(ਸੰਤ ਰਾਮ ਉਦਾਸੀ ਦੇ 20 ਅਪਰੈਲ ਨੂੰ ਜਨਮ ਦਿਨ ਉਤੇ ਵਿਸ਼ੇਸ਼)
ਸੰਤ ਰਾਮ ਉਦਾਸੀ ਕੋਲ ਅੰਬਰ ਚੀਰਵੀਂ ਹੂਕ ਸੀ, ਅੰਬਰੀ ਨਹੀਂ।ਧਰਤੀ ਪੁੱਤਰ ਸੀ ਨਾ । ਉਸ ਦੇ ਦੁਖ ਸੁਖ ਵਿਚ ਗੁੰਨੀ ਚੀਕਨੀ ਮਿੱਟੀ ਵਰਗਾ ਸਿਦਕ ਸੀ, ਕੁੱਟਿਆਂ ਵੀ ਨਾ ਭੁਰਨ ਵਾਲਾ । ਸਨੇਹੀ ਮਿੱਟੀ, ਪੈਰ ਪੈਰ ਤੇ ਨਾਲ ਤੁਰਨ ਵਾਲੀ ਮਿੱਟੀ ਵਰਗਾ । ਕੱਚੇ ਵਿਹੜਿਆਂ ਦਾ ਜਾਇਆ ਉਚ ਦੁਮਾਲੜਾ ਬੁਰਜ । ਉਸਦੀ ਆਭਾ ਸਾਹਮਣੇ ਬਹੁਤੇ ਸ਼ਾਇਰ ਬੌਣਾ ਮਹਿਸੂਸ ਕਰਦੇ। ਉਸ ਦੇ ਸਮਾਜਿਕ ਆਦਰ ਮਾਣ ਵੇਲੇ ਵੰਨ ਸੁਵੰਨੀਆਂ ਟਿੱਚਰਾਂ ਕਰਦੇ । ਮੈਂ ਅੱਖੀਂ ਵੇਖਿਆ, ਪੰਜਾਬੀ ਭਵਨ ਲੁਧਿਆਣਾ ਦੇ ਵਿਹੜੇ ਵਿਚ ਜਦੋਂ 1985 ’ਚ ਸੰਤ ਰਾਮ ਉਦਾਸੀ ਨੂੰ ਪ੍ਰੋ: ਮੋਹਨ ਸਿੰਘ ਮੇਲਾ ਕਮੇਟੀ ਵੱਲੋਂ ਸਿੱਕਿਆਂ ਨਾਲ ਤੋਲਿਆ ਗਿਆ ਤਾਂ ਇਕ ਵੱਡੇ ਇਨਕਲਾਬੀ ਸ਼ਾਇਰ ਨੇ ਆਪਣੀ ਹੈਂਕੜ ਬਾਜ਼ ਆਵਾਜ਼ ’ਚ ਕਿਹਾ, ‘‘ਉਇ ਉਦਾਸੀ ਬੋਰੀ ’ਚੋਂ 100 ਰੁਪਏ ਦਾ ਭਾਨ ਤਾਂ ਦੇਵੀਂ।’’ ਉਦਾਸੀ ਸਿਰਫ਼ ਮਿੰਨਾ ਮੁਸਕਰਾਇਆ ਸੀ । ਇਸ ‘‘ਉਇ ਉਦਾਸੀ’’ ਵਿਚ ਅਭਿਮਾਨ ਸੀ ਤੇ ‘‘100 ਰੁਪਏ ਦਾ ਭਾਨ’’ ਵਿਚ ਆਪਣੀ ਜੇਬ’ ਚ ਅਮਰੀਕਨ ਡਾਲਰਾਂ ਦੇ ਭਾਰਤੀ ਰੂਪ ਦਾ ਘੁਮੰਡ ਸੀ । ਮੈਂ ਉਸ ਸ਼ਾਇਰ ਨੂੰ ਉਦੋਂ ਵੀ ਇਹੀ ਕਿਹਾ ਸੀ, ‘‘ਕਿਸੇ ਸ਼ਾਇਰ ਦਾ ਏਦਾਂ ਮਜ਼ਾਕ ਨਹੀਂ ਉਡਾਈਦਾ ਇਸ ’ਚੋਂ ਆਪਣੀ ਜ਼ਿਹਨੀ ਗਰੀਬੀ ਵੀ ਝਲਕਦੀ ਹੈ । ਮੈਨੂੰ ਤਾਂ ਮਗਰੋਂ ਪਤਾ ਲੱਗਾ ਕਿ ਇਹ ਖੱਖੜੀਆਂ ਖ਼ਰਬੂਜੇ ਹੋ ਚੁਕੀ ਕਮਿਉਨਿਸਟ ਮਾਨਸਿਕਤਾ ਦੀ ਰਹਿੰਦ ਖੂੰਹਦ ਦਾ ਗੁੱਭ ਗਲਾਟ ਵਰਗਾ ਪ੍ਰਗਟਾਵਾ ਸੀ, ਇਸ ਤੋਂ ਵੱਧ ਕੁਝ ਨਹੀਂ ਸੀ ।
ਮੈਨੂੰ ਚੰਗੀ ਤਰਾਂ ਯਾਦ ਹੈ ਕਿ ਜਦੋਂ 1971’ ਚ ਮੈਂ ਲੁਧਿਆਣੇ ਆਇਆ ਤਾਂ ਇਨਕਲਾਬੀ ਸਫ਼ਾਂ ਲਗਪਗ ਉੱਖੜ ਰਹੀਆਂ ਸਨ। ਡਾ.ਹਰਿਭਜਨ ਸਿੰਘ ਵਰਗੇ ਸ਼ਾਇਰ ਸੁਰਖ਼ ਫਰੇਰੇ ਨੂੰ ‘ਲਾਲ ਟਾਕੀ’ ਹੋਣ ਦਾ ਮਿਹਣਾ ਮਾਰ ਰਹੇ ਸਨ। ਕਈ ਇਨਕਲਾਬੀ ਵੀ ਜੇਲਾਂ ’ਚੋਂ ਪਰਤ ਕੇ ਰੁਜ਼ਗਾਰ ਕਮਾਉਣ ਲਈ ‘ੳੂੜਾ ਐੜਾ’ ਸਿੱਖ ਰਹੇ ਸਨ। ਕੋਈ ਜੇ ਬੀ ਟੀ ਦੇ ਨੋਟਿਸ ਇਕੱਠੇ ਕਰ ਰਿਹਾ ਸੀ । ਕੋਈ ਮਹਿਬੂਬਾ ਦੇ ਪਿੰਡ ਦੀ ਮਿੱਟੀ ਨੂੰ ਸਲਾਮ ਕਰ ਰਿਹਾ ਸੀ । ‘ਸੁਪਨੇ’ ਤੇ ‘ਹਕੀਕਤ’ ਵਿਚਕਾਰਲਾ ਫ਼ਰਕ ਮਿਟ ਰਿਹਾ ਸੀ । ਹੇਠਲਾ ਬੈਂਗਣੀ ਰੰਗ ਉਘੜ ਰਿਹਾ ਸੀ । ਇਸ ਮੌਸਮ ’ਚ ਸੰਤ ਰਾਮ ਉਦਾਸੀ ਵੀ ਉਥੇ ਹੀ ਪਹੁੰਚ ਗਿਆ ਸੀ, ਜਿੱਥੋਂ ਤੁਰਿਆ ਸੀ । ਸਿੱਖ ਵਿਰਸੇ ’ਚੋਂ ਸੰਘਰਸ਼ਮਈ ਗਾਥਾਵਾਂ ਦੇ ਹਵਾਲੇ ਨਾਲ ਪੰਜਾਬੀ ਮਾਨਸਿਕਤਾ ਨੂੰ ਹਲੂਣ ਰਿਹਾ ਸੀ । ਜੇ ਮੈਂ ਕਹਾਂ ਕਿ ਮਰ ਰਹੀ ਪੰਜਾਬੀ ਮਾਨਸਿਕਤਾ ਨੂੰ ਪਿੰਡ ਪਿੰਡ ਜਾ ਕੇ ਹਲੂਣ ਰਿਹਾ ਸੀ, ਤਾਂ ਕੋਈ ਅਤਿਕਥਨੀ ਨਹੀਂ । ਉਸ ਦੀ ਸ਼ਾਇਰੀ ਸਕੂਲਾਂ ਕਾਲਜਾਂ ਦੇ ਮੁੰਡੇ ਜ਼ਬਾਨੀ ਚੇਤੇ ਕਰ ਰਹੇ ਸਨ। ਉਸਦੇ ਬੋਲਾਂ ਨੂੰ ਜਵਾਨ ਪੀੜੀ ਉਵੇਂ ਹੀ ਸੰਭਾਲ ਰਹੀ ਸੀ ਜਿਵੇਂ ਮੇਰੇ ਤੋਂ ਪਹਿਲੀ ਪੀੜੀ ਸ਼ਿਵ ਕੁਮਾਰ ਬਟਾਲਵੀ ਦੀ ਦੀਵਾਨੀ ਸੀ ਤੇ ਮੇਰੇ ਵਾਲੀ ਪੀੜੀ ਸੁਰਜੀਤ ਪਾਤਰ ਨੂੰ ਮੁਹੱਬਤ ਕਰਦੀ ਹੈ।
ਉਦਾਸੀ ਕੋਲ ਸ਼ਿਵ ਕੁਮਾਰ ਨਾਲੋਂ ਵੱਖਰਾ ਦਰਦ ਸੀ। ਪਾਤਰ ਨਾਲੋਂ ਵੱਖਰਾ ਲੌਕਿਕ ਅੰਦਾਜ਼। ਉਸ ਦੀ ਹੂਕ ਵਿਚ ਦਰਦਮੰਦਾਂ ਦੀਆਂ ਸੁੱਚੀਆਂ ਆਹੀਂ ਸਨ। ਉਹ ਵਿਦਰੋਹ ਤੋਂ ਅੱਗੇ ਤੁਰ ਪਿਆ ਸੀ। ਉਸਦੇ ਕਰਮ ਇਨਕਲਾਬੀ ਸੋਚ ਨੂੰ ਪਰਵਾਣੇ ਜਾ ਚੁਕੇ ਸਨ। ਨਾਮਧਾਰੀਆਂ ਦੇ ਘਰ ਜੰਮਿਆ ਜਾਇਆ ਉਦਾਸੀ ਉਨਾਂ ਦੇ ਹੀ ਡੇਰਿਆਂ ’ਚ ਮੁੱਢਲੇ ਦੌਰ ਦੌਰਾਨ ਕਵਿਤਾਵਾਂ ਲਿਖਦਾ ਪੜਦਾ ਰਿਹਾ । ਉਸਦਾ ਨਿੱਕਾ ਵੀਰ ਲੋਕ ਗਾਇਕ ‘‘ਗੁਰਦੇਵ ਸਿੰਘ ਕੋਇਲ’’ ਤਾਂ ਲੰਮਾ ਸਮਾਂ ਜਲੰਧਰ ਦੀ ਨਾਮਧਾਰੀ ਧਰਮਸ਼ਾਲਾ ’ਚੋਂ ਬੋਲਦਾ ਰਿਹਾ । ਉਥੇ ਹੀ ਰਹਿੰਦਾ ਰਿਹਾ । ਨਾਮਧਾਰੀ ਗੁਰੂ ਪ੍ਰਤਾਪ ਸਿੰਘ ਦੇ ਅਕਾਲ ਚਲਾਣੇ ਤੇ ਉਦਾਸੀ ਦਾ ਲਿਖਿਆ ਰੁਦਨ ਏਥੇ ਕਾਰਨ ਨੂੰ ਪਰਪੱਕ ਕਰਦਾ ਹੈ । ਗੁਰੂ ਪ੍ਰਤਾਪ ਸਿੰਘ ਦਾ ‘‘ਵਹਿਮਾਂ ਭਰਮਾਂ ਨੂੰ ਖੰਡਨ ਹਾਰਾ’’ ਅੰਦਾਜ਼ ਉਸਨੂੰ ਬੇਹੱਦ ਪਸੰਦ ਸੀ । ਆਪਣੇ ਇਸ਼ਟ ਨਾਲ ਮੁਹੱਬਤ ਤੋਂ ਅੱਗੇ ਤੁਰ ਕੇ ਉਹ ਰੋਮਾਂਸ ਦੇ ਅਸਰ ਹੇਠ ਤੁਰਿਆ ਤਾਂ ਉਸਦੀ ਤੋਰ ਓਪਰੀ ਜਾਪੀ । ਅਸਲ ’ਚ ਉਹ ਹੋਰ ਕਾਰਜ ਲਈ ਪੈਦਾ ਹੋਇਆ ਜੀਵ ਸੀ । ਜ਼ਿੰਦਗੀ ਨੂੰ ਵੇਖਣ ਵਾਲੀ ਨਜ਼ਰ ਤਾਂ ਵਿਕਸਤ ਹੋ ਰਹੀ ਸੀ ਪਰ ਹਾਲੇ ਨਜ਼ਰੀਆ ਰੂਪ ਸਰੂਪ ਨਹੀਂ ਸੀ ਪਾ ਰਿਹਾ । ਇਸੇ ਕਰਕੇ ਹੀ ਉਹ ਅਜੇ ਵਿਅਕਤੀਆਂ ਤੇ ਜਾਣ ਤੇ ਹੀ ਉਦਾਸ ਹੁੰਦਾ ਸੀ। ਵਿਅਕਤੀ ਭਾਵੇਂ ਪੰਡਿਤ ਜਵਾਹਰ ਲਾਲ ਨਹਿਰੂ ਹੋਵੇ ਜਾਂ ਕੋਈ ਹੋਰ ।
