ਸਾਡੇ ਸਾਰਿਆਂ ਲਈ ਵਰਤਮਾਨ ਸਮਾਂ ਮੁਸ਼ਕਲਾਂ ਅਤੇ ਤਣਾਅ ਨਾਲ ਭਰਿਆ ਹੋਇਆ ਹੈ। ਅਤਿ-ਅਧਿਕ ਡਰ ਅਤੇ ਚਿੰਤਾ ਦਾ ਵਾਤਾਵਰਣ ਸਾਡੀਆਂ ਭਾਵਨਾਵਾਂ ‘ਤੇ ਹਾਵੀ ਹੁੰਦਾ ਜਾ ਰਿਹਾ ਹੈ। ਦੁਨੀਆਂ-ਭਰ ਵਿੱਚ ਜੀਵਨ ਪੂਰੀ ਤਰ੍ਹਾਂ ਠਹਿਰ ਜਿਹਾ ਗਿਆ ਹੈ। ਹਰੇਕ ਇਨਸਾਨ ਇਹ ਸੋਚ ਕੇ ਚਿੰਤਿਤ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੀ ਹੋਵੇਗਾ। ਲੋਕ ਅਤੇ ਰਿਸ਼ਤੇਦਾਰਾਂ ਬਾਰੇ ਬਹੁਤ ਘਬਰਾਏ ਹੋਏ ਹਨ। ਇਨ੍ਹਾਂ ਹਾਲਾਤਾਂ ਵਿੱਚ ਅਸੀਂ ਕਈ ਤਰ੍ਹਾਂ ਦੇ ਡਰਾਂ ਤੋਂ ਆਪਣੇ ਆਪ ਨੂੰ ਕਿਵੇਂ ਮੁਕਤ ? ਆਉ ਪਹਿਲਾਂ ਸਮਝੀਏ ਕਿ ਅਸੀਂ ਡਰਦੇ ਕਿਉਂ ਹਾਂ?
ਡਰ ਜਾਂ ਤਾਂ ਸੰਦੇਹ ਦੇ ਕਾਰਨ ਪੈਦਾ ਹੁੰਦਾ ਹੈ ਜਾਂ ਕਿਸੇ ਅਗਿਆਤ ਸ਼ੰਕਾ ਤੋਂ। ਸਾਡੀ ਇਹ ਚਿੰਤਾ ਕਿ ਅਗਲੇ ਪਲ ਕੀ ਹੋਵੇਗਾ, ਡਰ ਨੂੰ ਸਾਡੇ ਅੰਦਰ ਲਿਆਉਂਦੀ ਹੈ। ਜਦੋਂ ਸਾਨੂੰ ਆਪਣੇ ਆਪ ‘ਤੇ ਸੰਦੇਹ ਹੁੰਦਾ ਹੈ ਤਾਂ ਸਾਨੂੰ ਡਰ ਹੁੰਦਾ ਹੈ ਕਿ ਸਾਡੇ ਤੋਂ ਕੋਈ ਗਲਤੀ ਨਾ ਹੋ ਜਾਏ ਜਾਂ ਅਸੀਂ ਕੋਈ ਗਲਤ ਫ਼ੈਸਲਾ ਨਾ ਲੈ ਬੈਠੀਏ। ਜਦੋਂ ਸਾਨੂੰ ਸ਼ੱਕ ਹੁੰਦਾ ਹੈ ਕਿ ਸਾਡੇ ਜਤਨ ਸਾਡੇ ਲਈ ਠੀਕ ਨਾ ਹੋਏ ਤਾਂ ਕੀ ਅਸਰ ਹੋਵੇਗਾ। ਜਦੋਂ ਅਸੀਂ ਸੰਸਾਰ ਨੂੰ ਚਲਾਉਣ ਵਾਲੀ ਤਾਕਤ ਤੇ ਸ਼ੱਕ ਕਰਨਾ ਸ਼ੁਰੂ ਕਰ ਦਿੰਦੇ ਹਾਂ ਤਾਂ ਸਾਨੂੰ ਕਿਸੇ ਨਾ ਕਿਸੇ ਦੁਰਘਟਨਾ ਦਾ ਡਰ ਬਣਿਆ ਰਹਿੰਦਾ ਹੈ।
