ਦੁਨੀਆਂ ਦੇ ਹਰੇਕ ਖਿੱਤੇ ਵਿਚ ਹਰ ਮਨੁੱਖ ਦੀ ਅੱਖ ਨਮ ਹੈ। ਬੇਰੋਕ ਹੰਝੂ ਹਨ। ਸੰਵੇਦਨਸੀਥਲ ਮਨੁੱਖ ਹੋਰ ਵੀ ਪਰੇਸ਼ਾਨ ਹੈ। ਕੋਈ ਰੱਬ ਨੂੰ ਲਾਹਨਤਾਂ ਪਾ ਰਿਹਾ ਹੈ। ਕੋਈ ਕੁਦਰਤ ਨੂੰ ਝੂਰ ਰਿਹਾ ਹੈ। ਕੋਈ ਬੰਦੇ ਨੂੰ ਬੰਦਾ ਬਣਨ ਲਈ ਨਸੀਹਤਾਂ ਦੇ ਰਿਹਾ ਹੈ। ਜਿਨ੍ਹਾਂ ਦੇ ਵਿੱਛੜ ਗਏ, ਗਮ ਦਾ ਭਾਰੀ ਸਾਇਆ ਉਹਨਾਂ ਦੇ ਨਾਲ ਨਾਲ ਤੁਰ ਰਿਹਾ ਹੈ, ਤੁਰਦਾ ਰਹੇਗਾ, ਬੰਦਾ ਅੰਦਰੋਂ ਖੁਰਦਾ ਰਹੇਗਾ। ਦੁੱਖਾਂ ਦੀਆਂ ਗੱਠੜੀਆਂ ਭਾਰੀ ਹੋ ਗਈਆਂ ਨੇ। ਰੋਟੀ ਦੇ ਲਾਲੇ ਪੈ ਗਏ। ਮਾਨਸਿਕਤਾ ਡਾਵਾਂਡੋਲ ਹੋਈ। ਨਿੱਕੇ ਤੋਂ ਨਿੱਕੇ ਤੇ ਵੱਡੇ ਤੋਂ ਵੱਡੇ ਦੁਨੀਆ ਭਰ ਦੇ ਕੰਮ ਠੱਪੇ ਗਏ। ਘਰਾਂ ਨੂੰ ਜੰਦਰੇ ਵੱਜ ਗਏ। ਅਜਿਹੇ ਸਮੇਂ ਵਿਚ ਰਲ ਮਿਲ ਕੇ ਇੱਕ ਦੂਜੇ ਦੇ ਹੰਝੂ ਪੂੰਝਣ ਦੀ ਲੋੜ ਹੈ ਨਾ ਕਿ ਇੱਕ ਦੂਜੇ ਨੂੰ ਅੱਖੋਂ ਪਰੋਖੇ ਕਰਨ ਦੀ।
ਦੁਪੈਹਰ ਦਾ ਵੇਲਾ ਹੈ। ਡਿਪਟੀ ਕਮਿਸ਼ਨਰ ਪਿੰਡਾਂ ਵਿਚੋਂ ਆ ਰਿਹਾ ਹੈ ਮੰਡਆਿਂ ਦਾ ਦੌਰਾ ਕਰ ਕੇ। ਸੜਕ ਦੇ ਇੱਕ ਪਾਸੇ ਕੱਚੇ ਥਾਂ ਚਾਰ
ਔਰਤਾਂ ਬੈਠੀਆਂ ਹਨ,। ਉਹਨਾਂ ਦੇ ਹੱਥਾਂ ਉਤੇ ਸੁੱਕੀਆਂ ਠੰਢੀਆਂ ਰੋਟੀਆਂ ਹਨ। ਰੋਟੀ ਖਾ ਰਹੀਆਂ ਔਰਤਾਂ ਦੇ ਕੋਲ ਮਿੱਟੀ ਦਾ ਇੱਕ ਮੱਘਾ ਪਿਆ ਹੈ ਪਾਣੀ ਨਾਲ ਭਰਿਆ। ਡਿਪਟੀ ਕਮਿਸ਼ਨਰ ਦੀ ਨਿਗ੍ਹਾ ਪਈ ਉਹਨਾਂ ਉਤੇ। ਤੇ ਉਹ ਪੁਛਦਾ ਹੈ ਕਿ ਇਹ ਔਰਤਾਂ ਕੌਣ ਹਨ, ਏਥੇ ਕਿਉਂ ਬੈਠੀਆਂ ਹਨ? ਦਸਦਾ ਹਾਂ ਕਿ ਗਰੀਬ ਪਰਿਵਾਰ ਦੀਆਂ ਔਰਤਾਂ ਹਨ ਤੇ ਇਹ ਵੱਢੀ ਗਈ ਕਣਕ ਦੇ ਸਿੱਟੇ(ਬੱਲੀਆਂ) ਚੁਗਣ ਆਈਆਂ ਹਨ। ਬੱਲੀਆਂ ਚੁਗ ਕੇ ਇਹ ਸੜਕ ਵਿਚਾਲੇ ਰੱਖ ਦੇਣਗੀਆਂ। ਆਂਦੇ ਜਾਂਦੇ ਵਾਹਨਾਂ ਹੇਠਾਂ ਆ ਕੇ ਕਣਕ ਦੇ ਦਾਣੇ ਬੱਲੀਆ ਤੋਂ ਵੱਖ ਹੋ ਜਾਣਗੇ ਤੇ ਦਾਣੇ ਛਾਂਟ ਕੇ ਇਹ ਘਰ ਲੈ ਜਾਣਗੀਆਂ ਆਪਣਾ ਪੇਟ ਪਾਲਣ ਲਈ। ਸੁਣ ਕੇ ਡੀ ਸੀ ਉਦਾਸ ਹੋ ਗਿਆ। ਗੱਡੀਆਂ ਰੁਕਵਾ ਲਈਆਂ। ਜਦ ਉਹਨਾਂ ਕੋਲ ਜਾਣ ਨੂੰ ਤੁਰੇ ਤਾਂ ਔਰਤਾਂ ਦੇ ਗਲੋਂ ਰੋਟੀ ਦੀ ਬੁਰਕੀ ਜਿਵੇਂ ਲੱਥਣੀ ਬੰਦ ਹੋ ਗਈ ਹੋਵੇ। ਡੀਸੀ ਨੇ ਆਖਿਆ, ਆਰਮ ਨਾਲ ਰੋਟੀ ਖਾਓ, ਘਬਰਾਓ ਨਾ, ਅਸੀਂ ਆਪ ਦਾ ਹਾਲ ਚਾਲ ਜਾਨਣ ਆਏ ਹਾਂ। ਸੁੱਕੀਆਂ ਰੋਟੀਆਂ ਉਤੇ ਕਿਸੇ ਦੇ ਨਮਕ ਦਾ ਧੂੜਾ ਸੀ ਤੇ ਕਿਸੇ ਅਚਾਰ ਦੀ ਫਾੜੀ ਰੱਖੀ ਹੋਈ ਸੀ। ਬੁਢੀ ਮਾਈ ਬੋਲੀ, ਏਹ ਦੋ ਮੇਰੀਆਂ ਧੀਆਂ ਨੇ, ਮਿਲਣ ਆਈਆਂ ਸੀ, ਕਰਫੂ ਲੱਗਣ ਕਰਕੇ ਏਥੇ ਫਸ ਗਈਆਂ, ਹੁਣ ਨਾਲ ਸਿੱਟੇ ਚੁਗਣ ਆ ਗਈਆਂ ਨੇ। ਦੇਖਦੇ-ਸੁਣਦੇ ਡੀਸੀ ਦੀਆਂ ਅੱਖਾਂ ਨਮ ਹੋ ਗਈਆਂ। ਆਪਣੇ ਗੰਨਮੈਨਾਂ ਨੂੰ ਆਵਾਜ਼ ਮਾਰੀ ਤੇ ਕਿਹਾ ਕਿ ਮੇਰੀ ਗੱਡੀ ਵਿਚੋਂ ਰਾਸ਼ਨ ਦੀਆਂ ਚਾਰ ਕਿੱਟਾਂ ਕੱਢਕੇ ਇਨਾਂ ਨੂੰ ਦੇਵੋ। ਔਰਤਾਂ ਅਸੀਸਾਂ ਦੇਣ ਲੱਗੀਆਂ। ਗੱਡੀਆ ਅੱਗੇ ਤੁਰੀਆਂ।
