ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਦੇਸ਼ ਅੰਦਰ ਲਾਗੂ ਕੀਤੇ ਗਏ ਲਾਕਡਾਊਨ ਦੌਰਾਨ ਜਿੱਥੇ ਦੇਸ਼ ਵਿਚਲਾ ਸਿਸਟਮ ਇੱਕ ਵਾਰ ਪੂਰੀ ਤਰ੍ਹਾਂ ਰੁਕ ਕੇ ਰਹਿ ਗਿਆ ਹੈ, ਉੱਥੇ ਹੀ ਮਜ਼ਬੂਰੀ ਵਸ ਵਿਦਿਅਕ ਅਦਾਰਿਆਂ ਨਾਲ ਸਬੰਧਿਤ ਕਾਫ਼ੀ ਪ੍ਰੀਖ਼ਿਆਵਾਂ ਨੂੰ ਸਿੱਖਿਆ ਵਿਭਾਗ ਵੱਲੋਂ ਰੱਦ ਕਰ ਦਿੱਤਾ ਗਿਆ ਅਤੇ ਬੱਚਿਆਂ ਨੂੰ ਪ੍ਰਮੋਟ ਕਰਕੇ ਅਗਲੀਆਂ ਕਲਾਸਾਂ 'ਚ ਕਰਨ ਦਾ ਫ਼ੈਸਲਾ ਲੈਣਾ ਪਿਆ ਹੈ। ਇਸ ਦੇ ਨਾਲ ਹੀ ਸਿੱਖਿਆ ਦਾ ਨਵਾਂ ਸ਼ੈਸ਼ਨ ਵੀ ਲਾਕਡਾਊਨ ਦੇ ਕਾਰਨ ਧਰਾਤਲ 'ਤੇ ਲਾਗੂ ਨਾ ਕਰ ਸਕਣ ਕਰਕੇ ਸਬੰਧਿਤ ਸਿੱਖਿਆ ਵਿਭਾਗ ਵੱਲੋਂ ਬੱਚਿਆਂ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਦੇ ਮੱਦੇਨਜ਼ਰ ਜਿੱਥੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਆਨ–ਲਾਇਨ ਪੜ੍ਹਾਈ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ, ਉੱਥੇ ਦੂਸਰੇ ਪਾਸੇ ਇਸ ਨਾਲ ਜੁੜੇ ਕਈ ਤੱਥਾਂ ਨੂੰ ਨਜ਼ਰਅੰਦਾਜ ਕਰ ਦਿੱਤਾ ਗਿਆ ਹੈ।
ਸਭ ਤੋਂ ਪਹਿਲਾਂ ਤਾਂ ਇਹ ਕਿ ਵੱਡੀ ਗਿਣਤੀ ਬੱਚਿਆਂ ਦੇ ਮਾਤਾ–ਪਿਤਾ ਕੋਲ ਸਮਾਰਟ ਫੋਨ ਨਹੀਂ ਹਨ ਅਤੇ ਜਿੰਨ੍ਹਾਂ ਪਰਿਵਾਰਾਂ 'ਚ ਸਮਾਰਟ ਫੋਨ ਹਨ, ਉਨ੍ਹਾਂ ਦੇ ਜਿਆਦਾਤਰ ਬੱਚੇ ਇਹ ਜਾਣ ਕੇ ਕਿ 'ਉਨ੍ਹਾਂ ਦੇ ਨਾਲ ਪੜ੍ਹਦੇ ਵੱਡੀ ਗਿਣਤੀ ਬੱਚੇ ਸਮਾਰਟ ਫੋਨ ਦਾ ਇੰਤਜਾਮ ਨਹੀਂ ਕਰ ਸਕਣਗੇ, ਆਪਣਾ ਹੋਮ ਵਰਕ ਨਹੀਂ ਕਰਨਗੇ, ਕਿਉਂ ਕਿ ਉਨ੍ਹਾਂ ਨੂੰ ਪਤਾ ਹੈ ਕਿ ਸਮਾਰਟ ਫੋਨ ਰਹਿਤ ਬੱਚਿਆਂ ਨੂੰ ਹਰ ਹੀਲੇ ਸਮਾਂ ਆਉਣ 'ਤੇ ਅਧਿਆਪਕਾਂ ਵੱਲੋਂ ਸਕੂਲ ਅੰਦਰ ਪੜ੍ਹਾਈ ਤਾਂ ਕਰਵਾਉਣੀ ਹੀ ਹੋਵੇਗੀ ਅਤੇ ਸਕੂਲ ਖੁੱਲ੍ਹਣ 'ਤੇ ਜੇਕਰ ਅਧਿਆਪਕਾਂ ਨੂੰ ਮੁੜ ਤੋਂ ਸਾਰਾ ਸਿਲੇਬਸ ਕਰਵਾਉਣਾ ਪਿਆ ਤਾਂ ਅਧਿਆਪਕ ਜਮਾਤ ਵੀ ਤਣਾਅ ਗ੍ਰਸਤ ਹੋਵੇਗੀ ਅਤੇ ਸਕੂਲ ਅੰਦਰ ਬੱਚਿਆਂ ਨੂੰ ਮੁੜ ਉਹੀ ਸਿਲੇਬਸ ਪੜ੍ਹਾਉਣ 'ਚ ਉਨ੍ਹਾਂ ਦਿਲਚਸਪੀ ਵੀ ਨਹੀਂ ਬਣੇਗੀ।
ਦੂਸਰਾ ਇਹ ਕਿ ਜਿੰਨ੍ਹਾਂ ਬੱਚਿਆਂ ਦੇ ਮਾਤਾ–ਪਿਤਾ ਨੂੰ ਇਸ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਦੋ ਡੰਗ ਦੀ ਰੋਟੀ ਦਾ ਇੰਤਜਾਮ ਕਰਨਾ ਮੁਸ਼ਕਿਲ ਹੋ ਰਿਹਾ ਹੈ, ਉਹ ਆਪਣੇ ਬੱਚਿਆਂ ਨੂੰ ਸਮਾਰਟ ਫੋਨ ਮੁਹੱਈਆ ਨਹੀਂ ਕਰਵਾ ਸਕਦੇ ਅਤੇ ਜੇਕਰ ਔਖੇ–ਸੌਖੇ ਲੈ ਵੀ ਦੇਣਗੇ ਤਾਂ ਉਨ੍ਹਾਂ ਨੂੰ ਰਿਚਾਰਜ ਕਰਵਾਉਣਾ ਵੀ ਉਨ੍ਹਾਂ ਲਈ ਵੱਡੀ ਸਮੱਸਿਆ ਹੈ, ਇਸ ਤਰ੍ਹਾਂ ਨਾਲ ਇੰਨ੍ਹਾਂ ਬੱਚਿਆਂ ਅੰਦਰ ਹੀਣ–ਭਾਵਨਾ ਪੈਦਾ ਹੋਵੇਗੀ ਅਤੇ ਇਹ ਹੀਣ–ਭਾਵਨਾ ਉਨ੍ਹਾਂ ਬੱਚਿਆਂ ਨੂੰ ਮਨੋਰੋਗ ਦਾ ਸ਼ਿਕਾਰ ਵੀ ਬਣਾ ਸਕਦੀ ਹੈ ਅਤੇ ਜੋ ਬੱਚੇ ਇਸ ਤਰ੍ਹਾਂ ਦੀ ਸਥਿਤੀ ਦਾ ਸ਼ਿਕਾਰ ਹੋ ਜਾਣਗੇ, ਉਨ੍ਹਾਂ ਦੇ ਮਾਪੇ ਵੀ ਬੇਵੱਸ ਅਤੇ ਲਾਚਾਰ ਹੋ ਕੇ ਰਹਿ ਜਾਣਗੇ। ਇਸ ਤੋਂ ਇਲਾਵਾ ਸਕੂਲਾਂ ਦੇ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਕਰਵਾਈ ਜਾ ਰਹੀ ਆਨਲਾਇਨ ਪੜ੍ਹਾਈ ਜਿਆਦਾਤਰ ਬੱਚਿਆਂ ਨੂੰ ਸਮਝ ਵੀ ਨਹੀਂ ਆ ਰਹੀ, ਕਿਉਂ ਅਧਿਆਪਕ ਤਾਂ ਆਨਲਾਇਨ ਸਿਲੇਬਸ ਪਾ ਕੇ ਆਪਣੀ ਡਿਊਟੀ ਨਿਭਾ ਦਿੰਦੇ ਪਰ ਵਿਦਿਆਰਥੀ ਹਨ ਕਿ ਉਨ੍ਹਾਂ ਕੋਲ ਇੰਨ੍ਹਾਂ ਸਵਾਲਾਂ ਨੂੰ ਸਮਝਣ ਦਾ ਮੌਕਾ ਹੀ ਨਹੀਂ ਹੁੰਦਾ, ਕਿਉਂ ਕਿ ਉਹ ਗੱਲ ਕਰਨ ਤਾਂ ਕਿਸ ਨਾਲ? ਹਾਲਾਂਕਿ ਵੱਖ–ਵੱਖ ਵਿਸ਼ਿਆਂ ਦੇ ਅਧਿਆਪਕਾਂ ਵੱਲੋਂ ਬਦਲ–ਬਦਲ ਕੇ ਵਿਦਿਆਰਥੀਆਂ ਨੂੰ ਆਨਲਾਇਨ ਸਲੇਬਸ ਦਿੱਤਾ ਜਾਂਦਾ ਹੈ ਪਰ ਕਿਹਾ ਜਾ ਸਕਦਾ ਹੈ ਕਿ ਅਧਿਆਪਕਾਂ ਦੀ ਵਾਰੀ–ਵਾਰੀ, ਵਿਦਿਆਰਥੀਆਂ ਦੀ ਲਗਾਤਾਰ ਵਾਰੀ, ਭਾਵ ਕਿ ਬੇਸ਼ੱਕ ਵੱਖ–ਵੱਖ ਵਿਸ਼ਿਆਂ ਦੇ ਅਧਿਆਪਕ ਵਾਰੋ–ਵਾਰੀ ਇੱਕ ਦਿਨ ਛੱਡ ਕੇ ਬੱਚਿਆਂ ਨੂੰ ਸਿਲੇਬਸ ਕਰਨ ਲਈ ਆਨਲਾਇਨ ਦੇ ਰਹੇ ਹਨ ਪਰ ਬੱਚੇ ਹਨ ਕਿ ਉਨ੍ਹਾਂ ਨੂੰ ਰੋਜ਼ਾਨਾ ਘੰਟਿਆਂ ਬੱਧੀ ਗਰਦਨ ਚੁੱਕਣੀ ਨਹੀਂ ਮਿਲਦੀ ਅਤੇ ਨਿਰੰਤਰ ਮੋਬਾਇਲ 'ਤੇ ਆਪਣਾ ਇਹ ਸਕੂਲ ਦਾ ਕੰਮ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ।
ਡਾਕਟਰਾਂ ਅਨੁਸਾਰ ਇਸ ਤਰ੍ਹਾਂ ਨਾਲ ਬੱਚਿਆਂ ਦੀ ਨਜ਼ਰ ਕਮਜ਼ੋਰ ਹੋਣ, ਅੱਖਾਂ 'ਚ ਟੇਢਾਪਣ ਆਉਣ ਦਾ ਖ਼ਤਰਾ ਲਗਾਤਾਰ ਵੱਧਣ ਦੇ ਨਾਲ–ਨਾਲ ਰੀੜ੍ਹ ਦੀ ਹੱਡੀ ਅਤੇ ਦਿਮਾਗ ਨਾਲ ਸਬੰਧਿਤ ਹੋਰ ਵੀ ਬਿਮਾਰੀਆਂ ਪੈਦਾ ਹੋਣ ਦਾ ਖਦਸ਼ਾ ਪੈਦਾ ਹੋ ਜਾਂਦਾ ਹੈ। ਬੱਚਿਆਂ ਦੀ ਪੜ੍ਹਾਈ ਦੇ ਹੋਣ ਵਾਲੇ ਨੁਕਸਾਨ ਨੂੰ ਰੋਕਣ ਦੀ ਗੱਲ ਕਰਕੇ ਸਬੰਧਿਤ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਨੂੰ ਹਾਈਟੈਕ ਕਰਨ ਦਾ ਨਾਮ ਦੇ ਕੇ ਕਰਵਾਈ ਜਾ ਰਹੀ ਆਨਲਾਇਨ ਪੜ੍ਹਾਈ ਦੇ ਇੱਕ ਹੋਰ ਪਹਿਲੂ 'ਤੇ ਨਜ਼ਰ ਮਾਰੀਏ ਤਾਂ ਉਹ ਹੋਰ ਵੀ ਦਿਲ ਦਹਿਲਾਉਣ ਵਾਲਾ ਹੈ, ਉਹ ਇਹ ਹੈ ਕਿ ਵੈਸੇ ਤਾਂ ਜਿਆਦਾਤਰ ਬੱਚਿਆਂ ਕੋਲ ਸਮਾਰਟ ਫੋਨ ਹਨ ਹੀ ਨਹੀਂ ਅਤੇ ਜਿੰਨ੍ਹਾਂ ਕੋਲ ਹਨ, ਉਨ੍ਹਾਂ 'ਚ ਕੁੱਝ ਫ਼ੀਸਦੀ ਬੱਚੇ ਹੀ ਇਸ ਸਮਾਰਟ ਫੋਨ ਰਾਹੀਂ ਪੜ੍ਹਨ ਨੂੰ ਤਰਜ਼ੀਹ ਦੇਣਗੇ ਅਤੇ ਵਧੇਰੇ ਤਾਂ ਇੰਨ੍ਹਾਂ ਫੋਨਾਂ ਦਾ ਦੁਰਉਪਯੋਗ ਹੀ ਕਰਨਗੇ, ਦੁਰਉਪਯੋਗ ਇਹ ਕਿ ਇੰਨ੍ਹਾਂ ਸਮਾਰਟ ਫੋਨਾਂ 'ਤੇ ਦੁਨੀਆਂ ਭਰ ਦੀਆਂ ਗੰਦਗੀ ਭਰੀਆਂ ਐਪਸ ਹਨ ਅਤੇ ਟੀਨਏਜ਼ਰ (ਕਿਸ਼ੋਰ ਅਵਸਥਾ) ਬੱਚੇ, ਜੋ ਕਿ ਦਿਮਾਗੀ ਤੌਰ 'ਤੇ ਪੂਰੀ ਤਰ੍ਹਾਂ ਵਿਕਸਤ ਨਹੀਂ ਹੁੰਦੇ ਅਤੇ ਉਹ ਪੂਰੀ ਤਰ੍ਹਾਂ ਚੰਗੇ–ਮੰਦੇ ਦੀ ਸਮਝ ਨਹੀਂ ਰੱਖਦੇ, ਉਹ ਇੰਨ੍ਹਾਂ ਐਪਸ ਨੂੰ ਹੀ ਵੇਖਣ 'ਚ ਦਿਲਚਸਪੀ ਵਿਖਾਉਣਗੇ, ਜਿਸ ਨਾਲ ਉਹ ਅਪਰਾਧ ਦੀ ਦਿਸ਼ਾ ਵੱਲ ਅਕਰਸ਼ਿਤ ਹੋਣਗੇ, ਕਿਉਂ ਕਿ ਮਨੁੱਖੀ ਸੁਭਾਅ ਹੈ ਕਿ ਉਹ ਚੰਗੇ ਗੁਣਾਂ ਨੂੰ ਓਨਾ ਜਲਦੀ ਗ੍ਰਹਿਣ ਨਹੀਂ ਕਰਦਾ, ਜਿੰਨ੍ਹਾਂ ਜਲਦੀ ਮਾੜੇ ਗੁਣਾਂ ਨੂੰ ਅਤੇ ਇੰਨ੍ਹਾਂ ਸਮਾਂ ਮਾਪਿਆਂ ਕੋਲ ਵੀ ਨਹੀਂ ਹੁੰਦਾ ਕਿ ਉਹ ਇਸ ਆਨਲਾਇਨ ਸਟੱਡੀ ਦੌਰਾਨ ਹਰ ਸਮੇਂ ਆਪਣੇ ਬੱਚਿਆਂ ਦਾ ਧਿਆਨ ਰੱਖ ਸਕਣ। ਇਸ ਤਰ੍ਹਾਂ ਆਨਲਾਇਨ ਸਟੱਡੀ ਕਰਵਾਉਣ ਦੀਆਂ ਸਿੱਖਿਆ ਵਿਭਾਗ ਦੀਆਂ ਕੋਸ਼ਿਸ਼ਾਂ ਟੀਨਏਜ਼ਰ ਬੱਚੇ, ਜਿੰਨ੍ਹਾਂ ਨੂੰ 'ਅੱਜ ਦੇ ਬੱਚੇ– ਕੱਲ੍ਹ ਦੇ ਨੇਤਾ' ਜਾਂ 'ਅੱਜ ਦੇ ਬੱਚੇ–ਕੱਲ੍ਹ ਦੇ ਦੇਸ਼ ਦਾ ਭਵਿੱਖ' ਕਿਹਾ ਜਾਂਦਾ ਹੈ, ਦੇ ਕੋਮਲ ਦਿਲ ਅਤੇ ਅਵਿਕਸਤ ਦਿਮਾਗ 'ਤੇ ਚੰਗਿਆਈ ਦੀ ਜਗ੍ਹਾ, ਬੁਰਾਈ ਛੱਡਣ ਦਾ ਖਦਸ਼ਾ ਵਧੇਰੇ ਬਣ ਗਈਆਂ ਹਨ।
ਇਸ ਲਈ ਸਬੰਧਿਤ ਸਿੱਖਿਆ ਵਿਭਾਗਾਂ ਨੂੰ ਬੱਚਿਆਂ ਨੂੰ ਆਨਲਾਇਨ ਪੜ੍ਹਾਈ ਕਰਵਾਉਣ ਦੇ ਆਪਣੇ ਇਸ ਫ਼ੈਸਲੇ 'ਤੇ ਗੰਭੀਰਤਾ ਨਾਲ ਮੁੜ ਵਿਚਾਰ ਕਰਨ ਦੀ ਲੋੜ ਹੈ, ਨਹੀਂ ਤਾਂ ਕਿਤੇ ਅਜਿਹਾ ਨਾ ਹੋਵੇ ਕਿ ਸਮਾਰਟ ਫੋਨ ਰਹਿਤ ਬੱਚੇ ਹੀਣਭਾਵਨਾ ਦਾ ਸ਼ਿਕਾਰ ਹੋ ਜਾਣ, ਸਮਾਰਟ ਫੋਨ 'ਤੇ ਕੰਮ ਕਰਨ ਵਾਲੇ ਬੱਚਿਆਂ ਨੂੰ ਵੱਖ–ਵੱਖ ਤਰ੍ਹਾਂ ਦੀਆਂ ਬਿਮਾਰੀਆਂ ਆਪਣੀਆਂ ਗ੍ਰਿਫ਼ਤ ਵਿੱਚ ਲੈ ਲੈਣ, ਬੱਚਿਆਂ ਨੂੰ ਸਮਰਾਟ ਫੋਨ ਨਾ ਲੈ ਸਕਣ ਵਾਲੇ ਪਰਿਵਾਰਾਂ 'ਚ ਲੜਾਈ–ਝਗੜੇ ਪੈਦਾ ਹੋਣ ਅਤੇ ਟੀਨਏਜ਼ਰ ਬੱਚੇ ਆਨਲਾਇਨ ਸਟੱਡੀ ਦੇ ਬਹਾਨੇ ਗੰਦਗੀ ਭਰੀਆਂ ਐਪਸ ਵੇਖ ਕੇ ਨੈਤਿਕ ਕਦਰਾਂ–ਕੀਮਤਾਂ, ਸਮਾਜਿਕ ਨੈਤਿਕਤਾ ਦਾ ਤਿਆਗ ਕਰਕੇ ਅਪਰਾਧ ਦੀ ਦੁਨੀਆਂ ਵੱਲ ਕਦਮ ਉਠਾਉਣ। ਸੋ ਸਬੰਧਿਤ ਸਿੱਖਿਆ ਵਿਭਾਗਾਂ ਨੂੰ ਆਪਣੇ ਇਸ ਫ਼ੈਸਲੇ ਪ੍ਰਤੀ ਗੰਭੀਰਤਾ ਨਾਲ ਵਿਚਾਰ ਕਰਨ ਦੀ ਜਰੂਰਤ ਹੈ।
–ਮਿੱਤਰ ਸੈਨ ਸ਼ਰਮਾ
ਮਾਨਸਾ (ਪੰਜਾਬ)
ਮੋ: 09876961270
-
ਮਿੱਤਰ ਸੈਨ ਸ਼ਰਮਾ, ਲੇਖਕ ਤੇ ਪੱਤਰਕਾਰ
tajasamachar2005@gmail.com
09876961270
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.