ਲੋਕਧਾਰਾ ਤੋਂ ਮੁਕਤ ਸਾਹਿਤ ਪੰਜਾਬੀ ਲੋਕਾਂ ਦੇ ਮਨਾਂ ਨੂੰ ਮੋਹ ਹੀ ਨਹੀਂ ਸਕਿਆ ਜਾਂ ਇਹ ਕਹਿ ਲਉ ਕਿ ਉਨਾਂ ਦੀ ਸਮਝੋ ਬਾਹਰ ਹੈ। ਜੇਕਰ ਆਧੁਨਿਕ ਪੰਜਾਬੀ ਸਾਹਿਤ ’ਤੇ ਝਾਤ ਮਾਰੀਏ ਤਾਂ ਆਮ ਲੋਕ ਉਸ ਤੋਂ ਕੋਹਾਂ ਦੂਰ ਖਲੋਤੇ ਹਨ। ਪੰਜਾਬੀ ’ਫ਼ੋਕ’ ਨੇ ਨਾ ਇਸ ਨੂੰ ਅਪਣਾਇਆ ਤੇ ਨਾ ਹੀ ਸਲਾਹਿਆ ਹੈ। ਅਜੋਕੇ ਸਾਹਿਤ ਨੂੰ ਪੜਨ ਵਾਲੀ ਇੱਕ ਵਿਸ਼ੇਸ਼ ਸ਼ੇ੍ਰਣੀ ਹੈ ਅਤੇ ਸਲਾਹੁਣ ਵਾਲੀ ਵੀ। ਇਸ ਦਾ ਇੱਕ ਵੱਡਾ ਕਾਰਨ ਲੋਕ ਮਨ ਤੇ ਵਿਗਿਆਨੀ ਮਨ ਦਾ ਅੰਤਰ ਹੋ ਸਕਦਾ ਹੈ। ਲੋਕ ਮਨ ਦਾ ਸਾਹਿੱਤ ਵਿਗਿਆਨੀ ਮਨ ਦੇ ਰਚੇ ਸਾਹਿਤ ਨਾਲੋਂ ਬਿਲਕੁਲ ਵੱਖਰਾ ਹੁੰਦਾ ਹੈ। ਸਾਡੇ ਪੰਜਾਬੀ ਲੋਕ ਜਾਂ ਪਾਠਕ ਪਹਿਲੇ ਭਾਵ ਕਿ ਲੋਕ ਮਨ ਵਾਲੇ ਦਾਇਰੇ ਵਿਚ ਸ਼ਾਮਲ ਹਨ। ਪੰਜਾਬੀ ਦੇ ਆਮ ਲੋਕ ਉਲਝਣ ਤੇ ਅਕਾਊ ਸਾਹਿਤ ਤੋਂ ਵੱਖ ਹੋ ਕੇ ਮਿਆਰੀ ਸਾਹਿਤ ਨੂੰ ਤਰਜ਼ੀਹ ਦਿੰਦੇ ਆਏ ਹਨ। ਪੰਜਾਬੀ ਲੋਕਧਾਰਾ ਦੇ ਨਜ਼ਰੀਆ ਤੋਂ ਪੰਜਾਬੀ ਕਾਵਿ ਖੇਤਰ ਦੇ ਜੌਨ ਕੀਟਸ ਮੰਨੇ ਜਾਂਦੇ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਗੱਲ ਕਰੀਏ ਤਾਂ ਇਸ ਗੱਲ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਉਹ ਅੱਜ ਵੀ ਪੰਜਾਬੀ ਕਾਵਿ ਖੇਤਰ ਵਿਚ ਸਭ ਤੋਂ ਪਸੰਦੀਦੇ ਕਵੀ, ਸ਼ਾਇਰ ਹਨ। ਪੰਜਾਬੀ ਨੌਜਵਾਨ ਪਾਠਕਾਂ ਦੀ ਅਜੋਕੀ ਪੀੜੀ ਅੱਜ ਵੀ ਉਸ ਨੂੰ ਪਹਿਲਾਂ ਵਾਂਗ ਪੜਦੀ ਹੈ। ਸ਼ਿਵ ਕੁਮਾਰ ਬਟਾਲਵੀ ਆਧੁਨਿਕ ਪੰਜਾਬੀ ਕਾਵਿ ਦਾ ਵਿਲੱਖਣ ਰੁਮਾਂਟਿਕ ਕਵੀ ਹੈ। ਉਹ ਸਭ ਤੋਂ ਘੱਟ ਉਮਰ ਵਿਚ ਸਾਹਿਤਕ ਅਕੈਡਮੀ ਪੁਰਸਕਾਰ ਹਾਸਿਲ ਕਰਨ ਵਾਲੇ ਕਵੀ ਸਨ। ਉਹਨਾਂ ਨੂੰ ਕਾਵਿ ਨਾਟਕ ਲੂਣਾ ਲਿਖਣ ਇਹ ਪੁਰਸਕਾਰ ਮਿਲਿਆ ਸੀ। ਸ਼ਿਵ ਕੁਮਾਰ ਦਾ ਜਨਮ 23 ਜੁਲਾਈ 1936 ਈ. ਨੂੰ ਸਿਆਲਕੋਟ ਜ਼ਿਲੇ ਦੀ ਸ਼ਕੜਗੜ ਤਹਿਸੀਲ ਵਿਚ ਪੈਂਦੇ ਪਿੰਡ ਬੜਾ ਲੋਹਤੀਆਂ (ਮੌਜੂਦਾ ਪਾਕਿਸਤਾਨ) ਵਿਚ ਪੰਡਿਤ ਕਿ੍ਰਸ਼ਨ ਗੋਪਾਲ ਅਤੇ ਸ਼ਾਂਤੀ ਦੇਵੀ ਦੇ ਘਰ ਹੋਇਆ ਸੀ। ਉਹਨਾਂ ਦੇ ਪਿਤਾ ਤਹਿਸੀਲਦਾਰ ਸਨ।
1947 ਵਿਚ ਜਦੋਂ ਦੇਸ਼ ਦੀ ਵੰਡ ਹੋਈ ਤਾਂ ਉਹਨਾਂ ਦਾ ਪਰਿਵਾਰ ਗੁਰਦਾਸਪੁਰ ਜ਼ਿਲੇ ਦੇ ਬਟਾਲਾ ਵਿਖੇ ਆ ਵਸਿਆ। ਜਿੱਥੇ ਉਹਨਾਂ ਦੇ ਪਿਤਾ ਨੇ ਪਟਵਾਰੀ ਵਜੋਂ ਕੰਮ ਕੀਤਾ। ਸੰਨ 1953 ਵਿਚ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਮੈਟ੍ਰੀਕੁਲੇਸ਼ਨ ਦੀ ਵਿਦਿਆ ਹਾਸਿਲ ਕੀਤੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਬੇਰਿੰਗ ਯੂਨੀਅਨ ਕਿ੍ਰਸਚੀਅਨ ਕਾਲਜ ਬਟਾਲਾ ਵਿਚ ਐਫ.ਐਸ.ਸੀ ਲਈ ਦਾਖਲਾ ਲਿਆ ਅਤੇ ਪੜਾਈ ਪੂਰੀ ਕਰਨ ਤੋਂ ਪਹਿਲਾਂ ਹੀ ਉਹਨਾਂ ਨੇ ਐਸ ਐਨ ਕਾਲਜ ਕਾਦੀਆਂ ਵਿਚ ਦਾਖਲਾ ਲੈ ਲਿਆ। ਉਸ ਤੋਂ ਬਾਅਦ ਫਿਰ ਉਹ ਪੜਾਈ ਵਿਚਕਾਰ ਛੱਡ ਕੇ ਸਿਵਲ ਇੰਜੀਨਿਅਰਿੰਗ ਦਾ ਡਿਪਲੋਮਾ ਕਰਨ ਲਈ ਹਿਮਾਚਲ ਪ੍ਰਦੇਸ਼ ਚਲੇ ਗਏ। ਉਸ ਤੋਂ ਬਾਅਦ ਉਹਨਾਂ ਨੇ ਨਾਭਾ ਵਿਖੇ ਸਰਕਾਰੀ ਰਿਪੁਦਮਨ ਕਾਲਜ ਵਿਚ ਦਾਖਲਾ ਲਿਆ। 1960 ਵਿਚ ਉਹਨਾਂ ਦੀ ਪਹਿਲੀ ਕਵਿਤਾ ‘ਪੀੜਾਂ ਦਾ ਪਰਾਗਾ’ ਪਬਲਿਸ਼ ਹੋਈ। ਪੰਜਾਬੀ ਕਾਵਿ ਜਗਤ ਵਿਚ ਸ਼ਿਵ ਨੂੰ ’ਬਿਰਹਾ ਦਾ ਸੁਲਤਾਨ’ ਵਜੋਂ ਵੀ ਜਾਣਿਆ ਜਾਂਦਾ ਹੈ। ਸ਼ਿਵ ਕੁਮਾਰ ਬਟਾਲਵੀ ਆਧੁਨਿਕ ਕਾਵਿ ਵਿਚ ਪਹਿਚਾਣ ਤੇ ਡੂੰਘੀ ਯਾਦ ਛੱਡ ਗਿਆ ਹੈ। ਥੋੜੇ ਅਰਸੇ ਵਿਚ ਹੀ ਉਸ ਨੇ ਆਪਣਾ ਰਚਨਾ ਪੰਧ ਮੁਕਾ ਲਿਆ। ਉਸ ਦੀ ਸਮੁੱਚੀ ਰਚਨਾ ਰੂਪ ਚੇਤਨਾ ਦੇ ਅਨੁਭਵ ਸੁਹਜਾਤਮਕ ਪਸਾਰਾਂ ਨਾਲ ਸੰਬੰਧ ਰੱਖਦੀ ਹੈ। ਸ਼ਿਵ ਨੇ ਜਦੋਂ ਆਪਣੇ ਗੀਤਾਂ ਰਾਹੀਂ ਪੰਜਾਬੀ ਲੋਕ ਜੀਵਨ ਵਿਚ ਸਦੀਆਂ ਤੋਂ ਅਚੇਤ ਰੂਪ ਵਿਚ ਮੌਜੂਦ ਉਦਾਸੀ ਨੂੰ ਉਭਾਰਿਆ ਤਾਂ ਸਾਉਣ ਦੇ ਬੱਦਲਾਂ ਵਾਂਗ ਉਹ ਗੀਤ ਲੋਕ ਮਨ ’ਚ ਰਚ ਗਏ। ਸ਼ਿਵ ਦੀ ਰਚਨਾ ਸੰਵੇਦਨਾ ਤੋਂ ਸੰਵੇਦਨਾ ਤੱਕ ਦਾ ਸਫ਼ਰ ਤਹਿ ਕਰਦੀ ਹੈ। ਉਹ ਆਪਣੇ ਕਾਲ ਚ ਮੁੱਖ ਧਾਰਾ ਤੋਂ ਅਭਿੱਜ ਕਵੀ ਸੀ, ਪਰ ਵੀ ਉਹ ਪੰਜਾਬੀ ਪਾਠਕਾਂ ਦੇ ਮਨਾਂ ’ਤੇ ਡੂੰਘੀ ਛਾਪ ਛੱਡ ਗਿਆ। ਜਿਸ ਦਾ ਮੁੱਖ ਕਾਰਨ ਆਪਣੀਆਂ ਰਚਨਾਵਾਂ ਵਿਚ ਲੋਕਧਾਰਾ ਸ਼ਬਦਾਂ ਦੀ ਪੁੱਠ, ਸਮੇਂ ਦੀ ਸੁਚੇਤ ਬੌਧਿਕਤਾ ਵਿਰੁੱਧ ਅਚੇਤ ਭਾਵੁਕਤਾ ਦੀ ਲੜਾਈ ਆਦਿ ਦਾ ਹੋਣਾ ਸੀ। ਸ਼ਿਵ ਕੁਮਾਰ ਦੇ ਜੀਵਨ ਕਾਲ ਵਿਚ ਸਾਹਿਤ ਵਿਚ ਬਹੁਤੀਆਂ ਲਹਿਰਾਂ ਪ੍ਰਚੱਲਿਤ ਹੋਈਆਂ, ਪਰ ਸ਼ਿਵ ਨੇ ਆਪਣੇ ਆਪ ਨੂੰ ਕਿਸੇ ਇੱਕ ਖਾਸ ਵਿਚਾਰਧਾਰਾ
