(ਇਹ ਤਸਵੀਰ ਬਾਰ੍ਹਵੀਂ ਦੇ ਵਿਦਿਆਰਥੀ ਤਨਵੀਰ ਸਿੰਘ ਨੇ ਉਲੀਕੀ ਹੈ ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹਲਪੁਰ (ਲੜਕੇ) ਜ਼ਿਲ੍ਹਾ ਹੁਸ਼ਿਆਰਪੁਰ ਦਾ ਵਿਦਿਆਰਥੀ ਹੈ। )
ਇਰਫ਼ਾਨ ਖ਼ਾਨ ਦਾ ਜਨਮ ਰਾਜਸਥਾਨ ਦੇ ਟੌਂਕ ਜ਼ਿਲ੍ਹੇ ਦੇ ਪਿੰਡ ਖਜੂਰੀਆ ਵਿੱਚ 7 ਜਨਵਰੀ 1967 ਨੂੰ ਮੁਸਲਿਮ ਪਰਿਵਾਰ ਵਿੱਚ ਮਾਤਾ ਸਈਦਾ ਬੇਗ਼ਮ ਖ਼ਾਨ ਤੇ ਪਿਤਾ ਯਾਸੀਨ ਅਲ਼ੀ ਖ਼ਾਨ ਦੇ ਘਰ ਹੋਇਆ ਸੀ। ਫ਼ਿਲਮ ਜਗਤ ਵਿੱਚ ਉਸਦਾ ਅਸਲੀ ਨਾਮ ਸਿਰਫ਼ ਇਰਫ਼ਾਨ ਖ਼ਾਨ ਸੀ। ਸੰਨ 2012 ਵਿੱਚ ਉਹਨਾਂ ਨੇ ਆਪਣੇ ਨਾਮ ਨਾਲੋਂ ਖ਼ਾਨ ਵੀ ਕੱਟ ਦਿੱਤਾ ਸੀ ਤੇ ਆਪਣੇ ਨਾਮ ਨਾਲ ਅੰਗਰੇਜ਼ੀ ਵਿੱਚ ਇੱਕ ਹੋਰ ਆਰ ਅੱਖਰ ਜੋੜ ਲਿਆ ਸੀ।
ਆਪਣੀ ਵਿੱਦਿਅਕ ਤਾਲੀਮ ਦੇ ਨਾਲ-ਨਾਲ ਪ੍ਰੋਫ਼ੈਸ਼ਨਲ ਤੌਰ 'ਤੇ ਨੈਸ਼ਨਲ ਸਕੂਲ ਆਫ਼ ਡਰਾਮਾ ਵਿੱਚ ਵੀ ਦਾਖ਼ਲਾ ਲਿਆ। ਸ਼ੁਰੂ ਵਿੱਚ ਉਸਨੇ ਏਅਰ ਕੰਡੀਸ਼ਨਰ ਰਿਪੇਅਰ ਕਰਨ ਵਜੋਂ ਮੁੰਬਈ ਵਿੱਚ ਕੰਮ ਕੀਤਾ। ਫ਼ਿਲਮੀ ਕਿੱਤੇ ਵਿੱਚ ਆਉਣ ਤੋਂ ਪਹਿਲਾਂ ਇਰਫ਼ਾਨ ਖਾਨ ਨੇ ਦੂਰਦਰਸ਼ਨ ਅਤੇ ਹੋਰ ਚੈਨਲਾਂ 'ਤੇ ਨਾਮੀ ਨਾਟਕਾਂ ਵਿੱਚ ਕੰਮ ਕੀਤਾ ਹੈ। ਇਹਨਾਂ ਵਿੱਚ ਲਾਲ ਘਾਸ ਪਰ ਨੀਲੇ ਘੋੜੇ, ਕਹਿਕਸ਼ਾਂ, ਭੰਵਰ, ਚਾਣਕਯ, ਭਾਰਤ ਇੱਕ ਖੋਜ, ਸਾਰਾ ਜਹਾਂ ਹਮਾਰਾ, ਚੰਦਰਕਾਤਾਂ, ਸ਼੍ਰੀ ਕਾਂਤ, ਅਨੁਗੂੰਜ, ਦ ਗਰੇਟ ਮਰਾਠਾ, ਕਮਲਾ ਕੀ ਮੌਤ, ਜੈ ਹੰਨੂਮਾਨ ਅਤੇ ਕਈ ਹੋਰ ਨਾਟਕ ਸ਼ਾਮਿਲ ਹਨ। ਇਸਦੇ ਨਾਲ ਹੀ ਇਰਫ਼ਾਨ ਨੂੰ ਫ਼ਿਲਮੀ ਬਰੇਕ ਨਿਰਦੇਸ਼ਕਾ ਮੀਰਾ ਨਾਇਰ ਨੇ ਸੰਨ 1987 ਵਿੱਚ ਆਪਣੀ ਫ਼ਿਲਮ 'ਸਲਾਮ ਬੰਬੇ' ਵਿੱਚ ਦਿੱਤਾ ਸੀ। ਉਸ ਤੋਂ ਬਾਅਦ ਇਰਫ਼ਾਨ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹ ਫ਼ਿਲਮੀ ਲਾਈਨ ਦੇ ਨਾਲ-ਨਾਲ ਨਾਟਕਾਂ ਵਿੱਚ ਕਾਫ਼ੀ ਦੇਰ ਕੰਮ ਕਰਦਾ ਰਿਹਾ।
ਉਸਦੀ ਮਿਹਨਤ ਨਾਲ ਉਸਦਾ ਵਕਤ ਬਦਲਦਾ ਗਿਆ ਅਤੇ ਉਸਨੇ ਹਿੰਦੀ ਸਿਨਮਾ ਦੇ ਨਾਲ-ਨਾਲ ਬ੍ਰਿਟਿਸ਼ ਅਤੇ ਅਮਰੀਕਨ ਫ਼ਿਲਮਾਂ ਲਈ ਵੀ ਕੰਮ ਕੀਤਾ। ਇਹਨਾਂ ਫ਼ਿਲਮਾਂ ਵਿੱਚੋਂ 'ਸਲੱਮ ਡਾਗ ਮਿਲੀਨਅਰ, ਐਸਿਡ ਫ਼ੈਕਟਰੀ, ਨਿਊਯਾਰਕ-ਆਈ ਲਵ ਯੂ, ਲਾਈਫ਼ ਆਫ਼ ਪਾਈ, ਪਾਨ ਸਿੰਘ ਤੋਮਰ, ਦਾ ਲੰਚਬਾਕਸ, ਹੈਦਰ, ਪੀਕੂ, ਜੁਰਾਸਿਕ ਪਾਰਕ, ਮਦਾਰੀ, ਸ਼ਸ਼ਅ ਦੇਸ਼ ਸੋ ਰਹਾ ਹੈ, ਕਰੀਬ ਕਰੀਬ ਸਿੰਗਲ, ਬਲੈਕ ਮੇਲ, ਹਾਸਿਲ, ਦਾ ਨੇਮ ਸੇਕ, ਲਾਇਫ਼ ਇਨ ਅ ਮੈਟਰੋ ਅਤੇ ਹਿੰਦੀ ਮੀਡੀਅਮ ਆਦਿ ਉਹ ਫ਼ਿਲਮਾਂ ਹਨ ਜਿਹਨਾਂ ਨੇ ਉਸਦੀ ਪਹਿਚਾਣ ਅੰਤਰਰਾਸ਼ਟਰੀ ਪੱਧਰ ਤੱਕ ਬਣਾਈ। ਉਸਦੀ ਅਦਾਕਾਰੀ ਉਸ ਦੀਆਂ ਅੱਖਾਂ ਰਾਹੀਂ ਬੋਲਦੀ ਸੀ ਤੇ ਪ੍ਰਸ਼ੰਸਕ ਉਸਦੇ ਸੀਮਿਤ ਜਿਹੀ ਸੰਵਾਦ ਅਦਾਇਗੀ ਲਹਿਜ਼ੇ ਦੇ ਦੀਵਾਨੇ ਰਹੇ।
ਆਪਣੀਆਂ ਫ਼ਿਲਮੀ ਪ੍ਰਾਪਤੀਆਂ ਵਿੱਚ ਇਰਫ਼ਾਨ ਨੇ ਕਈ ਇਨਾਮ ਹਾਸਿਲ ਕੀਤੇ ਤੇ ਉਹਨਾਂ ਫ਼ਿਲਮਾਂ ਵਿੱਚ ਕੰਮ ਕੀਤਾ ਜੋ ਅੱਠ-ਅੱਠ ਆਸਕਰ ਇਨਾਮ ਜਿੱਤਣ ਵਿੱਚ ਕਾਮਯਾਬ ਰਹੀਆਂ। ਉਸਦੀ ਬੇਹਤਰੀਨ ਅਦਾਕਾਰੀ ਦੀ ਬਦੌਲਤ ਇਰਫ਼ਾਨ ਨੂੰ ਸੰਨ 2011 ਵਿੱਚ ਭਾਰਤ ਸਰਕਾਰ ਵੱਲੋਂ ਪਦਮਸ਼੍ਰੀ ਪੁਰਸਕਾਰ ਵੀ ਪ੍ਰਾਪਤ ਹੋਇਆ।
