ਕਲਮ ਹੱਥ ਫੜਨ ਤੋ ਪਹਿਲਾ ਸੋਚ ਦਾ ਪਕੇਰਾਪਨ ਜਰੂਰੀ ਹੁੰਦਾ ਹੈ । ਕੁਝ ਲਿਖਣ ਤੋਂ ਪਹਿਲਾਂ ਉਸ ਨੂੰ ਡੂੰਘੀ ਤਰਾਂ ਵਿਚਾਰ ਲੈਣਾ ਜ਼ਰੂਰੀ ਹੁੰਦਾ ਹੈ । ਬ੍ਰਹਿਮੰਡ ਚ ਸ਼ਬਦ ਸਭ ਤੋਂ ਵੱਡੀ ਸ਼ਕਤੀ ਹਨ । ਇਹਨਾਂ ਦੀ ਵਰਤੋ ਬਹੁਤ ਸੋਚ ਸਮਝਕੇ ਕਰਨੀ ਚਾਹੀਦੀ ਹੈ ਕਿਉਕਿ ਇਹਨਾ ਦੇ ਜਰੀਏ ਪ੍ਰਗਟਾਏ ਗਏ ਜਾਂ ਪੇਸ਼ ਕੀਤੇ ਗਏ ਵਿਚਾਰ ਮਾਣ ਜਸ ਵੀ ਬਹੁਤ ਦੁਆ ਸਕਦੇ ਹਨ ਤੇ ਛਿੱਤਰ ਤੇ ਲਿੱਤਰ ਵੀ ਲੋਹੜੇ ਦੇ ਪੁਆ ਸਕਦੇ ਹਨ । ਦੂਜੇ ਸ਼ਬਦਾਂ 'ਚ ਕੱਚ ਘਰੜ ਸੋਚ ਦੇ ਨਤੀਜੇ ਹਮੇਸ਼ਾ ਹੀ ਮਾੜੇ ਤੇ ਘਾਤਕ ਹੁੰਦੇ ਹਨ । ਕਲਮ ਚਲਾਉਣ ਦੀ ਜ਼ੁੰਮੇਵਾਰੀ ਬਹੁਤ ਵੱਡੀ ਹੁੰਦੀ ਹੈ । ਜੇਕਰ ਕਲਮ ਫੜੀ ਹੈ ਤਾਂ ਸੋਚ ਦੇ ਦਾਇਰੇ ਦਾ ਵਿਸ਼ਾਲ ਹੋਣਾ ਜ਼ਰੂਰੀ ਹੁੰਦਾ ਹੈ ਤੇ ਇਸ ਦੇ ਨਾਲ ਹੀ ਲਿਖਤ ਦੇ ਥੀਮ ਬਾਰੇ ਸ਼ਪੱਸ਼ਟਤਾ ਵੀ ਚਾਹੀਦੀ ਹੈ । ਰਚਨਾ ਚ ਵਰਤੇ ਗਏ ਪ੍ਰਤੀਕ, ਬਿੰਬ ,ਅਲੰਕਾਰ ਤੇ ਹਵਾਲੇ ਸਹੀ ਤੇ ਢੁਕਵੇਂ ਹੋਣੇ ਜ਼ਰੂਰੀ ਹੁੰਦੇ ਹਨ । ਐਵੇਂ ਹੀ ਆਪਣੇ ਨਾਮ ਨਾਲ ਲੇਖਕ ਹੋਣ ਦਾ ਲਕਬ ਲਗਾ ਲੈਣਾ, ਅਸਲ ਵਿੱਚ ਆਪਣੇ ਆਪ ਨੂੰ ਭਰਮ ਭੁਲੇਖੇ ਚ ਰੱਖਕੇ ਖ਼ੁਦ ਹੀ ਮੂਰਖ ਬਣਨ ਤੋਂ ਕਿਸੇ ਤਰਾਂ ਵੀ ਘੱਟ ਨਹੀਂ ਹੁੰਦਾ, ਜਨਤਾ ਸਭ ਕੁੱਜ ਜਾਣਦੀ ਹੈ, ਕੁੱਜ ਕਹੇ ਜਾਂ ਨਾ ।