ਨਾਲ ਨਹੀਂ ਜੋੜਿਆ, ਸਗੋਂ ਇਸ ਦੇ ਉਲਟ ਉਸ ਨੇ ਆਪਣੀ ਕਾਵਿ ਕਲਾ ਦੇ ਸੁਹਜ ਨੂੰ ਪ੍ਰਮੁੱਖ ਰੱਖਿਆ। ਜਿਸ ਕਾਰਨ ਉਹ ਪੰਜਾਬੀ ਦਾ ਸਿਰਮੌਰ ਸ਼ਾਇਰ ਸਥਾਪਿਤ ਹੋ ਗਿਆ। ਸ਼ਿਵ ਦੀ ਕਥਾ ਕਾਵਿ, ਗੀਤ ਅਤੇ ਗ਼ਜ਼ਲ ਆਦਿ ਆਮ ਲੋਕਾਂ ਦੇ ਹਿਰਦੇ ਨਾਲ ਨੇੜਤਾ ਬਣਾਉਂਦੀ ਹੈ। ਉਸ ਦੀ
ਕਾਵਿ ਰਚਨਾ ਮਨੁੱਖਤ ਦੀ ਮਨੋਗ੍ਰੰਥੀਆਂ ਨੂੰ ਅਜਿਹੀ ਕੁਸ਼ਲਤਾ ਨਾਲ ਪੇਸ਼ ਕਰਦੀ ਹੈ ਕਿ ਪੜਨ ਵਾਲਾ ਉਸ ਨੂੰ ਆਪਣੇ ਨਾਲ ਸੰਬੰਧਿਤ ਸਮਝਦਾ ਹੈ। ਸ਼ਿਵ ਨੇ ਆਪਣੇ ਗੀਤ ਅਤੇ ਕਾਵਿ ਵਿਚ ਫਰੀਦ-ਕਾਵਿ ਵਾਂਘ ’ਬਿਰਹਾ’ ਨੂੰ ’ਸੁਲਤਾਨ’ ਕਿਹਾ ਹੈ।
ਬਿਰਹਾ ਸ਼ਬਦ ਉਸ ਨੇ ਸੂਫ਼ੀ ਕਾਵਿ ਤੋਂ ਲਿਆ ਹੈ:
“ਬਿਰਹਾ ਬਿਰਹਾ ਆਖੀਏ, ਬਿਰਹਾ ਤੂੰ ਸੁਲਤਾਨ
ਜਿਸ ਤਨ ਬਿਰਹਾ ਨਾ ਉਪਜੇ, ਸੋ ਤਨ ਜਾਣੁ ਮਸਾਨ
ਅਸੀਂ ਸਭ ਬਿਰਹਾ ਘਰ ਜੰਮਦੇ, ਅਸੀਂ ਬਿਰਹਾ ਦੀ ਸੰਤਾਨ
ਬਿਰਹਾ ਖਾਈਏ ਬਿਰਹਾ ਪਾਈਏ, ਬਿਰਹਾ ਆਏ ਹੰਢਾਣ।“
ਸ਼ਿਵ ਕਾਵਿ ਤੇ ਸੂਫ਼ੀ ਕਾਵਿ ਵਿਚਲੇ ’ਬਿਰਹਾ’ ਦਾ ਸ਼ਿਰਫ ਏਨਾ ਹੀ ਫਰਕ ਹੈ ਕਿ ਫਰੀਦ ਕਾਵਿ ਦਾ ਬਿਰਹਾ ਅਧਿਆਤਮਕ ਪਾਸਾਰਾਂ ਨਾਲ ਸੰਬੰਧਤ ਹੈ, ਪਰ ਸ਼ਿਵ ਦਾ ਬਿਰਹਾ ਲੌਕਿਕ ਹੋ ਕੇ ਯਥਾਰਥ ਦੀ ਤਰਜਮਾਨੀ ਕਰਦਾ ਹੈ। ਬਿਰਹਾ ਅਸਲ ਵਿਚ ਮੌਤ ਦਾ ਪ੍ਰੇਰਕ ਹੈ:
“ਮੈਂ ਤੇ ਮੇਰੇ ਗੀਤ ਨੇ ਦੋਹਾਂ ਜਦ ਭਲਕੇ ਮਰ ਜਾਣਾ
ਬਿਰਹੋਂ ਦੇ ਘਰ ਜਾਈਆਂ ਸਾਨੂੰ
ਕਬਰੀ ਲੱਭਣ ਆਉਣਾ....?