ਨਿੱਜੀ ਜ਼ਿੰਦਗੀ ਵਿੱਚ ਇਰਫ਼ਾਨ ਨੇ ਸੁਤਪਾ ਸਿਕਦਾਰ ਨਾਲ ਸੰਨ 1995 ਵਿੱਚ ਨਿਕਾਹ ਕੀਤਾ ਤੇ ਹੁਣ ਉਸਦੇ ਦੋ ਪੁੱਤਰ ਹਨ।
ਇਰਫ਼ਾਨ ਨੇ ਜਿੰਨਾਂ ਵੀ ਕੰਮ ਕੀਤਾ ਹੈ ਉਹ ਮੌਜੂਦਾ ਅਤੇ ਆਉਣ ਵਾਲੀਆਂ ਫ਼ਿਲਮੀ ਹਸਤੀਆਂ ਲਈ ਪ੍ਰੇਰਨਾਦਾਇਕ ਤੇ ਮੁਕਾਬਲੇ ਯੋਗ ਹੈ। ਇਹ ਉਸਦੇ ਕੰਮ ਦੀ ਖ਼ਾਸੀਅਤ ਹੀ ਸੀ ਕਿ ਉਹ ਬੰਬਈਆ ਗਲੈਮਰ ਦੀ ਦੁਨੀਆਂ ਵਿੱਚੋਂ ਆਪਣੀ ਪਹਿਚਾਣ ਬਣਾਉਣ ਵਿੱਚ ਕਾਮਯਾਬ ਹੋਇਆ।
ਉਸਦੇ ਫ਼ਿਲਮੀ ਕਰੀਅਰ ਨੂੰ ਖੰਘਾਲਿਆ ਜਾਵੇ ਤਾਂ ਸਪੱਸ਼ਟ ਹੁੰਦਾ ਹੈ ਕਿ ਉਸਦਾ ਜ਼ਿਆਦਾ ਕੰਮ ਆਫ਼ ਬੀਟ ਸਿਨਮਾ ਲਈ ਸੀ। ਮਤਲਬ ਉਸਨੇ ਕਮਰਸ਼ੀਅਲ ਸਿਨਮੇ ਦੀ ਥਾਵੇਂ ਉਹਨਾਂ ਲੀਕੋਂ ਹਟਵੀਆਂ ਫ਼ਿਲਮਾਂ ਲਈ ਕੰਮ ਕੀਤਾ ਜੋ ਸਮਾਜ ਵਿੱਚ ਇੱਕ ਖ਼ਾਸ ਸੁਨੇਹਾ ਸਿਰਜਣ ਵਿੱਚ ਕਾਮਯਾਬ ਹੋਈਆਂ ਹਨ।
ਬੀਤੇ ਦਿਨੀ 29 ਅਪਰੈਲ 2020 ਨੂੰ ਇਰਫ਼ਾਨ ਲੰਮੀ ਬਿਮਾਰੀ ਨਾਲ ਜੂਝਦੇ ਦੁਨੀਆਂ ਤੋਂ ਰੁਖ਼ਸਤ ਹੋ ਗਿਆ ਹੈ। ਉਹ ਆਪਣੇ ਕੰਮ ਦੀ ਬਦੌਲਤ ਰਹਿੰਦੀ ਦੁਨੀਆਂ ਤੱਕ ਆਪਣੀ ਫ਼ਿਲਮੀ ਸ਼ਮੂਲੀਅਤ ਲੋਕਾਂ ਵਿੱਚ ਕਾਇਮ ਕਰ ਗਿਆ ਹੈ। ਫ਼ਿਲਮੀ ਦਰਸ਼ਕ ਉਸਦੇ ਇਸ ਯੋਗਦਾਨ ਨੂੰ ਹਮੇਸ਼ਾ ਚੇਤਿਆਂ ਵਿੱਚ ਸਮਾ ਕੇ ਰੱਖਣਗੇ।
-
ਖ਼ੁਸ਼ਮਿੰਦਰ ਕੌਰ, ਮੁੱਖ ਅਧਿਆਪਕਾ, ਸਰਕਾਰੀ ਹਾਈ ਸਕੂਲ ਮੁੱਲਾਂਪੁਰ ਮੰਡੀ, ਲੁਧਿਆਣਾ
khushminderludhiana@gmail.com
98788-89217
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.