ਗੁਰਬਾਣੀ ਦੇ ਫੁਰਮਾਨ “ਕਿਛੁ ਸੁਣੀਏ ਕਿਛੁ ਕਹੀਏ” ਮੁਤਾਬਿਕ ਇਕ ਚੰਗਾ ਲਿਖਾਰੀ ਬਣਨ ਵਾਸਤੇ ਇਕ ਚੰਗਾ ਪਾਠਕ ਤੇ ਸਰੋਤਾ ਹੋਣਾ ਜ਼ਰੂਰੀ ਹੁੰਦਾ ਹੈ ਜਦ ਕਿ ਅਖੌਤੀ ਤੇ ਕੱਚੇ ਲੇਖਕ ਦੀ ਪਹਿਲੀ ਪਹਿਚਾਣ ਹੀ ਇਹ ਹੁੰਦੀ ਹੈ ਕਿ ਉਹ ਨਾ ਹੀ ਚੰਗਾ ਪਾਠਕ ਹੁੰਦਾ ਹੈ ਤੇ ਨਾ ਹੀ ਚੰਗਾ ਸਰੋਤਾ। ਉਸ ਦਾ ਕੰਮ ਸਿਰਫ ਆਪਣਾ ਹੀ ਟੱਟੂ ਧੂੜ ਚ ਭਜਾਈ ਫਿਰਨਾ ਹੁੰਦਾ ਹੈ । ਦਰਅਸਲ ਸ਼ੋਸ਼ਲ ਮੀਡੀਏ ਉੱਤੇ ਅੱਜ-ਕੱਲ੍ਹ ਏਹੀ ਕੁੱਜ ਹੋ ਵਾਪਰ ਰਿਹਾ ਹੈ । ਇਸ ਉੱਤੇ ਝਾਤ ਮਾਰਿਆਂ ਇਸ ਤਰਾਂ ਨਜ਼ਰ ਆਉਦਾ ਹੈ ਜਿਵੇਂ ਹਰ ਪੰਜਾਬੀ, ਲੇਖਕ ਤੇ ਕਲਾਕਾਰ ਬਣ ਗਿਆ ਹੋਵੇ !
ਲੇਖਕ ਸੱਚ ਦਾ ਖੋਜੀ ਹੁੰਦਾ ਹੈ । ਉਸ ਦਾ ਕੋਈ ਧਿਰ ਜਾਂ ਧੜਾ ਨਹੀਂ ਹੁੰਦਾ । ਉਹ ਸਮੇਂ ਦੀ ਤੋਰ ਨਾਲ ਕਦਮ ਮੇਚ ਕੇ ਚੱਲਦਾ ਹੋਇਆ ਵਾਪਰ ਰਹੇ ਹਰ ਤਰਾਂ ਦੇ ਸਮਾਜਿਕ ਵਰਤਾਰੇ ਨੂੰ ਆਪਣੇ ਨਜ਼ਰੀਏ ਨਾਲ ਦੇਖਦਾ ਹੈ ਤੇ ਆਪਣੇ ਅਨੁਭਵ ਰਾਹੀਂ ਆਪਣੀ ਮੌਲਿਕ ਤੇ ਵਿਲੱਖਣ ਸ਼ੈਲੀ ਰਾਹੀਂ ਪੇਸ਼ ਕਰਕੇ ਸਾਹਿਤਕ ਹਲਕਿਆ ਵਿਚ ਆਪਣੀ ਨਿੱਗਰ ਤੇ ਨਿਵੇਕਲੀ ਪਹਿਚਾਣ ਬਣਾਉਂਦਾ ਹੈ ।
ਜੋ ਵਿਅਕਤੀ ਆਪਣੇ ਮਾਨਸਿਕ ਊਲਾਰਪਣ ਕਰਨ ਆਪਣੇ ਅੰਦਰਲੀ ਕਾਮੁਕ ਗੰਦਗੀ ਲੋਕਾਂ ਅੱਗੇ ਪਰੋਸਦਾ ਹੈ, ਉਹ ਮਾਨਸਿਕ ਤੌਰ ‘ਤੇ ਬਿਮਾਰ ਤੇ ਉਲਾਰ ਤਾਂ ਹੋ ਸਕਦਾ ਹੈ, ਪਰ ਲਿਖਾਰੀ ਕਦੇ ਵੀ ਨਹੀਂ ਹੋ ਸਕਦਾ ।
ਜ਼ਮਾਨਾ ਉਹ ਚੱਲ ਰਿਹਾ ਹੈ ਜਿਸ ਵਿੱਚ ਹਰ ਕੋਈ ਆਪਣੇ ਆਪ ਨੂੰ ਲੇਖਕ, ਪੱਤਰਕਾਰ ਤੇ ਸਾਹਿਤਕਾਰ ਸਮਝ ਰਿਹਾ ਹੈ । ਲਿਖਣਾ ਕਿੰਨਾ ਕੁ ਜੌਖਮ ਵਾਲਾ ਕੰਮ ਹੈ, ਇਸ ਗੱਲ ਦਾ ਅੰਦਾਜ਼ਾ ਉਸ ਵੇਲੇ ਲਗਦਾ ਹੈ ਜਦ ਕੋਈ ਇਕ ਦੋ ਲਫ਼ਜ਼ਾਂ ਦੇ ਕਾਰਨ ਹੀ ਕਰੋੜਾਂ ਰੁਪਏ ਦੇ ਇਵਜ਼ਾਨੇ ਦੇ ਮਾਣ-ਹਾਨੀ ਦੇ ਕੇਸ ਵਿੱਚ ਫਸ ਕੇ ਝੁੱਗਾ ਚੌੜ ਕਰਵਾ ਬੈਠਦਾ ਹੈ । ਸ਼ੋਸ਼ਲ ਮੀਡੀਏ ਦੁਆਰਾ ਦਿੱਤੀ ਗਈ ਜਾਂ ਮਿਲੀ ਹੋਈ ਖੁੱਲ ਦਾ ਜੇਕਰ ਸਹੀ ਇਸਤੇਮਾਲ ਕੀਤਾ ਜਾਵੇ ਤਾਂ ਸਮਾਜਿਕ ਪਾਰ ਉਤਾਰਾ ਹੋ ਸਕਦਾ ਹੈ, ਜੇਕਰ ਇਸ ਖੁੱਲ੍ਹ ਦਾ ਮਤਲਬ ਧਿਰਬਾਜੀ, ਧੜੇਬਾਜ਼ੀ, ਗਾਲੀ ਗਲੋਚ, ਦੁਅਰਥੀ ਕਾਮ ਉਕਸਾਊ ਗੱਲ-ਬਾਤ ਅਤੇ ਨਿਖੇਧਾਤਮਕ ਵਾਰਤਾਲਾਪ ਕਰਨਾ ਮੰਨਿਆ ਜਾਵੇ ਤਾਂ ਇਹ ਨਿਸ਼ਚੇ ਹੀ ਕਿਸੇ ਸਮਾਜ ਦੇ ਗਰਕ ਜਾਣ ਦੀ ਨਿਸ਼ਾਨੀ ਵੀ ਹੁੰਦੀ ਹੈ ਤੇ ਅਜਿਹਾ ਹੋਣ ਦੀ ਗਰੰਟੀ ਵੀ ।
ਕਲਮ ਦੀ ਤਾਕਤ, ਤਲਵਾਰ ਦੀ ਤਾਕਤ ਨਾਲ਼ੋਂ ਵੱਡੀ ਹੁੰਦੀ ਹੈ । ਤਲਵਾਰ ਜਾਂ ਹਥਿਆਰ ਦਾ ਵਾਰ ਤਾਂ ਕਿਸੇ ਦੇ ਨੇੜੇ ਹੋ ਕੇ ਹੀ ਕੀਤਾ ਜਾ ਸਕਦਾ ਹੈ ਜਦ ਕਿ ਸ਼ਬਦਾਂ ਦਾ ਵਾਰ ਹਜ਼ਾਰਾਂ ਲੱਖਾਂ ਮੀਲ ਦੂਰੋ ਬੈਠਿਆ ਹੀ ਕੀਤਾ ਜਾ ਸਕਦਾ ਹੈ । ਕਲਮ ਅੱਗ ਦੇ ਭਾਂਬੜ ਵਾ ਲਾ ਸਕਦੀ ਹੈ ਤੇ ਸ਼ਾਂਤੀ ਦੀ ਸੀਤਲਤਾ ਵੀ ਵਰਤਾ ਸਕਦੀ ਹੈ । ਇਸ ਕਰਕੇ ਲੇਖਕ ਦਾ ਫਰਜ ਅਤੇ ਜ਼ੁੰਮੇਵਾਰੀ ਦੋਵੇਂ ਵੱਡੇ ਹੁੰਦੇ ਹਨ । ਉਸ ਨੂੰ ਕਦੇ ਵੀ ਸਸਤੀ ਸ਼ੋਹਰਤ ਦੇ ਮਗਰ ਨਹੀਂ ਭੱਜਣਾ ਚਾਹੀਦਾ ਤੇ ਨਾ ਹੀ ਰਾਤੋ ਰਾਤ ਲੇਖਕ ਬਣਨ ਵਾਸਤੇ ਅਸਮਾਨ ਟਾਕੀ ਲਾਉਣ ਦਾ ਸੁਪਨਾ ਲੈਣਾ ਚਾਹੀਦਾ ਹੈ । ਲੇਖਕ ਬਣਨਾ ਬਹੁਤ ਹੀ ਸਹਿਜ ਕਾਰਜ ਹੈ, ਜਿਸ ਵਾਸਤੇ ਵੱਡੀ ਸਾਧਨਾਂ, ਤਪੱਸਿਆ ਤੇ ਗੂੜ ਗਿਆਨ ਭਗਤੀ ਦੀ ਲੋੜ ਹੁੰਦੀ ਹੈ । ਇਹ ਮਾਰਗ ਬਹੁਤ ਕਠਿਨ ਹੈ । ਸ਼ੁਕਰਾਤ, ਅਰਸਤੂ, ਗੁਰੂ ਨਾਨਕ, ਬਾਬਾ ਫਰੀਦ, ਸ਼ਾਹ ਹੂਸੈਨ, ਬੁਲੇਸ਼ਾਹ ਤੇ ਸੁਲਤਾਨ ਬਾਹੂ ਆਦਿ ਯੁੱਗ ਪੁਰਖਾ ਦੇ ਦਰਸਾਏ ਸੱਚ ਦਾ ਮਾਰਗ ਹੈ । ਇਕ ਦੋ ਕੱਚ ਘਰੜ ਲਿਖਤਾਂ ਲਿਖਕੇ, ਲਿਖਵਾ ਕੇ ਜਾਂ ਚੋਰੀ ਕਰਕੇ ਆਪਣੇ ਨਾਮ ਨਾਲ ਲੇਖਕ ਜੋੜਨਾ, ਨਿਰਾ ਤੇ ਨਿਰਾ ਮੂਰਖਪੁਣਾ ਕਾਂ ਹੈ ਹੀ, ਇਸ ਦੇ ਨਾਲ ਹੀ ਆਪਣੇ ਆਪ ਨਾਲ ਕੀਤਾ ਹੋਇਆ ਧੋਖਾ ਵੀ ਹੁੰਦਾ ਹੈ, ਜਿਸ ਦਾ ਸੱਚ ਸਾਹਮਣੇ ਆਉਣ ਤੇ ਸ਼ਰਮ ਤੇ ਨਮੋਸ਼ੀ ਤਾਂ ਪੱਲੇ ਪੈਂਦੀ ਹੀ ਹੈ ਤੇ ਇਸ ਦੇ ਨਾਲ ਹੀ ਕਈ ਵਾਰ ਕਾਨੂੰਨੀ ਸਜ਼ਾ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।
ਇਸ ਕਰਕੇ ਕਲਮ ਫੜਨ ਤੋਂ ਪਹਿਲਾਂ ਸੌ ਵਾਰ ਸੋਚੋ । ਇਹ ਵੀ ਸੋਚੋ ਕਿ ਜ਼ੁਬਾਨੀ ਕਲਾਮੀ ਕਹਿ ਕੇ ਮੁੱਕਰਿਆ ਜਾ ਸਕਦਾ ਹੈ ਜਦ ਕਿ ਇਬਾਰਤੀ ਰੂਪ ਤਾਰੀਖ਼ੀ ਸਬੂਤ ਹੁੰਦਾ ਹੈ । ਅਗਲੀ ਗੱਲ ਇਹ ਕਿ ਲਿਖਤਾਂ ਸ਼ਖਸ਼ੀਅਤਾ ਦੀ ਪਹਿਚਾਣ ਹੁੰਦੀਆਂ ਹਨ । ਹਰ ਵਿਅਕਤੀ ਦੀ ਲਿਖਤ ਉਸ ਦੇ ਆਪਣੇ ਬਾਰੇ ਹੀ ਨਹੀਂ, ਸਗੋਂ ਉਸ ਦੇ ਆਸ ਪਾਸ ਦੇ ਮਾਹੌਲ ਤੇ ਉਸ ਦੇ ਖ਼ਾਨਦਾਨ ਦੀਆ ਸੱਤ ਪੁਸ਼ਤਾਂ ਦਾ ਵੇਰਵਾ ਵੀ ਬਹੁਤੀਆਂ ਹਾਲਤਾਂ ਵਿੱਚ ਪੇਸ਼ ਕਰ ਜਾਂਦੀ ਹੈ ।