ਇੱਕ ਥਾਂ ’ਤੇ ਪ੍ਰਸਿੱਧ ਲੇਖਕ ਸੰਤ ਸਿੰਘ ਸੇਖੋਂ ਲਿਖਦੇ ਹਨ ਕਿ ਸ਼ਿਵ ਕੁਮਾਰ ਪੀੜ ਤੇ ਕਲੇਸ਼ ਨੂੰ ਬੁਰੇ ਦੇ ਘਰ ਤੱਕ ਲੈ ਜਾਂਦਾ ਹੈ, ਜਿਵੇਂ ਕੋਈ ਦੁਖੀਆਂ ਕਿਸੇ ਜਾਬਰ ਦੇ ਸਿਰ ਚੜ ਕੇ ਮਰਨ ਤੱਕ ਜਾਂਦਾ ਹੈ। ਸ਼ਿਵ ਕੁਮਾਰ ਬਟਾਲਵੀਂ ਦਾ ਨਾਂ ਮੋਹਨ ਸਿੰਘ ਅਤੇ ਅੰਮਿ੍ਰਤਾ ਪ੍ਰੀਤਮ ਦੀ ਪੀੜੀ ਨਾਲ ਜੋੜਿਆ ਜਾਂਦਾ ਹੈ। ਅਸਲ ਵਿਚ ਉਸ ਦਾ ਰਿਸ਼ਤਾ ਮਿਰਜ਼ਾ ਗਾਲਿਬ ਤੇ ਮਜਾਜ ਲਖਨਵੀਂ ਦੀ ਪਰੰਪਰਾ ਨਾਲ ਹੈ। ਸ਼ਿਵ ਨੇ ਕਵਿਤਾ ਲਿਖੀ ਹੀ ਨਹੀਂ,
ਕਵਿਤਾ ਨੂੰ ਜੀਵਿਆ ਹੈ, ਭੋਗਿਆ ਹੈ। ਜੇ ਉਸ ਨੇ ਉਮਰ ਭਰ ਗ਼ਮ ਦੇ ਗੀਤ ਗਾਏ ਤਾਂ ਇਹੀ ਉਸ ਦੀ ਹੋਂਦ ਦਾ, ਉਸ ਦੀ ਕਲਾ ਦਾ ਸੱਚ ਸੀ। ਮਿਰਜ਼ਾ ਗਾਲਿਬ ਦੇ ਇੱਕ ਸ਼ੇਅਰ ਵਾਂਗ...
