ਖ਼ਬਰ ਹੈ ਕਿ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਅਨੁਸਾਰ ਕੋਰੋਨਾ ਵਾਇਰਸ ਮਹਾਂਮਾਰੀ ਭੁੱਖ, ਅਨਪੜ੍ਹਤਾ ਅਤੇ ਗਰੀਬੀ ਦੀ ਦਸਤਕ ਦੇ ਰਹੀ ਹੈ। ਸਾਲ 2020 ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਦੁਨੀਆ ਭਰ ਵਿੱਚ ਭੁੱਖਮਰੀ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਦੋ ਗੁਣੀ ਹੋ ਜਾਵੇਗੀ। ਸੰਯੁਕਤ ਰਾਸ਼ਟਰ ਦੇ ਵਿਸ਼ਵ ਖੁਰਾਕ ਪ੍ਰੋਗਰਾਮ ਦੇ ਮੁਤਾਬਿਕ ਲਗਭਗ ਤਿੰਨ ਦਰਜਨ ਦੇਸ਼ਾਂ ਵਿੱਚ 'ਅਕਾਲ' ਪੈਣ ਦੀ ਆਹਟ ਹੈ।
ਐ ਮਨੁੱਖ ਤੈਨੂੰ ਕਿਸ ਆਖਿਆ ਸੀ ਕੁਦਰਤ ਨਾਲ ਖਿਲਵਾੜ ਕਰ। ਦਰਖ਼ਤਾਂ ਦੀ ਕੱਟ-ਵੱਢ ਕਰ। ਜਹਾਜ਼, ਬੰਬ, ਕੰਪਿਊਟਰ ਬਣਾ। ਧਰਤੀ ਮਾਂ ਦੀ ਕੁੱਖ ਛੇਕ ਕਰ ਖਾਦਾਂ, ਕੀਟਨਾਸ਼ਕ, ਕੈਮੀਕਲ ਪਾ। ਐ ਮਨੁੱਖ, ਤੈਨੂੰ ਕਿਸ ਕਿਹਾ ਸੀ, ਜਾਨਵਰਾਂ ਨੂੰ ਵੱਢ-ਖਾਹ। ਕੁਦਰਤੀ ਭੋਜਨ ਦੀ ਥਾਂ, ਪੁੱਠੇ-ਸਿੱਧੇ ਭੋਜਨ ਖਾਹ! ਐ ਮਨੁੱਖ! ਤੈਨੂੰ ਕਿਸ ਕਿਹਾ ਸੀ, ਕਿ ਬੰਦੇ ਦੀ ਥਾਂ ਤੂੰ ਜਾਨਵਰ ਬਣ। ਹਵਾ ਗੰਦੀ ਕਰ। ਪਾਣੀ ਗੰਦਾ ਕਰ। ਐ ਮਨੁੱਖ ਤੈਨੂੰ ਕਿਸ ਕਿਹਾ ਸੀ, ਮਨ ਗੰਦਲਾ ਕਰ ਆਪਣਿਆਂ ਨੂੰ ਪਿੰਜ, ਆਪਣਿਆਂ ਨੂੰ ਖਾਹ, ਤੈਨੂੰ ਕਿਸ ਕਿਹਾ ਸੀ ਐ ਮਨੁੱਖ ਤੈਨੂੰ ਕਿਸ ਕਿਹਾ ਸੀ, ਭੁੱਖ, ਨੰਗ , ਗਰੀਬੀ ਨਾਲ ਸਾਂਝ ਪਾ।
ਐ ਮਨੁੱਖ ! ਜੰਗਲ ਨਾਲ ਨਾਤਾ ਪਾ। ਕੁਦਰਤ ਨਾਲ ਸਾਂਝ ਪਾ। ਪ੍ਰਦੂਸ਼ਣ ਨੂੰ ਗਲੋਂ ਲਾਹ! ਐ ਮਨੁੱਖ! ਆਪਣੇ ਆਪ ਨਾਲ ਯਾਰੀ ਪਾ। ਨਹੀਂ ਤਾਂ ਭਾਈ, ਆਹ ਕੋਰੋਨਾ ਤੈਨੂੰ ਢਾਊ। ਨਹੀਂ ਤਾਂ ਭਾਈ ਆਹ ਕੋਰੋਨਾ ਤੈਨੂੰ ਦੱਬੂ। ਨਿੱਤ ਨਵੇਂ ਸਬਕ ਪੜ੍ਹਾਊ। ਰਿਸ਼ਤਿਆਂ ਤੋਂ ਦੂਰੀ ਵਧਾਊ ਤੇ ਆਖ਼ਿਰ ਨਾ ਸਮਝਿਆ ਮੁੜ ਜੰਗਲਾਂ 'ਚ ਤੈਨੂੰ ਵਾੜੂ। ਤਦੇ ਹੀ ਕਵੀ ਲਿਖਦਾ ਆ, "ਸਾਡੀ ਮਹਿਕਦੀ-ਟਹਿਕਦੀ ਜ਼ਿੰਦਗੀ ਨੂੰ, ਭੁੱਖ, ਨੰਗ, ਗਰੀਬੀ ਲੰਗਾਰ ਕਰ ਗਈ"।
ਬੰਦੇ ਬੰਦੇ ਦਾ ਹੁੰਦੈ ਕਿਰਦਾਰ ਵੱਖਰਾ,
ਸਰੀਏ, ਕਾਨੇ ਵਿੱਚ ਜਿਸ ਤਰ੍ਹਾਂ ਫ਼ਰਕ ਹੋਵੇ।
ਖ਼ਬਰ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਮੀਡੀਆ ਤੇ ਉਸਨੂੰ ਬਦਨਾਮ ਕਰਨ ਦੇ ਦੋਸ਼ ਲਾਏ ਹਨ। ਰਾਸ਼ਟਰਪਤੀ ਟਰੰਪ ਨੇ ਪ੍ਰੈਸ ਕਾਨਫਰੰਸ ਰੱਦ ਕਰ ਦਿੱਤੀ ਹੈ। ਰਾਸ਼ਟਰਪਤੀ ਟਰੰਪ ਵਲੋਂ ਵਾਈਟ ਹਾਊਸ ਵਿੱਚ ਹਰ ਰੋਜ਼ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ। ਉਹਨਾ ਕਿਹਾ ਕਿ ਪ੍ਰੈਸ ਕਾਨਫਰੰਸ ਦਾ ਕੋਈ ਅਰਥ ਨਹੀਂ ਹੈ, ਕਿਉਂਕਿ ਉਹਨਾ ਨੂੰ ਜ਼ਿਆਦਾਤਰ ਅਮਰੀਕੀ ਮੀਡੀਆ ਦੇ ਇੱਕ ਹਿੱਸੇ ਵਲੋਂ ਰੋਜ਼ਾਨਾ ਵਿਰੋਧੀ ਸਵਾਲ ਪੁੱਛੇ ਜਾਂਦੇ ਹਨ। ਮੀਡੀਆ ਦਾ ਇਹ ਹਿੱਸਾ ਜਾਅਲੀ ਖ਼ਬਰਾਂ ਦਿਖਾਉਂਦਾ ਹੈ ਤੇ ਬੇਵਜ੍ਹਾ ਬਦਨਾਮ ਕਰਦਾ ਹੈ। ਅਮਰੀਕਾ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 54,270 ਹੋ ਗਈ ਹੈ ਅਤੇ ਮਰੀਜ਼ਾਂ ਦਾ ਅੰਕੜਾ 9 ਲੱਖ 61 ਹਜ਼ਾਰ ਤੋਂ ਪਾਰ ਕਰ ਗਿਆ ਹੈ।
"ਕੌਣ ਕਹੇ ਰਾਣੀਏ ਅੱਗ ਢਕ"। ਪਰ ਭਾਈ ਲੋਕ ਜੰਮ ਪਏ ਆ ਰਾਣੀ ਨੂੰ ਇਹ ਕਹਿਣ ਵਾਲੇ ਕਿ ਅੱਗਾ ਢੱਕ ਕੇ ਰੱਖਿਆ ਕਰ! ਰਾਜਾ ਭਾਵੇਂ ਅਮਰੀਕਾ ਦਾ ਹੋਏ ਜਾਂ ਜਪਾਨ ਦਾ। ਰਾਜਾ ਭਾਵੇਂ ਇੰਡੀਆ ਦਾ ਹੋਏ ਜਾਂ ਪਾਕਿਸਤਾਨ ਦਾ। ਇੰਡੀਆ ਦਾ ਰਾਜਾ ਅਤੇ ਉਹਦਾ ਗੋਦੀ ਮੀਡੀਆ ਰਾਗ ਅਲਾਪੀ ਜਾਂਦਾ, ਆਪਣੇ ਗੁੱਗੇ ਆਪੇ ਗਾਈ ਜਾਂਦਾ, ਜਿਹੜੇ ਵਿਰੋਧ 'ਚ ਬੋਲੇ, ਉਹਨਾ ਸਿਰ ਕੇਸ ਪਾਈ ਜਾਂਦਾ। ਵਿਰੋਧੀਆਂ ਨੂੰ ਜੇਲ੍ਹ ਦੀ ਹਵਾ ਖਿਲਾਈ ਜਾਂਦਾ। ਟਰੰਪ ਧੱਕੇ ਨਾਲ ਕੋਰੋਨਾ ਸਬੰਧੀ ਸਬਕ ਪੜ੍ਹਾਈ ਜਾਂਦਾ, , ਆਂਹਦਾ ਗਰਮੀ ਆਊ ਕਰੋਨਾ ਭਗਾਊ ਤੇ ਨਿੱਤ ਨਵੀਆਂ ਕਹਾਣੀਆਂ "ਚੀਨ" ਨੂੰ ਪਾਈ ਜਾਂਦਾ।
ਇਟਲੀ 'ਚ ਤਬਾਹੀ ਮਚੀ, ਟਰੰਪ ਨੂੰ ਕੀ? ਯਾਰ ਯੂ.ਕੇ. ਦੇ ਬੰਦੇ ਮਰ ਰਹੇ ਹਨ ਟਰੰਪ ਨੂੰ ਕੀ? ਅਮਰੀਕਾ ਦੇ ਬੁੱਢੇ ਅਸਮਾਨੀਂ ਪੀਘਾਂ ਪਾ ਰਹੇ ਆ, ਟਰੰਪ ਨੂੰ ਕੀ? ਟਰੰਪ ਨੂੰ ਤਾਂ ਹਥਿਆਰ ਚਾਹੀਦੇ ਆ। ਟਰੰਪ ਨੂੰ ਤਾਂ ਵਪਾਰ ਚਾਹੀਦਾ ਆ। ਟਰੰਪ ਨੂੰ ਤਾਂ ਕਾਰੋਬਾਰ ਚਾਹੀਦਾ ਆ। ਟਰੰਪ ਨੂੰ ਤਾਂ ਸੀਤੇ ਬੁਲ੍ਹ ਚਾਹੀਦੇ ਆ। ਭਾਈ ਬੰਦੋ,ਆਪੋ-ਆਪਣੇ ਸੁਭਾਅ ਦੀ ਗੱਲ ਆ। ਕੁਝ ਕੁਦਰਤ ਨੂੰ ਪਿਆਰੇ ਆ-ਦੁਲਾਰੇ ਆ। ਕੁਝ ਕੁਦਰਤ ਦੇ ਜਾਨੀ ਦੁਸ਼ਮਣ ਆ। ਤਦੇ ਤਾਂ ਕਵੀ ਲਿਖਦਾ ਆ, "ਬੰਦੇ-ਬੰਦੇ ਦਾ ਹੁੰਦੈ ਕਿਰਦਾਰ ਵੱਖਰਾ, ਸਰੀਏ ਕਾਨੇ ਵਿੱਚ ਜਿਸ ਤਰ੍ਹਾਂ ਫ਼ਰਕ ਹੋਵੇ"।