ਅਸੀਂ ਡਰਦੇ ਹਾਂ ਕਿ ਅਸੀਂ ਕਮਜ਼ੋਰ ਹਾਂ । ਬੱਚੇ-ਬੱਚੀਆਂ ਸਕੂਲ ਦੇ ਖੇਡ ਦੇ ਮੈਦਾਨ ਵਿੱਚ ਸਤਾਏ ਜਾਣ ਤੋਂ ਡਰਦੇ ਹਨ। ਰੋਜ਼ਾਨਾ ਸਕੂਲ ਤੋਂ ਵਾਪਿਸ ਆਉਂਦੇ ਸਮੇਂ, ਕਮਜ਼ੋਰ ਬੱਚੇ-ਬੱਚੀਆਂ ਨੂੰ , ਵੱਡੇ ਬੱਚਿਆਂ ਤੋਂ ਕੁੱਟ ਦਾ ਡਰ ਸਤਾਉਂਦਾ ਹੈ।ਕਾਰਜਸਥੱਲ ‘ਤੇ ਕਰਮਚਾਰੀ ਆਪਣੇ ਮਾਲਕ ਤੋਂ ਡਰਦਾ ਹੈ। ਉਸਦੀ ਨੌਕਰੀ ਅਤੇ ਤਨਖਾਹ ਦੋਨੋਂ ਮਾਲਕ ਦੇ ਹੱਥ ਵਿੱਚ ਹੁੰਦੇ ਹਨ। ਸਾਨੂੰ ਲੱਗਦਾ ਹੈ ਕਿ ਕਾਰਜਸਥੱਲ ‘ਤੇ ਹੋ ਦਾ ਵਿਰੋਧ ਕਰਨ ਲਈ ਅਸੀਂ ਬਹੁਤ ਦੁਰਬਲ ਅਤੇ ਅਸਮਰਥ ਹਾਂ ਕਿਉਂਕਿ ਜਿਨ੍ਹਾਂ ਕੋਲ ਤਾਕਤ ਹੈ ਉਹ ਸਾਨੂੰ ਪਲਟ ਕੇ ਦੰਡਿਤ ਕਰਨਗੇ।ਵਾਸਤਵਿਕਤਾ ਦੀ ਥਾਂ ਸਾਨੂੰ ਇਹ ਸੋਚਣੀ ਭੈਅਭੀਤ ਕਰਦੀ ਹੈ ਕਿ ਅੱਗੇ ਕੀ ਹੋਵੇਗਾ। ਜਿਨ੍ਹਾਂ ਨੂੰ ਮੌਤ ਤੋਂ ਡਰ ਲੱਗਦਾ ਹੈ , ਅਸਲ ਵਿੱਚ ਉਹ ਕਿਸੇ ਅਗਿਆਤ ਤੋਂ ਡਰਦੇ ਹਨ। ਲੋਕ ਅਗਿਆਤ ਤੋਂ ਡਰਦੇ ਹਨ ਕਿਉਂਕਿ ਇਹ ਦਰਦਨਾਕ ਅਤੇ ਦੁਖਦਾਈ ਹੋ ਸਕਦਾ ਹੈ।ਉਹ ਇਹ ਨਹੀਂ ਜਾਣਦੇ ਕਿ ਭਵਿੱਖ ਦੇ ਗਰਭ ਵਿੱਚ ਕੀ ਛੁਪਿਆ ਹੋਇਆ ਹੈ, ਇਸਤਰ੍ਹਾਂ ਚਿੰਤਾ ਅਤੇ ਡਰ ਉਹਨਾਂ ਅੰਦਰ ਘਰ ਕਰਨ ਲੱਗ ਜਾਂਦਾ ਹੈ।
ਜੀਵਨ ਵਿੱਚ ਨਿਰਭੈਅਤਾ ਕਿਵੇਂ ਲਿਆਈਏ ?