ਸੰਤ ਰਾਮ ਉਦਾਸੀ ਨੇ ਆਪਣੀ ਸਾਹਿਤ ਸਿਰਜਣਾ ਅਤੇ ਗਾਇਕੀ ਦਾ ਸਫ਼ਰ ਸਿਹਰੇ ਸਿੱਖਿਆ ਗਾਉਣ ਤੋਂ ਸ਼ੁਰੂ ਕੀਤਾ ਵਿਆਹ ਸ਼ਾਦੀਆਂ ਮੌਕੇ ਬੈਠੀ ਸੰਗਤ ਨੂੰ ਪ੍ਰਭਾਵਤ ਕਰਨ ਲਈ ਸਹਿਜ ਸੌਖੇ ਸ਼ਬਦ ਹੀ ਕਵਿਤਾ ਦੀ ਸ਼ਾਨ ਬਣਦੇ । ਸ਼ਬਦਾਂ ਦਾ ਇਹੀ ਸੁਭਾਅ ਉਸ ਦੇ ਮਰਦੇ ਦਮ ਤੀਕ ਸਾਥ ਨਿਭਾਉਂਦਾ ਰਿਹਾ। ਉਦਾਸੀ ਦੀ ਸ਼ਾਇਰੀ ਕੋਈ ਬੁਝਾਰਤ ਨਹੀਂ ਹੈ, ਸਗੋਂ ਇੰਜ ਸੰਚਾਰਿਤ ਹੁੰਦੀ ਹੈ ਜਿਵੇਂ ਨਾੜਾਂ ਵਿੱਚ ਖ਼ੂਨ ਤੁਰਦਾ ਤੁਰਦਾ ਪਤਾ ਵੀ ਨਹੀਂ ਲੱਗਣ ਦਿੰਦਾ ਕਿ ਉਹ ਤੁਰ ਰਿਹਾ ਹੈ। ਆਪਣੀ ਜੀਵਨ ਸਾਥਣ ਨਸੀਬ ਕੌਰ ਦੇ ਅਨਪੜ ਹੋਣ ਦੇ ਬਾਵਜੂਦ ਉਸਦੇ ਸਵੈ ਮਾਣ ਨੂੰ ਕਦੇ ਆਂਚ ਨਾ ਆਉਣ ਦਿੰਦਾ। ਆਪਣੇ ਪਿੰਡ, ਪਰਿਵਾਰ, ਨੇੜਲੇ ਸ਼ਹਿਰ ਬਰਨਾਲਾ ਤੇ ਰਿਸ਼ਤੇਦਾਰੀਆਂ ’ਚ ਵੀ ਖੁਸ਼ਬੂ ਵਾਂਗ ਵਿਚਰਦਾ । ਉਸਦੀ ਬੁਲੰਦੀ ਤੋਂ ਚਿੜ ਕੇ ਕੁਝ ਲਿਖਾਰੀ ਭਾਈ ਉਸਦੀਆਂ ਜ਼ਾਤੀ ਕਮਜ਼ੋਰੀਆਂ ਨੂੰ ਉਭਾਰ ਉਭਾਰ ਜ਼ਰੂਰ ਵੇਖਦੇ ਰਹੇ ਪਰ ਉਹ ਆਪਣੇ ਮੂੰਹੋਂ ਕਿਸੇ ਵਿਅਕਤੀ ਨੂੰ ਬੁਰਾ ਭਲਾ ਕਹਿੰਦਾ ਮੈਂ ਕਦੇ ਨਹੀਂ ਸੀ ਸੁਣਿਆ। ਆਪਣੀਆਂ ਧੀਆਂ ਲਈ ਉਸ ਦੀ ਨਿੱਕੀ ਜਿਹੀ ਹਿੱਕ ਵਿੱਚ ਅੰਬਰ ਜਿੱਡੇ ਸੁਪਨੇ ਸਨ। ਉਸਦੀਆਂ ਧੀਆਂ ਇਕਬਾਲ, ਪਿ੍ਰਤਪਾਲ ਤੇ ਕੀਰਤਨ ਹੁਣ ਵੀ ਆਪਣੇ ਬਾਬਲ ਦੇ ਸੁਪਨਿਆਂ ਦੀ ਪੂਰਤੀ ਲਈ ਨਿਰੰਤਰ ਯਤਨਸ਼ੀਲ ਹਨ। ਪ੍ਰੋ: ਮੋਹਨ ਸਿੰਘ ਮੇਲੇ ਦੇ ਮੰਚ ਤੇ ਮੈਨੂੰ ਜਿਥੇ ਸ: ਗੁਰਸ਼ਰਨ ਸਿੰਘ ਦੇ ਨਾਟਕ ਕਰਵਾਉਣ ਦਾ ਮਾਣ ਮਿਲਿਆ ਹੈ ਉਥੇ ਉਦਾਸੀ ਦੀ ਬੇਟੀ ਕੀਰਤਨ ਦੇ ਗੀਤ ਵੀ ਹਜ਼ਾਰਾਂ ਦੇ ਲੋਕ ਇਕੱਠ ਨੂੰ ਕੀਲਦੇ ਮੈਂ ਅੱਖੀਂ ਵੇਖੇ ਹਨ। ਪ੍ਰੋ: ਮੋਹਨ ਸਿੰਘ ਮੇਲੇ ਦੇ ਕਾਫ਼ਲੇ ’ਚੋਂ ਨਿੱਖੜੇ ਅਨੇਕਾਂ ਸਾਥੀਆਂ ਨੇ ਵੱਖ ਵੱਖ ਸ਼ਹਿਰਾਂ ਕਸਬਿਆਂ ’ਚ ਮੇਲੇ ਆਰੰਭੇ ਤਾਂ ਉਥੇ ਸੰਤ ਰਾਮ ਉਦਾਸੀ ਦੇ ਗੀਤਾਂ ਦੇ ਮੁਕਾਬਲੇ ਹੁੰਦੇ ਵੀ ਮੈਂ ਵੇਖੇ ਸੁਣੇ ਹਨ। ਪੰਜਾਬ ਦੇ ਰੁੱਖੇ ਮਿੱਸੇ ਸਭਿਆਚਾਰ ’ਚ ਕੇਵਲ ਸੁਰਖ਼ ਫੁੱਲਾਂ ਦੀ ਖੇਤੀ ਹੀ ਪ੍ਰਵਾਨ ਨਹੀਂ ਹੈ ਸਗੋਂ ਸੌ ਫੁੱਲ ਖਿੜੇ ਵੇਖਣ ਦੀ ਲਿਆਕਤ ਵੀ ਹੈ। ਆਪਣੇ ਫੁੱਲ ਦੀ ਰਖਵਾਲੀ ਦਾ ਸਭ ਨੂੰ ਅਧਿਕਾਰ ਹੈ ਪਰ ਦੂਸਰਿਆਂ ਦੇ ਬਗੀਚੇ ਨਿੰਦਣਾ ਚੰਗੇ ਬਾਗਬਾਨ ਦੀ ਨਿਸ਼ਾਨੀ ਨਹੀਂ। ਪ੍ਰੋ: ਮੋਹਨ ਸਿੰਘ ਮੇਲੇ ਵਿੱਚ ਕਦੇ ਵੀ ਅਸ਼ਲੀਲਤਾ ਪ੍ਰਵਾਨ ਨਹੀਂ ਕੀਤੀ ਗਈ, ਜੇ ਇੰਜ ਹੁੰਦਾ ਤਾਂ ਜਦੋਂ ਏ ਕੇ ਸੰਤਾਲੀ ਵਾਲਿਆਂ ਦਾ ਰਾਜ ਭਾਗ ਸੀ ਤਾਂ ਮੇਲੇ ਏਨੇ ਨਾ ਭਰਦੇ। ਇਕੋ ਇਕ ਇਹੀ ਮੇਲਾ ਜਿਉਂਦਾ ਰਹਿ ਗਿਆ ਸੀ, ਬਾਕੀ ਤਾਂ ਸਾਰੇ ਸਿੱਧ ਜੋਗੀ ਤਾਂ ਪਰਬਤੀਂ ਚੜ ਗਏ ਸਨ ਜਾਂ ਸਿੱਧੇ ਟਕਰਾਉ ਵਿੱਚ ਖਫ਼ਾ ਖੂਨ ਹੋ ਰਹੇ ਸਨ। ਸਾਡੇ ਮੇਲੇ ’ਚ ਆਉਣ ਕਰਕੇ ਉਦਾਸੀ ਤੇ ਉਸਦੀਆਂ ਧੀਆਂ ਤੋਂ ਇਲਾਵਾ ਸ: ਗੁਰਸ਼ਰਨ ਸਿੰਘ ਨੂੰ ਵੀ ਨਿੰਦਿਆ ਪ੍ਰਸ਼ਾਦ ਮਿਲਿਆ ਪਰ ਉਨਾਂ ਦੀ ਜੁਰਅਤ ਮੰਦੀ ਅਤੇ ਲੋਕ ਪ੍ਰਵਾਨਗੀ ਨੂੰ ਇਨਾਂ ਲੋਕਾਂ ਨੇ ਭਾਵੇਂ ਕਦੇ ਨਾ ਸਲਾਹਿਆ। ਪਰ ਲੋਕ ਮਨ ਨੂੰ ਕੀਲਣ ਵਿੱਚ ਇਹ ਕਲਾਕਾਰ ਬੜੇ ਕਾਮਯਾਬ ਰਹੇ। ਵਕਤ ਦੀ ਅੱਖ ’ਚ ਅੱਖ ਪਾ ਕੇ ਉਦਾਸੀ ਹੀ ਇਨਾਂ ਮੇਲਿਆਂ ’ਚ ਆਪਣੇ ਬੋਲ ਅਲਾਪਦਾ ਰਿਹਾ।
ਉਠ ਕਿਰਤੀਆਂ ਉਠ ਵੇ, ਉਠਣ ਦਾ ਵੇਲਾ।
ਜੜ ਵੈਰੀ ਦੀ ਪੁੱਟ ਵੇ, ਪੁੱਟਣ ਦਾ ਵੇਲਾ।
ਸਾਡੀ ਬੀਹੀ ਵਿੱਚ ਚੂੜੀਆਂ ਦਾ ਹੋਕਾ
ਦੇਈਂ ਨਾ ਵੀਰਾ ਵਣਜਾਰਿਆ।
ਸਾਡੇ ਪਿੰਡਾਂ ’ਚ ਤਾਂ ਸਾਉਣ ’ਚ ਵੀ ਸੋਕਾ
ਸੋਕਾ ਵੇ ਵੀਰਾ ਵਣਜਾਰਿਆ।
ਗਲ ਲੱਗ ਕੇ ਸੀਰੀਂ ਦੇ ਜੱਟ ਹੋਵੇ,
ਬੋਹਲਾਂ ਵਿਚੋਂ ਨੀਰ ਵਗਿਆ।
ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ,
ਤੂੜੀ ਵਿਚੋਂ ਪੁੱਤ ਜੱਗਿਆ।
ਸਾਡੇ ਪਿੜ ਵਿੱਚ ਤੇਰੇ ਗਲ ਚੀਥੜੇ
ਨੀ ਮੇਰੀਏ ਜਵਾਨ ਕਣਕੇ।
ਕੱਲ ਸ਼ਾਹਾਂ ਦੇ ਗੁਦਾਮਾਂ ਵਿਚੋਂ ਨਿਕਲੇਂ,
ਤੂੰ ਸੋਨੇ ਦਾ ਪਟੋਲਾ ਬਣ ਕੇ।
ਤੂੰ ਵੀ ਬਣ ਗਿਆ ਗ਼ਮਾਂ ਦਾ ਗਮੰਤਰੀ,
ਓ ਮੇਰੇ ਬੇਜ਼ੁਬਾਨ ਢੱਗਿਆ।
ਮਾਂ ਧਰਤੀਏ ਤੇਰੀ ਗੋਦ ਨੂੰ, ਚੰਨ ਹੋਰ ਬਥੇਰੇ।
ਤੂੰ ਮਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵਿਹੜੇ।
ਜਿਥੇ ਤੰਗ ਨਾ ਸਮਝਣ ਤੰਗੀਆਂ ਨੂੰ
ਜਿਥੇ ਮਿਲਣ ਅੰਗੂਠੇ ਸੰਘੀਆਂ ਨੂੰ
ਨੱਕ ਵਗਦੇ, ਅੱਖਾਂ ਚੰੁਨੀਆਂ ਤੇ ਦੰਦ ਕਰੇੜੇ।
