- ਪ੍ਰੀਵਾਰ ਦੇ ਤਿੰਨ ਮੈਂਬਰ ਬਿਮਾਰ ਹੋਏ ਅਤੇ ਤਿੰਨ ਬਚੇ ਰਹੇ
ਕੋਰੋਨਾ ਵਾਇਰਸ ਤੇ ਹੋਰ ਜੀਵਾਂ ਬਾਰੇ ਕਾਫੀ ਜਾਣਕਾਰੀ ਹੋਣ ਕਾਰਨ ਮੈਂ ਡਰਿਆ ਹੋਇਆ ਤਾਂ ਨਹੀਂ ਸੀ ਪਰ ਸਾਡੇ ਘਰ ਦੇ ਇੱਕ ਮੈਂਬਰ ਦਾ ਇਸ ਨੂੰ ਰੋਕਣ ਅਤੇ ਬਚਣ ਲਈ ਚਲ ਰਹੀ ਲੜਾਈ ਵਿਚ ਸਥਾਨਕ ਹਸਪਤਾਲ ਵਿਚ ਮੋਹਰੀ ਰੋਲ ਹੋਣ ਕਾਰਨ, ਖਦਸ਼ਾ ਜਰੂਰ ਸੀ ਕਿ ਇਨ੍ਹਾਂ ਹਾਲਤਾਂ ਵਿਚ ਇਸ ਦੇ ਪ੍ਰੀਵਾਰ ਵਿਚ ਫੈਲਣ ਦੀ ਸੰਭਾਵਨਾ ਕਾਫੀ ਹੈ। ਮੈਨੂੰ ਅਹਿਸਾਸ ਸੀ ਕਿ ਘਰ ਦੇ ਜੀਆਂ ਵਿਚ ਇਸ ਦੇ ਫੈਲਣ ਤੋਂ ਸਭ ਤੋਂ ਵੱਧ ਖਤਰਾ ਵੱਡੀ ਉਮਰ ਹੋਣ ਕਾਰਨ ਮੈਨੂੰ ਤੇ ਮੇਰੀ ਪਤਨੀ ਨੂੰ ਹੋ ਸਕਦਾ ਹੈ, ਕਿਉਂਕਿ ਸਾਡੀ ਉਮਰ 70 ਸਾਲ ਹੈ। ਇਸ ਤੇ ਵੀ ਅੰਕੜੇ ਦਸਦੇ ਸਨ ਕਿ ਇਸ ਉਮਰ ਵਿਚ ਤਕਰੀਬਨ 8% ਮਰੀਜ਼ ਇਸ ਦੀ ਮਾਰ ਨਹੀਂ ਝੱਲ ਸਕਦੇ ਅਤੇ ਮੈਂ ਲਗਭਗ ਨਿਸ਼ਚਿੰਤ ਸੀ ਕਿ ਜੇਕਰ ਸਾਨੂੰ ਵੀ ਹੋ ਗਈ ਤਾਂ ਕੋਈ ਵੱਡਾ ਖਤਰਾ ਖੜ੍ਹਾ ਨਹੀਂ ਹੋਣ ਲੱਗਾ। ਮਾਰਚ ਦੇ ਅਖੀਰਲੇ ਦਿਨੀ ਸਾਡੇ ਇਸ ਸਿਰੜੀ, ਸੁਹਰਿਦ ਮੈਂਬਰ ਨੂੰ ਇਸ ਵਾਇਰਸ ਨੇ ਆ ਘੇਰਿਆ। ਸ਼ਾਮ ਨੁੰ ਗਲ ਵਿਚ ਦਰਦ ਸ਼ੁਰੂ ਹੋਇਆ, ਸਵੇਰ ਤੱਕ ਬੁਖਾਰ ਹੋ ਗਿਆ ਅਤੇ ਸਿਹਤ ਸਵਾਵਾਂ ਵਿਚ ਹੋਣ ਕਾਰਨ ਉਸੇ ਦਿਨ ਲਏ ਟੈਸਟ ਦਾ ਨਤੀਜਾ ਦੂਸਰੇ ਦਿਨ ਹੀ ਆ ਗਿਆ। ਉਹ ਕਰੋਨਾ ਪੌਸੇਟਿਵ ਸੀ। ਉਸ ਵੇਲੇ ਤੱਕ, ਸੁੱਕੀ ਖੰਘ, ਬੁਖਾਰ ਅਤੇ ਕੁਝ ਦਿਨਾਂ ਬਾਅਦ ਔਖਾ ਸਾਹ ਆਉਣ ਦੀਆਂ ਨਿਸ਼ਾਨੀਆਂ ਇਸ ਵਾਇਰਸ ਤੋਂ ਪੀੜਤ ਵਿਅੱਕਤੀਆਂ ਦੀਆਂ ਦਸੀਆਂ ਜਾ ਰਹੀਆਂ ਸਨ, ਪਰ ਗਲ ਖਰਾਬ ਹੋਣਾ ਇਨ੍ਹਾਂ ਵਿਚ ਸ਼ਾਮਿਲ ਨਹੀਂ ਸੀ ਪਰ ਉਸ ਦਾ ਗਲਾ ਖਰਾਬ ਹੋਇਆ ਅਤੇ ਬੁਖਾਰ ਹੋਇਆ।
