ਲੋਕ ਸਾਹਿਤ ਤੇ ਬਾਲ ਸਾਹਿੱਤ ਦੀ ਬਾਤ ਪਾਉਂਦਾ ਪਾਉਂਦਾ ਬਾਤ ਬਣ ਗਿਆ ਸੁਖਦੇਵ ਮਾਦਪੁਰੀ
ਗੁਰਭਜਨ ਗਿੱਲ
ਲੁਧਿਆਣਾ : ਮੇਰੀ ਚੜ੍ਹਦੀ ਜਵਾਨੀ ਸੀ ਤੇ ਸੁਖਦੇਵ ਮਾਦਪੁਰੀ ਦੀ ਪਕਰੋੜ ਪੀਡੀ ਉਮਰ , ਜਦ ਅਸੀਂ ਪਹਿਲੀ ਵਾਰ 1975-76 ਚ ਮਿਲੇ। ਬਹਾਨਾ ਸੀ ਅਜਾਇਬ ਚਿੱਤਰਕਾਰ ਦੀ ਗ਼ਜ਼ਲ ਕਿਤਾਬ ਆਵਾਜ਼ਾਂ ਦੇ ਰੰਗ ਦਾ ਜਸ਼ਨ। ਅਸੀਂ ਅਜਾਇਬ ਜੀ ਦੇ ਪੁੱਤਰ ਕਹਾਣੀਕਾਰ ਸਵ: ਗੁਰਪਾਲ ਘਵੱਦੀ ਦੇ ਮਹਿਮਾਨ ਸਾਂ ਤੇ ਮਾਦਪੁਰੀ ਸਿੱਧੇ।
ਅਜਾਇਬ ਹੁਰਾਂ ਦੱਸਿਆ ਕਿ ਇਹ ਮਾਦਪੁਰੀ ਹੈ, ਸਾਡਾ। ਸੁਰਜੀਤ ਰਾਮਪੁਰੀ ਤੇ ਸੰਤੋਖ ਸਿੰਘ ਧੀਰ ਵੀ ਨਾਲ ਹੀ ਬੋਲੇ।
ਮਾਦਪੁਰੀ ਨੇ ਪੁੱਛਿਆ ਕਿ ਮੈਂ ਕੀ ਕਰਦਾਂ, ਕੀ ਲਿਖਦਾਂ।
1976 ਚ ਜਦ ਮੈਂ ਐੱਮ ਏ ਕਰਕੇ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ(ਲੁਧਿਆਣਾ) 'ਚ ਲੈਕਚਰਰ ਲੱਗ ਗਿਆ ਤਾਂ ਇਸ ਖਿੱਤੇ ਦੇ ਲਿਖਾਰੀਆਂ ਨਾਲ ਮੇਰਾ ਮੇਲ ਮਿਲਾਪ ਵਧਿਆ। ਰਾਮਪੁਰ, ਬੇਗੋਵਾਲ, ਮਾਦਪੁਰ, ਲੋਪੋਂ, ਜਸਪਾਲੋਂ ਟਮਕੌਦੀ, ਕੱਦੋਂ, ਰੁਪਾਲੋਂ, ਧਮੋਟ, ਅਲੂਣਾ,ਬਰਮਾਲੀਪੁਰ,ਮਕਸੂਦੜਾ ਤੇ ਕਿੰਨੇ ਹੋਰ ਪਿੰਡਾਂ ਚ ਆਉਣ ਜਾਣ ਹੋਇਆ।
ਮਾਦਪੁਰੀ ਕਾਰਨ ਸਾਰਾ ਪਿੰਡ ਹੀ ਮਿੱਤਰਾਂ ਦਾ ਲੱਗਦਾ।
ਉਹ ਉਦੋਂ ਅਜੇ ਪ੍ਰਾਇਮਰੀ ਸਕੂਲ ਅਧਿਆਪਕ ਸਨ। ਕਾਲਜ ਅਕਸਰ ਮਿਲਣ ਆ ਜਾਂਦੇ। ਚੰਗਾ ਲੱਗਦਾ , ਵੱਡਾ ਵੀਰ ਪਿਆਰ ਕਰਦੈ।
1978 ਚ ਅਸੀਂ ਕੁਝ ਦੋਸਤ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੇ ਦਫ਼ਤਰ ਦੇ ਬਾਹਰ ਖੜੇ ਸਾਂ । ਅਚਾਨਕ ਸੁਖਦੇਵ ਮਾਦਪੁਰੀ ਜੀ ਆਏ। ਹੱਥ ਵਿੱਚ ਨਿੱਕਾ ਜਿਹਾ ਬੈਗ। ਕਹਿਣ ਲੱਗੇ, ਮੇਰਾ ਸਹਿਪਾਠੀ ਪ੍ਰਿੰਸੀਪਲ ਭਰਪੂਰ ਸਿੰਘ ਚੇਅਰਮੈਨ ਬਣਿਐ। ਮੁਬਾਰਕ ਦੇਣ ਆਇਆਂ ।
ਘੰਟੇ ਕੁ ਬਾਅਦ ਪਰਤਿਆ ਤਾਂ ਅਸੀਂ ਉਥੇ ਹੀ ਸਾਂ ਖੋਖੇ ਤੇ ਚਾਹ ਪੀ ਰਹੇ।
ਮਾਦਪੁਰੀ ਸ਼ਸ਼ੋਪੰਜ ਚ ਲੱਗ ਰਿਹਾ ਸੀ। ਚਾਹ ਦੀ ਸੁਲਾਹ ਮਾਰੀ ਤਾਂ ਬੋਲਿਆ, ਯਾਰ ਪੰਗਾ ਹੀ ਪੈ ਗਿਆ!
ਭਰਪੂਰ ਸਿੰਘ ਕਹਿੰਦਾ, ਇਥੇ ਹੀ ਆ ਜਾ
ਸਾਂਭ ਸਾਡਾ ਕੰਮ, ਪੰਖੜੀਆਂ ਤੇ ਪ੍ਰਾਇਮਰੀ ਸਿੱਖਿਆ ਵਾਲਾ। ਇਹ ਰਸਾਲੇ ਜਾਂ ਤਾਂ ਨਵੇਂ ਨਵੇਂ ਸਨ ਜਾਂ ਸ਼ੁਰੂ ਹੋਣ ਵਾਲੇ ਸਨ, ਮੈਨੂੰ ਪੱਕਾ ਯਾਦ ਨਹੀਂ। ਦੋਚਿੱਤੀ ਇਹ ਸੀ ਕਿ ਕਿਤੇ ਤਨਖਾਹ ਨਾ ਘਟ ਜਾਵੇ, ਸ਼ਹਿਰਾਂ ਦਾ ਖ਼ਰਚਾ ਵੀ ਬਾਹਲਾ ਹੁੰਦੈ।
ਪਰ ਭਰਪੂਰ ਸਿੰਘ ਦੀ ਚੇਅਰਮੈਨੀ ਵੇਲੇ ਨੌਕਰੀ ਕਰਨ ਦੀ ਦੂਜੀ ਝਿਜਕ ਇਹ ਸੀ ਕਿ ਬੇਲੀ ਨੂੰ ਸਰ ਕਹਿਣਾ ਪਿਆ ਕਰੂ। ਇਹ ਮਸਲਾ ਸ: ਭਰਪੂਰ ਸਿੰਘ ਨੇ ਹੀ ਹੱਲ ਕਰ ਦਿੱਤਾ, ਇਹ ਕਹਿ ਕੇ ਕਿ ਮੈਂ ਆਪੇ ਦੱਸ ਦੇਊਂ ਕਿ ਅਸੀਂ ਇੱਕੋ ਤੱਪੜ ਤੇ ਬਹਿ ਕੇ ਪੜੇ ਹਾਂ।
ਇੰਜ ਹੀ ਹੋਇਆ।
1983 ਚ ਮੈਂ ਲੁਧਿਆਣੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਸੇਵਾ ਚ ਆ ਗਿਆ। ਸੰਚਾਰ ਕੇਂਦਰ 'ਚ ਕਮਰਾ ਵੀ ਮੈਨੂੰ ਅਜਾਇਬ ਚਿੱਤਰਕਾਰ ਜੀ ਵਾਲਾ ਮਿਲ ਗਿਆ। ਅਚਨਚੇਤ ਬੰਦ ਬੂਹਾ ਖੁੱਲਿਆ ਤਾਂ ਬਾਹਰ ਮਾਦਪੁਰੀ ਸੀ ਤੇ ਅੰਦਰ ਮੈਂ। ਉਸ ਲਈ ਇਹ ਬੁਝਾਰਤ ਸੀ, ਉਹ ਤਾਂ ਅਜਾਇਬ ਨੂੰ ਮਿਲਣ ਆਇਆ ਸੀ।