ਜਿਥੇ ਖ਼ੂਨ ਹੈ ਮੇਰਿਆਂ ਵੀਰਿਆਂ ਦਾ,
ਵਿਛਿਆ ਸੜਕਾਂ ਤੇ ਹੱਕਾਂ ਦੀ ਲੁੱਕ ਬਣ ਕੇ।
ਬੁੱਚੜ ਖਾਨਿਆਂ ’ਚੋਂ ਜਿਥੇ ਲੋਕ ਮੇਰੇ,
ਨਿੱਤਰ ਰਹੇ ਇਤਿਹਾਸ ਦੀ ਠੁੱਕ ਬਣਕੇ।
ਮਾਂ ਧਰਤੀਏ ਸਦਾ ਸੁਹਾਗਣੇ ਨੀ
ਮੇਰੇ ਯਾਰਾਂ ਨੂੰ ਜਨਮ ਨਾ ਦੇਈਂ ਉਥੇ।
ਕਾਲਖ਼ ਦੇ ਵਣਜਾਰਿਓ, ਚਾਨਣ ਕਦੇ ਹਰਿਆ ਨਹੀ।
ਓ ਕਿਰਨਾਂ ਦੇ ਕਾਤਲੋ, ਸੂਰਜ ਕਦੇ ਮਰਿਆ ਨਹੀਂ।
ਇਹ ਗੀਤਾਂ ਦੇ ਕੁਝ ਟੁਕੜੇ ਉਹ ਹਨ ਜੋ ਮੈਂ ਉਦਾਸੀ ਦੇ ਮੂੰਹੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ, ਲਾਜਪਤ ਰਾਏ ਮੈਮੋਰੀਅਲ ਕਾਲਿਜ ਜਗਰਾਉਂ, ਲਾਇਲਪੁਰ ਖਾਲਸਾ ਕਾਲਿਜ ਜਲੰਧਰ, ਰਾਮਗੜੀਆ ਗਰਲਜ਼ ਕਾਲਿਜ ਲੁਧਿਆਣਾ, ਪੰਜਾਬੀ ਭਵਨ ਲੁਧਿਆਣਾ ਅਤੇ ਕੁਝ ਹੋਰ ਥਾਵਾਂ ਤੇ ਇਕੱਠਿਆਂ ਕਵੀ ਦਰਬਾਰ ਪੜਦਿਆਂ ਸੁਣੇ ਸਨ। ਉਦਾਸੀ ਦੇ ਬੋਲ ਵਿਸਾਰਨ ਵਾਲੇ ਨਹੀਂ, ਇਹ ਵਕਤ ਦੇ ਗੁਲਾਮ ਨਹੀਂ, ਸਰਬਕਾਲੀ ਮਹੱਤਵ ਵਾਲੇ ਹਨ, ਚਿਰਜੀਵੜੇ। ਉਹ ਆਦਮੀ ਤਾਂ ਵੁਦਾਸੀ ਵਾਂਗ ਹੀ ਮਰ ਖਪ ਗਏ ਜਾਂ ਮਰ ਮੁੱਕ ਜਾਣਗੇ, ਜਿਹੜੇ ਉਦਾਸੀ ਦੇ ਵਿਅਕਤੀਗਤ ਔਗੁਣਾਂ ਨੂੰ ਵੇਖਦੇ ਸਨ। ਹੁਣ ਤਾਂ ਸਾਡੇ ਕੋਲ ਚਾਨਣ ਚਿੱਟੇ ਬੋਲ ਹਨ, ਵਿਅਕਤੀ ਚਲਾ ਗਿਆ ਹੈ, ਆਪਣੇ ਬੋਲ ਪੌਣਾਂ ਹਵਾਲਾ ਕਰਕੇ। ਇਕੱਲ ਦੇ ਪਲਾਂ ’ਚ ਅੱਜ ਵੀ ਸ਼ਕਤੀ ਬਣ ਕੇ ਇਹ ਬੋਲ ਡਿੱਗੇ ਬੰਦੇ ਨੂੰ ਖੜਾ ਕਰ ਦੇਂਦੇ ਹਨ। ਇਹ ਬੋਲ ਪੜਦਿਆਂ ਤਸੀਂ ਜੁਅਰਤਮੰਦੀ ਦੇ ਰੂਬਰੂ ਖੜੇ ਹੋ ਜਾਂਦੇ ਹੋ। ਵਿਰਸੇ ਦੀਆਂ ਅਣਖ਼ ਮੱਤੀਆਂ ਗਲੀਆਂ ਵਿਚੋਂ ਦੀ ਲੰਘਦੇ ਹੋ।
ਅੱਜ ਪੰਜਾਬ ਆਪਣੇ ਨਾਇਕ ਦੀ ਭਾਲ ਵਿੱਚ ਹੈ। ਵਿਰਸੇ ਦੀਆਂ ਮਾਣਮੱਤੀਆਂ ਪੈੜਾਂ ਤੋਂ ਸ਼ਕਤੀ ਲੈਣ ਦੀ ਥਾਂ ਮਨੁੱਖ ਅੱਜ ਸਰਮਾਏ ਤੋਂ ਅਗਵਾਈ ਲੈਂਦਾ ਹੈ। ਧਰਤੀ ਦੀ ਮਰਿਆਦਾ ਦੀ ਥਾਂ ਉਸ ਨੂੰ ਵਿਸ਼ਵ ਮੰਡੀ ਦੀ ਮਰਿਆਦਾ ਦਾ ਵਧੇਰੇ ਫ਼ਿਕਰ ਹੈ। ਇਸ ਵਰਤਾਰੇ ਨੂੰ ਠੱਲਣ ਲਈ ਉਦਾਸੀ ਦੇ ਬੋਲ ਬਾਨਣੂੰ ਬੰਨਦੇ ਹਨ। ਇਕ ਅੱਧ ਬਦ ਵੀ ਜੇਕਰ ਅਣਿਆਲੇ ਤੀਰ ਵਾਂਗ ਅਣਖ਼ ਨੂੰ ਵਿੰਨ ਜਾਵੇ ਤਾਂ ਸਮਝੋ ਭਵਿੱਖ ਦੇ ਨਕਸ਼ ਸੰਵਾਰਨ ਲਈ ਜਵਾਨ ਪੀੜੀ ਨੂੰ ਸਿਹਤਮੰਦ ਸੁਨੇਹਾ ਪਹੁੰਚ ਗਿਆ। ਸ਼ਬਦ ਹੀ ਤਾਂ ਸਾਨੂੰ ਵਿਰਸੇ ਤੋਂ ਵਰਤਮਾਨ ਤੀਕ ਦਾ ਸਫ਼ਰ ਕਰਵਾ ਕੇ ਅੱਗੇ ਤੁਰਨ ਅਤੇ ਮੰਜ਼ਲਤੇ ਪੁੱਜਣ ਦੀ ਪ੍ਰੇਰਨਾ ਦਿੰਦੇ ਹਨ।
ਕੱਚੇ ਵਿਹੜਿਆਂ ਦੇ ਸ਼ਕਤੀਸ਼ਾਲੀ ਬੋਲਾਂ ਵਾਲੇ ਸ਼ਾਇਰ ਸੰਤ ਰਾਮ ਉਦਾਸੀ ਨੂੰ ਕੋਈ ਵੀ ਵਕਤ ਆਪਣੇ ’ਚੋਂ ਖਾਰਜ ਨਹੀਂ ਕਰ ਸਕਦੇਗਾ ਕਿਉਂਕਿ ਉਸ ਕੋਲ ਉਹ ਜ਼ਬਾਨ ਹੈ ਜਿਹੜੀ ਸੱਚ ਅਤੇ ਸੁੱਚਮ ਨੂੰ ਪੂਰੀ ਸ਼ਕਤੀ ਨਾਲ ਪੇਸ਼ ਕਰਦੇ ਹਨ। ਅਨੇਕਾਂ ਵਾਰ ਇਕੱਲ ਦੇ ਪਲਾਂ ’ਚ ਮੈਂ ਸੰਤ ਰਾਮ ਉਦਾਸੀ ਦੀ ਸ਼ਾਇਰੀ ਪੜਦਿਆਂ ਉਸ ਨਾਲ ਗੱਲਾਂ ਕਰਦਾ ਹਾਂ। ਬਿਲਕੁਲ ਉਵੇਂ ਜਿਵੇਂ ਮੈਂ ਸ਼ਿਵ ਕੁਮਾਰ ਦੇ ਕਲਾਮ ਵਿਚੋਂ ਦੀ ਲੰਘਦਾ ਹਾਂ। ਭਾਈ ਭਗਵਾਨ ਸਿੰਘ ਮਰਾਝ ਵਾਲੇ ਦੀ ਹੀਰ ਨੂੰ ਪੜਦਾ ਹਾਂ। ਹਾਸ਼ਮ ਦੀ ਸੱਸੀ ਅਤੇ ਫ਼ਜ਼ਲ ਸ਼ਾਹ ਦੀ ਸੋਹਣੀਕੋਲ ਬਹਿੰਦਾ ਹਾਂ। ਕਦੇ ਪਾਤਰ ਦੇ ਹਵਾ ’ਚ ਲਿਖੇ ਹਰਫ਼ ਤੇ ਕਦੇ ਜਗਤਾਰ ਦੀਆਂ ਗ਼ਜ਼ਲਾਂ ਨਾਲ ਸ਼ਾਮਾਂ ’ਚ ਰੰਗ ਭਰਦਾ ਹਾਂ। ਇਹ ਸਾਰੇ ਮੇਰੇ ਕਾਲ ਮੁਕਤ ਸਮਕਾਲੀ ਹੀ ਤਾਂ ਹਨ। ਮੇਰੇ ਸਾਹ ਸਵਾਸ। ਉਦਾਸੀ ਨੂੰ ਚੇਤੇ ਕਰਦਿਆਂ ਮੈਨੂੰ ਉਸਦੇ ਬੁਲੰਦ ਬੋਲ ਮੇਰੇ ਸਾਹਮਣੇ ਚਾਨਣ ਦੀ ਲਾਟ ਵਾਂਗ ਖੜੇ ਹੋ ਜਾਂਦੇ ਹਨ। ਹਨੇਰਿਆਂ ਨੂੰ ਚੀਰਦੇ ਜੁਗਨੂੰਆਂ ਜਹੇ।
ਦੇਸ਼ ਦੀ ਵੰਡ ਦਾ ਫੋੜਾ ਉਸਦੇ ਅੰਦਰ ਵੱਲ ਨੂੰ ਰਿਸ ਰਿਹਾ ਸੀ । ਮੰਟੋ ਦੀਆਂ ਕਹਾਣੀਆਂ ਵਾਂਗ ਉਹ 1947 ’ਚ ਹੋਈ ਦੇਸ਼ ਵੰਡ ਨੂੰ ਆਜ਼ਾਦੀ ਨਾ ਕਹਿ ਸਕਿਆ । ਮੇਰੀ ਮਾਂ ਵਾਂਗ । ਮੇਰੀ ਮਾਂ ਨੇ ਮਰਦੇ ਦਮ ਤੀਕ ਏਧਰਲੀ ਧਰਤੀ ਨੂੰ ਆਪਣਾ ‘ਵਤਨ’ ਨਹੀਂ ਸੀ ਕਿਹਾ । ਉਹ ਹਮੇਸ਼ਾਂ ਕਹਿੰਦੀ, ‘‘ਜਦੋਂ ਪਿੰਡ ਰਹਿੰਦੇ ਸਾਂ।’’ ‘‘ਇਹ ਗੱਲ ਆਪਣੇ ਪਿੰਡ ਦੀ ਏ’’ ਉਹ ਪਿੰਡ ਹਰ ਵਾਰੀ ਨਾਰੋਵਾਲ (ਸਿਆਲਕੋਟ) ਤਹਿਸੀਲ ਵਾਲਾ ਹੁੰਦਾ ਸੀ, ਹੁਣ ਵਾਲਾ ਬਸੰਤ ਕੋਟ (ਗੁਰਦਾਸਪੁਰ) ਕਦੇ ਨਹੀਂ । ਉਦਾਸੀ ਵੀ ਤਾਂ ਇਹੀ ਕਹਿੰਦੈ ਨਾ,
ਭਾਰਤ ਮਾਂ ਦੇ ਦਿਲ ਦੇ ਟੋਟੇ, ਭਾਰਤ, ਪਾਕਿਸਤਾਨ ਬਣੇ ।
ਅਕਲਾਂ ਵਾਲਿਓ ਕਿਵੇਂ ਦੋਹਾਂ ਦਾ ਸਾਂਝਾ ਹਿੰਦੋਸਤਾਨ ਬਣੇ ।