ਉਸੇ ਵੇਲੇ ਉਸ ਨੂੰ ਤੇ ਉਸ ਦੇ ਜੀਵਨ ਸਾਥੀ ਨੂੰ ਵੱਖ ਵੱਖ ਕਮਰਿਆਂ ਵਿਚ ਅੱਡ ਕਰ ਦਿੱਤਾ। ਉਹ ਅੰਦਰ ਹੀ ਰਹਿੰਦੇ ਤੇ ਖਾਣ ਪੀਣ ਦਾ ਸਮਾਨ ਬਾਹਰ ਧਰੇ ਸਟੂਲਾਂ ਤੇ ਰੱਖ ਦਿੱਤਾ ਜਾਂਦਾ, ਜਿਥੋਂ ਉਹ ਚੁੱਕ ਲੈਂਦੇ ਅਤੇ ਜਿਆਦਾ ਕਰ ਕੇ ਡਿਸਪੋਸਲ ਭਾਂਡੇ ਵਰਤਦੇ ਅਤੇ ਵਰਤਣ ਬਾਅਦ ਜਦ ਉਹ ਬਾਹਰ ਰਖਦੇ, ਉਨ੍ਹਾਂ ਨੂੰ ਕੂੜੇ ਵਿਚ ਸੁੱਟ ਦਿੱਤਾ ਜਾਂਦਾ, ਦੂਸਰੇ ਭਾਂਡਿਆਂ ਨੂੰ ਉਹ ਪਹਿਲਾਂ ਚੰਗੀ ਤਰ੍ਹਾਂ ਧੋ ਕੇ ਬਾਹਰ ਰਖਦੇ, ਜਿਨ੍ਹਾਂ ਨੂੰ ਅਸੀਂ ਭਾਂਡੇ ਧੋਣ ਵਾਲੀ ਮਸ਼ੀਨ ਵਿਚ ਫਿਰ ਤੋਂ ਧੋ ਕੇ ਸੈਨੀਟਾਈਜ਼ ਕਰ ਲੈਂਦੇ। ਉਨ੍ਹਾਂ ਦੇ ਭਾਂਡਿਆਂ ਨੂੰ ਹੱਥ ਲਾਉਣ ਬਾਅਦ ਮੈਂ ਅਪਣੇ ਹੱਥ ਅਲਕੋਹਲ ਜੈੱਲ ਨਾਲ ਸੈਨੇਟਾeਜ਼ਿ ਕਰਦਾ। ਬਾਹਰ ਰਹਿ ਗਏ ਅਸੀਂ ਚਾਰ ਜੀ, ਦੋਨੋ ਅਸੀਂ ਪਤੀ ਪਤਨੀ ਦੇ ਦੋ ਮੇਰੇ ਪੋਤੇ ਸਭ ਅੱਡੋ ਅੱਡ ਕਰ ਦਿੱਤੇ। ਬਚਿਆਂ ਨੂੰ ਵਖਰਾ ਬਾਥਰੂਮ ਵਰਤਣ ਲਾ ਦਿੱਤਾ ਗਿਆ। ਮੇਰੀ ਪਤਨੀ ਰਸੋਈ ਦਾ ਕੰਮ ਕਰਦੀ ਅਤੇ ਮੈਂ ਸਭ ਕੁਝ ਲੋੜ ਮੁਤਾਬਿਕ ਵੰਡਦਾ ਰਹਿੰਦਾ। ਬਾਹਰ ਰਹੇ ਅਸੀਂ ਚਾਰੇ ਜਣੇ ਅਪਣੇ ਹੱਥ ਬਾਰ ਬਾਰ ਧੋਂਦੇ। ਮੈਂ ਸੈਨੇਟਾਇਜ਼ਰ (ਲਾਈਸੌਲ) ਦੇ ਕਪੜੇ ਨਾਲ ਘਰ ਦੀਆਂ ਸਾਰੇ ਕੁੰਡੇ ਕੁੰਡੀਆਂ, ਬਿਜਲੀ ਦੇ ਸਵਿੱਚ, ਰਿਮੋਟ ਕੰਟਰੋਲ, ਸੈੱਲ ਫੋਨ, ਟੂਟੀਆਂ ਆਦਿ ਨੂੰ ਦਿਨ ਵਿਚ ਦੋ ਬਾਰ ਕਿਟਾਣੂ ਰਹਿਤ ਕਰਦਾ। ਘਰੋਂ ਬਾਹਰ ਜਾਣਾ ਸਭ ਦਾ ਬੰਦ ਸੀ।
ਪਹਿਲੇ ਮਰੀਜ਼ ਦਾ ਗਲਾ ਤੀਸਰੇ ਦਿਨ ਠੀਕ ਹੋ ਗਿਆ ਅਤੇ ਬੁਖਾਰ ਵੀ ਉਤਰ ਗਿਆ ਪਰ ਇਸੇ ਦਿਨ ਹੀ ਉਸ ਦੇ ਜੀਵਨ ਸਾਥੀ ਨੂੰ ਆਮ ਜ਼ੁਕਾਮ ਵਰਗੀਆਂ ਅਲਾਮਤਾਂ ਸ਼ੁਰੂ ਹੋ ਗਈਆਂ। ਅਸੀਂ ਸਮਝਿਆ ਕਿ ਸ਼ਾਇਦ ਠੰਡ ਵਿਚ ਬਾਹਰ ਬਾਰੀ ਖੋਲ੍ਹ ਲਈ ਸੀ, ਇਸ ਲਈ ਆਮ ਜ਼ੁਕਾਮ ਹੋਵੇਗਾ ਪਰ ਨਾਲ ਹੀ ਉਸ ਨੂੰ ਥੋੜਾ ਬੁਖਾਰ ਹੋਇਆ। ਟੈਸਟ ਕਰਵਾਇਆ ਤਾਂ ਉਹ ਵੀ ਕਰੋਨਾ ਵਾਇਰਸ ਦਾ ਮਰੀਜ਼ ਨਿਕਲਿਆ। ਉਸ ਦਾ ਜ਼ੁਕਾਮ ਤੇ ਬੁਖਾਰ ਵੀ ਦੋ ਦਿਨ ਵਿਚ ਠੀਕ ਹੋ ਗਿਆ।
ਇਸ ਤਰ੍ਹਾਂ ਚਾਰ ਦਿਨ ਨਿਕਲੇ ਤਾਂ ਮੇਰੀ ਪਤਨੀ ਦੇ ਮੋਢਿਆਂ ਅਤੇ ਢੂਹੀ ਵਿਚ ਦਰਦ ਹੋਣਾ ਸ਼ੁਰੂ ਹੋ ਗਿਆ। ਦੋ ਕੁ ਦਿਨ ਤਾਂ ਮੈਂ ਇਸ ਨੂੰ ਆਮ ਦਰਦ ਸਮਝਿਆ ਪਰ ਜਦ ਤੀਸਰੇ ਦਿਨ ਉਸ ਨੂੰ ਬੁਖਾਰ ਹੋ ਗਿਆ ਤਾਂ ਸਮਝ ਆ ਗਈ ਕਿ ਉਹ ਵੀ ਕਰੋਨਾ ਦੀ ਮਾਰ ਹੇਠ ਆ ਗਈ ਹੈ। ਬੁਖਾਰ 101.5 ਡਿਗਰੀ ਫਾਰਨਹੀਟ ਸੀ। ਸਾਨੂੰ ਸਿਹਤ ਸੇਵਾਵਾਂ ਵਾਲਿਆਂ ਨੇ ਘਰ ਤੋਂ ਬਾਹਰ ਜਾਣ ਦੀ ਮਨਾਹੀ ਕੀਤੀ ਹੋਈ ਸੀ। ਇਸ ਬਾਰੇ ਜਦ ਉਨ੍ਹਾਂ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਤੁਸੀ ਟੈਸਟ ਲਈ ਜਾ ਸਕਦੇ ਹੋ। ਮੈਂ ਪਤਨੀ ਨੂੰ ਕਾਰ ਦੀ ਮਗਰਲੀ ਸੀਟ ਤੇ ਬਿਠਾ ਅਪਣੇ ਸ਼ਹਿਰ ਬਰੈਂਪਟਨ ਦੇ ਟੈਸਟ ਲਈ ਨਾਮਜ਼ਦ, ਇਥੇ ਕਹੇ ਜਾਂਦੇ ਪੁਰਾਣੇ ਹਸਪਤਾਲ (ਵੈਸੇ ਇਹ ਸਗੋਂ ਸਭ ਨਵਾਂ ਹੈ ਅਤੇ ਪਹਿਲੇ ਨੂੰ ਢਾਹ ਕੇ ਨਵਾਂ ਬਣਾਇਆ ਹੋਇਆ ਹੈ) ਵਿਚ ਲੈ ਗਿਆ। ਮੈਂ ਉਮੀਦ ਕਰਦਾ ਸੀ ਕਿ ਟੈਸਟ ਵਾਲੇ ਥਾਂ ਭੀੜ ਹੋਵੇਗੀ ਪਰ ਉਥੇ ਤਾਂ ਸੁੰਨ ਸਰਾਂ ਸੀ। ਸਾਨੂੰ ਘਰ ਤੋਂ ਹੀ ਪਤਾ ਲੱਗ ਗਿਆ ਸੀ ਕਿ ਟੈਸਟਿੰਗ ਲਈ ਸੈਂਪਲ ਹਸਪਤਾਲ ਦੇ ਪਿੱਛਲੇ ਪਾਸੇ ਲਏ ਜਾ ਰਹੇ ਹਨ। ਪਾਰਕਿੰਗ ਜਾਣ ਲਈ ਪਹਿਲੇ ਬੈਰੀਅਰ ਤੇ ਦੱਸਿਆ ਗਿਆ ਕਿ ਤੁਸੀਂ ਅਪਣੀ ਕਾਰ ਬਿਨਾ ਕਿਸੇ ਪਾਰਕਿੰਗ ਦੇ ਪੈਸੇ ਦੇਣ ਦੇ ਟੈਸਟ ਵਾਲੀ ਥਾਂ ਨੇੜੇ ਹੀ ਖੜ੍ਹੀ ਕਰ ਸਕਦੇ ਹੋ। ਕਾਰ ਖੜ੍ਹਾ ਜਦ ਗੇਟ ਵੱਲ ਗਏ ਤਾਂ ਇੱਕ ਡਿਊਟੀ ਤੇ ਖੜ੍ਹੀ ਨਰਸ ਨੇ ਰੋਕ ਲਿਆ ਅਤੇ ਸਾਨੂੰ ਨੱਕ ਢਕਣ ਲਈ ਮਾਸਕ ਦਿੱਤੇ ਅਤੇ ਉਨ੍ਹਾਂ ਨੂੰ ਪਹਿਨਣ ਲਈ ਕਿਹਾ। ਉਸ ਨੇ ਸਾਨੂੰ ਇੱਕ ਖਾਸ ਨੰਬਰ ਦਿੱਤਾ ਜੋ ਮੇਰੀ ਪਤਨੀ ਲਈ ਪਹਿਚਾਣ ਚਿੰਨ ਸੀ। ਗੇਟ ਅੰਦਰ ਗਏ ਤਾਂ ਇੱਕ ਹੋਰ ਨਰਸ ਨੇ, ਹੋਰਨਾ ਨੂੰ ਅਗੇ ਇਹ ਬਿਮਾਰੀ ਨਾ ਫੈਲੇ ਲਈ ਕੀ ਕੀ ਸਾਵਧਾਨੀਆਂ ਵਰਤਣੀਆਂ ਹਨ ਤੇ ਵੱਡਾ ਲੈਕਚਰ ਦਿੱਤਾ। ਉਸ ਤੋਂ ਅੱਗੇ ਬੈਠੀ ਨਰਸ ਨੇ ਸਾਰੀ ਜਾਣਕਾਰੀ, ਕਦੋਂ ਬਿਮਾਰ ਹੋਏ, ਕਿਥੋਂ ਬਿਮਾਰੀ ਲੱਗੀ ਆਦਿ ਬਾਰੇ ਵਿਸਥਾਰ ਵਿਚ ਕੰਮਪਿਊਟਰ ਵਿਚ ਦਰਜ ਕੀਤੀ ਅਤੇ ਇਸ ਤੋਂ ਅੱਗੇ ਟੈਸਟ ਲੈਣ ਵਾਲੇ ਕਮਰੇ ਅੱਗੇ ਉਡੀਕਣ ਲਈ ਕਿਹਾ। ਕਮਰੇ ਵਿਚੋਂ ਇੱਕ ਨਰਸ ਬਾਹਰ ਆਈ ਅਤੇ ਸਾਨੂੰ ਇੱਕ ਨੰਬਰ ਚੈਂਬਰ ਵਿਚ ਉਡੀਕਣ ਦੀ ਹਦਾਇਤ ਕੀਤੀ।
ਕੁਝ ਦੇਰ ਬਾਅਦ ਪੂਰੇ ਬਚਾਅ ਕਰ ਸਕਣ ਵਾਲੇ ਲਿਬਾਸ ਵਿਚ ਡਾਕਟਰ ਆਈ ਅਤੇ ਸਾਰੀ ਜਾਣਕਾਰੀ ਲੈਣ ਉਪਰੰਤ ਕੁਝ ਕੁ ਸਾਵਧਾਨੀਆਂ ਦੁਬਾਰਾ ਦੱਸ ਇਹ ਕਹਿ ਕੇ ਚਲੀ ਗਈ ਕਿ ਨਰਸ ਸੈਂਪਲ ਲੈਣ ਆਏਗੀ। ਇਸ ਸਾਰੇ ਵਰਤਾਰੇ ਵਿਚ ਸਾਡੇ ਸ਼ਹਿਰ ਬਰੈਂਪਟਨ ਵਿਚ ਵਸਦੇ ਸਾਰੇ ਭਾਈਚਾਰਿਆਂ ਦੀ ਵਿਸਥਾਰਿਤ ਪਹਿਚਾਣ ਹੋ ਰਹੀ ਸੀ। ਕੋਈ ਪੰਜਾਬਣ, ਕੋਈ ਚੀਨਣ ਕੋਈ ਅਫਰੀਕਨ ਤੇ ਕੋਈ ਕੋਕੇਸ਼ੀਅਨ (ਅੰਗਰੇਜ਼ਣ)। ਆਖਿਰ ਸੈਂਪਲ ਲੈਣ ਵਾਲੀ ਨਰਸ ਆਈ ਅਤੇ ਮੇਰੀ ਪਤਨੀ ਦੇ ਨੱਕ ਵਿਚ ਇੱਕ ਡੱਕੇ ਦੇ ਸਿਰੇ ਤੇ ਲੱਗਿਆ ਰੂੰ ਦਾ ਫੰਬਾ ਧੁਰ ਅੰਦਰ ਤੱਕ ਲਿਜਾ ਕੇ ਸੈਂਪਲ ਲੈ ਉਸ ਨੂੰ ਇੱਕ ਛੋਟੀ ਸ਼ੀਸ਼ੀ ਵਿਚ ਬੰਦ ਕਰ ਕੇ ਲੈ ਗਈ ਅਤੇ ਸਾਨੂੰ ਜਾਣ ਲਈ ਕਹਿ ਦਿੱਤਾ। ਸਾਡੇ ਬਾਹਰ ਜਾਣ ਵੇਲੇ ਵੀ ਬੱਸ ਇੱਕ ਦੋ ਵਿਅੱਕਤੀ ਹੋਰ ਟੈਸਟ ਕਰਵਾਉਣ ਲਈ ਆਏ ਹੋਏ ਸਨ। ਟੈਸਟ ਦਾ ਰਿਜ਼ਲਟ ਆਉਣ ਤੇ ਹਫਤਾ ਉਡੀਕਣ ਲਈ ਕਿਹਾ ਗਿਆ ਸੀ, ਪਰ ਜਦ ਚਾਰ ਕੁ ਦਿਨ ਬਾਅਦ ਫੈਮਲੀ ਡਾਕਟਰ ਨੂੰ ਟੈਲੀਫੋਨ ਕੀਤਾ ਤਾਂ ਰਸੈਪਨਿਸ਼ਟ ਨੇ ਦੱਸਿਆ ਤੇ ਕਿਹਾ ਕਿ ਟੈਲੀਫੋਨ ਹੋਲਡ ਕਰੋ, ਰਿਜ਼ਲਟ ਡਾਕਟਰ ਆਪ ਦਸਣਗੇ। ਰਿਜ਼ਲਟ ਦਾ ਮੈਨੂੰ ਤਾਂ ਪਤਾ ਹੀ ਸੀ, ਪਰ ਡਾਕਟਰ ਨੇ ਜਿਸ ਤਰ੍ਹਾਂ ਕਨੇਡਾ ਦਾ ਅਸੂਲ ਹੈ, ਕੁਝ ਭੁਮਿਕਾ ਬੰਨਣ ਬਾਅਦ ਦਸਿਆ ਕਿ ਤੁਹਾਡੀ ਪਤਨੀ ਦਾ ਕਰੋਨਾ ਵਾਇਰਸ ਟੈਸਟ ਪੌਜ਼ਿਟਵ ਆਇਆ ਹੈ। ਫਿਰ ਉਸਨੇ ਦੁਬਾਰਾ ਤੋਂ ਸਾਰੇ ਜ਼ਰੂਰੀ ਅਤਿਹਾਦ ਗਿਣਾਏ, ਜੋ ਵਾਇਰਸ ਨੂੰ ਅਗਾਂਹ ਕਿਸੇ ਹੋਰ ਤੱਕ ਜਾਣ ਤੋਂ ਰੋਕ ਸਕਦੇ ਸਨ ਅਤੇ ਕਿਹਾ ਕਿ ਜਦ ਤੱਕ ਬਿਮਾਰੀ ਸਾਹ ਘੁਟਣ ਤੱਕ ਜਾਂ ਕਿਸੇ ਹੋਰ ਤਰੀਕੇ ਗੰਭੀਰ ਨਾ ਹੋਵੇ, ਘਰ ਅੰਦਰ ਹੀ ਰਹੋ ਅਤੇ ਬੁਖਾਰ ਰੋਕਣ ਵਾਲੀ ਗੋਲੀ, ਟਾਇਨੀਨੌਲ ਹਰ 6 ਘੰਟੇ ਬਾਅਦ ਦਿੰਦੇ ਰਹੋ। ਡਾਕਟਰ ਵਲੋਂ ਦਿੱਤੀ ਹੋਰ ਜਾਣਕਾਰੀ ਓਹੋ ਸੀ ਜੋ ਸਿਹਤ ਸੇਵਾਵਾਂ ਦੇ ਅਮਲੇ ਵਲੋਂ ਵੀ ਦਿੱਤੀ ਜਾ ਚੁੱਕੀ ਸੀ, ਸੋ ਇਸ ਨੂੰ ਫਿਰ ਤੋਂ ਸੁਣ ਲਿਆ। ਇਹ ਜਾਣਕਾਰੀ ਸਿਹਤ ਵਿਭਾਗ ਦੇ ਵੱਖ ਵੱਖ ਅਧਿਕਾਰੀਆਂ ਵਲੋਂ ਫਿਰ ਵੀ ਦੋ ਬਾਰ ਦਿੱਤੀ ਗਈ। ਅਖੀਰਲਾ ਟੈਲੀਫੋਨ ਆਇਆ ਕਿ ਤੁਸੀਂ ਐਤਵਾਰ ਤੋਂ ਬਾਹਰ ਜਾ ਸਕਦੇ ਹੋ। ਇਸ ਤਰੀਕ ਵਾਲਾ ਐਤਵਾਰ ਲੰਘੇ ਤਿੰਨ ਦਿਨ ਬੀਤ ਚੁੱਕੇ ਸਨ। ਲੇਟ ਟੈਲੀਫੋਨ ਦਾ ਕਾਰਨ ਉਨ੍ਹਾਂ ਕੋਲ ਟੈਲੀਫੋਨ ਉਡੀਕ ਰਹੇ ਮਰੀਜ਼ਾਂ ਦੀ ਲੰਬੀ ਲਾਈਨ ਸੀ। ਪਰ ਇੱਕ ਗਲ ਮੈਨੂੰ ਮਹਿਸੂਸ ਹੋਈ ਕਿ ਇਕੋ ਜਾਣਕਾਰੀ ਸਾਨੂੰ ਚਾਰ ਵਾਰ ਦਿੱਤੀ ਗਈ, ਸੈਂਪਲ ਲਏ ਜਾਣ ਵੇਲੇ, ਫੇਮਿਲੀ ਡਾਕਟਰ ਵਲੋਂ, ਪਹਿਲਾਂ ਇੱਕ ਟੈਲੀਫੋਨ ਕਿ ਘਰ ਅੰਦਰ ਹੀ ਰਹਿਣਾ ਹੈ ਨਹੀਂ ਤਾਂ 5000 ਡਾਲਰ ਜ਼ੁਰਮਾਨਾ ਹੋ ਸਕਦਾ ਹੈ ਪਰ ਨਾਲ ਹੀ ਸਾਰੀ ਜਾਣਕਾਰੀ ਉਸੇ ਅਧਿਕਾਰਨ ਵਲੋਂ ਦਿੱਤੀ ਗਈ ਤੇ ਫਿਰ ਜਦ ਅਖੀਰਲਾ ਟੈਲੀਫੋਨ ਆਇਆ। ਇਸ ਦੁਹਰਾਅ ਨੂੰ ਰੋਕ ਕੇ ਸਮੇਂ ਅਤੇ ਹੋਰ ਸਾਧਨਾ ਦੀ ਬੱਚਤ ਕੀਤੀ ਜਾ ਸਕਦੀ ਹੈ। ਵੱਧ ਸਾਵਧਾਨੀ ਰਖਦਿਆਂ ਮੇਰੀ ਪਤਨੀ 6 ਦਿਨ ਹੋਰ ਬਾਹਰ ਨਹੀਂ ਗਈ ਅਤੇ ਬਾਕੀ ਪ੍ਰੀਵਾਰ ਤੋਂ ਵੀ ਦੂਰੀ ਬਣਾਈ ਰੱਖੀ।
ਮੇਰੀ ਪਤਨੀ ਦੇ ਬਿਮਾਰ ਹੋਣ ਬਾਅਦ, ਖਾਣ ਪੀਣ ਦੇ ਪ੍ਰਬੰਧ ਲਈ ਰਿਸ਼ਤੇਦਾਰਾਂ ਦੀ ਸਹਾਇਤਾ ਲੈਣੀ ਪਈ। ਉਹ ਖਾਣਾ ਬਣਾ ਕੇ ਬਾਹਰ ਰੱਖ ਜਾਂਦੇ ਅਤੇ ਮੈਂ ਸਾਰਿਆਂ ਨੂੰ ਘਰ ਅੰਦਰ ਵੰਡ ਦਿੰਦਾ। ਹੋਰ ਜ਼ਰੂਰੀ ਸਮਾਨ, ਗਰੌਸਰੀ ਵਗੈਰਾ ਵੀ ਉਹ ਹੀ ਖਰੀਦਕੇ ਘਰ ਪਹੁੰਚਾਉਂਦੇ। ਪਤਨੀ ਦੇ ਬਿਮਾਰ ਹੋਣ ਤੇ, ਇਹ ਜਾਣਦੇ ਹੋਏ ਕਿ ਵਾਇਰਸ ਹਵਾ ਵਿਚਦੀ ਨਹੀਂ ਫੇਲਦਾ, ਮੈਂ ਉਸ ਨੂੰ ਬਿਮਾਰੀ ਵੇਲੇ ਕਮਰੇ ਵਿਚ ਇਕੱਲਿਆਂ ਨਾ ਛੱਡਣ ਦਾ ਫੇਸਲਾ ਕਰ ਲਿਆ। ਮੈਂ ਉਸੇ ਕਮਰੇ ਵਿਚ ਰਿਹਾ। ਵਾਇਰਸ ਤੋਂ ਬਚਣ ਲਈ ਉਸ ਦੇ ਬੈੱਡ ਤੋਂ ਦੂਰ ਹੇਠਾਂ ਗੱਦਾ ਲਾ ਕੇ ਸੌਣਾਂ ਸ਼ੁਰੂ ਕਰ ਦਿੱਤਾ। ਵਾਸ਼ਰੂਮ ਵਿਚ ਦੋ ਵਾਸ਼ਬੇਸਨ ਸਨ, ਉਹ ਵੰਡ ਲਏ, ਇੱਕ ਉਹ ਵਰਤਦੀ ਤੇ ਇੱਕ ਮੈਂ। ਟੋਆਲਿਟ ਨੂੰ ਮੈਂ ਟੋਆਲਿਟ ਪੇਪਰ ਬਟਣ ਤੇ ਰੱਖ ਫਲੱਸ਼ ਕਰਨਾ ਸ਼ੁਰੂ ਕਰ ਦਿੱਤਾ ਆਦਿ ਸਾਵਧਾਨੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਮੇਰੀ ਪਤਨੀ ਨੂੰ ਲਗਾਤਾਰ 7 ਦਿਨ ਬੁਖਾਰ ਰਿਹਾ। ਬੇਸ਼ੱਕ ਟਾਇਨੀਨੌਲ 500 ਮਿਲੀਗਰਾਮ (ਕਰੋਸਿਨ) ਦੀਆਂ 24 ਘੰਟਿਆਂ ਵਿਚ ਵੱਧ ਤੋਂ ਵੱਧ ਅੱਠ ਗੋਲੀਆਂ ਵੀ ਦਿਤੀਆਂ ਜਾ ਸਕਦੀਆਂ ਹੁੰਦੀਆਂ ਹਨ ਪਰ ਮੈਂ ਉਸ ਨੂੰ ਇੱਕ ਵੇਲੇ ਸਿਰਫ ਇੱਕ ਗੋਲੀ ਦਿੰਦਾ। ਇਸ ਦਾ ਅਸਰ 6 ਘੰਟੇ ਰਹਿੰਦਾ ਹੈ ਪਰ ਮੈਂ ਦੋ ਘੰਟੇ ਹੋਰ ਲੰਘਾ ਦਿੰਦਾ ਤਾਂ ਜੋ ਪਤਾ ਲੱਗ ਜਾਵੇ ਕਿ ਬੁਖਾਰ ਵੱਧ ਰਿਹਾ ਹੈ ਜਾਂ ਘਟ ਰਿਹਾ ਹੈ। ਅਗਲੀ ਗੋਲੀ ਦੇਣ ਤੋਂ ਪਹਿਲਾਂ ਬੁਖਾਰ ਟੈਸਟ ਕਰਦਾ। ਬੁਖਾਰ ਲਗਾਤਾਰ 101.5 ਡਿਗਰੀ ਫਾਰਨਹੀਟ ਦੇ ਨੇੜੇ ਬਣਿਆ ਰਿਹਾ ਅਤੇ ਸਤਵੇਂ ਦਿਨ ਘਟਣ ਲੱਗਾ ਅਤੇ ਅਗਲੇ ਦਿਨ ਉਤਰ ਗਿਆ। ਜਾਣਕਾਰੀ ਹੋਣ ਕਾਰਨ ਮੈਂ ਪੰਜਵੇਂ ਦਿਨ ਚਿੰਤਿਤ ਸੀ, ਕਿਉਂਕਿ ਇਸ ਦਿਨ ਤੋਂ ਬਾਅਦ ਉਸ ਦੀ ਬਿਮਾਰੀ ਖਤਰਨਾਕ ਮੋੜ ਲੈ ਸਕਦੀ ਸੀ ਅਤੇ ਉਸ ਨੂੰ ਸਾਹ ਔਖਾ ਔਣ ਦੀ ਮੁਸ਼ਕਿਲ ਸ਼ੁਰੂ ਹੋ ਸਕਦੀ ਸੀ। ਪਰ ਪੰਜਵਾਂ ਦਿਨ ਵੀ ਲੰਘ ਗਿਆ ਅਤੇ ਫਿਰ ਛੇਵਾਂ ਵੀ, ਉਸ ਨੂੰ ਬੁਖਾਰ ਸੀ ਪਰ ਹੋਰ ਕੋਈ ਗੰਭੀਰ ਔਖ ਨਹੀਂ ਸੀ। ਆਖਿਰ 8 ਵੇਂ ਦਿਨ ਉਹ ਠੀਕ ਹੋ ਗਈ।
