ਜਦੋਂ ਕੋਈ ਘਟਨਾ ਜਾ ਫੇਰ ਕਹਿ ਲਵੋ ਦੁਰਘਟਨਾ ਵਾਪਰਦੀ ਹੈ ਤਾਂ ਸੌ ਫ਼ੀਸਦੀ ਕੋਈ ਸਹੀ ਨਹੀਂ ਹੁੰਦਾ ਤੇ ਨਾ ਹੀ ਕੋਈ ਸੌ ਫ਼ੀਸਦੀ ਗ਼ਲਤ ਹੁੰਦਾ। ਬਹੁਤ ਸਾਰੇ ਪਹਿਲੂ ਹੁੰਦੇ ਹਨ ਵਿਚਾਰਨਯੋਗ। ਮੇਰਾ ਮੰਨਣਾ ਹੈ ਕਿ ਕੋਈ ਵੀ ਘਟਨਾ ਅਚਾਨਕ ਨਹੀਂ ਵਾਪਰ ਜਾਂਦੀ ਬਲਕਿ ਉਸ ਦੀ ਇਬਾਰਤ ਬਹੁਤ ਪਹਿਲਾਂ ਤੋਂ ਲਿਖੀ ਜਾਣ ਲੱਗ ਪੈਂਦੀ ਹੈ।
ਅੱਜ ਇਸ ਲੇਖ ਰਾਹੀਂ ਖ਼ਾਲਸਾ ਸਾਜਣਾ ਦਿਵਸ ਤੋਂ ਕੁਝ ਵਕਤ ਪਹਿਲਾਂ ਪਟਿਆਲਾ ਵਿਖੇ ਨਿਹੰਗਾਂ ਅਤੇ ਪੁਲਿਸ ਵਿਚਾਲੇ ਵਾਪਰੇ ਮੰਦਭਾਗੇ ਅਤੇ ਨਿੰਦਣਯੋਗ ਘਟਨਾਕ੍ਰਮ ਦੇ ਕੁਝ ਕੁ ਪਹਿਲੂਆਂ ਤੇ ਨਿਰਪੱਖ ਰਹਿ ਕੇ ਵਿਚਾਰ ਕਰਦੇ ਹਾਂ।
ਹੁਣ ਉਹ ਤਾਂ ਜ਼ਮਾਨਾ ਨਹੀਂ ਰਿਹਾ ਕਿ ਕਿਸੇ ਹਾਦਸੇ ਦੇ ਗਵਾਹ ਸਿਰਫ਼ ਉਹੀ ਲੋਕ ਹੋਣ ਜੋ ਉਸ ਵਕਤ ਹਾਦਸੇ ਵਾਲੀ ਥਾਂ 'ਤੇ ਮੌਜੂਦ ਸਨ। ਹੁਣ ਤਾਂ ਹਾਦਸਾ ਵਾਪਰਨ ਤੋਂ ਬਾਅਦ ਮਿੰਟਾਂ 'ਚ ਦੁਨੀਆ ਭਰ 'ਅੱਖੀਂ ਦੇਖੀ' ਗਵਾਹ ਬਣ ਜਾਂਦੀ ਹੈ। ਕਈ ਹਾਦਸਿਆਂ ਦੇ ਦੁਨੀਆ ਤੱਕ ਪੁੱਜਣ 'ਚ ਹੋ ਸਕਦਾ ਦਸ-ਵੀਹ ਮਿੰਟ ਲੱਗ ਜਾਣ ਨਹੀਂ ਤਾਂ ਜ਼ਿਆਦਾਤਰ ਦਾ ਤਾਂ ਹੁਣ ਸਿੱਧਾ ਪ੍ਰਸਾਰਨ ਹੀ ਚਲਦਾ ਹੁੰਦਾ। ਸੋ ਹੁਣ ਕੋਈ ਇਹ ਤਾਂ ਕਹਿ ਨਹੀਂ ਸਕਦਾ ਕਿ ਸੁਣੀ-ਸੁਣਾਈ ਗੱਲ ਹੈ, ਸਰਕਾਰ ਗ਼ਲਤ ਪੇਸ਼ ਕਰ ਰਹੀ ਹੈ ਜਾਂ ਫੇਰ ਮੀਡੀਆ ਮਸਾਲੇ ਲਾ ਰਿਹਾ ਹੈ।
ਸਭ ਨੇ ਬਾਰ-ਬਾਰ ਇਹ ਹਾਦਸਾ ਵਾਪਰਦੇ ਦੇਖਿਆ ਹੋਣਾ। ਪਰ ਸਭ ਦੇ ਵਿਚਾਰ ਵੱਖੋ-ਵੱਖਰੇ ਹਨ। ਕੋਈ ਅੱਜ ਸੋਸ਼ਲ ਮੀਡੀਆ ਤੇ ਨਿਹੰਗ-ਸਿੰਘਾਂ ਨੂੰ ਮਾੜਾ ਕਹਿ ਰਿਹਾ ਤੇ ਕੋਈ ਪੁਲਿਸ ਨੂੰ। ਭਾਵੇਂ ਹਮੇਸ਼ਾ ਹਮਦਰਦੀ ਦੀ ਬਹੁਤਾਤ ਪੀੜਤਾਂ ਨਾਲ ਵੱਧ ਹੁੰਦੀ ਹੈ ਪਰ ਜੇ ਜਮੀਨੀ ਪੱਧਰ ਤੇ ਆਮ ਲੋਕਾਂ ਦੀ ਆਵਾਜ ਸੁਣੀ ਜਾਵੇ ਤਾਂ ਉਹ ਇਹ ਹੀ ਕਹਿ ਰਹੇ ਹਨ ਕਿ ਚੰਗੀ ਕੀਤੀ ਐਵੇਂ ਹਰ ਇਕ ਨਿਹੱਥੇ ਤੇ ਡਾਂਗਾਂ ਵਰਾਉਂਦੇ ਫਿਰਦੇ ਸੀ। ਅੱਜ ਟੱਕਰਿਆ ਮੂਹਰੇ ਇਹਨਾਂ ਨੂੰ ਵੀ ਕੋਈ ਸਵਾ ਸੇਰ।
ਭਾਵੇਂ ਕਾਨੂੰਨੀ ਤੌਰ ਅਤੇ ਇਖ਼ਲਾਕੀ ਤੌਰ 'ਤੇ ਇਹ ਸਹੀ ਨਹੀਂ ਹੈ ਪਰ ਜਿਵੇਂ ਕਿ ਉੱਪਰ ਲਿਖਿਆ ਕਿ ਕਿਸੇ ਵੀ ਹਾਦਸੇ ਦੀ ਇਬਾਰਤ ਬਹੁਤ ਪਹਿਲਾਂ ਲਿਖਣੀ ਸ਼ੁਰੂ ਹੋ ਜਾਂਦੀ ਹੈ। ਪੰਜਾਬ ਪੁਲਿਸ ਨੇ ਜੋ ਡੰਡਾ ਪਿਛਲੇ ਕਈ ਦਿਨਾਂ ਤੋਂ ਆਮ ਲੋਕਾਂ ਤੇ ਫੇਰਿਆ ਸੀ ਇਹ ਇਸ ਤਾਜਾ ਹਾਦਸੇ ਦੀ ਨਿਊ ਹੀ ਤਾਂ ਸੀ। ਇਸੇ ਦਾ ਦੂਜਾ ਪੱਖ ਇਹ ਵੀ ਹੈ ਕਿ ਜੇ ਕੋਈ ਕਾਨੂੰਨ ਦੀ ਪਾਲਣ ਕਰ ਲਵੇ ਤਾਂ ਪੁਲਿਸ ਡੰਡਾ ਘਰ 'ਚ ਬੈਠਿਆਂ ਤੇ ਤਾਂ ਫੇਰਨੋ ਰਹੀ।
ਇਕ ਹੋਰ ਪੱਖ 'ਤੇ ਵੀ ਗੱਲ ਕਰਨੀ ਬਣਦੀ ਹੈ। ਕਾਨੂੰਨ ਕੋਈ ਇਕੱਲੇ ਪੰਜਾਬ 'ਚ ਨਹੀਂ ਤੋੜੇ ਜਾਂਦੇ। ਬਲਕਿ ਦੁਨੀਆ ਭਰ ਦੇ ਕਹਿੰਦੇ ਕਹਾਉਂਦੇ ਮੁਲਕਾਂ 'ਚ ਆਮ ਹੀ ਕਾਨੂੰਨ ਦੀਆਂ ਧੱਜੀਆਂ ਵੇਲੇ ਕੁਵੇਲੇ-ਉੱਡਦੀਆਂ ਅਸੀਂ ਸਭ ਹਰ ਰੋਜ਼ ਦੇਖਦੇ ਹਾਂ। ਉਦਾਹਰਨ ਦੇ ਤੌਰ ਤੇ ਅਮਰੀਕਾ ਨੂੰ ਲੈ ਲਵੋ ਉੱਥੇ ਹਰ ਰੋਜ਼ ਗੋਲੀ ਚਲਦੀ ਹੈ, ਨਿਹੱਥੇ ਮਾਰੇ ਜਾਂਦੇ ਹਨ। ਆਸਟ੍ਰੇਲੀਆ 'ਚ ਹਰ ਰੋਜ਼ ਕੋਈ ਨਾ ਕੋਈ ਖ਼ਬਰ ਆਉਂਦੀ ਹੈ ਕਿ ਪੰਜਾਹ ਦੀ ਸਪੀਡ ਵਾਲੇ ਏਰੀਆ 'ਚ ਇਕ ਸੌ ਵੀਹ ਤੇ ਗੱਡੀ ਚਲਾਉਂਦੇ ਫੜੇ ਗਏ। ਬੱਸ ਫ਼ਰਕ ਏਨਾ ਕੁ ਹੈ ਕਿ ਇਹਨਾਂ ਮੁਲਕਾਂ ਦੀ ਪੁਲਿਸ ਫੋਰਸ ਦੀ ਸਿਖਲਾਈ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਇਹ ਲੋਕ ਸੱਪ ਵੀ ਮਾਰ ਲੈਂਦੇ ਹਨ ਤੇ ਸੋਟੀ ਵੀ ਬਚਾ ਲੈਂਦੇ ਹਨ।
ਹੁਣ ਤੁਸੀਂ ਕਹੋਗੇ ਕਿ ਪੰਜਾਬ ਪੁਲਿਸ ਦੀ ਵੀ ਬੜੀ ਸਖ਼ਤ ਟਰੇਨਿੰਗ ਹੁੰਦੀ ਹੈ। ਬਿਲਕੁਲ ਹੁੰਦੀ ਹੈ! ਪਰ ਉਸ ਟਰੇਨਿੰਗ ਦਾ ਪਾਲਣ ਉਦੋਂ ਤੱਕ ਕੀਤਾ ਜਾਂਦਾ ਹੈ ਜਦੋਂ ਤੱਕ ਮੁਲਾਜ਼ਮ ਪੱਕਾ ਹੋ ਕੇ ਤਨਖ਼ਾਹ ਨਹੀਂ ਲੈਣ ਲੱਗ ਜਾਂਦਾ। ਉਸ ਤੋਂ ਬਾਅਦ ਤਾਂ ਸਿਰਫ਼ ਗੋਗੜ ਹੀ ਵਧਾਉਣੀ ਹੁੰਦੀ ਹੈ। ਜਾਂ ਫੇਰ ਆਪਣੇ ਤੋਂ ਵੱਡਿਆਂ ਦੀ ਜੀਅ ਹਜ਼ੂਰੀ ਕਰਨੀ ਹੁੰਦੀ ਹੈ। ਮੈਂ ਤਾਂ ਨਹੀਂ ਦੇਖਿਆ ਕਿ ਉਹ ਕਦੇ ਅਚਾਨਕ ਪਈ ਬਿਪਤਾ ਲਈ ਤਿਆਰ ਹੁੰਦੇ ਹਨ।
ਤੁਸੀਂ ਜੇ ਕਦੇ ਇਕ ਆਸਟ੍ਰੇਲੀਆ ਦੇ ਪੁਲਿਸ ਵਾਲੇ ਨੂੰ ਤਿਆਰ ਹੁੰਦਾ ਦੇਖ ਲਵੋ ਤਾਂ ਹੈਰਾਨ ਰਹਿ ਜਾਵੋਗੇ। ਉਹ ਜਦੋਂ ਵੀ ਕਦੇ ਆਪਣੀ ਨੌਕਰੀ ਕਰਨ ਜਾਂਦੇ ਹਨ ਤਾਂ ਪਹਿਲਾਂ ਆਪਣਾ ਸਮਾਂ ਇਕੱਲੇ ਜੁੱਤੇ ਲਿਸ਼ਕਾਉਣ 'ਚ ਨਹੀਂ ਲਾਉਂਦੇ ਬਲਕਿ ਉਹ ਸਾਰਾ ਤੰਗੜ-ਪੱਟੀਆਂ ਕੱਸਦੇ ਹਨ ਜਿਸ ਦੀ ਭਾਵੇਂ ਉਨ੍ਹਾਂ ਨੂੰ ਕਦੇ ਲੋੜ ਨਹੀਂ ਪਈ ਪਰ ਫੇਰ ਵੀ ਉਨ੍ਹਾਂ ਨੂੰ ਹਦਾਇਤ ਹੁੰਦੀ ਹੈ ਕਿ ਯੋਧੇ ਨੂੰ ਪਤਾ ਨਹੀਂ ਕਦੋਂ ਜੰਗ ਦੇ ਮੈਦਾਨ 'ਚ ਕੁੱਦਣਾ ਪੈ ਜਾਵੇ ਸੋ ਹਰ ਵੇਲੇ ਤਿਆਰ ਬਰ ਤਿਆਰ ਰਹੋ। ਉਨ੍ਹਾਂ ਨੂੰ ਇਸ ਸ਼ਬਦ ਦੇ ਮਾਅਨੇ ਦੱਸੇ ਜਾਂਦੇ ਹਨ ਕਿ ਸੂਰਾ ਉਹੀ ਹੈ ਜੋ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਤੁਰਤ-ਫੁਰਤ ਫ਼ੈਸਲੇ ਲਵੇ ਅਤੇ ਸਮਾਂ ਵਿਚਾਰੇ।
ਜੇਕਰ ਤਾਜਾ ਘਟਨਾਕ੍ਰਮ ਅਮਰੀਕਾ ਦੀ ਪੁਲਿਸ ਨਾਲ ਵਾਪਰਿਆ ਹੁੰਦਾ ਤਾਂ ਉਨ੍ਹਾਂ ਕਿਸੇ ਅਫ਼ਸਰ ਨੇ ਨਹੀਂ ਸੀ ਉਡੀਕਣਾ ਉੱਥੇ ਹੀ ਗੋਲੀ ਮਾਰ ਕੇ ਢੇਰੀ ਕਰ ਦੇਣਾ ਸੀ। ਜੇ ਇਸ 'ਚ ਆਸਟ੍ਰੇਲੀਆ ਦੀ ਪੁਲਿਸ ਸ਼ਾਮਿਲ ਹੁੰਦੀ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸੁਰੱਖਿਅਤ ਕਰ ਕੇ ਵਕਤ ਵਿਚਾਰਨਾ ਸੀ ਤੇ ਉਨ੍ਹਾਂ ਦੀਆਂ ਸ਼ਨਾਖ਼ਤ ਕਰ ਕੇ ਬਾਅਦ 'ਚ ਇਹੋ ਜਿਹੀਆਂ ਧਾਰਾਵਾਂ 'ਚ ਫਸਾਉਣਾ ਸੀ ਕਿ ਨਾਕਾ ਤੋੜਨ ਦਾ ਪਛਤਾਵਾ ਸਾਰੀ ਉਮਰ ਭੋਗਣਾ ਪੈਣਾ ਸੀ, ਤੋੜਨ ਵਾਲਿਆਂ ਨੂੰ।
ਆਸਟ੍ਰੇਲੀਆ ਦੀ ਪੁਲਿਸ ਕਦੇ ਉੱਚਾ ਨਹੀਂ ਬੋਲਦੀ, ਗਾਲ੍ਹਾਂ ਨਹੀਂ ਕੱਢਦੀ, ਜੀ ਹਜ਼ੂਰ! ਤੋਂ ਬਿਨਾਂ ਤੁਹਾਨੂੰ ਸੰਬੋਧਨ ਨਹੀਂ ਹੁੰਦੀ, ਸੜਕ 'ਤੇ ਰੋਕਣ ਸਾਰ ਪਹਿਲਾ ਤੁਹਾਡੇ ਤੋਂ ਮਾਫ਼ੀ ਮੰਗਦੀ ਹੈ। ਫੇਰ ਤੁਹਾਡਾ ਹਾਲ-ਚਾਲ ਪੁੱਛਦੀ ਹੈ। ਫੇਰ ਤੁਹਾਡਾ ਦਿਨ ਕਿੱਦਾਂ ਦਾ ਰਿਹਾ ਇਹ ਜਾਣਦੀ ਹੈ। ਕੁਝ ਕੁ ਏਧਰਲੀਆਂ-ਉਧਰਲੀਆਂ ਗੱਲਾਂ ਮਾਰ ਕੇ ਫੇਰ ਤੁਹਾਨੂੰ ਪਿਆਰ ਨਾਲ ਕਾਰਨ ਪੁੱਛਦੀ ਹੈ ਵੀ ਭਾਈ ਤੁਹਾਡੀ ਉਹ ਕਿਹੜੀ ਮਜਬੂਰੀ ਸੀ ਜੋ ਅੱਸੀ ਦੀ ਰਫ਼ਤਾਰ ਵਾਲੇ ਹਲਕੇ 'ਚ ਸੌ ਤੇ ਜਾ ਰਹੇ ਸੀ? ਪੂਰੀ ਗੱਲ ਸੁਣਨ ਤੋਂ ਬਾਅਦ ਮਾਫ਼ੀ ਮੰਗਦੇ ਹੋਏ ਤੁਹਾਡਾ ਚਲਾਨ ਕੱਟ ਕੇ ਹੱਥ 'ਚ ਫੜਾ ਦਿੰਦੇ ਹਨ ਅਤੇ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਅਲਵਿਦਾ ਕਹਿ ਦਿੰਦੇ ਹੈ।
ਉਤਲੇ ਸਾਰੇ ਵਰਤਾਰੇ ਤੋਂ ਬਾਅਦ ਤੁਹਾਨੂੰ ਕੀ ਲਗਦਾ ਅਸੀਂ ਪੁਲਿਸ ਕੋਲੋਂ ਡਰਦੇ ਨਹੀਂ? ਨਹੀਂ, ਸਾਡੀ ਹਾਲਾਤ ਉਸ ਵਕਤ ਦੇਖੇ ਤੋਂ ਬਣਦੀ ਹੈ ਜਦੋਂ ਕੋਈ ਪੁਲਿਸ ਦੀ ਗੱਡੀ ਸਾਨੂੰ ਰੋਕ ਲੈਂਦੀ ਹੈ ਤਾਂ ਇਨ੍ਹੀਂ ਇੱਜ਼ਤ ਕਰਦੇ ਪੁਲਿਸ ਅਫ਼ਸਰ ਨੂੰ ਦੇਖ ਕੇ ਦਿਲ ਪਾਟਣ ਨੂੰ ਜਾਂਦਾ। ਉਦੋਂ ਪਤਾ ਲੱਗਦਾ ਜਦੋਂ ਕੋਈ ਪੰਜ-ਚਾਰ ਸੋ ਜੁਰਮਾਨਾ ਤੇ ਲਾਇਸੈਂਸ ਦੇ ਤਿੰਨ-ਚਾਰ ਪੁਆਇੰਟ ਉੱਡ ਜਾਂਦੇ ਹਨ। ਇਹ ਸਭ ਨੂੰ ਪਤਾ ਕਿ ਇੱਥੇ ਲਾਇਸੈਂਸ ਤੋਂ ਬਿਨਾਂ ਬੰਦਾ ਕੱਖਾਂ ਤੋਂ ਵੀ ਹੌਲਾ ਬਣ ਕੇ ਰਹਿ ਜਾਂਦਾ ਹੈ। ਏਨੇ ਪਿਆਰੇ ਵਰਤਾਰੇ ਤੋਂ ਬਾਅਦ ਬੰਦਾ ਆਪਣੀਆਂ ਪੁਸ਼ਤਾ ਨੂੰ ਵੀ ਦੱਸ ਕੇ ਜਾਂਦਾ ਹੈ ਕਿ ਭਾਈ ਗੱਡੀ ਚਲਾਉਂਦੇ ਗ਼ਲਤੀ ਨਾ ਕਰਿਓ।
ਦੂਜੇ ਪਾਸੇ ਮਾਂ-ਭੈਣ ਇੱਕ ਕਰਦੀ ਪੰਜਾਬ ਪੁਲਿਸ ਲਗਭਗ ਆਪਣਾ ਰੋਹਬ ਜਨਤਾ ਵਿਚੋਂ ਖੋ ਚੁੱਕੀ ਹੈ। ਹਰ ਦੂਜੇ ਦਿਨ ਇਹੋ ਜਿਹੀਆਂ ਵੀਡੀਓ ਆਉਂਦੀਆਂ ਹਨ ਜਿਸ ਵਿਚ ਪੁਲਸ ਦੀ ਕੁੱਤਖਾਨੀ ਅਕਸਰ ਦੇਖਣ ਨੂੰ ਮਿਲਦੀ ਹੈ। ਜੋ ਕਿ ਇਕ ਚੰਗੇ ਰਾਜ ਲਈ ਬਹੁਤ ਹੀ ਮੰਦਭਾਗੀ ਗੱਲ ਹੈ।
ਇੱਥੇ ਇਕੱਲੇ ਪੁਲਿਸ ਵਾਲਿਆਂ ਦਾ ਹੀ ਸਾਰਾ ਕਸੂਰ ਨਹੀਂ ਸਰਕਾਰਾਂ ਦਾ ਉਸ ਤੋਂ ਵੀ ਜ਼ਿਆਦਾ। ਇਹ ਅਕਸਰ ਪੁਲਸ ਨੂੰ ਆਪਣੇ ਫ਼ਾਇਦਿਆਂ ਲਈ ਵਰਤਦੇ ਹਨ। ਇਹ ਵੀ ਸੱਚ ਹੈ ਕਿ ਵੱਡੇ ਪੁਲਿਸ ਅਫ਼ਸਰ ਸਰਕਾਰ-ਏ-ਦਰਬਾਰੇ ਆਪਣੀ ਪੈਂਠ ਬਣਾਉਣ ਲਈ ਇਕ ਦੂਜੇ ਦੀਆਂ ਲੱਤਾਂ ਖਿੱਚਦੇ ਹਨ। ਵੱਡੀਆਂ ਪੋਸਟਾਂ ਵਿਕਦੀਆਂ ਹਨ। ਪਰ ਸਾਡੀ ਹਮਦਰਦੀ ਵਰਦੀ ਦੇ ਪਿੱਛੇ ਉਸ ਇਨਸਾਨ ਨਾਲ ਵੀ ਹੈ ਜਿਸ ਦਾ ਪਰਿਵਾਰ ਉਸ ਦਾ ਮੁਹਤਾਜ ਹੈ।
ਕੁਝ ਕੁ ਸਾਲਾਂ ਦੀ ਗੱਲ ਹੈ ਐਡੀਲੇਡ 'ਚ ਇਕ ਪੰਜਾਬੀ ਟੈਕਸੀ ਚਾਲਕ ਨਾਲ ਸਵਾਰੀ ਨੇ ਬੁਰਾ ਸਲੂਕ ਕੀਤਾ ਪੁਲਿਸ 'ਚ ਸ਼ਿਕਾਇਤ ਕੀਤੀ ਪਰ ਸਾਨੂੰ ਲੱਗਿਆ ਕਿ ਸਹੀ ਕਦਮ ਨਹੀਂ ਚੁੱਕੇ ਗਏ। ਅਸੀਂ ਇੰਡੀਆ ਵਾਲਾ ਪੱਤਾ ਖੇਡਿਆ। ਸਿੱਧੀ ਪੁਲਿਸ ਦੇ ਮੰਤਰੀ ਨਾਲ ਜਾ ਮੁਲਾਕਾਤ ਕੀਤੀ। ਸਾਨੂੰ ਲੱਗੇ ਕਿ ਹੁਣ ਤਾਂ ਬੱਸ ਗਧੀ-ਗੇੜ ਪਿਆ ਸਮਝੋ। ਪਰ ਮੰਤਰੀ ਜੀ ਪੂਰੀ ਗੱਲ ਸੁਣ ਕੇ ਕਹਿੰਦੇ "ਚਲੋ ਆਪਾਂ ਥਾਣੇ 'ਚ ਜਾ ਕੇ ਉਸ ਸਿਪਾਹੀ ਨੂੰ ਪੁੱਛਦੇ ਹਾਂ ਕਿ ਅਸਲ 'ਚ ਕੀ ਗੱਲ ਹੈ।" ਅਸੀਂ ਕਿਹਾ ਤੁਸੀਂ ਪੁਲਿਸ ਕਮਿਸ਼ਨਰ ਨੂੰ ਤਲਬ ਕਰੋ ਉਹ ਕਹਿੰਦੇ ਉਸ ਨਾਲ ਕੀ ਕੰਮ ਆ ਤੁਹਾਨੂੰ? ਜਿਹੜੇ ਸਿਪਾਹੀ ਕੋਲ ਕੇਸ ਹੈ ਉਸ ਕੋਲ ਚੱਲਦੇ ਹਾਂ। ਸਾਡੇ ਨਾਲ ਗਿਆ ਮੰਤਰੀ ਸਾਨੂੰ ਪਿੰਡ ਦੇ ਮੈਂਬਰ ਵਾਂਗ ਜਾਪੇ। ਜਾ ਕੇ ਜਦੋਂ ਅਸੀਂ ਉਸ ਸਿਪਾਹੀ ਨੂੰ ਮਿਲਣ ਦਾ ਵਕਤ ਮੰਗਿਆ ਤਾਂ ਮੂਹਰੇ ਉੱਥੇ ਬੈਠੀ ਬੀਬੀ ਕਹਿੰਦੀ ਉਹ ਤਾਂ ਅਗਲੇ ਹਫ਼ਤੇ ਤੱਕ ਵਿਅਸਤ ਹਨ। ਮੰਤਰੀ ਜੀ ਧੰਨਵਾਦ ਕਰ ਕੇ ਸਾਡੇ ਨਾਲ ਬਾਹਰ ਆ ਗਏ ਤੇ ਕਹਿੰਦੇ ਅਗਲੇ ਹਫ਼ਤੇ ਦਾ ਸਮਾਂ ਲੈ ਲਵੋ ਫੇਰ ਮਿਲਾਂਗੇ। ਸਾਨੂੰ ਸਮਝ ਨਾ ਆਵੇ ਕਿ ਸਿਪਾਹੀ ਵੱਡਾ ਜਾਂ ਮੰਤਰੀ? ਇੱਥੇ ਇਹ ਘਟਨਾ ਸੁਣਾਉਣ ਦਾ ਮਕਸਦ ਤੁਸੀਂ ਸਮਝ ਹੀ ਗਏ ਹੋਵੋਗੇ...।
ਮੁੱਦੇ ਤੇ ਆਉਂਦੇ ਹਾਂ ਇਸ ਵਾਪਰੇ ਹਾਦਸੇ 'ਚ ਜਦੋਂ ਇਕ ਗੱਡੀ ਜਿਸ 'ਚ ਸੱਤ ਸ਼ਸਤਰ ਧਾਰੀ ਨਿਹੰਗ ਬੈਠੇ ਹਨ ਤੇ ਜੋ ਪੁਲਿਸ ਦੀ ਹਾਜ਼ਰੀ 'ਚ ਨਾਕਾ ਤੋੜਨ ਦੀ ਜੁਰਅਤ ਕਰ ਰਹੀ ਹਨ, ਉਨ੍ਹਾਂ ਨੂੰ ਡੰਡਿਆਂ ਨਾਲ ਰੋਕਣਾ ਕੀ ਸਹੀ ਕਦਮ ਸੀ ਪੁਲਿਸ ਦਾ? ਪਹਿਲੀ ਗੱਲ ਦੁਨੀਆ 'ਚ ਬਹੁਤ ਘੱਟ ਮੁਲਕ ਰਹਿ ਗਏ ਹੁਣ ਜਿਸ ਦੀ ਪੁਲਿਸ ਕੋਲ ਡੰਡੇ ਰੂਪੀ ਹਥਿਆਰ ਹਨ। ਦੂਜੀ ਗੱਲ ਜਿਹੜਾ ਅਸਲਾ ਉਨ੍ਹਾਂ ਕੋਲ ਹੈ ਸੀ ਉਹ ਉਸ ਨੂੰ ਚਲਾਉਣ ਦਾ ਹੱਕ ਨਹੀਂ ਰੱਖਦੇ। ਤੀਜੀ ਗੱਲ ਉਹ ਸਰੀਰਕ ਪੱਖੋਂ ਨਾ ਹੋਇਆਂ ਵਰਗੇ ਜਿਹਨਾ ਨੂੰ ਪੁਲੀਸ 'ਬੱਲ' ਕਹਿਣਾ ਵੀ ਦਰੁਸਤ ਨਹੀਂ ਹੈ। ਚੌਥੀ ਗੱਲ ਸੱਪ ਲੰਘਣ ਤੋਂ ਬਾਅਦ ਹੁਣ ਪੁਲਿਸ ਨੂੰ ਲੱਖਾਂ ਰੁਪਿਆਂ ਅਤੇ ਨਸ਼ੇ ਲੱਭ ਗਏ, ਆਪਣੇ ਹੀ ਨੱਕ ਥਲੋਂ। ਪਰ ਇਹ ਨਿਹੰਗ ਤਾਂ ਬਹੁਤ ਪਹਿਲਾਂ ਤੋਂ ਉੱਥੇ ਵਿਚਰ ਰਹੇ ਸਨ!
ਇਕ ਪਹਿਲੂ ਹੋਰ ਵਿਚਾਰ ਕੇ ਗੱਲ ਨਿਬੇੜਦੇ ਹਾਂ। ਦੁਨੀਆ ਭਰ ਤੋਂ ਆਏ ਬੁਰੇ ਦੌਰ 'ਚ ਖ਼ਾਲਸੇ ਦੀ ਭੂਮਿਕਾ ਨੇ ਦੁਨੀਆ ਭਰ ਨੂੰ ਆਪਣੇ ਵੱਲ ਖਿੱਚਿਆ। ਕਹਿੰਦਾ ਕਹਾਉਂਦਾ ਮੀਡੀਆ ਵੀ ਇਸ 'ਤੇ ਚਰਚਾ ਕਰਦਾ ਇਹ ਹੀ ਕਹਿ ਰਿਹਾ ਕਿ ਇਹ ਕੌਮ ਵਾਕਿਆ ਸਰਬੱਤ ਦਾ ਭਲਾ ਕਰਨ 'ਚ ਵਿਸ਼ਵਾਸ ਰੱਖਦੀ ਹੈ। ਸੰਤਾਲੀ 'ਚ ਮੁਸਲਮਾਨਾਂ ਨੇ ਇਹਨਾਂ ਦਾ ਘਾਣ ਕੀਤਾ ਤੇ ਚੁਰਾਸੀ 'ਚ ਹਿੰਦੂਆਂ ਨੇ, ਪਰ ਫੇਰ ਵੀ ਇਹ ਹਰ ਬੁਰੇ ਵਕਤ 'ਚ ਸਰਬੱਤ ਨਾਲ ਖੜ੍ਹਦੀ ਹੈ। ਪਰ ਇਸ ਇਕ ਘਟਨਾ ਨੇ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਬੁੱਧੀਜੀਵੀਆਂ ਨੂੰ ਆਪਣੀ ਬੁੱਧੀਜੀਵਤਾ ਝਾੜਨ ਦਾ ਮੌਕਾ ਦੇ ਦਿੱਤਾ। ਖ਼ਾਸ ਤੌਰ ਤੇ ਧਰਮ ਦੇ ਨਿੰਦਕ ਬਹੁਤ ਭੁੜਕ ਰਹੇ ਹਨ। ਸੋਸ਼ਲ ਮੀਡੀਆ ਦੇ ਇਕ ਸਟੇਟਸ ਤੇ ਉਸ ਦੇ ਜਵਾਬ ਨਾਲ ਗੱਲ ਖ਼ਤਮ ਕਰਦੇ ਹਾਂ।
ਕਿਸੇ ਨੇ ਲਿਖਿਆ ਕਿ "ਧਰਮ ਨੇ ਹੱਥ ਵੱਢਿਆ ਤੇ ਵਿਗਿਆਨ ਨੇ ਹੱਥ ਜੋੜਿਆ" ਪਰ ਉਸ ਦੇ ਥੱਲੇ ਕਿਸੇ ਨੇ ਬੜਾ ਖ਼ੂਬਸੂਰਤ ਜਵਾਬ ਦਿੱਤਾ ਕਿ "ਸ਼ੁਕਰ ਹੈ ਧਰਮ ਨੇ ਹੱਥ ਹੀ ਵੱਢਿਆ ਸੀ, ਧੋਣ ਨਹੀਂ ਵੱਢੀ, ਨਹੀਂ ਤਾਂ ਵਿਗਿਆਨ ਫ਼ੇਲ੍ਹ ਹੋ ਜਾਣਾ ਸੀ।"
ਮਿੰਟੂ ਬਰਾੜ
+ 61 434 289 905
mintubrar@gmail.com
-
ਮਿੰਟੂ ਬਰਾੜ, ਲੇਖਕ
mintubrar@gmail.com
+ 61 434 289 905
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.