ਸੰਤ ਰਾਮ ਉਦਾਸੀ ਨੂੰ ਬਰਨਾਲੇ ਦੀ ਧਰਤੀ ਦਾ ਸੂਹਾ ਇਨਕਲਾਬੀ ਰੰਗ ਚੜਿਆ ਤਾਂ ਉਹ ਦਿਨਾਂ ਵਿਚ ਹੀ ਹੋਰ ਦਾ ਹੋਰ ਹੋ ਗਿਆ। ਉਸ ਦੇ ਬੋਲਾਂ ’ਚ ਮਘਦੇ ਅੰਗਿਆਰ ਦਹਿਕਣ ਲੱਗੇ । ਸਿਲੀ ਸਲਾਭੀ ਜ਼ਿੰਦਗੀ ਨੇ ਅੰਗੜਾਈ ਲਈ । ਉਥੋਂ ਦੀਆਂ ਲਿਖਾਰੀ ਸਭਾਵਾਂ ਨੇ ਉਸ ਦੇ ਬੋਲਾਂ ਨੂੰ ਪਹਿਲ-ਪ੍ਰਵਾਨਗੀ ਦਿੱਤੀ । ਜਰਨੈਲ ਸਿੰਘ ਅਰਸ਼ੀ ਦੀ ਲਲਕਾਰ ਵਾਂਗ ਸੰਤ ਰਾਮ ਉਦਾਸੀ ਦੀ ਲਲਕਾਰ ਵੀ ਸੱਥਾਂ, ਚੌਕਾਂ, ਚੌਰਾਹਿਆਂ ਵਿਚ ਗੂੰਜਣ ਲੱਗੀ । ਉਹ ‘ਮੰਜ਼ਿਲ’ ਬਾਰੇ ਵੀ ਜਾਣੂੰ ਹੋ ਰਿਹਾ ਸੀ ਅਤੇ ‘ਪਾੜੇ’ ਬਾਰੇ ਵੀ ਗਿਆਨਵੰਤ ਹੋ ਰਿਹਾ ਸੀ । ਅਲਬੇਲੇ ਰਾਹੀ ਨੂੰ ਹਨੇਰੇ ਗਾੜੇ ਵਿਚੋਂ ਹਿੰਮਤ ਨਾਲ ਪਾਰ ਜਾਣ ਦੀ ਪ੍ਰੇਰਨਾ ਦੇ ਰਿਹਾ ਸੀ । ਕਾਲੇ ਬੱਦਲਾਂ ਦੇ ਕਿਨਾਰੇ ਤੇ ਲੱਗੀ ‘‘ਸੁੱਚੇ ਗੋਟੇ ਦੀ ਕੋਰ’’ ਉਸ ਨੂੰ ਹਾਲੇ ਨਜ਼ਰ ਨਹੀਂ ਸੀ ਪੈ ਰਹੀ ਇਸ ਨੂੰ ਬਹੁਤੇ ਪੜੇ ਲਿਖੇ ‘‘ਸਿਲਵਰ ਲਾਈਨਿੰਗ’’ ਆਖਦੇ ਨੇ । ਉਮੀਦ ਦੀ ਕਿਰਨ । ਡੇਰਿਆਂ ਦਾ ਲੰਗਰ ਛਕਦਾ ਛਕਦਾ ਉਹ ਕਮਿਉਨਿਸਟ ਸਫ਼ਾਂ ਦੀਆਂ ਸਟੇਜਾਂ ਤੇ ਜਾ ਚੜਿਆ । ਕਮਿਉਨਿਸਟ ਪਾਟ ਗਏ ਤਾਂ ਉਸਨੇ ਸਬੂਤਾ ਕਿੱਤੇ ਰਹਿਣਾ ਸੀ । ਉਹ ਵੀ ਲੀਰੋ ਲੀਰ ਅੱਧੋਰਾਣਾ ਜੇਹਾ ਹੋ ਗਿਆ । ਸ: ਜਗਦੇਵ ਸਿੰਘ ਜੱਸੋਵਾਲ ਕਦੇ ਕਦੇ ਪੁਰਾਣੇ ਵਕਤਾਂ ਦਾ ਇਕ ਟੋਟਕਾ ਦੁਹਰਾ ਹੁੰਦੇ ਨੇ । ਅਕਾਲੀਆਂ ਨੇ ਜਦੋਂ ਉਨਾਂ ਦੀ ਲਿਆਕਤ ਨੂੰ ‘ਦੁਰ ਦੁਰ’ ਕੀਤਾ ਤਾਂ ਉਸਨੂੰ ਪ੍ਰਤਾਪ ਸਿੰਘ ਕੈਰੋਂ ਤੇ ਪੰਡਿਤ ਜਵਾਹਰ ਲਾਲ ਨਹਿਰੂ ਪਿੰਡੋਂ ਲੈਣ ਆਏ । ਅਕਾਲੀ ਮਨ ਕਾਂਗਰਸ ’ਚ ਜਾਣ ਵੇਲੇ ਕਿਸ ਦੁਫੇੜ ਮਾਨਸਿਕਤਾ ਦਾ ਸ਼ਿਕਾਰ ਸੀ, ਤੁਸੀਂ ਵੀ ਸੁਣੋ !
ਇੱਕ ਹੱਥ ਝੰਡਾ ਦੇਸ਼ ਦਾ।
ਦੂਜੇ ਹੱਥ ਦਸਮੇਸ਼ ਦਾ ।
ਇਕ ਪਾਸੇ ਬਾਪੂ
ਤੇ ਦੂਜੇ ਪਾਸੇ ਮਾਂ !
ਦੱਸੋ ਲੋਕੋ ! ਕਿੱਧਰ ਜਾਂ ।
1962 ’ਚ ਭਾਰਤ ਪਾਕ ਜੰਗ ਨੇ ਭਾਰਤੀ ਕਮਿਉਨਿਸਟ ਪਾਰਟੀ ਨੂੰ ਹਿਲਾ ਕੇ ਰੱਖ ਦਿੱਤਾ ਸੀ । ਦੇਸ਼ਾਂ ਦੀ ਜੰਗ ਤਾਂ ਹੈ ਹੀ ਸੀ, ਸਿਧਾਂਤ ਵੀ ਚੌਰਾਹੇ ਆਣ ਖੜਾ ਸੀ । ਚੀਨੀ ਹਮਲੇ ਵੇਲੇ ਕਮਿਉਨਿਸਟ ਪਾਰਟੀ ਦੀ ਦੋਚਿੱਤੀ ਇਸ ਲੋਕ ਬੋਲੀ ਵਰਗੀ ਸੀ ।
ਅੱਧੀ ਆਂ ਗਰੀਬ ਜੱਟ ਦੀ,
ਅੱਧੀ ਤੇਰੀ ਆਂ ਗੁਲਾਜ਼ੇਦਾਰਾ ।
1964 ’ਚ ਪਾਰਟੀ ਪਾਟ ਗਈ । ਝੰਡੇ ਵੰਡੇ ਗਏ । ਡੰਡੇ ਵੰਡੇ ਗਏ । ਆਪੋ ਆਪਣੀਆਂ ਛਤਰੀਆਂ ਤੇ ਵੰਡਵੇਂ ਕਬੂਤਰ ਬਹਿ ਗਏ। ਪਾਰਲੀਮੈਂਟ ’ਚ ਬਹਿਣ ਦੀ ਤਾਂਘ ਅਤੇ ਲਾਲਸਾ ਨੇ ਲੋਕਾਂ ਵੱਲਂੋ ਪਿੱਠ ਕਰਵਾ ਦਿੱਤੀ। ਇਨਕਲਾਬ ਅਤੇ ਹਥਿਆਰ ਬੰਦ ਲੋਕਾਂ ਦੀ ਥਾਂ ਵੋਟਾਂ ਦੀ ਸਿਆਸਤ ਪਹਿਲੇ ਸਫ਼ੇ ਤੇ ਆ ਗਈ । ਪੱਛਮੀ ਬੰਗਾਲ ਤੇ ਕੇਰਲਾ ’ਚ ਸਰਕਾਰ ਬਣਨ ਨਾਲ ਰਾਜ ਸੱਤਾ ਮਾਨਣ ਦੀ ਲਲਕ ਵਧ ਗਈ । ਸੰਤ ਰਾਮ ਉਦਾਸੀ ਵਰਗੇ ਅਗਨ ਤੇ ਲਗਨ ਵਾਲੇ ਗੱਭਰੂ ਆਪਣੀ ਅਥਾਹ ੳੂਰਜਾ ਦਾ ਕੀਹ ਕਰਦੇ ? ਉਹ ਉਸ ਕਾਫ਼ਲੇ ’ਚ ਸ਼ਾਮਲ ਹੋ ਗਿਆ ਜੋ ਜਿਨਾਂ ਕਮਿਉਨਿਸਟਾਂ ਨੂੰ ‘ਸੋਧ ਵਾਦੀ’ ਕਹਿ ਕੇ ਨੱਕ ਬੱੁਲ ਵੱਟਦੇ ਸਨ । ਚਾਹ ਦੇ ਬਾਗਾਂ ’ਚ ਸ਼ੁਰੂ ਹੋਈ ਲੜਾਈ ਨਕਸਲਬਾੜੀ ਲਹਿਰ ਬਣ ਜਾਵੇਗੀ, ਇਹ ਸ਼ਾਇਦ ਆਗੂਆਂ ਲਈ ਵੀ ਯਕੀਨ ਯੋਗ ਸਥਿਤੀ ਨਹੀਂ ਸੀ । ਅਸਲ ’ਚ ਇਨਾਂ ਚੋਂ ਬਹੁਤੇ ਉਹੀ ਗੱਭਰੂ ਸਨ ਜੋ ਆਪਣੀ ਸ਼ਕਤੀਸ਼ਾਲੀ ਰਫ਼ਤਾਰ ਵਾਲੇ ਇੰਜਨ ਦੇ ਹੁੰਦਿਆਂ ਲੱਕੜ ਦੇ ਪਹੀਆਂ ਵਾਲੇ ਗੱਡੇ ਦੇ ਮੁਸਾਫ਼ਰ ਬਣਨ ਨੂੰ ਤਿਆਰ ਨਹੀਂ ਸਨ । ਇਨਾਂ ‘ਛੋਹਲੇ’ ਤੇ ‘ਕਾਹਲੇ’ ਨੌਜਵਾਨਾਂ ਦੇ ਕਾਫ਼ਲੇ ’ਚ ਉਦਾਸੀ ਵੀ ਜਾ ਰਲਿਆ । ਪਰ ਉਸ ਦੀ ਹਾਲਤ ਏਥੇ ਵੀ ਉਹੀ ਰਹੀ ਜਿਵੇਂ ‘ਬੈਂਡ ਵਾਜੇ ਵਾਲੇ’ ਜਾਂ ‘ਗਾਉਣ ਵਜਾਉਣ ਵਾਲੇ’ ਬਰਾਤ ਦਾ ਹਿੱਸਾ ਨਹੀਂ ਗਿਣੇ ਜਾਂਦੇ । ਜਿਵੇਂ ਕਮਿਉਨਿਸਟ ਸਟੇਜਾਂ ਤੇ ਕਦੇ ਭੀੜ ਇੱਕਠੀ ਕਰਨ ਲਈ ਤਾਂ ਅਮਰਜੀਤ ਗੁਰਦਾਸਪੁਰੀ ਜਾਂ ਹੁਕਮ ਚੰਦ ਖਲੀਲੀ ਹੋਰੀਂ ਹੁੰਦੇ ਸਨ, ਜੋਗਿੰਦਰ ਬਾਹਰਲਾ ਜਾਂ ਨਰਿੰਦਰ ਦੋਸਾਂਝ ਹੁੰਦਾ ਸੀ ਪਰ ‘‘ਬਾਕਾਇਦਾ’’ ਸਟੇਜ਼ ਸ਼ੁਰੂ ਕਰਨ ਵੇਲੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਜੀ ਜਾਂ ਦਲੀਪ ਸਿੰਘ ਟਪਿਆਲਾ ਟਪਕ ਪੈਂਦੇ ਸਨ । ਇਸੇ ‘ਬੇਕਾਇਦਗੀ’ ਨੇ ਸਾਡੀ ਇਨਕਲਾਬੀ ਸਭਿਆਚਾਰ ਲਹਿਰ ਦਾ ਭੱਠਾ ਬਿਠਾਇਆ । ਜੇ ਸਭਿਆਚਾਰ ਕਾਮੇ ਧਿਰ ਹੀ ਨਹੀਂ ਹਨ ਤਾਂ ਉਸ ਦੀ ਕਲਾ ਵੀ ਕਿਉਂ ਵਰਤੀ ਜਾਵੇ? ਇਹ ਸੁਆਲ ਸੱਠਵਿਆਂ ’ਚ ਅਮਰਜੀਤ ਗੁਰਦਾਸਪੁਰੀ ਨੇ ਖੜਾ ਕੀਤਾ ਤਾਂ ਉਸ ਨੂੰ ‘‘ਬਹਿ ਕੇ ਸਮਝਾਇਆ’’ ਗਿਆ, ਤੇਰੇ ’ਚੋਂ ਹਾਲੇ ‘‘ਜ਼ੈਲਦਾਰੀ ਵਾਲੀ ਬੋਅ’’ ਨਹੀਂ ਗਈ ।’’ ਇੱਕੋ ਫ਼ਿਕਰੇ ਨੇ ਉਸਨੂੰ ਬੇਗਾਨਗੀ ਦਾ ਅਹਿਸਾਸ ਕਰਵਾ ਦਿੱਤਾ ਸੀ । ਸੰਤ ਰਾਮ ਉਦਾਸੀ ਨਾਲ ਤਾਂ ਇਹ ਅਕਸਰ ਵਾਪਰਦਾ ਰਿਹਾ । ਜੇ ਉਹ ਕਦੇ ਕੱਚੇ ਵਿਹੜਿਆਂ ਦੀ ਬਾਤ ਪਾਉਂਦਾ ਤਾਂ ਉਸਦੀ ਜ਼ਾਤ ਨੌਲੀ ਜਾਂਦੀ । ਜੇਕਰ ਉਹ ਸਿੱਖ ਵਿਰਸੇ ਦੇ ਨਾਇਕ ਚੇਤੇ ਕਰਦਾ ਤਾਂ ਉਸਨੂੰ ਗੁਰੂ ਘਰ ਦੇ ਲੰਗਰ ਦਾ ਮਿਹਣਾ ਵੱਜਦਾ । ਧਰਤੀ ਦੀ ਮਾਣ ਮਰਿਆਦਾ ਪੇਸ਼ ਕਰਦੇ ਸੰਤ ਰਾਮ ਉਦਾਸੀ ਨੂੰ ਅਸਾਂ ਉਸਦੀ ਪੀੜ ਦੇ ਜਾਵੀਏ ਤੋਂ ਵੇਖਣ ’ਚ ਅਕਸਰ ਉਕਾਈ ਕਰਦੇ ਰਹੇ। ਕੌਣ ਕਹਿੰਦਾ ਕਿ ਕਵਿਤਾ ਕਿਸੇ ਸਰਕਾਰੀ ਠੇਕੇਦਾਰ ਅੱਗੇ ਵਿਛੇ ਆਰਕੀਟੈਕਟ ਦੇ ਬਣਾਏ ਨਕਸ਼ੇ ਵਰਗੀ ਨਹੀਂ ਹੁੰਦੀ । ਇਹ ਤਾਂ ਖ਼ੁਦ ਰੌ ਮਹਿਕਦਾ ਬੂਟਾ ਹੈ। ਆਪਣੇ ਮੌਸਮ ’ਚ ਹੀ ਮਹਿਕਦਾ ਹੈ। ਆਪਣੇ ਮਹਿਕ ਸਮੇਤ ਹਾਜ਼ਰ ਹੁੰਦਾ ਹੈ, ਹੋਰ ਕਿਸੇ ਦੀ ਖੁਸ਼ਬੋਈ ਨੂੰ ਕਦੇ ਪੇਸ਼ ਨਹੀਂ ਕਰਦਾ ।
ਸੰਤ ਰਾਮ ਉਦਾਸੀ ‘ਪ੍ਰਤੀਬੱਧਤਾ’ ਦਾ ਵਣਜਾਰਾ ਬਣਨ ਦੀ ਥਾਂ ਆਪਣੀ ਪੀੜ ਦਾ ਅਨੁਵਾਦ ਕਰਦਾ ਰਿਹਾ। ਉਸਦੇ ਬੋਲਾਂ ਨੂੰ ਮੁਹੱਬਤ ਕਰਨ ਵਾਲਿਆਂ ’ਚ ਹੋਰਨਾਂ ਤੋਂ ਇਲਾਵਾ ਜਸਵੰਤ ਸਿੰਘ ਕੰਵਲ ਵੀ ਸੀ ਤੇ ਜਗਦੇਵ ਸਿੰਘ ਜੱਸੋਵਾਲ ਵੀ। ਦੋਹਾਂ ਨੇ ਹੀ ਉਸਨੂੰ ਰੱਜ ਕੇ ਮੁੱਹਬਤ ਕੀਤੀ । ਜੱਸੋਵਾਲ ਤਾਂ ਹੁਣ ਤੀਕ ਵੀ ਪਰਿਵਾਰ ਨਾਲ ‘ਬਾਬਲ’ ਵਾਂਗ ਨਿਭ ਰਿਹਾ ਹੈ । ਰਾਏਸਰ ਪਿੰਡ ਅਤੇ ਇਲਾਕੇ ਦੇ ਸੁਚੇਤ ਸਾਹਿਤਕ ਸੱਜਣਾਂ ਨੇ ਗੁਰਮੇਲ ਰਾਏਸਰੀ ਦੀ ਹਿੰਮਤ ਦਾ ਸਾਥ ਦੇ ਕੇ ਨਿਰੰਤਰ ਕੋਸ਼ਿਸ਼ਾਂ ਨਾਲ ‘ਰਾਏਸਰ’ ਸਕੂਲ ਸੰਤ ਰਾਮ ਉਦਾਸੀ ਦੇ ਨਾਮ ‘ਤੇ ਕਰਨ ਲਈ ਸਿੱਖਿਆ ਮੰਤਰੀ ਸੇਵਾ ਸਿੰਘ ਸੇਖਵਾਂ ਨੂੰ ਰਜ਼ਾਮੰਦ ਕੀਤਾ। ਆਪਣੇ ਈਮਾਨ ਤੇ ਪਹਿਰਾ ਦੇਣ ਵਾਲੇ ਉਦਾਸੀ ਨੂੰ ਉਸਦੇ ਵਿੱਤ ਤੋਂ ਵੱਡਾ ਗਿਣਨ ਵਾਲੇ ਸੱਜਣਾਂ ਨੇ ਬਾਦ ’ਚ ਉਸਨੂੰ ਛੱਜ ’ਚ ਪਾ ਕੇ ਛੱਟਿਆ । ਉਸਦੀ ਸ਼ਾਇਰੀ ਤਾਂ ਇਹੀ ਦੱਸਦੀ ਹੈ ਕਿ ਉਹ ਸਿਧਾਂਤਕਾਰ ਨਹੀਂ ਸੀ, ਕੇਵਲ ਸ਼ਬਦ ਸਾਧਕ ਸੀ, ਸੁੱਚਾ ਸੁਥਰਾ ਜਜ਼ਬਾ ਪੇਸ਼ ਕਰਨ ਵਾਲਾ ਸ਼ਾਇਰ। ਉਹ ਕਦੋਂ ਕਹਿੰਦਾ ਸੀ ਕਿ ਮੈ ਸਿਧਾਂਤਕਾਰ ਹਾਂ, ਉਹ ਤਾਂ ਆਪਣੇ ਵਰਗੇ ਅੜੇ ਥੁੁੜੇ ਘਰਾਂ ਦੀ ਪੀੜਾ ਗੀਤਾਂ ’ਚ ਪਰੋਣ ਵਾਲਾ ਸ਼ਾਇਰ ਸੀ । ਪੌਣਾਂ ਵਿੱਚ ਘੁਲੇ ਮਾਉਵਾਦੀ ਸਿਧਾਂਤ ਦੀ ਇਕ ਦੋ ਘੁੱਟ ਉਸ ਨੇ ਵੀ ਭਰ ਲਈ ਸੀ। ਇਸੇ ਕਰਕੇ ਉਸ ਨੂੰ ਪਿੰਡ ਦੇ ਰਾਜੇ ਕਸਾਈ ਦਿਸਣ ਲੱਗ ਪਏ, ਜਿੰਨਾਂ ਦਾ ਸ਼ਾਹਾਂ ਨਾਲ ਜੋੜ ਸੀ, ਰਖਵਾਲੇ ਕੁੱਤਿਆਂ ਦੀ ਥਾਂ ਇਸ ਰਾਜੇ ਦੀ ਰਾਖੀ ਵਰਦੀਧਾਰੀ ਮੁਕੱਦਮ ਕਰਦੇ। ਗੁਰੂ ਨਾਨਕ ਦੇਵ ਜੀ ਨੇ ਵੀ ਲਗਪਗ ਸਵਾ ਪੰਜ ਸੌ ਸਾਲ ਪਹਿਲੀ ਇਹੀ ਗੱਲ ਆਖੀ ਸੀ ਨਾ। ਰਾਜੇ ਸ਼ੀਂਹ ਬਣ ਗਏ ਨੇ ਤੇ ਮੁਕੱਦਮ ਕੁੱਤੇ, ਜੋ ਸੁੱਤਿਆਂ ਜਾਗਦਿਆਂ ਨੂੰ ਘੇਰਨ ਵਿਚ ਪਲ ਲਾਉਂਦੇ ਨੇ। ਉਸ ਨੂੰ ਸਮਾਜਵਾਦ ਦਾ ਚੂਰਨ ਵੇਚਣ ਵਾਲੇ ਕਮਿਉਨਿਸਟ ਆਗੂ ਵੀ ਫੁੱਟੀ ਅੱਖ ਨਹੀਂ ਸੀ ਭਾਉਂਦੇ। ਦੇਸ਼ ਦਾ ਸਾਰਾ ਕੁਝ ਡਕਾਰਨ ਵਾਲੇ ਸਿਆਸਤਦਾਨਾਂ ਨਾਲ ਕਮਿਉਨਿਸਟਾਂ ਦੀ ਭਾਈਵਾਲੀ ਵੀ ਉਸਦਾ ਵੱਡਾ ਫਿਕਰ ਸੀ। ਤਾਹੀਂਓ ਤਾਂ ਉਦਾਸੀ ਉੱਚੀ ਉਚੀ ਕੂਕਦਾ ਹੈ।
ਹਨੂਮਾਨ ਲਲਕਾਰੇ ਕਿਹੜੇ ਰਾਵਣ ਨੂੰ,
ਰਾਵਣ ਦੇ ਤਾਂ ਸਾਹਵੇਂ ਰਾਮ ਖਲੋਇਆ ਹੈ।
ਹਨੂਮਾਨ ਦੀ ਦੁਚਿੱਤੀ ਵੇਖੋ, ਰਾਵਣ ਦੀ ਢਾਲ ਜੇਕਰ ਰਾਮ ਹੀ ਬਣ ਜਾਵੇ ਤਾਂ ਲੋਕ ਸ਼ਕਤੀ ਰੂਪ ਹਨੂਮਾਨ ਕੀਹ ਕਰੇ? ਬੜਾ ਵੱਡਾ ਸੁਆਲ ਹੈ। ਇਸ ਸੁਆਲ ਨੂੰ ਉਦਾਸੀ ਤੋਂ ਪਹਿਲਾਂ ਪੰਜਾਬੀ ਸ਼ਾਇਰੀ ਨੇ ਕਦੇ ਨਹੀਂ ਸੀ ਗੌਲਿਆ।
ਖੇਤਾਂ ਵਿੱਚ ਹਥਿਆਰ ਬੀਜਣ, ਡੋਲੀ ’ਚ ਬੰਦੂਕ ਰੱਖਣ ਵਰਗੇ ਅੱਖੜ ਨਾਅਰੇ ਸੰਤ ਰਾਮ ਉਦਾਸੀ ਨੂੰ ਕੁਝ ਸਮੇਂ ਲਈ ਤਾਂ ਯੁਗ ਪਲਟਾਊ ਸੂਰਾ ਸਾਬਤ ਕਰ ਦਿੰਦੇ ਹਨ ਪਰ ਉਸਦਾ ਵਜੂਦ ਏਨਾ ਭਾਰ ਸਹਿਣ ਦੇ ਕਾਬਲ ਨਹੀਂ ਸੀ। ਬਾਹਰੋਂ ਨਾਰੀਅਲ ਵਰਗਾ ਸੀ ਉਦਾਸੀ ਤੇ ਅੰਦਰੋਂ ਖੋਪੇ ਦੀ ਗਿਰੀ ਵਰਗਾ ਨਰਮ ਨਰਮ, ਕੋਮਲ ਕੋਮਲ।
ਦੇਸ਼ ਵਿੱਚ ਐਮਰਜੈਂਸੀ ਲੱਗੀ ਤਾਂ ਬਹੁਤ ਸਾਰੇ ਸਿਆਸੀ ਕਾਰਕੁਨਾਂ ਵਾਂਗ ਸੰਤ ਰਾਮ ਉਦਾਸੀ ਵੀ ਜੇਲ ’ਚ ਬੰਦ ਕਰ ਦਿੱਤਾ ਗਿਆ। ‘ਚੌਨੁਕਰੀਆਂ ਸੀਖਾਂ’ ਕਾਵਿ ਸੰਗ੍ਰਹਿ ਵਾਲੀ ਕਵਿਤਾ ਨੇ ਮੁੜ ਵਿਰਸੇ ਵੱਲ ਕਰਵਟ ਲਈ। ਸਿੱਖ ਘਰ ’ਚ ਜੰਮਿਆ ਹੋਣ ਕਰਕੇ ਦਿੱਲੀ ’ਚ ਦੇਗ ਅੰਦਰ ਉੱਬਲਦਾ ਦਿਆਲਾ ਪਰੇਸ਼ਾਨ ਕਰਨ ਲੱਗਾ। ਤੱਤੀ ਤਵੀ ਤੇ ਤੱਤੀ ਰੇਤ ਉਹਦਾ ਅੰਦਰ ਬਾਹਰ ਲੂਹਣ ਲੱਗੀ। ਉਹ ਤੇਜਾ ਸਿੰਘ ਸਮੁੰਦਰੀ ਹਾਲ ’ਚ ਜਾ ਕੇ ਕਵਿਤਾਵਾਂ ਸੁਣਾਉਣ ਲੱਗ ਪਿਆ। ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਬਲਵੰਤ ਸਿੰਘ ਰਾਮੂਵਾਲੀਆ ਉਸਦੇ ਕਲਾਮ ਅਤੇ ਅੰਦਾਜ਼ ਨੂੰ ਪਿਆਰ ਕਰਨ ਲੱਗੇ।
ਸੰਤ ਰਾਮ ਉਦਾਸੀ ਨੂੰ ਸਮੇਂ ਦੀ ਹਕੂਮਤ ਨੇ ਕਲਮਕਾਰੀ ਬਦਲੇ ਕਰੜੀਆਂ ਤੋਂ ਕਰੜੀਆਂ ਸਜ਼ਾਵਾਂ ਦਿੱਤੀਆਂ। ਜ਼ੁਲਮ ਦੀ ਸਿਖ਼ਰ ਇਹ ਸੀ ਕਿ ਉਸ ਦੀਆਂ ਰਚਨਾਵਾਂ ਨੂੰ ਉਸ ਦੇ ਇਨਕਲਾਬੀ ਸਾਥੀਆਂ ਨੇ ਵੀ ਹਲਕੇ ਦਰਜੇ ਦੀ ਕਿਹਾ ਗਿਆ। ਉਸ ਨੂੰ ਵੰਨ ਸੁਵੰਨੇ ਤੀਰ ਮਾਰੇ। ਇਹ ਗੱਲ ਮੇਰੀ ਸਮਝੋਂ ਬਾਹਰ ਹੈ ਕਿ ਅਸੀਂ ਸਾਰੇ ਪੰਜਾਬੀ ਆਪਣੇ ਨਿਕਟਵਰਤੀ ਦੀਆਂ ਹੀ ਲੱਤਾਂ ਕਿਉਂ ਛਾਂਗਦੇ ਹਾਂ। ਏਥੇ ਮੈਨੂੰ ਲਾਲ ਸਿੰਘ ਦਿਲ ਨਾਲ ਹੋਈ ਆਪਣੀ ਇਕ ਆਪਣੀ ਇਕ ਗੱਲਬਾਤ ਦਾ ਹਵਾਲਾ ਦੇਣਾ ਬੜਾ ਵਾਜਬ ਲੱਗਦਾ ਹੈ। ਦਿਲ ਨੂੰ ਇਕ ਵੇਰ ਕਿਸੇ ਸ਼ਹਿਰੀ ਪੱਤਰਕਾਰ ਨੇ ਪੁੱਛਿਆ ਕਿ ਤੇਰੀ ਸ਼ਾਇਰੀ ਏਨੀ ਖਰਵੀ ਕਿਉਂ ਹੈ? ਇਹ ਸੁਹਜਵੰਤੀ ਕਿਉਂ ਨਹੀਂ? ਇਸ ਦੇ ਜੁਆਬ ’ਚ ਲਾਲ ਸਿੰਘ ਦਿਲ ਨੇ ਜੋ ਉੱਤਰ ਮੋੜਿਆ ਸੀ, ਉਹ ਅੱਜ ਵੀ ਓਨਾ ਹੀ ਪ੍ਰਸੰਗਕ ਹੈ। ‘‘ਸਾਡੇ ਘਰਾਂ ’ਚ ਕੋਰੇ ਸਫ਼ੈਦ ਵਰਕੇ ਨਹੀਂ ਹੁੰਦੇ ਜਿੰਨਾਂ ਤੇ ਪੋਲੀ ਪੋਲੀ ਰੇਸ਼ਮੀ ਕਵਿਤਾ ਲਿਖੀ ਜਾ ਸਕੇ। ਲਿਖੀ ਲਿਖਾਈ ਇਬਾਰਤ ਸਾਡੇ ਘਰੀਂ ਹੱਟੀਆਂ ਦੇ ਲਿਫ਼ਾਫ਼ਿਆਂ ਜਾਂ ਰੱਦੀ ਦੇ ਟੋਟਿਆਂ ’ਚ ਆਉਂਦੀ ਹੈ। ਹਾਸ਼ੀਏ ਤੇ ਪਏ ਖ਼ਾਲੀ ਕੋਰੇ ਹਿੱਸੇ ਤੇ ਜਿੰਨਾ ਕੁ ਲਿਖਣ ਲਈ ਥਾਂ ਲੱਭਦਾ ਹੈ, ਓਥੇ ਲਿਖੀ ਕਵਿਤਾ ਇਹੋ ਜਹੀ ਹੀ ਹੋਵੇਗੀ। ਜ਼ਿੰਦਗੀ ਦੀਆਂ ਰਹਿਮਤਾਂ ਤੋਂ ਸੱਖਣੇ ਘਰਾਂ ਦੇ ਜੰਮੇ ਜਾਏ ਇਹੋ ਜਿਹੀ ਕਵਿਤਾ ਹੀ ਲਿਖ ਸਕਦੇ ਨੇ। ਹਾਸ਼ੀਏ ਤੋਂ ਬਾਹਰ ਧੱਕਣ ਵਿੱਚ ਸਾਡੇ ਬੰਦੇ ਕਮਾਲ ਹਨ। ਚੰਗੇ ਭਲੇ ਲੇਖਕ ਨੂੰ ਆਪਣੇ ਫਰੇਮ ’ਚ ਫਿੱਟ ਕਰਦੇ ਕਰਦੇ ਕਦੇ ਬਾਂਹ ਛਾਂਗ ਦੇਂਦੇ ਹਨ ਤੇ ਕਦੇ ਸਿਰ ਕਲਮ ਕਰ ਦੇਂਦੇ ਹਨ। ਉਦਾਸੀ ਨਾਲ ਵੀ ਇਹੋ ਕੁਝ ਹੋਇਆ। ਉਸਦੇ ਆਪਣਿਆਂ ਨੇ ਉਸ ਨੂੰ ਪਾਸ਼ ਨਾਲੋਂ ਵੱਡਾ ਜਾਂ ਛੋਟਾ ਸਾਬਤ ਕਰਨ ਵਿੱਚ ਹੁਣ ਤੀਕ ਹਜ਼ਾਰਾਂ ਸਫ਼ੇ ਖ਼ਰਚ ਦਿੱਤੇ ਨੇ। ਸਾਹਿਤ ’ਚ ਕੋਈ ਦੌੜਨ ਵਾਲਾ ਟਰੈਕ ਨਹੀਂ ਹੁੰਦਾ ਜਿਥੇ ਪਹਿਲਾ ਦੂਜਾ ਦਰਜ਼ਾ ਦੌੜ ਮੁਤਾਬਕ ਲਾਜ਼ਮੀ ਹੈ। ਸ਼ਾਇਰ ਤਾਂ ਸਮਾਨੰਤਰ ਤੁਰ ਰਹੇ ਲੋਕ ਹਨ ਆਪੋ ਆਪਣੇ ਅੰਦਾਜ਼ ਵਿੱਚ ਤੁਰਦੇ। ਮਾਝੇ ਦਾ ਜੰਮਪਲ ਹੋਣ ਕਰਕੇ ਮੈਨੂੰ ਲਸੂੜੇ ਦਾ ਅਚਾਰ ਸੁਆਦ ਲੱਗਦਾ ਹੈ ਤੇ ਮੇਰੇ ਇਕ ਮਲਵਈ ਸੱਜਣ ਨੂੰ ਕਿੱਕਰ ਦੇ ਤੁੱਕਿਆਂ ਦਾ ਅਚਾਰ ਸਭ ਤੋਂ ਸਰਵੋਤਮ ਲੱਗਦਾ ਹੈ। ਆਪੋ ਆਪਣੀ ਪਰਵਰਿਸ਼ ਮੁਤਾਬਕ ਆਦਤਾਂ ਤੇ ਸੁਹਜ ਸ਼ਾਸਤਰ ਵਿਕਸਤ ਹੁੰਦਾ ਹੈ।
‘ਦਿੱਲੀਏ ਦਿਆਲਾ ਵੇਖ’ ਗੀਤ ਸੁਣਦਿਆਂ ਜਾਂ ਪੜਦਿਆਂ ਮੈਨੂੰ ਹਰ ਵਾਰ ਉਦਾਸੀ ਸਿਰਮੌਰ ਰਚਨਕਾਰ ਲੱਗਾ ਹੈ। ਇਹ ਮੇਰੇ ਸਿੱਖ ਸੰਸਕਾਰਾਂ ਕਾਰਨ ਨਹੀਂ, ਸਗੋਂ ਉਸ ਪ੍ਰਸੰਗ ਕਾਰਨ ਹੈ ਜੋ ਸੰਤ ਰਾਮ ਉਦਾਸੀ ਨੇ ਉਸਾਰਿਆ ਹੈ।
ਦਿੱਲੀਏ, ਦਿਆਲਾ ਵੇਖ, ਦੇਗ ’ਚ ਉਬਲਦਾ ਨੀ,
ਅਜੇ ਤੇਰਾ ਦਿਲ ਨਾ ਠਰੇ।
ਮਤੀ ਦਾਸ ਤਾਈਂ ਚੀਰ ਆਰੇ ਵਾਂਗ ਜੀਭ ਤੇਰੀ,
ਅਜੇ ਮਨਮੱਤੀਆਂ ਕਰੇ।
ਲਾਲ ਕਿਲੇ ਵਿਚ ਲਹੂ ਲੋਕਾਂ ਦਾ ਜੋ ਕੈਦ ਹੈ।
ਬੜੀ ਛੇਤੀ ਇਹਦੇ ਬਰੀ ਹੋਣ ਦੀ ਉਮੈਦ ਹੈ।
ਪਿੰਡਾਂ ਵਿੱਚੋਂ ਤੁਰੇ ਹੋਏ ਪੁੱਤ ਨੀ ਬਹਾਦਰਾਂ ਦੇ,
ਤੇਰੇ ਮਹਿਲੀਂ ਵੜੇ ਕਿ ਵੜੇ।
ਤੇਰੇ ਤਾਂ ਪਿਆਦੇ ਨਿਰੇ ਖੇਤਾਂ ਦੇ ਪਰੇਤ ਨੀ।
ਤਿਲਾਂ ਦੀ ਤਾਂ ਪੂਲੀ ਵਾਂਗੂੰ ਝਾੜ ਲੈਂਦੇ ਖੇਤ ਨੀ।
ਵੇਖ ਕਿਵੇਂ ਨਰਮੇ ਦੇ ਢੇਰਾਂ ਦੇ ਵਿਚਾਲੇ ਲੋਕੀਂ
ਸੌਂਦੇ ਨੇ ਘਰੋੜੇ ਤੇ ਰੜੇ।
ਇਨਾਂ ਬੋਲਾਂ ਵਿਚੋਂ ਤੁਸੀਂ ਅੰਤਰ ਧਿਆਨ ਹੋ ਕੇ ਬਹੁਤ ਕੁਝ ਲੱਭ ਸਕਦੇ ਹੋ। ਸ਼ਰਤ ਸਿਰਫ਼ ਇਹ ਹੈ ਕਿ ਤੁਹਾਡੀਆਂ ਅੱਖਾਂ ਤੇ ਲੱਗੀ ਐਨਕ ਕਿਸੇ ਵਿਸ਼ੇਸ਼ ਰੰਗ ਦੀ ਨਾ ਹੋਵੇ। ਹਰ ਵਾਰ ਦਿੱਲੀ ’ਚ ਦਿਆਲਾ ਹੀ ਦੇਗ ‘ਚ ਕਿਉਂ ਉੱਬਲਦਾ ਹੈ। ਹਰ ਵਾਰ ਆਰਾ ਮਤੀਦਾਸ ਨੂੰ ਹੀ ਕਿਉਂ ਚੀਰਦਾ ਹੈ। ਹਰ ਵਾਰ ਪਿਆਦੇ ਹੀ ਕਿਉਂ ਖੇਤਾਂ ਨੂੰ ਤਿਲਾਂ ਦੀ ਪੂਲੀ ਵਾਂਗ ਝਾੜ ਲੈਂਦੇ ਨੇ? ਘਰੋੜੇ ਤੇ ਰੜੇ ਮੈਦਾਨ ’ਚ ਹਰ ਵਾਰ ਆਮ ਸਧਾਰਨ ਲੋਕ ਹੀ ਕਿਉਂ ਸੌਂਦੇ ਨੇ। ਲਾਲ ਕਿਲੇ ’ਚ ਲੋਕਾਂ ਦਾ ਖ਼ੂਨ ਹੀ ਕਿਉਂ ਕੈਦ ਹੁੰਦਾ ਹੈ। ਬਰੀ ਹੋਣ ਦੀ ਉਮੀਦ ਪਾਲੀ ਬੈਠਾ ਉਦਾਸੀ ਸਾਨੂੰ ਉਦਾਸੀਆਂ ਦੇ ਡੂੰਘੇ ਟੋਏ ’ਚੋਂ ਕੱਢਦਾ ਹੈ। ਪੰਜਾਬ ਦੀ ਅਣਖ਼ੀਲੀ ਵਿਰਾਸਤ ਨੂੰ ਇਸ ਤੋਂ ਜਿਉਂਦਾ ਸੁਨੇਹਾ ਕੋਈ ਗਰੀਬ ਸ਼ਾਇਰ ਕੀਹ ਦੇ ਸਕਦਾ ਹੈ?