ਗਰੀਬ ਰੇਹੜਾ ਚਾਲਕ ਆਪਣੇ ਕਮਜ਼ੋਰ ਘੋੜੇ ਵਾਸਤੇ ਘਾਹ ਖੋਦ ਕੇ ਲਿਆ ਰਿਹਾ ਹੈ। ਕੁਮਾਰ ਸੌਰਭ ਰਾਜ ਨਾਂ ਦਾ ਡਿਪਟੀ ਕਮਿਸ਼ਨਰ ਪੁਛਦਾ ਹੈ ਕਿ ਕਿਥੋਂ ਆਇਆ ਏ? ਰੇਹੜੇ ਉਤੇ ਬੈਠਾ ਹੀ ਦਸਦਾ ਹੈ ਕਿ ਆਪਣੇ ਏਸ ḔਪੁੱਤḔ ਵਾਸਤੇ ਘਾਹ ਕੌਦ ਕੇ ਲਿਆਇਆ ਹਾਂ ਜੀ। ਆਹ ਕੁਛ ਲੱਕੜਾ ਨੇ ਜੀ, ਇਹਦੇ ਨਾਲ ਖਾਣਾ ਬਣਾ ਲਵਾਂਗੇ। ਡੀ ਸੀ ਨੇ ਕਮਜ਼ੋਰ ਘੋੜੇ ਵੱਲ ਦੇਖਿਆ, ਫਿਰ ਘਾਹ ਵੱਲ, ਫਿਰ ਲੱਕੜਾਂ ਵੱਲ ਤੇ ਫਿਰ ਰੇਹੜਾ ਚਾਲਕ ਦੀਆਂ ਮੁਰਝਾਈਆਂ ਅੱਖਾਂ ਤੱਕੀਆਂ। ਹੰਝੂ ਸਨ। ਡੀ ਸੀ ਪੁਛਦਾ ਹੈ, ਕੀ ਤੇਰਾ ਨੀਲਾ ਕਾਰਡ ਬਣਿਆ ਹੋਇਆ ਹੈ? ਉਹ ਦਸਦਾ ਹੈ ਕਿ ਬਣਾਉਣਾ ਦਿੱਤਾ ਸੀ ਜੀ ਪਰ ਬਣ ਨਹੀਂ ਸਕਿਆ। ਨਾਲ ਖੜੇ ਅਫਸਰ ਨੂੰ ਡੀ ਸੀ ਕਹਿੰਦਾ ਕਿ ਇਸਦਾ ਨਾਂ ਤੇ ਅਤਾ ਪਤਾ ਲਿਖੋ ਤੇ ਕਾਰਡ ਬਣਵਾਓ ਤੇ ਹੁਣੇ ਅਨਾਜ ਦੀ ਕਿੱਟ ਇਹਦੇ ਰੇਹੜੇ ਉਤੇ ਰੱਖੋ। ਜੇ ਕੋਈ ਹੋਰ ਲੋੜ ਹੋਵੇ, ਮੈਨੂੰ ਦਫਤਰ ਆ ਕੇ ਦੱਸਣਾ। ਗਰੀਬ ਦੀਆਂ ਅੱਖਾ ਵਿਚ ਚਮਕ ਹੈ। ਦੋਵੇਂ ਹੱਥ ਜੋੜ ਉਸ ਰੇਹੜਾ ਅੱਗੇ ਤੋਰਿਆ। ਗੱਡੀਆਂ ਅੱਗੇ ਨੂੰ ਤੁਰੀਆਂ। ਮੈਨੂੰ ਲੱਗਿਆ ਕਿ ਸੰਕਟ ਦੇ ਸਮੇਂ ਵਿਚ ਇਹ ਕਿਸੇ ਦੇ ਹੰਝੂ ਪੂੰਝਣ ਤੋਂ ਘੱਟ ਨਹੀਂ। ਆਓ, ਰਲ ਮਿਲ ਹੰਝੂ ਪੂੰਝੀਏ। ਧਰਵਾਸਾ ਦੇੱਈਏ। ਚੰਗੇ ਦਿਨਾਂ ਦਿਨਾਂ ਦੇ ਪਰਤ ਆਉਣ ਦੀ ਕਾਮਨਾ ਕਰੀਏ! ਰੱਬ ਖੈਰ ਕਰੇ!
-
ਨਿੰਦਰ ਘੁਗਿਆਣਵੀ,
ninder_ghugianvi@yahoo.com
na
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.