ਸਾਡੀ ਆਤਮਾ, ਜੋ ਪੂਰਨਤਾ ਚੇਤੰਨ ਹੈ, ਪਰਮ-ਪਿਤਾ ਪਰਮਾਤਮਾ ਦੀ ਅੰਸ਼ ਹੋਣ ਦੇ ਕਾਰਨ ਨਿਰਭੈਅ ਹੈ। ਕਿਉਂਕਿ ਪ੍ਰਭੂ ਚੇਤਨਤਾ ਦੇ ਮਹਾਂਸਾਗਰ ਹਨ ਅਤੇ ਆਤਮਾ ਉਨ੍ਹਾਂ ਨਾਲ ਇੱਕ ਰੂਪ ਹੈ, ਇਸਤਰ੍ਹਾਂ ਇਹ ਪ੍ਰਮਾਤਮਾ ਦਾ ਹੀ ਲਘੂ ਰੂਪ ਹੈ। ਪ੍ਰਮਾਤਮਾ ਭੈਅ ਤੋਂ ਰਹਿਤ ਹਨ ਇਸਲਈ ਆਤਮਾ ਵੀ ਨਿਰਭੈਅ ਹੈ। ਜਦੋਂ ਅਸੀਂ ਆਪਣੀ ਆਤਮਾ ਦੇ ਸੰਪਰਕ ਵਿੱਚ ਨਹੀਂ ਰਹਿੰਦੇ ਤਾਂ ਡਰ ਨਾਲ ਘਿਰ ਜਾਂਦੇ ਹਾਂ । ਆਤਮਾ ਸੱਚ ਹੈ ਅਤੇ ਚੇਤਨ ਸਰੂਪ ਹੈ। ਪੂਰਨ ਸੱਚ ਦੇ ਨਾਲ ਜੁੜੇ ਰਹਿਣ ਦਾ ਅਰਥ ਹੈ ਕਿ ਕਿਸੇ ਵੀ ਡਰ ਦਾ ਨਾ ਰਹਿਣਾ। ਆਤਮਾ ਦੇ ਲਈ ਡਰ ਵਰਗੀ ਕੋਈ ਚੀਜ਼ ਹੈ ਹੀ ਨਹੀਂ।
ਗਿਆਨ ਅਤੇ ਵਿਵੇਕ ਆਤਮਾ ਦਾ ਗੁਣ ਹੈ ਇਸਲਈ ਇਹ ਦਿਵਯ-ਗਿਆਨ ਪਾਉਣ ਦੇ ਸਮਰੱਥ ਹੈ। ਆਤਮਾ ਤੋਂ ਕੁਝ ਵੀ ਛੁਪਿਆ ਨਹੀਂ ਰਹਿ ਸਕਦਾ। ਉਸਨੂੰ ਕਿਸ ਗੱਲ ਦਾ ਡਰ ਹੈ? ਆਪਣੀ ਆਤਮਾ ਦੇ ਸੰਪਰਕ ਵਿੱਚ ਰਹਿਣ ਵਾਲੇ ਲੋਕਾਂ ਸੂਫ਼ੀ, ਸੰਤਾਂ-ਮਹਾਂਪੁਰਸ਼ਾਂ, ਪੈਗੰਬਰਾਂ ਅਤੇ ਸਾਰੀਆਂ ਜਾਗ੍ਰਿਤ ਆਤਮਾਵਾਂ ਨੇ ਇਸਦਾ ਅਨੁਭਵ ਕੀਤਾ ਹੈ।
ਅਸੰਵੇਦੀ ਬਣਨਾ:-
ਚਿਕਿਤਸਾ ਦੇ ਖੇਤਰ ਵਿੱਚ ਅਸੰਵੇਦੀ ਬਣਨ ਦਾ ਅਰਥ ਹੈ ਕਿ ਕਿਸੇ ਵਿਅਕਤੀ ਨੂੰ ਇਸਤਰ੍ਹਾਂ ਦੇ ਦ੍ਰਵ ਦੀਆਂ ਛੋਟੀਆਂ-ਛੋਟੀਆਂ ਖ਼ੁਰਾਕਾਂ ਦੇਣੀਆਂ , ਜਿਸਤੋਂ ਉਸਨੂੰ ਅਲਰਜੀ ਹੈ। ਇਸਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਖ਼ੁਰਾਕਾਂ ਦੇਣ ਨਾਲ , ਉਸ ਵਿਅਕਤੀ ਵਿੱਚ ਉਸ ਦ੍ਰਵ ਪ੍ਰਤੀ ਪ੍ਰਤਿਰੋਧਕ ਸ਼ਕਤੀ ਵਿਕਸਿਤ ਹੋ ਜਾਂਦੀ ਹੈ ਅਤੇ ਉਸਦਾ ਸਰੀਰ ਉਸ ਪਦਾਰਥ ਦੀ ਜ਼ਿਆਦਾ ਮਾਤਰਾ ਵਿੱਚ ਮੁਕਾਬਲਾ ਕਰਨ ਦੇ ਸਮਰੱਥ ਹੋ ਜਾਂਦਾ ਹੈ। ਇਸ ਤਰ੍ਹਾਂ ਜੇਕਰ ਅਸੀਂ ਆਪਣੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਦੌਰਾਨ ਨਿਡਰ ਰਹਿਣ ਦਾ ਅਭਿਆਸ ਕਰਾਂਗੇ ਤਾਂ ਅਸੀਂ ਜੀਵਨ ਵਿੱਚ ਆਉਣ ਵਾਲੀਆਂ ਵੱਡੀਆਂ ਤੋਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਹੋ ਸਕਦੇ ਹਾਂ। ਇਸ ਨਿਰਭੈਅਤਾ ਦਾ ਅਭਿਆਸ ਅਸੀਂ ਉਦੋਂ ਹੀ ਕਰ ਸਕਾਂਗੇ ਜਦੋਂ ਅਸੀਂ ਆਪਣੀ ਸ਼ਕਤੀਸ਼ਾਲੀ ਆਤਮਾ ਨਾਲ ਜੁੜਾਂਗੇ।
ਸਮਰਥਵਾਨ ਆਤਮਾ ਅਤੇ ਉਸਦੀ ਨਿਰਭੈਅਤਾ ਦਾ ਅਨੁਭਵ ਕਿਵੇਂ ਕਰੀਏ?
ਸਾਨੂੰ ਇਹ ਸਮਝਣਾ ਪਵੇਗਾ ਕਿ ਵਾਸਤਵ ਵਿੱਚ ਸ਼ਕਤੀ ਨਾਲ ਭਰਪੂਰ ਸਾਡੀ ਆਤਮਾ ਹੀ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਦੀ ਹੈ। ਜੇਕਰ ਅਸੀਂ ਆਤਮਾ ਦੀ ਇਸ ਸ਼ਕਤੀ ਨਾਲ ਜੁੜ ਸਕੀਏ ਤਾਂ ਹਰ ਤਰ੍ਹਾਂ ਦੇ ਡਰ ਤੋਂ ਜਿੱਤ ਸਕਦੇ ਹਾਂ ਅਤੇ ਅਸੀਂ ਇੱਕ ਸਥਾਈ ਸ਼ਾਂਤੀ ਅਤੇ ਸੁਰੱਖਿਆ ਦੇ ਘੇਰੇ ਵਿੱਚ ਰਹਿਣ ਲੱਗਦੇ ਹਾਂ । ਸਾਡੀ ਆਤਮ-ਸ਼ਕਤੀ , ਪਿਤਾ ਪਰਮੇਸ਼ਰ ਨਾਲ ਇੱਕ-ਮਿੱਕ ਹੋਣ ਕਾਰਨ ਸਦਾ ਸਾਡੇ ਨਾਲ ਹੁੰਦੀ ਹੈ ਅਤੇ ਜੀਵਨ ਦੀਆਂ ਚੁਣੌਤੀਆਂ ਵਿੱਚ ਸਾਡੀ ਮਦਦਗਾਰ ਬਣਦੀ ਹੈ। ਜ਼ਰੂਰਤ ਕੇਵਲ ਇਸ ਗੱਲ ਦੀ ਹੈ ਕਿ ਅਸੀਂ ਖ਼ਾਮੋਸ਼ੀ ਨਾਲ ਬੈਠ ਕੇ ਆਤਮਾ ਦੀ ਸ਼ਕਤੀ ਦਾ ਅਨੁਭਵ ਕਰੀਏ।
ਧਿਆਨ-ਅਭਿਆਸ ਇੱਕ ਅਜਿਹੀ ਤਕਨੀਕ ਹੈ ਜਿਸ ਨਾਲ ਅਸੀਂ ਆਪਣੇ ਧਿਆਨ ਨੂੰ ਬਾਹਰੀ ਦੁਨੀਆਂ ਤੋਂ ਹਟਾ ਕੇ ਅੰਤਰਮੁੱਖ ਇਕਾਗਰ ਕਰ ਸਕਦੇ ਹਾਂ। ਇਸਤਰ੍ਹਾਂ ਕਰਦੇ ਸਮੇਂ ਅਸੀਂ ਆਪਣਾ ਧਿਆਨ ਬਾਹਰ ਦੀ ਹਲਚਲ ਤੋਂ ਹਟਾ ਕੇ , ਆਪਣੀ ਆਤਮਾ ਵੱਲ ਕਰਦੇ ਹਾਂ ਜੋ ਕਿ ਪ੍ਰਮਾਤਮਾ ਦੀ ਅੰਸ਼ ਹੈ ਅਤੇ ਅਨੰਤ ਪ੍ਰੇਮ ਅਤੇ ਖੁਸ਼ੀ ਦਾ ਭੰਡਾਰ ਹੈ।
ਵਰਤਮਾਨ ਸਮੇਂ ਵਿੱਚ ਅਸੀਂ ਕੀ ਕਰ ਸਕਦੇ ਹਾਂ?