ਪੈ ਗਈ ਸਿੱਖਿਆ ਵੱਸ ਵਪਾਰੀਆਂ ਦੇ,
ਆਮ ਬੰਦੇ ਤੇ ਪਾਕੇ ਭਾਰ, ਭੱਜੀ।
ਖ਼ਬਰ ਹੈ ਕਿ ਦੇਸ਼ ਭਰ ਦੇ ਪਬਲਿਕ ਮਾਡਲ ਸਕੂਲਾਂ ਵਿਚੋਂ ਕੁਝ ਇੱਕ ਨੇ ਸਕੂਲ ਵਿੱਦਿਆਰਥੀਆਂ ਤੋਂ ਲਈ ਜਾਣ ਵਾਲੀ ਫ਼ੀਸ ਵਿੱਚ ਇਸ ਸਾਲ ਲਈ ਕੀਤਾ ਜਾਣ ਵਾਲਾ ਵਾਧਾ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਕੁਝ ਇੱਕ ਸਕੂਲਾਂ ਨੇ ਮਾਰਚ ਤੋਂ ਮਈ ਤੱਕ ਦੀਆਂ ਫ਼ੀਸਾਂ ਬਾਅਦ ਵਿੱਚ ਲੈਣ ਦਾ ਫ਼ੈਸਲਾ ਕੀਤਾ ਹੈ, ਜਦਕਿ ਵਿੱਦਿਆਰਥੀਆਂ ਦੇ ਮਾਪਿਆਂ ਦੀ ਮੰਗ ਹੈ ਕਿ ਇਹਨਾ ਮਹੀਨਿਆਂ ਦੀਆਂ ਫ਼ੀਸਾਂ ਨਾ ਲਈਆਂ ਜਾਣ। ਉਧਰ ਸਰਕਾਰ ਵਲੋਂ ਸਕੂਲ ਪ੍ਰਬੰਧਕਾਂ ਨੂੰ ਆਪਣੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਕਰੋਨਾ ਆਫ਼ਤ ਸਮੇਂ ਦੇਣ ਦੀ ਅਪੀਲ ਕੀਤੀ ਹੈ।
ਭੁੱਲ ਹੀ ਗਈ ਸਰਕਾਰ ਉਪਰਲੀ ਅਤੇ ਹੇਠਲੀ ਕਿ ਨਾਗਰਿਕਾਂ ਨੂੰ ਸਿੱਖਿਆ ਦੇਣਾ ਉਸਦਾ ਫ਼ਰਜ਼ ਹੈ ਅਤੇ ਨਾਗਰਿਕਾਂ ਦਾ ਅਧਿਕਾਰ। ਇਕੋ ਫ਼ਰਜ਼ ਰਹਿ ਗਿਆ ਪੱਲੇ ਸਰਕਾਰਾਂ ਦੇ ਕਿ ਕਿਵੇਂ ਲੋਕਾਂ ਦੀਆਂ ਜੇਬਾਂ 'ਚੋਂ ਪੈਸਾ ਖਿਸਕਾਉਣਾ ਹੈ ਅਤੇ ਆਪਣੀਆਂ ਚਲਦੀਆਂ ਚਿੱਟੀਆਂ, ਕਾਰਾਂ, ਕੋਠੀਆਂ 'ਚ ਰੁਪੀਆ ਖਰਚਣਾ ਆਂ ਅਤੇ ਆਪਣੇ ਬਾਲ-ਬੱਚਿਆਂ ਦਾ ਪੇਟ ਪਾਲਣਾ ਹੈ। ਸਿੱਖਿਆ ਤੋਂ ਬਾਅਦ ਸਿਹਤ ਸਹੂਲਤਾਂ ਦਾ ਸਾਰਾ ਭਾਰ ਲੋਕਾਂ ਤੇ ਪਾ ਤਾ। "ਭੰਡਾ ਭੰਡਾਰੀਆਂ ਕਿੰਨਾ ਕੁ ਭਾਰ, ਇੱਕ ਮੁੱਠ ਚੁੱਕ ਲੈ ਦੂਜੀ ਤਿਆਰ"। ਲੋਕ ਤਾਂ ਆਪਣੇ ਸੁਭਾਅ ਮੁਤਾਬਿਕ ਚੁੱਪ ਹਨ।
ਸਿੱਖਿਆ ਦਾ ਫ਼ਰਜ਼ ਭੁੱਲ ਹੀ ਗਈ ਸਰਕਾਰ ਅਤੇ ਪਾ ਤਾ ਪੇਟੇ ਵੱਡੇ ਪੰਜ ਤਾਰਾ ਹੋਟਲਾਂ ਵਾਲਿਆਂ ਅਤੇ ਸ਼ਾਹੂਕਾਰਾਂ ਦੇ। ਜਿਹਨਾ ਬੱਚਿਆਂ, ਵਿਦਿਆਰਥੀਆਂ ਨੂੰ ਕੰਮ ਦੀ ਚੀਜ਼ ਸਮਝਿਆ ਇਹ ਕਹਿਕੇ ਕਿ ਲੋਕਾਂ ਦਾ ਭਲਾ ਕਰ ਰਹੇ ਆਂ ਅਤੇ ਆਪਣਾ ਵੱਡਾ ਟੈਕਸ ਲੁਕਾ ਲਿਆ। ਉਹਨਾ ਨੂੰ ਵਰਤ ਲਿਆ। ਨਾਲੇ ਪੁੰਨ ਨਾਲੇ ਫਲੀਆਂ। ਕਾਰੋਬਾਰੀਆਂ ਲਈ ਸਿੱਖਿਆ ਦੇ ਕੀ ਮਾਅਨੇ? ਵਪਾਰੀਆਂ ਲਈ ਵਿੱਦਿਆ ਦਾ ਕੀ ਅਰਥ? ਕਵੀ ਵੇਖੋ ਕੀ ਕਹਿੰਦਾ ਆ, "ਪੈ ਗਈ ਸਿੱਖਿਆ ਵੱਸ ਵਪਾਰੀਆਂ ਦੇ, ਆਮ ਬੰਦੇ ਤੇ ਪਾਕੇ ਭਾਰ, ਭੱਜੀ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਦੇਸ਼ ਦੀ ਕੁਲ ਆਬਾਦੀ ਵਿੱਚੋਂ 2.68 ਕਰੋੜ ਲੋਕ ਅੰਗਹੀਣ ਹਨ। ਇਹਨਾ ਵਿਚੋਂ 1.5 ਕਰੋੜ ਮਰਦ ਅਤੇ 1.18 ਕਰੋੜ ਔਰਤਾਂ ਹਨ।
ਇੱਕ ਵਿਚਾਰ
ਮੈਨੂੰ ਲਗਦਾ ਹੈ ਕਿ ਇੱਕਜੁਟਤਾ ਵਿਰੋਧ ਦਾ ਇੱਕ ਢੰਗ ਹੈ, ਭਾਵ ਵਿਰੋਧ ਹੋਣਾ ਹੀ ਹੋਣਾ ਚਾਹੀਦਾ ਹੈ।
-ਗੁਰਮੀਤ ਸਿੰਘ ਪਲਾਹੀ
-9815802070
-
ਗੁਰਮੀਤ ਸਿੰਘ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.