ਕੈਦੇ ਹਯਾਤ-ਉੁ-ਬੰਦੇ ਗ਼ਮ ਅਸਲ ਮੇਂ ਦੋਨੋਂ ਏਕ ਹੈਂ,
ਮੌਤ ਸੇ ਪਹਿਲੇ ਆਦਮੀ ਗ਼ਮ ਸੇ ਨਜਾਤ ਪਾਏ ਕਿਯੂੰ।
ਸ਼ਿਵ ਕੁਮਾਰ ਕਵਿਤਾ ਲਿਖਦਾ ਲਿਖਦਾ ਖੁਦ ਕਵਿਤਾ ਬਣ ਗਿਆ ਸੀ। ਕਵਿਤਾ ਉਸ ਦੀ ਜ਼ਿੰਦਗੀ ਵਿਚ ਇਸ ਤਰਾਂ ਰਚ ਗਈ ਸੀ, ਜਿਸ ਤਰਾਂ ਨਾੜੀਆਂ ਵਿਚ ਵਗਦਾ ਰੱਤ। ਉਹ ਉਸ ਮੁਕਾਮ ਤੇ ਪਹੁੰਚ ਚੁੱਕਾ ਸੀ ਜਿੱਥੇ ਕਲਾਕਾਰ ਆਪਣੀ ਕਲਾ ਵਿਚ ਸਮਾ ਜਾਂਦਾ ਹੈ ਜਾਂ ਕਹਿ ਲਵੋ ਕਲਾ
ਕਲਾਕਾਰ ਨੂੰ ਆਪਣੇ ਅੰਦਰ ਸਮੇਟ ਲੈਂਦੀ ਹੈ। ਜਿਸ ਸਾਲ ਸੰਤ ਸਿੰਘ ਸੇਖੋਂ ਨੇ ਸ਼ਿਵ ਨੂੰ ਅੰਗਰੇਜੀ ਕਵੀ ਜੌਨ ਕੀਟਸ ਦਾ ਨਾਂ ਦਿੱਤਾ ਸੀ, ਉਸ ਸਮੇਂ ਉਹ ਆਪਣੀ ਉਮਰ ਦੇ ਪੰਝੀ ਵਰੇ ਪੂਰੇ ਕਰ ਚੁੱਕਿਆ ਸੀ। ਸ਼ਿਵ ਕੁਮਾਰ ਕੋਲ ਲੋਕਧਾਰਾ ਦੇ ਠੇਠ ਸ਼ਬਦਾਂ ਦਾ ਇੱਕ ਵਗਦਾ ਸਮੁੰਦਰ ਸੀ। ਜੋ ਉਸ ਨੇ ਆਪਣੀਆਂ ਰਚਨਾਵਾਂ ਵਿਚ ਖੁੱਲ ਕੇ ਵਰਤਿਆ। ਜੋ ਸ਼ਬਦ ਪੰਜਾਬੀ ਸਾਹਿਤ ਵਿਚ ਆਮ ਲੋਕਾਂ ਦੇ ਸੌਖਿਆ ਸਮਝ ਪੈਣ ਵਾਲੇ ਸਨ, ਨੂੰ ਹੀ ਲਿਖਿਆ। ਜੇਕਰ ਸ਼ਿਵ ਦੀ ਤੁਲਨਾ ਵਿਚ ਮਾਰਕਸਵਾਦੀ ਕਵੀ ਪਾਸ਼ ਅਤੇ ਅਜੋਕੇ ਸ਼ਾਇਰ ਸੁਰਜੀਤ ਪਾਤਰ ਦੀ ਗੱਲ ਕਰੀਏ ਤਾਂ ਉਕਤ ਕਵੀ ਸ਼ਾਇਰਾਂ ਕੋਲ ਆਪਣੀਆਂ ਰਚਨਾਵਾਂ ਲਈ ਬੜੇ ਹੀ ਸੀਮਿਤ ਸ਼ਬਦ ਹਨ। ਭਾਵ ਕਿ ਉਨਾਂ ਸ਼ਬਦਾਂ ਨੂੰ ਵਾਰ ਵਾਰ ਝਰੀਟਿਆਂ ਜਾ ਰਿਹਾ ਹੈ। ਉਹ ਸ਼ਬਦ ਹੈ ਵੀ ਲੋਕਧਾਰਾ ਤੋਂ ਹਟਵੇਂ ਹੋਰ ਭਾਸ਼ਾ ਦੇ। ਜੋ ਪੰਜਾਬੀ ਪਾਠਕਾਂ ਦੇ ਉਤੋਂ ਦੀ ਲੰਘ ਜਾਂਦੇ ਹਨ। ਜਿੱਥੇ ਸ਼ਿਵ ਨੇ ਆਪਣੀਆਂ ਕਵਿਤਾਵਾਂ ਵਿਚ ਦਰੱਖਤ ਨੂੰ ਦਰੱਖਤ ਤੇ ਰੁੱਖ ਆਖਿਆ ਹੈ, ਉਥੇ ਹੀ ਅਜੋਕੇ ਸ਼ਾਇਰ ਇਸ ਨੂੰ ਬਿ੍ਰਖ ਲਿਖਦੇ ਹਨ। ਹੋਰ ਵੀ ਸ਼ਬਦਾਂ ਦੇ ਕਈ ਨਮੂਨੇ ਦੇਖਣ ਨੂੰ ਮਿਲਦੇ ਹਨ। ਪਰ ਸ਼ਿਵ ਨੇ ਹਮੇਸ਼ਾਂ ਲੋਕਧਾਰਾ ਸਾਹਿੱਤ ਨੂੰ ਤਰਜੀਹ ਦਿੱਤੀ। ਬਿਰਹਾ ਤੋਂ ਇਲਾਵਾ ਸ਼ਿਵ ਦਾ ’ਲੁਣਾ’ ਕਾਵਿ ਨਾਟ ਪਰੰਤਰਤਾਗਤ, ਪਿੱਤਰ, ਸੱਤਾਧਾਰੀ ਮਾਨਸਿਕਤਾ ਅਤੇ ਰੂੜੀਵਾਦੀ ਰਵਾਇਤਾਂ ਖਿਲਾਫ ਬਗ਼ਾਵਤ ਦਾ ਐਲਾਨ ਨਾਮਾ ਹੈ। ਲੂਣਾ ਪੰਜਾਬੀ ਕਵਿਤਾ ਵਿਚ ਪਹਿਲਾਂ ਕੀਤੀ ਜਾ ਚੁੱਕੀ ਰਚਨਾ ਤੋਂ ਅਗਾਂਹ ਲੰਘ ਜਾਣ ਦਾ ਪੈਂਡਾ ਹੈ। ਪੰਜ ਦਹਾਕੇ ਪਹਿਲਾਂ ਲਿਖੀ ਇਸ ਕਵਿਤਾ ਦੀ ਪ੍ਰਸੰਗਕਿਤਾ ਅੱਜ ਵੀ ਬਰਕਰਾਰ ਹੈ। ਜਦੋਂ ਸ਼ਿਵ ਦੀ ਉਮਰ ਉਸ ਵੇਲੇ ਤੀਹ ਸਾਲਾਂ ਦੀ ਸੀ। ਕੁਝ ਸਮੇਂ ਬਾਦ ਉਸ ਲਿਖਿਆ:
ਮੇਰੇ ਵਰਗੇ ਮਸੀਹੇ ਵਾਸਤੇ
ਕਿੱਲ ਬਹੁਤ ਸਸਤੇ ਨੇ
ਸਲੀਬਾਂ ਤੋਂ ਬਿਨਾਂ ਵੀ ਮਰਨ ਦੇ
ਕਈ ਹੋਰ ਰਸਤੇ ਨੇ...!
ਉਹਨਾਂ ਨੇ ਆਪਣੇ ਜੀਵਨ ਕਾਲ ਵਿਚ ਪੰਜਾਬੀ ਸਾਹਿਤ ਨੂੰ ਅਨੇਕਾਂ ਕਵਿਤਾਵਾਂ ਦਿੱਤੀਆਂ। ਆਖੀਰ 6 ਮਈ 1973 (36 ਸਾਲ ਦੀ ਉਮਰ) ਵਿਚ ਆਪਣੇ ਪਿੰਡ ਮੰਗਿਆਲ ਚ ਕਿਸੇ ਬਿਮਾਰੀ ਦੇ ਚਲਦਿਆਂ ਉਹਨਾਂ ਦੀ ਮੌਤ ਹੋ ਗਈ।
-
ਬੇਅੰਤ ਬਾਜਵਾ, ਪ੍ਰਧਾਨ ਰਾਮ ਸਰੂਪ ਅਣਖੀ ਸਾਹਿਤ ਸਭਾ(ਰਜਿ:) ਧੌਲਾ
beantdhaula@gmail.com
+91-8000000584
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.