ਬਦੇਸ਼ ਵੱਸਦੇ ਭਰਾਵਾਂ ਨੇ ਇਕ ਵਾਰ ਕੈਨੇਡਾ ਬੁਲਾਇਆ। ਸੁੱਖ ਆਰਾਮ ਤੇ ਹੋਰ ਸਹੂਲਤਾਂ ਤਾਂ ਦਿੱਤੀਆਂ ਹੀ, ਉਸ ਦੀ ਅਵਾਜ਼ ’ਚ ਇੱਕ ਐਲ ਪੀ ਰੀਕਾਰਡ ਵੀ ਤਿਆਰ ਕੀਤਾ। ਸਾਡੇ ਕੋਲ ਉਸ ਦੀ ਕੇਵਲ ਉਹੀ ਆਵਾਜ਼ ਨਿਸ਼ਾਨੀ ਵਜੋਂ ਹਾਜ਼ਰ ਹੈ। ਇਸ ਪਰਦੇਸ਼ ਫੇਰੀ ਤੋਂ ਪਰਤ ਕੇ ਉਦਾਸੀ ਨੇ ਜਿਹੜੇ ਬੋਲ ਕਹੇ ਉਹ ਅੱਜ ਦੀ ਨੌਜਵਾਨ ਪੀੜੀ ਲਈ ਸੁਨੇਹਾ ਬਣ ਸਕਦੇ ਹਨ। ਉਸ ਪੀੜੀ ਲਈ ਜੋ ਆਪਣਾ ਮੁਲਕ ਛੱਡਣ ਲਈ ਹਰ ਪਲ ਤਿਆਰ ਬੈਠੀ ਰਹਿੰਦੀ ਹੈ।
ਮੈਨੂੰ ਰਹਿਣ ਦੇਹ ਹਵਾਏ ਮੇਰੇ ਦੇਸ਼।
ਕਰੇ ਜੋਦੜੀ ਨੀ ਇੱਕ ਦਰਵੇਸ਼।
ਮੈਨੂੰ ਮੇਰੀ ਮਾਂ ਦੇ ਵਰਗਾ ਪਿਆਰ ਨੀ।
ਮਿਲੂ ਕਿਹੜੀਆਂ ਵਲੈਤਾਂ ’ਚੋਂ ਉਧਾਰ ਨੀ।
ਮੈਨੂੰ ਜੁੜਿਆ ਜੜਾਂ ਦੇ ਨਾਲ ਰਹਿਣ ਦੇ।
ਫੁੱਲ ਕਹਿਣ ਮੈਨੂੰ ‘ਕੰਡਾ’ ਚਲੋ ਕਹਿਣ ਦੇ।
ਮੈਨੂੰ ਖਿੜਿਆ ਕਪਾਹ ਦੇ ਵਾਂਗੂ ਰਹਿਣ ਦੇ
ਘੱਟ ਮੰਡੀ ਵਿੱਚ ਮੁੱਲ ਪੈਂਦੈ ਪੈਣ ਦੇ।
ਨਜ਼ਮ ਤਾਂ ਲੰਮੀ ਹੈ, ਏਨੀ ਕੁ ਗੱਲ ਮੈਂ ਨਮੂਨੇ ਮਾਤਰ ਛਾਂਟੀ ਹੈ। ਇਨਾਂ ਬੋਲਾਂ ਨੂੰ ਪੜ ਕੇ ਤੁਸੀਂ ਸੰਤ ਰਾਮ ਉਦਾਸੀ ਨੂੰ ਜੇਕਰ ਨਿਮਨ ਪੱਧਰ ਦਾ ਕਵੀ ਕਹੋ ਤਾਂ ਤੁਹਾਨੂੰ ਆਪਣੀ ‘ਅਹੁਰ’ ਦਾ ਇਲਾਜ ਕਿਸੇ ਸਿਆਣੇ ਮਨੋਰੋਗ ਮਾਹਿਰ ਤੋਂ ਕਰਵਾਉਣਾ ਚਾਹੀਦਾ ਹੈ।
ਸ਼ਬਦ ਕੋਈ ਸਥੂਲ ਵਸਤੂ ਨਹੀਂ ਹੁੰਦੇ, ਅੱਵਲ ਤਾਂ ਵਸਤੂ ਹੁੰਦੇ ਹੀ ਨਹੀਂ। ਇਹ ਤਾਂ ਜਿਉਂਦੇ ਜਾਗਦੇ, ਸਾਹ ਲੈਂਦੇ ਹਰਕਾਰੇ ਹੰੁਦੇ ਹਨ। ਬੀਤੇ ਵਕਤਾਂ ਦਾ ਸੁਨੇਹਾ ਲੈ ਕੇ ਵਰਤਮਾਨ ਦੇ ਬੂਹੇ ਤੇ ਦਸਤਕ ਦੇਂਦੇ ਹਨ ਤਾਂ ਜੋ ਮਾਨਵ ਜ਼ਾਤ ਦਾ ਭਵਿੱਖ ਸਲਾਮਤ ਰਹੇ। ਤ੍ਰੈਕਾਲ ਦਰਸ਼ੀ ਸ਼ਬਦ ਹੀ ਤਿ੍ਰਸ਼ੂਲ ਬਣਦੇ ਨੇ। ਯੁਗ ਕਵੀ ਪ੍ਰੋ: ਮੋਹਨ ਸਿੰਘ ਇਸੇ ਤਿ੍ਰਸ਼ੂਲ ਨੂੰ ਬਣਾਉਣ ਦਾ ਸੁਨੇਹਾ ਦਿੰਦਾ ਹੈ।
ਦਾਤੀਆਂ, ਕਲਮਾਂ ਅਤੇ ਹਥੌੜੇ, ਕੱਠੇ ਕਰ ਲਉ ਸੰਦ ਓ ਯਾਰ
ਤਕੜੀ ਇਕ ਤਿ੍ਰਸ਼ੂਲ ਬਣਾਉ, ਯੁੱਧ ਕਰੋ ਪਰਚੰਡ ਓ ਯਾਰ।
ਇਸੇ ਤਿ੍ਰਸ਼ੂਲ ਅਧਾਰਤ ਪਰਚੰਡ ਯੁੱਧ ਦਾ ਸੁਨੇਹਾ ਹੀ ਸੰਤ ਰਾਮ ਉਦਾਸੀ ਦੇਂਦਾ ਹੈ। ਇਸੇ ਕਰਕੇ ਸਮੇਂ ਦੀ ਹਕੂਮਤ ਦੇ ਰਾਖੇ ਮੁਕੱਦਮ ਉਸ ਤੇ ਝੂਠੇ ਮੁਕਦਮੇ ਦਰਜ ਕਰਕੇ ਬਾਰ ਬਾਰ ਜੇਲ ’ਚ ਬੰਦ ਕਰਦੇ ਹਨ। ‘ਊੜਾ ਐੜਾ’ ਤੇ ‘ਮੁਹਾਰਨੀ’ ਰਟਾਉਂਦੇ ਸੰਤ ਰਾਮ ਉਦਾਸੀ ਨੂੰ ਆਪਣੇ ਜੀਵਨ ਕਾਲ ’ਚ ਇਸ ਤਰਾਂ ਦੀ ਜ਼ਲਾਲਤ ਦਾ ਕਈ ਵਾਰ ਸਾਹਮਣਾ ਕਰਨਾ ਪਿਆ। ਗੌਰਮਿੰਟ ਹਾਈ ਸਕੂਲ ਬੀਹਲਾ (ਬਰਨਾਲਾ) ’ਚ ਪੜਾਉਂਦਿਆਂ ਉਸ ਨੂੰ ਪੁਲੀਸ ਨੇ ਪਹਿਲੀ ਵਾਰ ਕਈ ਖ਼ਤਰਨਾਕ ਧਾਰਾਵਾਂ ਲਾ ਕੇ ਗਿ੍ਰਫਤਾਰ ਕੀਤਾ। ਮੇਰਾ ਮਿੱਤਰ ਸਵ: ਕੁਲਵੰਤ ਜਗਰਾਉਂ ਵੀ ਉਦੋਂ ਇਸੇ ਸਕੂਲ ’ਚ ਅਧਿਆਪਕ ਸੀ। ਉਹ ਦੱਸਦਾ ਹੰੁਦਾ ਸੀ ਕਿ ਸੰਤ ਰਾਮ ਉਦਾਸੀ ਤਰਸੀ ਹੋਈ ਮੁਹੱਬਤੀ ਰੂਹ ਦਾ ਸਾਈਂ ਹੈ, ਜੇ ਕਿਤੇ ਦਾਰੂ ਮੰਡਲੀ ਤੋਂ ਮੁਕਤ ਹੋ ਜਾਵੇ ਤਾਂ 24 ਕੈਰਿਟ ਦਾ ਸ਼ੁੱਧ ਸੋਨਾ ਹੈ। ਨਿਰਛਲ, ਨਿਰਕਪਟ, ਨਿਰਵਿਕਾਰ। ਉਹ ਹਰ ਵਾਰ ਸਹੀ ਹੋਇਆ। ਕੁਝ ਗਲਤ ਮਲਤ ਕਰਦਾ ਹੰੁਦਾ ਤਾਂ ਸਜ਼ਾ ਬੋਲਦੀ। ਸਭ ਤੋਂ ਵੱਡੀ ਸਜ਼ਾ ਤਾਂ ਟੱਬਰ ਭੋਗਦਾ ਹੈ। ਤੰਗੀ ਤੁਰਸ਼ੀ ਵਾਲੇ ਘਰਾਂ ’ਚ ਇਕੋ ਇੱਕ ਆਉਂਦੀ ਤਨਖਾਹ ਰੁਕ ਜਾਵੇ ਤਾਂ ਪਰਲੋ ਆ ਜਾਂਦੀ ਹੈ। ਐਮਰਜੈਂਸੀ ਨੇ ਤਾਂ ਉਸ ਦੀ ਪਰਿਵਾਰਕ ਰੀੜ ਦੀ ਹੱਡੀ ਹਿਲਾ ਕੇ ਰੱਖ ਦਿੱਤੀ। ਸਰੀਰਕ ਤੇ ਮਾਨਸਿਕ ਜਬਰ ਦੇ ਨਾਲ ਨਾਲ ਟੱਬਰ ਦਾ ਥਾਂ ਕੁ ਥਾਂ ਰੁਲਣਾ ਕਿਸ ਖਾਤੇ ’ਚ ਗਿਣੋਗੇ? ਸੂਰਮਿਆਂ ਦੀਆਂ ਵਾਰਾਂ ਸੁਣਨੀਆਂ ਚੰਗੀਆਂ ਲੱਗਦੀਆਂ ਨੇ ਪਰ ਸੂਰਮਿਆਂ ਦੇ ਪਰਿਵਾਰਾਂ ਨੇ ਉਸ ਦੀ ਕਿੰਨੀ ਕੀਮਤ ਤਾਰੀ ਹੈ, ਉਸ ਦਾ ਹਿਸਾਬ ਲਾਉਣਾ ਸੌਖਾ ਨਹੀਂ ਹੈ। ਸੰਤ ਰਾਮ ਉਦਾਸੀ ਦੇ ਧੀਆਂ ਪੁੱਤਰ ਜਦੋਂ ਉਸ ਸੰਤਾਪੇ ਦੌਰ ਦੀ ਬਾਤ ਸੁਣਾਉਂਦੇ ਹਨ ਤਾਂ ਅੱਜ ਵੀ ਲੂੰ ਕੰਡੇ ਖੜੇ ਹੁੰਦੇ ਹਨ।