ਆਪਣੇ ਜੀਵਨ ਵਿੱਚ ਆਉਣ ਵਾਲੀਆਂ ਚੁਣੌਤੀਆਂ ਨੂੰ ਖ਼ਤਮ ਨਹੀਂ ਕਰ ਸਕਦੇ । ਬਾਹਰੀ ਦੁਨੀਆਂ ਦੀਆਂ ਘਟਨਾਵਾਂ ਉੱਪਰ ਸਾਡਾ ਕੋਈ ਨਿਯੰਤਰਣ ਨਹੀਂ ਹੈ। ਅਸੀਂ ਪੂਰੇ ਵਿਸ਼ਵਾਸ ਨਾਲ ਨਹੀਂ ਕਹਿ ਸਕਦੇ ਕਿ ਸਾਡੀ ਨੌਕਰੀ, ਸਾਡਾ ਘਰ, ਧਨ-ਦੌਲਤ ਅਤੇ ਸਾਡੇ ਨਜ਼ਦੀਕੀ ਸਾਡੇ ਤੋਂ ਕਦੀ ਦੂਰ ਨਹੀਂ ਹੋਣਗੇ। ਅਸੀਂ ਇਤਨਾ ਕਹਿ ਸਕਦੇ ਹਾਂ ਕਿ ਨਿਡਰਤਾਪੂਰਵਕ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰੀਏ ਤਾਂ ਕਿ ਦੁਖ-ਦਰਦ ਅਤੇ ਚਿੰਤਾਵਾਂ ਸਾਨੂੰ ਆਪਣਾ ਨਿਸ਼ਾਨਾ ਨਾ ਬਣਾ ਸਕਣ। ਅਸੀਂ ਸਮਾਚਾਰ ਪੜ੍ਹਨ, ਦੇਖਣ ਅਤੇ ਸੁਣਨ ਤੋਂ ਸੋਸ਼ਲ ਮੀਡੀਆ ਤੋਂ ਖ਼ੁਦ ਨੂੰ ਦੂਰ ਕਰੀਏ ਅਤੇ ਆਪਣਾ ਸਮਾਂ ਧਿਆਨ-ਅਭਿਆਸ ਕਰਨ ਅਤੇ ਆਪਣੀ ਆਤਮ-ਸ਼ਕਤੀ ਦਾ ਅਨੁਭਵ ਕਰਨ ਵਿੱਚ ਲਗਾਈਏ। ਜਦੋਂ ਇੱਕ ਵਾਰ ਸਾਨੂੰ ਆਪਣੀ ਦਿਵਅਤਾ ਦਾ ਅਹਿਸਾਸ ਹੋ ਜਾਵੇ ਅਤੇ ਅਸੀਂ ਆਪਣੀ ਆਤਮ-ਸ਼ਕਤੀ ਨੂੰ ਪਹਿਚਾਣ ਲਈਏ ਤਾਂ ਸਾਡਾ ਜੀਵਨ ਪ੍ਰੇਮ, ਖ਼ੁਸ਼ੀ , ਨਿਰਭੈਅਤਾ ਅਤੇ ਆਸਥਾ ਨਾਲ ਪ੍ਰਫ਼ੁੱਲਿਤ ਹੋ ਉੱਠਦਾ ਹੈ।
-
ਸੰਤ ਰਾਜਿੰਦਰ ਸਿੰਘ , ਲੇਖਕ
******
*************
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.