ਇਸ ਮਹਾਨ ਦੇਸ਼ ਭਗਤ ਸੰਘਰਸ਼ੀ ਯੋਧਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਕਮਾਂਡ ਹੇਠ ਦਲ ਖ਼ਾਲਸਾ ਨੇ 1761-64 ਲਾਹੌਰ ਫ਼ਤਿਹ ਅਤੇ 11 ਮਾਰਚ 1783 ਵਿੱਚ ਦਿੱਲੀ ਫ਼ਤਿਹ ਕੀਤੇ ਅਤੇ ਉੱਥੇ ਸਿੱਖ ਪੰਥ ਦਾ ਕੇਸਰੀ ਨਿਸ਼ਾਨ ਲਹਿਰਾ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ਦੇ ਸਿੱਕੇ ਜਾਰੀ ਕੀਤੇ। ਸਿੱਖ ਪੰਥ ਨੇ ਲਾਹੌਰ ਅਤੇ ਦਿੱਲੀ ਫ਼ਤਿਹ ਕਰਨ ਉਪਰੰਤ ਉਨ੍ਹਾਂ ਨੂੰ ਉੱਥੇ ਦੇ ਸਿੰਘਾਸਨਾਂ ਉੱਤੇ ਬਿਠਾ ਕੇ ਕਰਮ ਵਾਰ ਅਣ ਵੰਡੇ ਪੰਜਾਬ ਅਤੇ ਭਾਰਤ ਦਾ ਬਾਦਸ਼ਾਹ ਘੋਸ਼ਿਤ ਕੀਤਾ। ਪੰਜਾਬ ਦੇ ਮਾਝੇ ਇਲਾਕੇ ਦੇ ਇਸ ਅਣਖੀਲੇ ਅਤੇ ਸੁਲਤਾਨ-ਉਲ-ਕੌਮ ਮਹਾਨ ਕੌਮੀ ਸਿੱਖ ਜਰਨੇਲ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੀ ਭਾਰਤ ਦੇ 18ਵੀਂ ਸਦੀ ਦੇ ਇਤਿਹਾਸ ਵਿਚ ਵਿਸ਼ੇਸ਼ ਥਾਂ ਹੈ। ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਅਤੇ ਮਹਾਰਾਜਾ ਰਣਜੀਤ ਸਿੰਘ ਤੋਂ ਬਹੁਤ ਸਮਾਂ ਪਹਿਲਾਂ ਨਵਾਬ ਜੱਸਾ ਸਿੰਘ ਆਹਲੂਵਾਲੀਆਂ ਜੋ ਕਿ ਉਸ ਸਮੇਂ 12 ਸਿੱਖ ਮਿਸਲਾਂ ਦੇ ਪ੍ਰਮੁੱਖ ਜਥੇਦਾਰ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਦੇ ਵੀ ਜਥੇਦਾਰ ਸਨ, ਅਗਵਾਈ ਹੇਠ ਹੀ ਸਿੱਖ ਰਾਜ ਭਾਰਤ ਨੂੰ ਮੁਗ਼ਲ ਹਕੂਮਤ ਤੋਂ ਸੁਤੰਤਰ ਕਰਵਾਉਣ ਦੀ ਹਰ ਸੰਭਵ ਕੋਸ਼ਿਸ਼ ਕਰਕੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਉਨ੍ਹਾਂ ਨੇ ਅਣਵੰਡਿਆ ਪੰਜਾਬ ਅਤੇ ਭਾਰਤ ਦੇਸ਼ ਦੀ ਭੂਮੀ ਅਤੇ ਲੋਕਾਂ ਨੂੰ ਅਜ਼ਾਦ ਕਰਵਾਉਣ ਲਈ ਲੰਮਾ ਸਮਾਂ ਸੰਘਰਸ਼ ਕੀਤਾ। ਉਨ੍ਹਾਂ ਦੀ ਅਗਵਾਈ ਹੇਠ ਹੀ ਸਿੰਘਾਂ ਨੇ ਅਹਿਮਦ ਸ਼ਾਹ ਅਬਦਾਲੀ ਪਾਸੋਂ 2200 ਕੈਦੀ ਹਿੰਦੀ ਲੜਕੀਆਂ ਅਤੇ ਹਿੰਦੁਸਤਾਨ ਤੋਂ ਲੁੱਟੇ ਹੋਏ ਕੀਮਤੀ ਸਮਾਨ ਨੂੰ ਛੁਡਾ ਕੇ ਘਰੋਂ ਘਰ ਵਾਪਸ ਪਹੁੰਚਾਇਆ। ਉਨ੍ਹਾਂ ਨੇ ਸਿੱਖ ਰਾਜ ਦਾ ਮੁੱਢ ਬੰਨ੍ਹਿਆ ਅਤੇ ਇਸ ਭਾਰਤ ਦੇਸ਼ ਦੀ ਅਜ਼ਾਦੀ ਲਈ ਜੱਦੋ ਜਹਿਦ ਕੀਤੀ। ਉਨ੍ਹਾਂ ਨੇ ਅਪ੍ਰੈਲ 1764 ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਮੌਜੂਦਾ ਇਮਾਰਤ ਦੀ ਦੁਬਾਰਾ ਉਸਾਰੀ ਕਰਵਾਈ। ਉਹ ਜਦੋਂ ਯੁੱਧਾਂ ਆਦਿ ਤੋਂ ਵਿਹਲੇ ਹੁੰਦੇ ਤਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹੀ ਹੁੰਦੇ ਤੇ ਇਸੇ ਰਸ ਭਿੰਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਦੇ।
ਮਹਾਨ ਕੌਮੀ ਯੋਧੇ ਦਾ ਜਨਮ 3 ਮਈ 1718 ਨੂੰ ਮਾਤਾ ਜੀਵਨ ਕੌਰ ਜੀ ਦੀ ਕੁੱਖੋਂ ਪਿਤਾ ਸਰਦਾਰ ਬਦਰ ਸਿੰਘ ਦੇ ਗ੍ਰਹਿ ਵਿਖੇ ਪਿੰਡ ਆਹਲੂ ਜ਼ਿਲ੍ਹਾ ਲਾਹੌਰ, ਪਾਕਿਸਤਾਨ ਵਿਖੇ ਹੋਇਆ। ਬਾਲਕ ਜੱਸਾ ਸਿੰਘ ਦੇ ਸਿਰ ਤੋਂ ਪਿਤਾ ਦਾ ਹੱਥ ਛੋਟੀ ਉਮਰੇ ਹੀ ਉੱਠ ਗਿਆ ਸੀ। ਆਪ ਜੀ ਦੇ ਵਡੇਰਿਆਂ ਦੇ ਸਬੰਧ ਸ਼੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਤੋਂ ਚੱਲੇ ਆ ਰਹੇ ਸਨ। ਆਪ ਜੀ ਦੇ ਮਾਤਾ ਅਤੇ ਮਾਮਾ ਬਾਘ ਸਿੰਘ ਆਪ ਜੀ ਨੂੰ ਨਾਲ ਲੈ ਕੇ ਸਮੇਤ ਸੰਗਤਾਂ ਦਿੱਲੀ ਵਿਖੇ ਪੂਜਨੀਕ ਜਗਤ ਮਾਤਾ ਸੁੰਦਰ ਕੌਰ ਸੁਪਤਨੀ ਦਸਮੇਸ਼ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਸੇਵਾ ਵਿੱਚ ਸੰਨ 1723 ਨੂੰ ਪਹੁੰਚੇ ਜਿੱਥੇ ਕਿ ਉਹਨਾ ਦਾ ਪਾਲਣ ਪੋਸ਼ਣ ਆਪ ਜੀ ਦੇ ਬੱਚਿਆ ਵਾਂਗ ਕੀਤਾ। ਇੱਥੇ ਰਹਿ ਕੇ ਉਹਨਾਂ ਨੇ ਧਾਰਮਿਕ, ਇਤਿਹਾਸਿਕ ਵਿੱਦਿਆ ਅਤੇ ਸ਼ਸਤਰ ਗਿਆਨ ਆਦਿ ਹਾਸਲ ਕੀਤੀ। ਸੰਨ 1729 ਵਿੱਚ ਉਹਨ੍ਹਾਂ ਦੇ ਮਾਮਾ ਬਾਘ ਸਿੰਘ ਦਿੱਲੀ ਤੋਂ ਮਾਤਾ ਸੁੰਦਰ ਕੌਰ ਜੀ ਦੀ ਆਗਿਆ ਲੈ ਕੇ ਜਦੋਂ ਪੰਜਾਬ ਵੱਲ ਆਏ ਉਸ ਸਮੇਂ ਬਾਲਕ ਜੱਸਾ ਸਿੰਘ ਨੂੰ ਤੋਹਫ਼ੇ ਦੇ ਤੌਰ 'ਤੇ ਦਸਤਾਰ, ਕਿਰਪਾਨ, ਤੀਰ ਕਮਾਨ ਆਦਿ ਦਿੱਤੇ ਤੇ ਕਿਹਾ ਕਿ ਇਹ ਗੁਰੂ ਕਾ ਲਾਲ ਹੈ। ਮਾਤਾ ਸੁੰਦਰ ਕੌਰ ਜੀ ਨੇ ਉਸ ਸਮੇਂ ਸਿੱਖ ਪੰਥ ਦੇ ਮਹਾਨ ਜਥੇਦਾਰ ਨਵਾਬ ਕਪੂਰ ਸਿੰਘ ਜੋ ਉਸ ਸਮੇਂ ਕਰਤਾਰਪੁਰ, ਪੰਜਾਬ ਵਿਖੇ ਆਪਣੇ ਸਿੰਘਾਂ ਦੇ ਨਾਲ ਰਹਿੰਦੇ ਸਨ, ਵੱਲ ਇੱਕ ਪੱਤਰ ਲਿਖ ਕੇ ਜੱਸਾ ਸਿੰਘ ਨੂੰ ਆਪਣੇ ਪਾਸ ਰੱਖਣ ਦੀ ਹਦਾਇਤ ਕੀਤੀ। ਸੰਨ 1729 ਪਿੱਛੋਂ ਜੱਸਾ ਸਿੰਘ ਆਹਲੂਵਾਲੀਆ ਲਗਭਗ ਨਵਾਬ ਕਪੂਰ ਸਿੰਘ ਦੀਆਂ ਸਾਰੀਆਂ ਮਹਿਮਾ ਯੁੱਧਾਂ ਦੇ ਵਿੱਚ ਨਾਲ ਰਹੇ। ਸੰਨ 1738 ਤੱਕ ਜੱਸਾ ਸਿੰਘ ਆਹਲੂਵਾਲੀਆਂ ਦੀ ਗਿਣਤੀ ਸਿੱਖ ਆਗੂਆਂ ਦੀ ਪਹਿਲੀ ਕਤਾਰ ਵਿੱਚ ਹੋਣ ਲੱਗ ਪਈ।
ਸੰਨ 1748 ਵਿੱਚ ਉਹਨਾਂ ਦੀ ਅਗਵਾਈ ਹੇਠ ਖ਼ਾਲਸੇ ਨੇ ਫ਼ੌਜਦਾਰ ਸਲਾਬਤ ਖ਼ਾਨ ਨੂੰ ਕਤਲ ਕਰਕੇ ਸ਼੍ਰੀ ਦਰਬਾਰ ਸਾਹਿਬ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਨੂੰ ਮੁਗ਼ਲ ਫ਼ੌਜਾਂ ਪਾਸੋਂ ਅਜ਼ਾਦ ਕਰਵਾਇਆ। ਸੰਨ 1753 ਵਿੱਚ ਜਲੰਧਰ ਦੇ ਹਾਕਮ ਅਦੀਨਾ ਬੇਗ ਨੂੰ ਜਿੱਤ ਕੇ ਫ਼ਤਿਆਬਾਦ ਪ੍ਰਗਣੇ, ਤਰਨਤਾਰਨ, ਮੋਗਾ, ਜਗਰਾਉਂ ਆਦਿ ਤੇ ਕਬਜ਼ਾ ਕੀਤਾ ਅਤੇ ਉਹਨ੍ਹਾਂ ਆਪਣੀ ਰਿਆਸਤ ਦੀ ਰਾਜਧਾਨੀ ਫ਼ਤਿਆਬਾਦ (ਤਰਨਤਾਰਨ) ਵਿਖੇ ਬਣਾਈ ਤੇ ਆਪਣੀ ਰਿਹਾਇਸ਼ ਵੀ ਇੱਥੇ ਹੀ ਰੱਖੀ। ਅਕਤੂਬਰ 1753 ਵਿੱਚ ਜਦੋਂ ਨਵਾਬ ਕਪੂਰ ਸਿੰਘ ਸਵਰਗ ਸੁਧਾਰ ਗਏ ਇਸ ਤੋਂ ਬਾਅਦ 10 ਅਪ੍ਰੈਲ 1754 ਨੂੰ ਵਿਸਾਖੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿਖੇ ਖ਼ਾਲਸਾ ਦੇ ਇਕੱਠ ਵਿੱਚ ਸਰਬ ਸੰਮਤੀ ਨਾਲ ਜੱਸਾ ਸਿੰਘ ਆਹਲੂਵਾਲੀਆਂ ਨੂੰ ਸਿੱਖ ਪੰਥ ਦਾ ਸ਼੍ਰੋਮਣੀ ਜਥੇਦਾਰ ਚੁਣਿਆ ਗਿਆ ਅਤੇ ਨਵਾਬ ਕਪੂਰ ਸਿੰਘ ਵਾਲਾ “ਨਿਵਾਬੀ ਦਾ ਖ਼ਿਤਾਬ” ਦੇ ਕੇ ਨਿਵਾਜਿਆ ਗਿਆ। ਸਾਕਾ ਵੱਡਾ ਘੱਲੂਘਾਰਾ ਕੁੱਪ ਰਹੀੜਾ ਨਜ਼ਦੀਕ ਮਲੇਰਕੋਟਲਾ (ਪੰਜਾਬ), ਮਿਤੀ 05 ਫਰਵਰੀ 1762 ਤੇ ਛੋਟਾ ਘੱਲੂਘਾਰਾ 1746 ਵਿੱਚ ਕਾਹਨੂੰਵਾਲ ਛੰਭ (ਬਟਾਲਾ) ਉਹਨਾਂ ਦੀ ਅਗਵਾਈ ਤੇ ਕਮਾਂਡ ਹੇਠ ਯੁੱਧ ਮੁਗ਼ਲ ਹਕੂਮਤ ਦੇ ਨਾਲ ਲੜੇ ਗਏ ਅਤੇ ਭਾਰੀ ਮੁਸ਼ਕਲਾਂ ਦੇ ਬਾਵਜੂਦ ਫ਼ਤਿਹ ਹਾਸਲ ਕੀਤੀ। ਸੰਨ 1764 ਵਿੱਚ ਉਹਨਾਂ ਦੀ ਅਗਵਾਈ ਵਿੱਚ ਖ਼ਾਲਸਾ ਪੰਥ ਨੇ ਸਰਹਿੰਦ ਫ਼ਤਿਹ ਕੀਤੀ ਅਤੇ ਉੱਥੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਯਾਦ ਵਿੱਚ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਦੀ ਉਸਾਰੀ ਕਰਵਾਈ। ਸੰਨ 1777-1779 ਨੂੰ ਉਹਨਾਂ ਨੇ ਨਾਦਰ ਸ਼ਾਹ ਇਬਰਾਹੀਮ ਰਾਏ ਆਦਿ ਨੂੰ ਹਰਾ ਕੇ ਕਪੂਰਥਲਾ, ਜਲੰਧਰ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਨੂੰ ਆਪਣੇ ਕਬਜ਼ੇ ਹੇਠ ਕੀਤਾ। ਇਸ ਤਰ੍ਹਾਂ ਉਹ ਕਪੂਰਥਲਾ ਰਿਆਸਤ ਦੇ ਬਾਨੀ ਬਣੇ।
ਮਿਤੀ 11 ਮਾਰਚ 1783 ਨੂੰ ਸੁਲਤਾਨ-ਉਲ-ਕੌਮ ਜੱਸਾ ਸਿੰਘ ਆਹਲੂਵਾਲੀਆਂ ਦੀ ਅਗਵਾਈ ਹੇਠ ਦਲ ਖ਼ਾਲਸੇ ਦੇ ਸਿੱਖ ਯੋਧਿਆਂ ਨੇ ਦਿੱਲੀ ਫ਼ਤਿਹ ਕਰਕੇ ਉਸ ਸਮੇਂ ਲਾਲ ਕਿਲ੍ਹਾ ਦਿੱਲੀ ਤੇ ਖ਼ਾਲਸਾ ਪੰਥ ਦਾ ਕੇਸਰੀ ਝੰਡਾ ਸਿੱਖ ਜਰਨੈਲ ਬਘੇਲ ਸਿੰਘ ਨੇ ਲਹਿਰਾਇਆ।ਇਸ ਮੌਕੇ ਤੇ ਸਿੰਘ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਵੀ ਮੌਜੂਦ ਸੀ।
ਉਸ ਸਮੇਂ ਸਿੱਖ ਪੰਥ ਨੈ ਜੈਕਾਰਿਆਂ ਦੀ ਗੂੰਜ ਨਾਲ ਸੁਲਤਾਨ-ਉਲ-ਕੌਮ ਜੱਸਾ ਸਿੰਘ ਆਹਲੂਵਾਲੀਆਂ ਨੂੰ ਦਿੱਲੀ ਵਿੱਚ ਲਾਲ ਕਿਲ੍ਹੇ ਤੇ ਸਥਿਤ ਤਖ਼ਤ ਦੀਵਾਨੇ-ਆਮ ਉੱਤੇ ਬਿਠਾ ਕੇ ਉਹਨਾਂ ਦੀ ਦਸਤਾਰ 'ਤੇ ਮੋਹਰ ਪੰਖ ਲਿਖਾ ਦੇ ਭਾਰਤ ਦਾ ਬਾਦਸ਼ਾਹ ਐਲਾਨ ਕੀਤਾ ਗਿਆ, ਪੁਰਾਤਨ ਇਤਿਹਾਸ ਮੁਤਾਬਿਕ ਇਸ ਤੋਂ ਬਾਅਦ ਉਹਨਾਂ ਨੇ ਸਿੱਖ ਜਰਨੈਲ ਭਾਈ ਬਘੇਲ ਸਿੰਘ ਨੂੰ ਤਕਰੀਬਨ 5000 ਸਿੰਘਾਂ ਸਮੇਤ ਦਿੱਲੀ ਵਿਖੇ ਠਹਿਰਨ ਲਈ ਆਖਿਆ ਤੇ ਕਿਹਾ ਕਿ ਗੁਰੂ ਸਾਹਿਬ ਨਾਲ ਜਿੰਨੇ ਵੀ ਇੱਥੇ ਦਿੱਲੀ ਜਾਂ ਆਸ-ਪਾਸ ਗੁਰਦੁਆਰੇ ਸਾਹਿਬ ਹਨ ਦੀ ਸਾਂਭ ਸੰਭਾਲ ਕਰਵਾਉਣ। ਸ਼੍ਰੀ ਦਰਬਾਰ ਸਾਹਿਬ ਦੀ ਪ੍ਰਮੁੱਖ ਦਰਸ਼ਨੀ ਡਿਉੜੀ ਦੇ ਨਾਲ ਜੱਸਾ ਸਿੰਘ ਆਹਲੂਵਾਲੀਆਂ ਦੇ ਨਾਂਅ ਤੇ ਆਹਲੂਵਾਲੀਆ ਬੁੰਗਾ ਇਸ ਤੋਂ ਥੋੜ੍ਹੀ ਦੂਰੀ 'ਤੇ ਉਹਨਾਂ ਨੇ ਕਿਲ੍ਹਾ ਆਹਲੂਵਾਲੀਆਂ ਆਪਣੇ ਸਿੰਘਾਂ ਦੇ ਠਹਿਰਨ ਦੇ ਲਈ ਤੇ ਇਸ ਇਲਾਕੇ ਦੀ ਹਿਫ਼ਾਜ਼ਤ ਲਈ ਬਣਾਇਆ ਅਤੇ ਇਸ ਦੇ ਲਾਗੇ ਇੱਕ ਬਜ਼ਾਰ ਕਟੜਾ ਆਹਲੂਵਾਲੀਆ ਜੋ ਕਿ ਅੱਜ ਵੀ ਮੌਜੂਦ ਹੈ ਵਪਾਰਕ ਕੇਂਦਰ ਬਣਾਇਆ। ਇਸ ਤੋਂ ਕੁੱਝ ਦੂਰੀ ਤੇ ਉਹਨਾਂ ਦੇ ਨਾਂਅ ਤੇ ਆਹਲੂਵਾਲੀਆ ਗੇਟ (ਦਰਵਾਜ਼ਾ) ਘਿਉ ਮੰਡੀ ਦੇ ਪ੍ਰਮੁੱਖ ਗੇਟ ਦਾ ਨਾਂਅ ਸੀ, ਸਮੇਂ ਮੁਤਾਬਿਕ ਢਹਿ ਢੇਰੀ ਹੋ ਚੁੱਕਿਆ ਹੈ। ਇਸ ਮਹਾਨ ਕੌਮੀ ਸੰਘਰਸ਼ੀ ਸਿੱਖ ਯੋਧਾ ਸੁਲਤਾਨ-ਉਲ-ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆਂ 20 ਅਕਤੂਬਰ 1783 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਉਸ ਸਮੇਂ ਉਹਨਾਂ ਦੀ ਪੰਥਕ ਅਤੇ ਇਸ ਦੇਸ਼ ਕੌਮ ਨੂੰ ਦੇਣ ਨੂੰ ਦੇਖਦਿਆਂ ਹੋਇਆ ਉਹਨਾਂ ਦੀ ਯਾਦਗਾਰ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਅੰਮ੍ਰਿਤਸਰ ਦੀ ਪ੍ਰਕਰਮਾ ਵਿੱਚ ਬਣਾਈ ਗਈ।
03-05-2020
-
ਚਰਨਜੀਤ ਸਿੰਘ ਵਾਲੀਆ, ਚੇਅਰਮੈਨ, ਨਵਾਬ ਜੱਸਾ ਸਿੰਘ ਆਹਲੂਵਾਲੀਆ ਚੈਰੀਟੇਬਲ ਟਰਸੱਟ (ਰਜਿ)
msk.mohali@gmail.com
+91- 9872575555
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.