੇਲੇ ਦੇ ਪੰਜਾਬ ਬਾਰੇ ਉਹ ਕੀ ਲਿਖਦਾ ਹੈ:
ਅੱਗ ਲਾਉਣ ਕੋਈ ਤੇਰੇ ਗਿੱਧਿਆਂ ਨੂੰ ਆ ਗਿਆ
ਸੱਪਾਂ ਦੀਆਂ ਪੀਂਘਾਂ ਤੇਰੇ ਪਿੱਪਲਾਂ ’ਤੇ ਪਾ ਗਿਆ
ਤ੍ਰਿੰਞਣਾਂ ‘ਚ ਕੱਤਦੀ ਦਾ ਰੂਪ ਕੋਈ ਖਾਹ ਗਿਆ
ਤੇਰੇ ਵਿਹੜੇ ਵਿੱਚ ਫਿਰਦੇ ਨੇ ਨਾਗ
ਓ ਸ਼ੇਰਾ ਜਾਗ ਓ ਜੱਟਾ ਜਾਗ ਤੇਰਾ ਵਸਦਾ ਰਹੇ ਪੰਜਾਬ।
ਸ਼ਿਵ ਨੇ ਸਦੀਆਂ ਤੋਂ ਲਤਾੜੀ ਗਈ ਔਰਤ ਨੂੰ ਵੀ ਆਪਣੇ ਸ਼ਬਦਾਂ ਰਾਹੀਂ ਜਗਾਉਣ ਦੀ ਕੋਸ਼ਿਸ਼ ਕੀਤੀ। ਉਸਨੇ ਬਹੁਤੇ ਕਿੱਸਾਕਾਰਾਂ ਦੁਆਰੇ ਲਿਖੇ ਗਏ ਕਿੱਸਾ ਪੂਰਨ ਭਗਤ ਵਿੱਚਲੀ ਲੂਣਾ ਦਾ ਨਵਾਂ ਰੂਪ ਪੇਸ਼ ਕੀਤਾ। ਉਸਨੇ ਲੋਕਾਈ ਨੂੰ ਗ਼ਲਤ ਤੇ ਲੂਣਾ ਨੂੰ ਸਹੀ ਠਹਿਰਾਇਆ। ਉਸਦੀ ਸ਼ਾਹਕਾਰ ਕ੍ਰਿਤੀ ‘ਲੂਣਾ’ ਨੂੰ ਸਾਹਿਤ ਅਕਾਦਮੀ ਅਵਾਰਡ ਦਿੱਤਾ ਗਿਆ। ਉਸ ਵਿੱਚ ਲੂਣਾ ਪ੍ਰਤੀ ਸ਼ਿਵ ਦਾ ਪੱਖ ਦੇਖੋ:
ਪਿਤਾ ਜੇ ਧੀ ਦਾ ਰੂਪ ਹੰਢਾਵੇ
ਲੋਕਾ ਵੇ ਤੈਨੂੰ ਲਾਜ ਨਾ ਆਵੇ
ਜੇ ਲੂਣਾ ਪੂਰਨ ਨੂੰ ਚਾਹਵੇ
ਚਰਿਤਰਹੀਣ ਕਵ੍ਹੇ ਕਿਉਂ ਜੀਭ ਜਹਾਨ ਦੀ
ਚਰਿਤਰਹੀਣ ਤੇ ਤਾਂ ਕੋਈ ਆਖੇ
ਜੇਕਰ ਲੂਣਾ ਵੇਚੇ ਹਾਸੇ
ਪਰ ਜੇ ਹਾਣ ਨਾ ਲੱਭਣ ਮਾਪੇ
ਹਾਣ ਲੱਭਣ ਵਿੱਚ ਗੱਲ ਕੀ ਹੈ ਅਪਮਾਨ ਦੀ।
ਆਧੁਨਿਕ ਕਾਲ ਵਿੱਚ ਪੰਜਾਬੀ ਦੇ ਬਹੁਤ ਸਾਰੇ ਕਵੀ ਹੋਏ ਹਨ ਪਰ ਸ਼ਿਵ ਨੇ ਪੰਜਾਬੀ ਸਾਹਿਤ ਦੀ ਦੁਨੀਆ ਵਿੱਚ ਜੋ ਆਪਣੀ ਵਿਲੱਖਣ ਥਾਂ ਬਣਾਈ ਹੈ ਉਸ ਨਾਲ ਕਿਸੇ ਹੋਰ ਨੂੰ ਮੇਚਨਾ ਮੁਸ਼ਕਿਲ ਹੈ। ਸ਼ਾਇਦ ਇਹੀ ਕਾਰਨ ਹੈ ਕਿ ਸ਼ਿਵ ਬਟਾਲਵੀ ਦੀ ਸ਼ਾਇਰੀ ਨੂੰ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਵਿੱਚ ਕਿਸੇ ਦੀ ਜ਼ੁਅਰਤ ਨਹੀਂ ਪਈ। ਸ਼ਿਵ ਆਪਣੀ ਸ਼ਾਇਰੀ ਨੂੰ ਜਿਸ ਅੰਦਾਜ਼ ਤੇ ਗਹਿਰਾਈ ਨਾਲ ਬਿਨਾਂ ਸਾਜ਼ਾਂ ਦੇ ਆਪ ਗਾਉਂਦਾ ਹੁੰਦਾ ਸੀ ਉਸ ਵਰਗਾ ਗਾਉਣਾ ਵੀ ਹੋਰ ਕਿਸੇ ਦੇ ਵੱਸ ਵਿੱਚ ਨਹੀਂ ਸੀ। ਸ਼ਾਇਦ ਇਹੀ ਕਾਰਨ ਹੈ ਕਿ ਵੱਡੇ ਵੱਡੇ ਗਾਇਕਾਂ ਨੇ ਵੀ ਸ਼ਿਵ ਨੂੰ ਗਾਉਣ ਵਾਸਤੇ ਬਹੁਤੀ ਹਿੰਮਤ ਨਹੀਂ ਕੀਤੀ। ਸ਼ਿਵ ਵਿੱਲਖਣ ਕਵੀ ਸੀ ਤੇ ਵਿੱਲਖਣ ਹੀ ਰਹੇਗਾ। ਸ਼ਿਵ ਅਮਰ ਰਹੇ। ਆਮੀਨ!
-
ਗੋਵਰਧਨ ਗੱਬੀ, ਪੰਜਾਬੀ ਕਲਾਕਾਰ ਤੇ ਲੇਖਕ
govardhangabbi@gmail.com
9417173700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.