ਲੇਖ ਲਿਖਣ ਵੇਲੇ ਤੱਕ ਸਾਰੇ ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਮੈਂ ਅਤੇ ਮੇਰੇ ਦੋਨੋ ਪੋਤੇ ਇਸ ਦੇ ਹਮਲੇ ਤੋਂ ਬਚੇ ਰਹੇ ਹਾਂ। ਅਸੀਂ ਤਿੰਨਾ ਨੂੰ ਬਿਮਾਰੀ ਦੇ ਕੋਈ ਲੱਛਣ ਨਹੀਂ ਆਏ ਅਤੇ ਅਸੀਂ ਕਰੋਨਾ ਟੈਸਟ ਨਹੀਂ ਕਰਵਾਇਆ। ਹੋ ਸਕਦਾ ਹੈ ਕਿ ਇਹ ਸਾਡੇ ਤੱਕ ਅਪੜਿਆ ਪਰ ਤਿੰਨਾ ਦੇ ਅਮੀਊਨ ਸਿਸਟਮ (ਸਰੀਰ ਦੀ ਸੁਰੱਖਿਆ ਪ੍ਰਨਾਲੀ) ਨੇ ਇਸ ਨੂੰ ਅੱਗੇ ਨਹੀਂ ਵੱਧਣ ਦਿੱਤਾ ਜਾਂ ਫਿਰ ਮੇਰੇ ਵਲੋਂ ਲਈਆਂ ਸਾਵਧਾਨੀਆਂ ਕਾਰਨ ਅਸੀਂ ਬਚੇ ਰਹੇ ਬਾਰੇ ਪੱਕੀ ਤਰ੍ਹਾਂ ਕੁਝ ਵੀ ਨਹੀਂ ਕਿਹਾ ਜਾ ਸਕਦਾ। ਸਿਹਤ ਸੇਵਾਵਾਂ ਵਾਲੇ ਮੈਂਬਰ ਨੂੰ ਕੰਮ ਤੇ ਜਾਣ ਲਈ ਵਾਇਰਸ ਤੋਂ ਪੂਰੀ ਤਰ੍ਹਾਂ ਮੁਕਤ ਹੋਣਾ ਜ਼ਰੂਰੀ ਸੀ, ਇਸ ਲਈ ਉਸ ਨੇ ਠੀਕ ਹੋਣ ਤੇ ਬਿਮਾਰੀ ਸ਼ੁਰੂ ਹੋਣ ਦੇ 14 ਦਿਨ ਬਾਅਦ, ਫਿਰ 18 ਦਿਨ ਬਾਅਦ ਟੈਸਟ ਕਰਵਾਇਆ ਅਜੇ ਵੀ ਟੈਸਟ ਪੌਜ਼ਿਟਵ ਆ ਰਿਹਾ ਸੀ ਆਖਿਰ 26 ਦਿਨਾਂ ਬਾਅਦ ਕੀਤੇ ਟੈਸਟ ਵਿਚ ਰਿਪੋਰਟ ਨੈਗੇਟਿਵ ਆਈ। ਇਸ ਵਾਇਰਸ ਦੇ ਕਣ ਕਈ ਮਰੀਜ਼ਾਂ ਵਿਚ 4 ਹਫਤੇ ਤੱਕ ਵੀ ਵੇਖੇ ਗਏ ਹਨ ਪਰ ਮਰੀਜ਼ ਤੋਂ ਅੱਗੇ ਬਿਮਾਰੀ ਇਸ ਦੇ ਲੱਛਣ ਸ਼ੁਰੂ ਹੋਣ ਤੋਂ 3 ਦਿਨ ਪਹਿਲਾਂ ਅਤੇ ਪਹਿਲੇ 7 ਦਿਨਾਂ ਵਿਚ ਜਿਆਦਾ ਫੇਲਦੀ ਹੈ। ਲੱਛਣ ਖਤਮ ਹੋਣ ਤੋਂ 3 ਦਿਨ ਬਾਅਦ ਮਰੀਜ਼ ਆਮ ਤੌਰ ਤੇ ਇਸ ਨੂੰ ਅੱਗੇ ਘੱਟ ਹੀ ਫੇਲਾਅ ਸਕਦਾ ਹੈ।
ਡਾ ਬਲਜਿੰਦਰ ਸਿੰਘ ਸੇਖੋਂ
ਬਰੈਮਪਟਨ ਕੈਨੇਡਾ
-
ਡਾ ਬਲਜਿੰਦਰ ਸਿੰਘ ਸੇਖੋਂ, ਲੇਖਕ ਤੇ ਪੱਤਰਕਾਰ
baljindersekha@yahoo.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.