ਅਜਾਇਬ ਹੁਰੀਂ ਸੇਵਾਮੁਕਤੀ ਤੋਂ ਬਾਦ ਪੇਂਡੂ ਵਸਤਾਂ ਦੇ ਅਜਾਇਬਘਰ ਚ ਮਿਊਰਲ ਪੁਨਰ ਸੁਰਜੀਤ ਕਰ ਰਹੇ ਸਨ, ਜਿਸਨੂੰ ਕਦੇ ਦੇਵ ਨੇ ਬਣਾਇਆ ਸੀ। ਪਹਿਲੇ ਨੂੰ ਸਿਉਂਕ ਲੱਗ ਗਈ ਸੀ।
ਅਸੀਂ ਦੋਵੇਂ ਚਿਤਰਕਾਰ ਜੀ ਨੂੰ ਉਥੇ ਮਿਲਣ ਗਏ।
ਉਸ ਮਗਰੋਂ ਮਾਦਪੁਰੀ ਜੀ ਲਗਾਤਾਰ ਮਿਲਣ ਆਉਂਦੇ ਰਹੇ। ਉਨਾਂ ਦੀਆਂ ਕਿਤਾਬਾਂ ਲਾਹੌਰ ਬੁੱਕ ਸ਼ਾਪ ਤੇ ਛਪਦੀਂ ਸਨ ਪਹਿਲਾਂ।
ਫਿਰ ਚੇਤਨਾ ਪ੍ਰਕਾਸ਼ਨ ਵੱਲੋਂ ਛਪੀਆਂ। ਆਪਣੀਆਂ ਕਈ ਕਿਤਾਬਾਂ ਦਾ ਨਾਮਕਰਨ ਤੇ ਵਿਉਂਤਕਾਰੀ ਕਰਨ ਵੇਲੇ ਮੈਨੂੰ ਮਾਣ ਦਿੰਦੇ।
ਤਿੰਨ ਚਾਰ ਕਿਤਾਬਾਂ ਦਾ ਤਾਂ ਲੋਕ ਅਰਪਣ ਵੀ ਅਸਾਂ ਯੂਨੀਵਰਸਿਟੀ ਚ ਕੀਤਾ।
ਪੰਜਾਬੀ ਸਾਹਿੱਤ ਅਕਾਡਮੀ ਵਿਚ ਉਹ ਮੇਰੀ ਵੱਡੀ ਧਿਰ ਸਨ।
ਮੈਨੂੰ ਛੋਟੇ ਭਾਈ ਸੰਬੋਧਨ ਕਰਨ ਵਾਲਾ ਵੱਡਾ ਵੀਰ ਅੱਜ ਉਦੋਂ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਜਦ ਲੋਕਾਂ ਲਈ ਸੂਰਜ ਚੜ੍ਹ ਰਿਹਾ ਸੀ, ਪਰ ਸਾਡਾ ਡੁੱਬ ਗਿਆ।
ਸਾਡੇ ਵਾਲੇ ਖੰਨੇ ਦਾ ਇਕ ਪਾਸਾ ਮਾਰਿਆ ਗਿਆ, ਮਾਦਪੁਰੀ ਦੇ ਜਾਣ ਨਾਲ।
ਯਾਦ ਵਿੱਚ ਸਿਰ ਝੁਕਾਉਂਦਿਆਂ ਵੀ ਦਰਦ ਹੈ। ਕਿਹੋ ਦਿਹਾ ਕੁਲਹਿਣਾ ਵਕਤ ਹੈ ਕਿ ਸੱਜਣ ਨੂੰ ਅਲਵਿਦਾ ਕਹਿਣ ਜੋਗੇ ਵੀ ਨਹੀਂ।
ਦੋਸਤੋ!
ਰਸਮੀ ਜੀਵਨ ਵੇਰਵਾ ਵੀ ਪੜ੍ਹ ਲਉ ਸਾਡੇ ਵੱਡੇ ਵੀਰ ਦਾ
ਸੁਖਦੇਵ ਮਾਦਪੁਰੀ ਦਾ ਜਨਮ 12 ਜੂਨ 1935 ਨੂੰ ਪਿੰਡ ਮਾਦਪੁਰ, ਤਹਿਸੀਲ ਸਮਰਾਲਾ, ਜ਼ਿਲਾ ਲੁਧਿਆਣਾ ਵਿਖੇ ਪਿਤਾ ਸ. ਦਿਆ ਸਿੰਘ ਅਤੇ ਮਾਤਾ ਬੇਬੇ ਸੁਰਜੀਤ ਕੌਰ ਦੇ ਘਰ ਹੋਇਆ।
ਨੇੜਲੇ ਪਿੰਡ ਦੇ ਸਰਕਾਰੀ ਹਾਈ ਸਕੂਲ ਜਸਪਾਲੋਂ ਤੋਂ ਉਹਨੇ ਮੈਟ੍ਰਿਕ ਕੀਤੀ ਅਤੇ ਫਿਰ ਜੇ ਬੀ ਟੀ ਕਰਕੇ ਪ੍ਰਾਇਮਰੀ ਸਕੂਲ ਅਧਿਆਪਕ ਬਣ ਗਿਆ।
ਉਸ ਨੇ ਪ੍ਰਾਈਵੇਟ ਤੌਰ ਤੇ ਆਪਣੀ ਪੜਾਈ ਜਾਰੀ ਰੱਖੀ ਅਤੇ ਪੰਜਾਬੀ ਦੀ ਐਮ ਏ ਕਰ ਲਈ। 1978 ਤੱਕ ਅਧਿਆਪਕੀ ਦੇ ਲੰਮੇ ਅਨੁਭਵ ਅਤੇ ਜਮੀਨੀ ਪੱਧਰ ਤੇ ਲੋਕ-ਤੱਥਾਂ ਦਾ ਸੰਗ੍ਰਹਿ ਕਰਨ ਦੇ ਬਾਅਦ ਉਹ ਪੰਜਾਬ ਸਿਖਿਆ ਬੋਰਡ ਦੇ ਵਿਸ਼ਾ ਮਾਹਿਰ (ਪੰਜਾਬੀ) ਵਜੋਂ ਅਤੇ ਬਾਲ ਰਸਾਲਿਆਂ 'ਪੰਖੜੀਆਂ' ਅਤੇ 'ਪ੍ਰਾਇਮਰੀ ਸਿਖਿਆ' ਦੇ ਸੰਪਾਦਕ ਵਜੋਂ ਕੰਮ ਕਰਨ ਲੱਗਾ ਅਤੇ 1993 ਤੱਕ ਇਹ ਕੰਮ ਕਰਦਾ ਰਿਹਾ। 1993 ਵਿੱਚ ਸੇਵਾ ਮੁਕਤ ਹੋਣ ਦੇ ਬਾਅਦ ਉਹ ਆਪਣੇ ਮੁੱਢਲੇ ਸ਼ੌਕ, ਲੋਕ ਸੱਭਿਆਚਾਰ ਦੀ ਸਾਂਭ ਸੰਭਾਲ ਵਿੱਚ ਇੱਕਮਨ ਹੋ ਜੁਟਿਆ ਰਿਹਾ।
ਉਹਨੇ ਪੰਜਾਬ ਦੀਆਂ ਲੋਕ ਕਹਾਣੀਆਂ, ਲੋਕ ਬੁਝਾਰਤਾਂ, ਅਖੌਤਾਂ ਅਤੇ ਲੋਕ ਬੋਲੀਆਂ ਨੂੰ ਪਿੰਡ-ਪਿੰਡ ਜਾ ਕੇ ਇਕੱਤਰ ਕੀਤਾ।
-
ਗੁਰਭਜਨ ਗਿੱਲ , ਸਾਹਿਤਕ ਲੇਖਕ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.