ਦੁਨੀਆਂ ਭਰ ਵਿੱਚ ਇਸ ਵੇਲੇ ਕਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਕਰੋਨਾ ਦੇ ਕਾਰਨ ਹੁਣ ਤੱਕ ਦੁਨੀਆ ਭਰ ਵਿਚ ਲੱਖਾਂ ਲੋਕ ਮਾਰ ਚੁੱਕੇ ਹਨ। ਕਰੋਨਾ ਵਾਇਰਸ ਜਦੋਂ ਤੋਂ ਦੁਨੀਆ ਦੇ 192 ਦੇਸ਼ਾਂ ਵਿਚ ਪਹੁੰਚਿਆ ਹੈ, ਉਦੋਂ ਤੋਂ ਲੈ ਕੇ ਹੁਣ ਤੱਕ (ਕਰੀਬ ਡੇਢ ਮਹੀਨੇ ਦੇ ਵਿਚ ਕਰੋੜਾਂ ਲੋਕ ਬੇਰੁਜ਼ਗਾਰ) ਇਸ ਕਰੋੜਾਂ ਦੀ ਗਿਣਤੀ ਵਿਚ ਨੌਜਵਾਨ ਬੇਰੁਜ਼ਗਾਰ ਹੋ ਚੁੱਕੇ ਹਨ। ਵੱਡੀਆਂ ਕੰਪਨੀਆਂ ਦੇ ਵੱਲੋਂ ਆਪਣੇ ਮੁਲਾਜਮਾਂ ਨੂੰ ਨੌਕਰੀ ਤੋਂ ਜਾਂ ਤਾਂ ਕੱਢ ਦਿੱਤਾ ਗਿਆ ਹੈ, ਜਾਂ ਫਿਰ ਉਨ੍ਹਾਂ ਦੀਆਂ ਤਨਖ਼ਾਹਾਂ ਬਿਲਕੁਲ ਬੰਦ ਕਰ ਦਿੱਤੀਆਂ ਗਈਆਂ ਹਨ। ਕਰੋਨਾ ਕਰਫਿਊ ਦੇ ਕਾਰਨ ਪ੍ਰਾਈਵੇਟ ਸੈਕਟਰ ਬਿਲਕੁਲ ਤਬਾਹ ਹੋ ਚੁੱਕਿਆ ਹੈ ਅਤੇ ਕਈ ਜਗਾਵਾਂ ਤੋਂ ਤਾਂ ਨੌਜਵਾਨ ਜੋ ਬੇਰੁਜ਼ਗਾਰ ਹਨ, ਉਨ੍ਹਾਂ ਵੱਲੋਂ ਖ਼ੁਦਕੁਸ਼ੀਆਂ ਕਰ ਲੈਣ ਦੀਆਂ ਵੀ ਖਬਰਾਂ ਪ੍ਰਾਪਤ ਹੋਈਆਂ ਹਨ। ਜੇ ਮੈਂ ਆਪਣੀ ਗੱਲ ਕਰਾਂ ਤਾਂ, ਮੈਂ ਪਿਛਲੇ ਅੱਠ ਸਾਲ ਤੋਂ ਪੱਤਰਕਾਰਤਾ ਖੇਤਰ ਵਿੱਚ ਹਾਂ ਅਤੇ ਨੈਸ਼ਨਲ ਤੋਂ ਇਲਾਵਾ ਇੰਟਰਨੈਸ਼ਨਲ ਅਖ਼ਬਾਰਾਂ ਵਿੱਚ ਕੰਮ ਕਰ ਚੁੱਕਿਆ ਹਾਂ ਅਤੇ ਕਰ ਰਿਹਾ ਹਾਂ। ਸਾਡਾ ਅਦਾਰਾ ਕਰੀਬ 2 ਮਹੀਨੇ ਤੋਂ ਮੁਕੰਮਲ ਤੌਰ 'ਤੇ ਬੰਦ ਹੈ ਅਤੇ ਸਾਨੂੰ ਉਪਰੋਕਤ ਅਦਾਰੇ ਵੱਲੋਂ ਇਹ ਕਿਹਾ ਗਿਆ ਹੈ ਕਿ ਜਿੰਨਾ ਸਮਾਂ ਤੁਸੀਂ ਕੰਮ ਕੀਤਾ, ਉਨ੍ਹਾਂ ਸਮੇਂ ਦੀ ਹੀ ਤੁਹਾਨੂੰ ਤਨਖਾਹ ਦਿੱਤੀ ਜਾਵੇਗੀ, ਜਿਹੜਾ ਸਮਾਂ ਤੁਸੀਂ ਕੰਮ ਨਹੀਂ ਕੀਤਾ, ਉਹਦੀ ਤੁਹਾਨੂੰ ਤਨਖ਼ਾਹ ਨਹੀਂ ਦਿੱਤੀ ਜਾਵੇਗੀ। (ਮਤਲਬ ਕਿ ਕਰਫਿਊ ਦੌਰਾਨ ਅਸੀਂ ਦਫਤਰ ਨਹੀਂ ਜਾ ਸਕੇ, ਇਸ ਲਈ ਇਸ ਕੰਮ ਦੀ ਜਾਂ ਇਨ੍ਹਾਂ ਛੁੱਟੀਆਂ ਦੀ ਤਨਖਾਹ ਸਾਨੂੰ ਪ੍ਰਾਪਤ ਨਹੀਂ ਹੋਵੇਗੀ) ਇਹ ਤਾਂ ਸਿਰਫ ਸਾਡੇ ਹੀ ਇੱਕ ਅਦਾਰੇ ਦੀ ਗੱਲ ਹੈ। ਪੰਜਾਬ ਭਾਰਤ ਤੋਂ ਇਲਾਵਾ ਦੁਨੀਆ ਭਰ ਦੇ ਕਰੋੜਾਂ ਐਸੇ ਅਦਾਰੇ ਹੋਣਗੇ, ਜੋ ਬੰਦ ਹੋ ਚੁੱਕੇ ਹਨ, ਜਿਨ੍ਹਾਂ ਦੇ ਮੁਲਾਜ਼ਮ ਇਸ ਵੇਲੇ ਬਿਲਕੁਲ ਬੇਰੁਜ਼ਗਾਰ ਹੋ ਚੁੱਕੇ ਹਨ। ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਦੇ ਵੱਲੋਂ ਜਿੱਥੇ ਇਸ ਬੇਰੁਜ਼ਗਾਰੀ ਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਉਥੇ ਹੀ ਇਨ੍ਹਾਂ ਨੌਜਵਾਨਾਂ ਦੇ ਕੋਲੋਂ ਜਿਹੜਾ ਰੁਜ਼ਗਾਰ ਕੰਪਨੀਆਂ ਦੇ ਵੱਲੋਂ ਖੋਹਿਆ ਗਿਆ ਹੈ, ਉਨ੍ਹਾਂ ਦੇ ਵੱਲੋਂ ਵੀ ਕੋਈ ਸਹਾਇਤਾ ਨਹੀਂ ਕੀਤੀ ਜਾ ਰਹੀ। ਜਿਸ ਦੇ ਕਾਰਨ ਬੇਰੁਜ਼ਗਾਰ ਨੌਜਵਾਨ ਕਾਫ਼ੀ ਜ਼ਿਆਦਾ ਪ੍ਰੇਸ਼ਾਨ ਨਜ਼ਰ ਆ ਰਹੇ ਹਨ ਅਤੇ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਚੁੱਕੇ ਹਨ। ਜਿਹੜੇ ਨੌਜਵਾਨਾਂ ਨੇ ਮਹੀਨਾ ਭਰ ਕੰਮ ਕਰਨ ਤੋਂ ਬਾਅਦ ਤਨਖਾਹ ਪ੍ਰਾਪਤ ਕਰਕੇ, ਆਪਣੇ ਘਰ ਦਾ ਗੁਜ਼ਾਰਾ ਚਲਾਉਣਾ ਹੁੰਦਾ ਹੈ, ਉਹ ਬੇਰੁਜ਼ਗਾਰ ਨੌਜਵਾਨ ਇਸ ਵੇਲੇ ਖਾਲੀ ਹੱਥ ਘਰੇ ਬੈਠੇ ਹੋਏ ਹਨ। ਸਰਕਾਰ ਨੂੰ ਬੇਰੁਜ਼ਗਾਰਾਂ ਦੇ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਉਹ ਆਪਣਾ ਗੁਜ਼ਾਰਾ ਕਰ ਸਕਣ। ਦੂਜੇ ਪਾਸੇ ਭਾਰਤ ਤੋਂ ਇਲਾਵਾ ਦੁਨੀਆ ਭਰ ਦੇ ਕਿਸਾਨਾਂ ਦੀ ਹਾਲਤ ਇਸ ਵੇਲੇ ਮਾੜੀ ਹੋ ਚੁੱਕੀ ਹੈ, ਕਿਉਂਕਿ ਭਾਰਤ ਦੇ ਵਿੱਚ ਤਾਂ ਪਹਿਲੋਂ ਹੀ ਅੰਨਦਾਤਾ ਕਾਫ਼ੀ ਜ਼ਿਆਦਾ ਪ੍ਰੇਸ਼ਾਨ ਹੈ ਅਤੇ ਉਸ ਨੂੰ ਫਸਲ ਦਾ ਸਹੀ ਭਾਅ ਨਾ ਮਿਲਣ ਕਾਰਨ ਕਿਸਾਨ ਪਹਿਲਾਂ ਹੀ ਆਰਥਿਕ ਤੰਗੀ ਦੇ ਕਾਰਨ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ। ਕਿਸਾਨ ਉੱਪਰ ਲੱਖਾਂ ਕਰੋੜਾਂ ਰੁਪਏ ਦਾ ਕਰਜ਼ਾ ਹੈ, ਜਿਸ ਦੇ ਕਾਰਨ ਕਿਸਾਨ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਹੈ। ਸਮੇਂ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਵੀ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾਂਦਾ ਰਿਹਾ ਹੈ, ਜਿਸ ਦੇ ਕਾਰਨ ਕਿਸਾਨ ਕਾਫ਼ੀ ਜ਼ਿਆਦਾ ਦੁਖੀ ਹੋ ਰਹੇ ਹਨ। ਕਿਸਾਨ ਜਿਸ ਦੀਆਂ ਫਸਲਾਂ ਦਾ ਹਮੇਸ਼ਾ ਹੀ ਭਾਅ ਉਸ ਨੂੰ ਸਹੀ ਤਰੀਕੇ ਨਾਲ ਨਹੀਂ ਮਿਲਦਾ ਰਿਹਾ ਅਤੇ ਨਾ ਹੀ ਹੁਣ ਮਿਲ ਰਿਹਾ ਹੈ। ਜਿਸ ਦੇ ਕਾਰਨ ਕਿਸਾਨ ਆਪਣੀ ਫਸਲ ਨੂੰ ਖੇਤ ਵਿੱਚ ਹੀ ਕਈ ਵਾਰ ਵਾਹ ਦਿੰਦਾ ਹੈ। ਕਿਸਾਨ ਉੱਪਰ ਆਰਥਿਕ ਸੰਕਟ ਪਿੱਛਲੇ ਲੰਮੇ ਸਮੇਂ ਤੋਂ ਜਾਰੀ ਹੈ। ਸਮੇਂ ਦੀਆਂ ਸਰਕਾਰਾਂ ਵੱਲੋਂ ਕਿਸਾਨ ਦੀ ਹਾਲਤ ਵੱਲ ਧਿਆਨ ਦੇਣ ਦੀ ਲੋੜ ਹੈ। ਕਿਰਤੀਆਂ ਮਜ਼ਦੂਰਾਂ ਦੀ ਹਾਲਤ ਇਸ ਵੇਲੇ ਬਹੁਤ ਜ਼ਿਆਦਾ ਮਾੜੀ ਹੋ ਚੁੱਕੀ ਹੈ। ਕਿਉਂਕਿ ਉਹਨਾਂ ਦੇ ਹੱਥੋਂ ਰੁਜ਼ਗਾਰ ਖੋਹ ਜਾ ਚੁੱਕਿਆ ਹੈ। ਕਿਰਤੀ ਮਜ਼ਦੂਰ ਜੋ ਕਿ ਦਿਹਾੜੀ ਕਰਕੇ ਆਪਣਾ ਪਰਿਵਾਰ ਪਾਲਦੇ ਸਨ, ਉਹ ਲਾਕ-ਡਾਊਨ ਕਰਕੇ ਇਸ ਵੇਲੇ ਘਰਾਂ ਦੇ ਅੰਦਰ ਬੰਦ ਹੋਏ ਪਏ ਹਨ, ਜਿਸ ਦੇ ਕਾਰਨ ਗਰੀਬ ਕਿਰਤੀ ਮਜ਼ਦੂਰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਨਹੀਂ ਕਰ ਰਹੇ ਅਤੇ ਭੁੱਖੇ ਧਿਰਆਏ ਰਹਿ ਰਹੇ ਹਨ। ਕਿਰਤੀਆਂ ਮਜ਼ਦੂਰਾਂ ਦੀਆਂ ਮੰਗਾਂ ਪਿਛਲੇ ਲੰਮੇ ਸਮੇਂ ਤੋਂ ਲਮਕਦੀਆਂ ਆ ਰਹੀਆਂ ਹਨ। ਸਮੇਂ ਦੀਆਂ ਸਰਕਾਰਾਂ ਵੱਲੋਂ ਕਿਹਾ ਤਾਂ ਜਾਂਦਾ ਰਿਹਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਪੂਰਿਆਂ ਕੀਤਾ ਜਾਵੇਗਾ, ਪਰ ਹਰ ਵਾਰ ਲਾਰਾ ਹੀ ਲੱਗਦਾ ਰਿਹਾ ਹੈ। ਦੱਸ ਦੇਈਏ ਕਿ ਕਿਰਤੀਆਂ ਮਜ਼ਦੂਰ ਜੋ ਕਿ ਭਾਰਤ ਤੋਂ ਇਲਾਵਾ ਦੁਨੀਆਂ ਭਰ ਵਿਚ ਕਾਰਖਾਨਿਆਂ ਫੈਕਟਰੀਆਂ ਤੋਂ ਇਲਾਵਾ ਹੋਰ ਕਈ ਐਸੀਆਂ ਜਗਾਵਾਂ ਹਨ, ਜਿੱਥੇ ਕਿ ਮਜ਼ਦੂਰਾਂ ਤੇ ਕਿਰਤੀਆਂ ਦੀ ਖਾਸ ਕਰਕੇ ਲੋੜ ਹੁੰਦੀ ਹੈ, ਉੱਥੇ ਉਹ ਕੰਮ ਕਰ ਰਹੇ ਹਨ। ਪਰ ਉਨ੍ਹਾਂ ਦੀ ਨਾ ਤਾਂ ਸਰਕਾਰ ਸੁਣ ਰਹੀ ਹੈ ਅਤੇ ਨਾ ਹੀ ਫ਼ੈਕਟਰੀਆਂ ਕਾਰਖ਼ਾਨਿਆਂ ਵਾਲੇ। ਕਿਰਤੀ ਕਿਸਾਨ ਮਜ਼ਦੂਰ ਇਹ ਤਿੰਨੋਂ ਹੀ ਐਸੇ ਵਰਗ ਹਨ, ਜੋ ਮਿਲ ਜੁਲ ਕੇ ਕੰਮ ਕਰਦੇ ਹਨ ਅਤੇ ਦੇਸ਼ ਨੂੰ ਅੱਗੇ ਵਧਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ।
-
ਗੁਰਪ੍ਰੀਤ, ਲੇਖਕ
gurpreetsinghjossan@gmail.com
75083-25934
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.