ਕੋਰੋਨਾ ਵਾਇਰਸ ਦੇ ਕਹਿਰ ਕਮਾਉਣ ਤੋਂ ਪਹਿਲਾਂ ਕਦੀ ਕਿਸੇ ਨੇ ਇਹ ਨਹੀਂ ਸੋਚਿਆ ਹੋਵੇਗਾ ਕਿ ਇਹ ਵਾਇਰਸ ਦੁਨੀਆਂ ਵਿੱਚ ਮੌਤ ਦਾ ਤਾਂਡਵ ਇਸ ਤਰਾਂ ਮਚਾਵੇਗਾ ਕਿ ਸਾਰੀ ਦੁਨੀਆਂ ਦੀ ਤਸਵੀਰ ਬਦਲ ਕੇ ਰੱਖ ਦੇਵੇਗਾ ਤੇ ਹਰ ਵਿਅਕਤੀ ਨੂੰ ਜ਼ਿੰਦਗੀ ਦੇ ਨਵੇਂ ਮਾਇਨੇ ਸਿਖਾਵੇਗਾ ਅਤੇ ਬਦਲਦੇ ਹਾਲਾਤਾਂ ਅਨੁਸਾਰ ਇਨਸਾਨ ਵੀ ਜ਼ਿੰਦਗੀ ਨੂੰ ਜਿਉਣ ਦੇ ਨਵੇਂ ਤਰੀਕੇ ਲੱਭੇਗਾ ਤੇ ਸਾਰੀ ਦੁਨੀਆਂ ਘਰਾਂ ਵਿਚ ਕੈਦ ਹੋ ਜਾਵੇਗੀ। ਕਿਸੇ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਸਾਰੀਆਂ ਦੁਕਾਨਾਂ, ਦਫ਼ਤਰ, ਸਕੂਲ, ਫੈਕਟਰੀਆਂ, ਕਾਰਖਾਨਿਆਂ ਨੂੰ ਤਾਲੇ ਲੱਗ ਜਾਣਗੇ। ਚਾਈਂ-ਚਾਈਂ ਸਕੂਲਾਂ ਨੂੰ ਜਾਣ ਵਾਲੇ ਵਿਦਿਆਰਥੀਆਂ ਨੂੰ ਘਰਾਂ ਵਿੱਚ ਰਹਿ ਕੇ ਪੜ੍ਹਨਾ ਪਵੇਗਾ ਤੇ ਛੁੱਟੀਆਂ ਤੋਂ ਪਹਿਲਾਂ ਹੀ ਛੁੱਟੀਆਂ ਪੈ ਜਾਣਗੀਆਂ ਤੇ ਅਧਿਆਪਕਾਂ ਨੂੰ ਆਪਣੇ ਵਿਦਿਆਰਥੀਆਂ ਤੋਂ ਇੰਨਾ ਲੰਬਾ ਸਮਾਂ ਦੂਰ ਰਹਿਣਾ ਪਵੇਗਾ। ਪਰ ਜ਼ਿੰਦਗੀ ਕਦੀ ਨਹੀਂ ਰੁਕਦੀ , ਇਹ ਲਗਾਤਾਰ ਚੱਲਦੀ ਰਹਿੰਦੀ ਹੈ। ਅੱਜ ਸਮਾਂ ਮਾੜਾ ਹੈ ਤਾਂ ਕੀ ਹੋਇਆ ਜਲਦੀ ਸਾਰੇ ਦੁੱਖ ਟਲ ਜਾਣਗੇ ਤੇ ਅਸੀਂ ਸਾਰੇ ਜਿੱਤ ਪ੍ਰਾਪਤ ਕਰਾਂਗੇ।
ਲੌਕਡਾਊਨ ਕਰਫਿਊ ਅਤੇ ਕਰੋਨਾ ਦੇ ਕਹਿਰ ਦੇ ਬਾਵਜੂਦ ਵੀ ਸਾਡੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ, ਅਫਸਰਾਂ ਅਤੇ ਅਧਿਆਪਕਾਂ ਨੇ ਪਹਿਲਾਂ ਨਾਲੋਂ ਵੀ ਵੱਧ ਮਿਹਨਤ ਕਰਦੇ ਹੋਏ ਮੋਰਚਾ ਸੰਭਾਲਿਆ ਹੋਇਆ ਹੈ। ਸਾਡੇ ਮਾਣਯੋਗ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ, ਮਿਹਨਤੀ ਤੇ ਜੁਝਾਰੂ ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਜੀ, ਉੱਚ ਅਧਿਕਾਰੀਆਂ, ਅਫਸਰਾਂ, ਮਿਹਨਤੀ ਅਤੇ ਸਿਰੜੀ ਅਧਿਆਪਕਾਂ ਨੇ ਸੰਕਟ ਦੀ ਇਸ ਘੜੀ ਵਿਚ ਸਾਰੀਆਂ ਚੁਣੌਤੀਆਂ ਦਾ ਮੁਕਾਬਲਾ ਕਰਦੇ ਹੋਏ ਵਿਦਿਆਰਥੀਆਂ ਨੂੰ ਘਰ ਬੈਠੇ ਸਿੱਖਿਆ ਦੇਣ ਦੀ ਮੁਹਿੰਮ ਨੂੰ ਜਾਰੀ ਰੱਖਿਆ ਹੈ। ਸਿੱਖਿਆ ਦਾ ਇਹ ਕਾਫਲਾ ਰੁਕਿਆ ਨਹੀਂ ਸਗੋਂ ਲਗਾਤਾਰ ਚੱਲ ਰਿਹਾ ਹੈ। ਸਾਡੇ ਮਿਹਨਤੀ ਅਧਿਆਪਕ ਦਿਨ ਰਾਤ ਇਕ ਕਰਕੇ ਸਾਡੇ ਵਿਦਿਆਰਥੀਆਂ ਨੂੰ ਘਰ ਬੈਠੇ ਹੀ ਆਨਲਾਈਨ ਪੜ੍ਹਾਈ ਕਰਵਾ ਰਹੇ ਹਨ । ਸਿੱਖਿਆ ਵਿਭਾਗ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਟੈਕਨਾਲੋਜੀ ਦੇ ਇਸ ਯੁੱਗ ਵਿਚ ਕਿਵੇਂ ਵਿਦਿਆਰਥੀਆਂ ਨੂੰ ਘਰ ਬੈਠੇ ਸਿੱਖਿਆ ਦਿੱਤੀ ਜਾ ਸਕਦੀ ਹੈ ਤਾਂ ਕਿ ਸਾਡੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋ ਸਕੇ। ਸਿੱਖਿਆ ਵਿਭਾਗ ਦੁਆਰਾ ਸਾਰੇ ਵਿਸ਼ਿਆਂ ਅਤੇ ਸਾਰੀਆਂ ਕਲਾਸਾਂ ਦੀਆਂ ਵੀਡੀਓਜ਼, ਆਡੀਓਜ , ਪੀ ਡੀ ਐਫ ਫਾਇਲਜ ਆਦਿ ਤਿਆਰ ਕਰਵਾਈਆਂ ਗਈਆਂ ਹਨ। ਇਸ ਕੰਮ ਨੂੰ ਨੇਪਰੇ ਚਾੜਨ ਲਈ ਸਾਡੇ ਮਿਹਨਤੀ ਅਧਿਆਪਕਾਂ ਦਾ ਵਿਸ਼ੇਸ਼ ਯੋਗਦਾਨ ਹੈ। ਸਿੱਖਿਆ ਵਿਭਾਗ ਦੇ ਉਪਰਾਲਿਆਂ ਸਦਕਾ ਇਹਨਾਂ ਨੂੰ ਵੱਖ-ਵੱਖ ਟੀ ਵੀ ਚੈਨਲਾਂ, ਦੋਆਬਾ ਰੇਡੀਓ,ਆਕਾਸ਼ਵਾਣੀ ਰੇਡੀਓ ਪਟਿਆਲਾ, ਸਿੱਖਿਆ ਵਿਭਾਗ ਦੇ ਐਜੂਸੈੱਟ ਯੂਟਯੂਬ ਚੈਨਲ ਤੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਰਾਹੀਂ ਵੀ ਵਿਦਿਆਰਥੀਆਂ ਦੇ ਵਾਟਸਐਪ ਗਰੁੱਪਾਂ ਵਿੱਚ ਵੀ ਇਨ੍ਹਾਂ ਨੂੰ ਭੇਜਿਆ ਜਾ ਰਿਹਾ ਹੈ ਤਾਂ ਕਿ ਵਿਦਿਆਰਥੀ ਘਰ ਬੈਠੇ ਬਿਨਾਂ ਕਿਸੇ ਮੁਸ਼ਕਿਲ ਦੇ ਆਪਣੀ ਪੜ੍ਹਾਈ ਜਾਰੀ ਰੱਖ ਸਕਣ। ਇਸ ਤੋਂ ਇਲਾਵਾ ਪਹਿਲੀ ਤੋਂ ਬਾਂਰਵੀਂ ਜਮਾਤ ਤੱਕ ਕਿਤਾਬਾਂ ਵਿਭਾਗ ਦੀ ਵੈਬਸਾਈਟ ਤੇ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ , ਹਰ ਵਿਸ਼ੇ ਤੇ ਜਮਾਤ ਦੇ ਵੱਖ ਵੱਖ ਪਾਠਾਂ ਦੀਆਂ ਪੀ ਡੀ ਐਫ ਫਾਇਲਜ ਵਿਦਿਆਰਥੀਆਂ ਤੱਕ ਭੇਜੀਆਂ ਜਾ ਰਹੀਆਂ ਹਨ ਤਾਂ ਕਿ ਵਿਦਿਆਰਥੀ ਹਰ ਪੁਸਤਕ ਦੀ ਪੀ ਡੀ ਐਫ ਆਪਣੇ ਮੋਬਾਈਲ ਤੇ ਡਾਊਨਲੋਡ ਕਰ ਕੇ ਆਪਣੇ ਕੋਲ ਰੱਖ ਸਕਣ ਤੇ ਲੋੜ ਪੈਣ ਤੇ ਕੋਈ ਵੀ ਪਾਠ ਆਸਾਨੀ ਨਾਲ ਵੇਖ ਅਤੇ ਪੜ੍ਹ ਸਕਣ। ਇਹ ਸਾਰਾ ਕੰਮ ਸਿੱਖਿਆ ਵਿਭਾਗ ਦੁਆਰਾ ਬੜੇ ਯੋਜਨਾਬੱਧ ਤਰੀਕੇ ਨਾਲ ਕੀਤਾ ਜਾ ਰਿਹਾ ਹੈ।ਸਾਡੇ ਮਾਣਯੋਗ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਦੇਖ-ਰੇਖ ਅਤੇ ਸਕੱਤਰ ਸਿੱਖਿਆ ਵਿਭਾਗ ਸ੍ਰੀ ਕ੍ਰਿਸ਼ਨ ਜੀ ਦੀ ਯੋਗ ਅਗਵਾਈ ਸਦਕਾ ਸਮੇਂ ਸਮੇਂ ਤੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀਆਂ ਨਾਲ ਵੀਡੀਓ ਕਾਨਫਰੈਂਸਿੰਗ ਕਰਕੇ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਹਨ ਤਾਂ ਕੀ ਮੁਸ਼ਕਿਲ ਦੀ ਇਸ ਘੜੀ ਵਿਚ ਵੀ ਵਿਦਿਆਰਥੀਆਂ ਦੀ ਪੜ੍ਹਾਈ ਜਾਰੀ ਰਹੇ। ਇਸ ਤੋਂ ਬਾਅਦ ਹਰ ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀ ਵੀ ਅੱਗੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਮੁੱਖੀਆਂ ਦੀ ਵੀਡੀਓ ਕਾਨਫਰੰਸਿੰਗ ਕਰਕੇ ਉਨ੍ਹਾਂ ਨੂੰ ਦਿਸ਼ਾ-ਨਿਰਦੇਸ਼ ਦੇ ਰਹੇ ਹਨ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਦੁਆਰਾ ਹਰ ਜ਼ਿਲ੍ਹੇ ਦੇ ਕੰਮਕਾਜ ਦੀ ਦੇਖ-ਰੇਖ ਕਰਨ ਲਈ ਨੋਡਲ ਅਫਸਰ ਵੀ ਤੈਨਾਤ ਕੀਤੇ ਗਏ ਹਨ। ਹਰ ਜ਼ਿਲ੍ਹੇ ਦੇ ਡੀ. ਐਮ. , ਬੀ.ਐਮ. ,ਮੀਡੀਆ ਟੀਮ ਅਤੇ ਸਿੱਖਿਆ ਵਿਭਾਗ ਦੇ ਸਾਰੇ ਮਿਹਨਤੀ ਅਧਿਆਪਕ ਸਿੱਖਿਆ ਵਿਭਾਗ ਲਈ ਲਾਇਫਲਾਇਨ ਦਾ ਕੰਮ ਕਰ ਰਹੇ ਹਨ। ਭਾਵੇਂ ਸਕੂਲ ਬੰਦ ਹਨ ਪਰ ਸਾਡੇ ਅਧਿਆਪਕ ਵਿਦਿਆਰਥੀਆਂ ਨਾਲ ਲਗਾਤਾਰ ਵਟਸਐਪ, ਜ਼ੂਮਐਪ ਅਤੇ ਵੀਡੀਓ ਕਾਲ ਰਾਹੀਂ ਸਿੱਧਾ ਰਾਬਤਾ ਕਾਇਮ ਕਰ ਰਹੇ ਹਨ ਤੇ ਉਨ੍ਹਾਂ ਨੂੰ ਘਰ ਬੈਠੇ ਹੀ ਸਿੱਖਿਆ ਦੇ ਰਹੇ ਹਨ। ਉਹ ਉਨ੍ਹਾਂ ਨੂੰ ਹਰ ਰੋਜ਼ ਆਨਲਾਈਨ ਪੜਾ ਰਹੇ ਹਨ , ਉਨ੍ਹਾਂ ਨੂੰ ਕੰਮ ਦੇ ਰਹੇ ਹਨ, ਵੱਖ-ਵੱਖ ਪਾਠਾ ਦੀਆਂ ਪੀ ਡੀ ਐਫ ਅਤੇ ਵੀਡੀਓ ਭੇਜ ਰਹੇ ਹਨ। ਵਿਦਿਆਰਥੀ ਵੀ ਆਪਣੇ ਅਧਿਆਪਕਾਂ ਨੂੰ ਕੰਮ ਕਰਕੇ ਉਨ੍ਹਾਂ ਦੇ ਮੋਬਾਈਲ ਤੇ ਜਾਂ ਬਣਾਏ ਗਏ ਗਰੁੱਪਾਂ ਵਿਚ ਭੇਜ ਰਹੇ ਹਨ ਅਤੇ ਅਧਿਆਪਕ ਵੀ ਉਹਨਾਂ ਦਾ ਕੰਮ ਦੇਖ ਰਹੇ ਹਨ ਅਤੇ ਉਨ੍ਹਾਂ ਨਾਲ ਗੱਲਬਾਤ ਵੀ ਕਰਦੇ ਹਨ।ਸਾਡੇ ਅਧਿਆਪਕ ਵਿਦਿਆਰਥੀਆਂ ਨੂੰ ਸਿਰਫ਼ ਪੜ੍ਹਾ ਹੀ ਨਹੀਂ ਰਹੇ ਸਗੋਂ ਉਨ੍ਹਾਂ ਨੂੰ ਹੌਂਸਲਾ ਵੀ ਦੇ ਰਹੇ ਹਨ ਅਤੇ ਉਨ੍ਹਾਂ ਦੇ ਮਾਤਾ ਪਿਤਾ ਨਾਲ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਸਬੰਧੀ ਗੱਲਬਾਤ ਵੀ ਕਰ ਰਹੇ ਹਨ ਅਤੇ ਕਰੋਨਾ ਵਾਇਰਸ ਦੇ ਕਹਿਰ ਤੋਂ ਬਚਣ ਲਈ ਜਾਗਰੂਕ ਕਰ ਰਹੇ ਹਨ। ਇਸ ਤੋਂ ਇਲਾਵਾ ਵਿਭਾਗ ਦੁਆਰਾ ਆਨਲਾਈਨ ਦਾਖਲਾ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਵਿਦਿਆਰਥੀ ਦਾਖਲਾ ਲੈਣ ਲਈ ਆਨਲਾਇਨ ਲਿੰਕ ਦੁਆਰਾ ਫਾਰਮ ਭਰ ਸਕਦੇ ਹਨ ਅਤੇ ਘਰ ਬੈਠੇ ਹੀ ਸਰਕਾਰੀ ਸਕੂਲ ਵਿੱਚ ਦਾਖਲਾ ਲੈ ਸਕਦੇ ਹਨ। ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਲੌਕਡਾਊਨ ਦੀ ਇਸ ਸਥਿਤੀ ਵਿਚ ਸਿੱਖਿਆ ਵਿਭਾਗ ਦੀ ਖੇਡ ਸ਼ਾਖਾ ਦੁਆਰਾ ਇਕ ਪੀ ਡੀ ਐਫ ਤਿਆਰ ਕੀਤੀ ਗਈ ਹੈ ਜਿਸ ਵਿੱਚ ਪੂਰੇ ਹਫਤੇ ਦੀਆਂ ਵੱਖ ਵੱਖ ਕਸਰਤਾਂ ਤੇ ਯੋਗਾ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਤਾ ਕੀ ਅਧਿਆਪਕ ਅਤੇ ਵਿਦਿਆਰਥੀ ਹਰ ਰੋਜ ਕਸਰਤ ਅਤੇ ਯੋਗਾ ਕਰਕੇ ਸਿਹਤਮੰਦ ਰਹਿ ਸਕਦੇ ਹਨ । ਅਧਿਆਪਕ ਇਸ ਪੀ ਡੀ ਐਫ ਨੂੰ ਆਪਣੇ ਵਿਦਿਆਰਥੀਆਂ ਤੱਕ ਪਹੁੰਚਾ ਕੇ ਉਨ੍ਹਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰ ਰਹੇ ਹਨ। ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਦੀਆਂ ਸਭਿਆਚਾਰਕ , ਸਿਰਜਨਾਤਮਕ ਅਤੇ ਉਨ੍ਹਾਂ ਅੰਦਰ ਛੁਪੀਆਂ ਹੋਰ ਕਲਾਵਾਂ ਦੀ ਖੋਜ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਇਕ ਮੁਕਾਬਲਾ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਨਾਮ ਹੈ ਅੰਬੈਸਡਰ ਆਫ ਹੋਪ ਜਿਸ ਤਹਿਤ ਪਹਿਲੀ ਜਮਾਤ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀ ਆਪਣੀ ਕਵਿਤਾ, ਗੀਤ ,ਐਕਟਿੰਗ, ਭਾਸ਼ਣ ਆਦਿ ਦੀ ਪੇਸ਼ਕਾਰੀ ਕਰਕੇ ਵੀਡੀਓ ਭੇਜ ਸਕਦੇ ਹਨ। ਇਸ ਮੁਕਾਬਲੇ ਵਿੱਚ ਹਰ ਜ਼ਿਲ੍ਹੇ ਵਿਚੋਂ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਆਈਪੈਡ , ਲੈਪਟਾਪ ਅਤੇ ਟੈਬ ਦਿੱਤੇ ਜਾਣਗੇ। ਇਸ ਤਰ੍ਹਾਂ ਪੰਜਾਬ ਦੇ ਪੂਰੇ ਸਿੱਖਿਆ ਤੰਤਰ ਦਾ ਧਿਆਨ ਇਸ ਸਮੇਂ ਆਪਣੇ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਵੱਲ ਕੇਂਦਰਿਤ ਹੈ। ਸਾਡੇ ਬਹੁਤ ਸਾਰੇ ਅਧਿਆਪਕ ਅਜਿਹੇ ਵੀ ਹਨ ਜਿਹੜੇ ਮੁਸ਼ਕਿਲ ਦੀ ਇਸ ਘੜੀ ਵਿਚ ਲੋੜਵੰਦ ਅਤੇ ਗਰੀਬ ਮਾਪਿਆਂ ਦੀ ਆਰਥਿਕ ਪੱਖੋਂ ਮਦਦ ਵੀ ਕਰ ਰਹੇ ਹਨ। ਸਾਡੇ ਬਹੁਤ ਸਾਰੇ ਅਧਿਆਪਕ ਕਰੋਨਾ ਖਿਲਾਫ ਲੜੀ ਜਾ ਰਹੀ ਲੜਾਈ ਵਿਚ ਵੱਖ-ਵੱਖ ਜ਼ਿਲ੍ਹਿਆਂ ਵਿਚ ਡਿਊਟੀਆਂ ਵੀ ਦੇ ਰਹੇ ਹਨ। ਇਸ ਤਰ੍ਹਾਂ ਸਿੱਖਿਆ ਵਿਭਾਗ ਕਰੋਨਾ ਖਿਲਾਫ਼ ਲੜਾਈ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਕੇ ਵਿਦਿਆਰਥੀਆਂ ਨੂੰ ਘਰ ਬੈਠੇ ਡਿਜੀਟਲ ਸਿੱਖਿਆ ਪ੍ਰਦਾਨ ਕਰਕੇ ਇਕ ਨਵੀਂ ਮਿਸਾਲ ਪੈਦਾ ਕਰ ਰਿਹਾ ਹੈ। ਆਉ ਅਸੀਂ ਸਾਰੇ ਵਾਹਿਗੁਰੂ ਅੱਗੇ ਮਿਲ ਕੇ ਅਰਦਾਸ ਕਰੀਏ ਕੀ ਕਰੋਨਾ ਰੂਪੀ ਦੈਂਤ ਇਸ ਦੁਨੀਆਂ ਤੋਂ ਹਮੇਸ਼ਾ ਲਈ ਰੁਖਸਤ ਹੋ ਜਾਵੇ
ਅਤੇ ਅਸੀਂ ਚਾਈਂ-ਚਾਈਂ ਆਪਣੇ ਸਕੂਲਾਂ ਵਿੱਚ ਜਾ ਕੇ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈਏ ਅਤੇ ਉਨ੍ਹਾਂ ਦੇ ਮੋਹ ਦਾ ਨਿੱਘ ਮਾਣੀਏ।
-
ਕੁਲਦੀਪ ਕੌਰ, ਸਟੇਟ ਅਵਾਰਡੀ ਲੈਕਚਰਾਰ, ਬਾਇਓਲੋਜੀ ਸ.ਸ.ਸ.ਸ. ਗੱਗੋਬੂਆ, ਤਰਨਤਾਰਨ
*****************
9501344880
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.