ਮੁੱਕਦੀ ਗੱਲ ਇਹ ਕਿ ਲ ਕਲਮ ਫੜਨ ਤੋਂ ਪਹਿਲਾਂ ਇਹ ਪੱਕਾ ਕਰੋ ਕਿ ਕੀ ਜੋ ਲਿਖਿਆ ਜਾ ਰਿਹਾ ਹੈ, ਉਹ ਦੇਸੀ ਪਿਸਤੌਲ ਵਾਂਗ ਅੱਗੇ ਨੂੰ ਚੱਲਣ ਦੀ ਬਜਾਏ, ਚਲਾਉਣ ਵਾਲੇ ਨੂੰ ਹੀ ਜਖਮੀ ਕਰਨ ਵਾਲਾ ਨਾ ਹੋਵੇ (Backfire) ਜਾਂ ਇੰਜ ਕਹਿ ਲਓ ਕਿ ਕੋਈ ਲਿਖਤ, ਜੇਕਰ ਕੋਈ ਲਿਖਤ ਕਿਸੇ ਵਿਅਕਤੀ ਦੀ ਸ਼ਖਸ਼ੀਅਤ ਨੂੰ ਹੀ ਤਾਰ ਤਾਰ ਕਰ ਰਹੀ ਹੈ ਤਾਂ ਉਸ ਲਿਖਤ ਦਾ ਕੀ ਫ਼ਾਇਦਾ ! ਜੇਕਰ ਕਿਸੇ ਨਾਲ ਇਸ ਤਰਾਂ ਹੋ ਰਿਹਾ ਹੈ ਤਾਂ ਫੇਰ ਉਸ ਨੂੰ ਕਲਮ ਫੜਨ ਤੋਂ ਸਖ਼ਤ ਗੁਰੇਜ਼ ਕਰਨਾ ਚਾਹੀਦਾ ਹੈ । ਇਸ ਦੇ ਨਾਲ ਹੀ ਇਹ ਵੀ ਕਹਿਣਾ ਚਾਹੀਂਗਾ ਕਿ ਜੇਕਰ ਸ਼ੋਸ਼ਲ ਮੀਡੀਏ ਦਾ ਸਹੀ ਫ਼ਾਇਦਾ ਲੈਣਾ ਹੈ ਤਾਂ ਕਲਮ ਦੀ ਪੁਖਤਗੀ ਤੇ ਸੋਚ ਦੀ ਅਮੀਰੀ ਦੋ ਵਡੇ ਸਾਧਨ ਹਨ ਤੇ ਇਹਨਾਂ ਦੇ ਨਾਲ ਹੀ ਜੇਕਰ ਸਹਿਜਤਾ, ਰਵਾਨਗੀ ਤੇ ਰਚਨਾਤਮਿਕਕਾ ਦੇ ਤੱਤ ਵੀ ਰਲ ਜਾਣ ਤਾਂ ਫਿਰ ਸੋਨੇ ਤੇ ਸੁਹਾਗਾ ਹੈ ।
91/05/2020
-
ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ, ਲੇਖਕ
dhilon@ntworld.com
44 - 78069 - 45964
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.