ਮੈਨੂੰ ਉਹ ਵਕਤ ਕਦੇ ਨਹੀਂ ਭੁੱਲਦਾ ਜਦ 1978 ’ਚ ਲੁਧਿਆਣੇ ਸਾਹਿਤ ਟਰੱਸਟ ਢੁੱਡੀਕੇ ਵੱਲੋਂ ਸੰਤ ਰਾਮ ਉਦਾਸੀ ਨੂੰ ਪਹਿਲਾ ਬਾਵਾ ਬਲਵੰਤ ਪੁਰਸਕਾਰ ਦਿੱਤਾ ਗਿਆ। ਜਸਵੰਤ ਸਿੰਘ ਕੰਵਲ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਦੇ ਮੁੱਖ ਪ੍ਰਬੰਧਕ ਡਾ: ਸੁਰਿੰਦਰ ਸਿੰਘ ਦੁਸਾਂਝ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਮੋਹਰੀ ਆਗੂ ਪਿਰਥੀਪਾਲ ਸਿੰਘ ਰੰਧਾਵਾ ਸਨ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਇਹ ਸਮਾਗਮ ਹੋਇਆ ਸੀ। ਉਦਾਸੀ ਦੀ ਕਿਤਾਬ ‘ਲਹੂ ਭਿੱਜੇ ਬੋਲ’ ਕਤਾਰਾਂ ਬੰਨ ਕੇ ਲੋਕ ਖ਼ਰੀਦ ਰਹੇ ਸਨ। ਮੈਨੂੰ ਚੇਤੇ ਹੈ ਕਿ ਇਸ ਸਮਾਗਮ ’ਚ ਉਦਾਸੀ ਨੇ ਘੱਟੋ ਘੱਟ 10 ਗੀਤ ਗਾਏ ਸਨ। ਪੰਜਾਬ ਸਟੂਡੈਂਟਸ ਯੂਨੀਅਨ ਦੇ ਸਾਰੇ ਹੀ ਪੰਜਾਬ ਤੋਂ ਆਏ ਸਰਗਰਮ ਮੈਂਬਰ ਇਸ ਸਮਾਗਮ ’ਚ ਲੰਗਰ ਦੀ ਸੇਵਾ ਨਿਭਾ ਰਹੇ ਸਨ। ਮੈਂ ਏਨੀ ਰੂਹ ਵਾਲਾ ਅਦਬੀ ਸਮਾਗਮ ਅੱਜ ਤੀਕ ਨਹੀਂ ਵੇਖਿਆ ਜਿਥੋਂ ਸਰੋਤਿਆਂ ’ਚ ਉਹ ਲੋਕ ਵੀ ਆਏ ਹੋਣ, ਜਿਹੜੇ ਆਖਣ ਕਿ ‘ਸ਼ੁਕਰ ਹੈ! ਅਸੀਂ ਅੱਜ ਸੰਤ ਰਾਮ ਉਦਾਸੀ ਵੇਖ ਲਿਆ।’’
ਸੱਚ ਦੇ ਸੰਗਰਾਮ ਨੇ ਮਰਨਾ ਨਹੀਂ।
ਮੋਗੇ ਦੇ ਕਾਤਲ ਕਾਲਾ ਸੰਘਿਆ ਤੇ ਚੜ ਆਏ।
ਜਿਹੜੇ ਸਾਲ ਉਦਾਸੀ ਮਰਿਆ, ਉਸ ਤੋਂ ਦੋ ਕੁ ਵਰੇ ਪਹਿਲਾਂ ਦੀ ਗੱਲ ਹੋਵੇਗੀ। ਪ੍ਰੋ: ਮੋਹਨ ਸਿੰਘ ਮੇਲੇ ਤੇ ਹੋਏ ਕਵੀ ਦਰਬਾਰ ’ਚ ਸ਼ਾਮਿਲ ਕਵੀਆਂ ਨੇ ਅਜਬ ਮੰਗ ਰੱਖ ਦਿੱਤੀ ਕਿ ਸਾਨੂੰ ਵੀ ‘ਦਾਰੂ ਪ੍ਰਸ਼ਾਦ’ ਦਿਉ। ਕਤਾਰਾਂ ਬੰਨ ਕੇ ਸ਼ੀਸ਼ੀ ਵੰਡੀਆਂ ਜਾ ਰਹੀਆਂ ਸਨ। ਉਦਾਸੀ ਹੁੱਝ ਮਾਰ ਕੇ ਮੈਨੂੰ ਕਹਿਣ ਲੱਗਾ, ਤੂੰ ਤਾਂ ਪੀਣੀ ਨਹੀਂ, ਆਪਣੇ ਵੰਡੇ ਦੀ ਸ਼ੀਸ਼ੀ ਮੈਨੂੰ ਲੈ ਦੇਹ! ਇਹ ਗੱਲ ਵਰਤਾਵੇ ਨੇ ਸੁਣ ਲਈ ਤੇ ਉਦਾਸੀ ਨੂੰ ਦੋਹਰਾ ਗੱਫਾ ਮਿਲ ਗਿਆ। ਮਗਰੋਂ ਸਵੇਰੇ ਪਤਾ ਲੱਗਾ ਕਿ ਭੁੱਖਣ ਭਾਣਾ ਉਦਾਸੀ, ਦਾਰੂ ਪ੍ਰਸ਼ਾਦ ਛਕ ਕੇ ਸਾਰੀ ਰਾਤ ਹੀ ਪੰਜਾਬੀ ਭਵਨ ਦੇ ਲਾਅਨ ’ਚ ਪਲਸੇਟੇ ਮਾਰਦਾ ਰਿਹਾ। ਜਿਥੇ ਜੀਵੰਤ ਅੰਦਾਜ਼ ਤੇ ਦਮਦਾਰ ਸ਼ਾਇਰੀ ਉਹਦੀ ਸ਼ਕਤੀ ਸੀ, ਉਥੇ ‘ਦਾਰੂ’ ਵੱਡੀ ਕਮਜ਼ੋਰੀ ਸੀ।
ਸੰਤ ਰਾਮ ਉਦਾਸੀ ਨੂੰ ਮੈਂ ਲਾਜਪਤ ਰਾਏ ਮੈਮੋਰੀਅਲ ਕਾਲਿਜ ’ਚ ਪੜਾਉਂਦਿਆਂ ਚਾਰ ਪੰਜ ਵਾਰ ਕਵੀ ਦਰਬਾਰਾਂ ਤੇ ਬੁਲਾਇਆ। ਉਹ ਹਰ ਵਾਰ ਆਉਂਦਾ ਤੇ ਇਹੀ ਕਹਿੰਦਾ ‘ਅੱਜ ਨਹੀਂ ਪੀਣੀ’। ਮੈਂ ਅਕਸਰ ਪੁੱਛਣਾ ਕਿ ਅੱਜ ਕੀਹ ਹੋ ਗਿਆ ਤਾਂ ਉਸ ਨੇ ਮੇਰੇ ਕੰਨ ’ਚ ਆਣ ਕਹਿਣਾ’’ ਤੇਰੇ ਪ੍ਰੀਤ ਨਗਰ ਆਏ ਹਾਂ, ਅੱਜ ਚਾਹ ਨਾਲ ਹੀ ਸਾਰਾਂਗੇ।’’ ਸੱਚ ਮੁੱਚ ਮੇਰੇ ਨਿੱਕੇ ਜਹੇ ਪ੍ਰੀਤਨਗਰ ’ਚ ਉਹ ਹਮੇਸ਼ਾਂ ਨਸ਼ਾ ਮੁਕਤ ਹੋ ਕੇ ਹੀ ਆਇਆ । ਲਾਜਪਤ ਰਾਏ ਕਾਲਿਜ ਦੇ ਕਵੀ ਦਰਬਾਰ ’ਚ ਉਸ ਨੇ ਪਹਿਲੀ ਵਾਰ ‘‘ਮਜ਼ਦੂਰ ਦੀ ਕਲੀ’’ ਨਜ਼ਮ ਸੁਣਾਈ ਸੀ। ਰੇਡੀਓ ਵਾਲੇ ਕਵੀ ਦਰਬਾਰ ਰੀਕਾਰਡ ਕਰ ਰਹੇ ਸਨ ਪਰ ਮਗਰੋਂ ਬਰਾਡ ਕਾਸਟਿੰਗ ਵੇਲੇ ਉਹ ਨਜ਼ਮ ਗੈਰ ਹਾਜ਼ਰ ਸੀ। ਮੇਰੀ ਰੂਹ ਤੇ ਉੱਕਰੀ ਉਹ ਨਜ਼ਮ ਤੁਸੀਂ ਵੀ ਸੁਣੋ :
ਤੂੰ ਮਜ਼ਦੂਰ ਤੇ ਤੇਰੀ ਵਿਥਿਆ ਵੀ ਮਜ਼ਦੂਰ ਹੈ,
ਇਹ ਕੋਈ ਗੱਲ ਨਵੀਂ ਨਾ ਤੇਰੇ ਸੁਣਨ ਸੁਣਾਉਣ ਨੂੰ।
ਜਦ ਤੂੰ ਬਾਲਮੀਕ ਸੀ, ਪਹਿਲੀ ਕਵਿਤਾ ਤੂੰ ਲਿਖ ਤੀ,
ਵਿਹਲੜ ਭੜੂਵਿਆਂ ਦੇ ਤੂੰ ਐਵੇਂ ਚਿੱਤ ਪਰਚਾਉਣ ਨੂੰ।
ਤੇਰੀ ਸੀਤਾ ਦਾ ਸਤ ਭੰਗ ਰਾਵਣ ਨੇ ਨਹੀਂ ਕੀਤਾ,
ਅੱਜ ਦੇ ਰਾਠਾਂ ਕੋਲੋਂ ਫਿਰਦੀ ਇੱਜ਼ਤ ਬਚਾਉਣ ਨੂੰ।
ਤੇਰੇ ਸਾਈਕਲ ਦੀ ਤਾਂ ਓਹੀ ਢਿਚਕੂੰ ਢਿਚਕੂੰ ਹੈ,
ਸੜਕਾਂ ਬਣੀਆਂ ਏਥੇ ਸਸਤਾ ਮਾਲ ਢੋਹਣ ਨੂੰ।
ਤੇਰੀ ਛਪਰੀ ਨੂੰ ਤਾਂ ਮਿਲਣੀ ਲਾਟੂ ਜੋਗੀ ਹੀ,
ਲੱਖ ਤੂੰ ਗੱਡ ਲੈ ਖੰਭੇ ਘਰ ਘਰ ਬਿਜਲੀ ਲਿਆਉਣ ਨੂੰ।
ਤੇਰਾ ਭੋਲੂ ਤਾਂ ਨਿੱਤ ਰੀਂ ਰੀਂ ਕਰਦਾ ਰਹਿੰਦਾ ਹੈ,
ਧੀ ਹੈ ਤੇਰੀ ਜਾਂਦੀ ਬੰਗਲੀਂ ਬਾਲ ਖਿਡਾਉਣ ਨੂੰ।
ਤੇਰੇ ਮਿੱਠੂ ਦੀ ਨਿੱਤ ਜਾਏ ਤੜਾਗੀ ਢਿਲਕਦੀ,
ਭੁੱਖੀ ਪਤਨੀ ਨੂੰ ਨਾ ਉੱਤਰੇ ਦੁੱਧ ਚੁੰਘਾਉਣ ਨੂੰ।
ਜਿਹੜੀ ਧਰਤੀ ਨੂੰ ਤੂੰ ਮਾਂ ਵਰਗੀ ਨਿੱਤ ਕਹਿੰਦਾ ਸੀ,
ਉਹਦਾ ਇਕ ਊਠਾ ਵੀ ਨਹੀਂ ਤੇਰੇ ਸਹੂੰ ਖਾਣ ਨੂੰ।
ਸੁੱਖ ਦਾ ਸਾਹ ਨਾ ਮਿਲਿਆ ਵੋਟਾਂ ਵਾਲੇ ਡੱਬਿਆਂ ਚੋਂ,
ਤੂੰ ਕਿਉਂ ਪੰਜ ਸਾਲਾਂ ਲਈ ਤੁਲਿਆ ਹੱਥ ਵਢਾਉਣ ਨੂੰ।
ਤੈਨੂੰ ਪਿਆ ਭੁਲੇਖਾ ਭਗਤੀ ਦੇ ਵਿੱਚ ਭੰਗਣਾ ਦਾ,
ਤਾਹੀਉਂ ਸਾਧਾਂ ਤੋਂ ਨਿੱਤ ਫਿਰਦੈਂ ਉਨ ਲੁਹਾਉਣ ਨੂੰ।
ਤੇਰੀ ਕਿਰਤ ਤਾਂ ਭਾਵੇਂ ਜਸ ਖੱਟ ਲੈਂਦੀ ਰਾਠਾਂ ਦਾ,
ਐਪਰ ਜ਼ਾਤ ਤਾਂ ਤੇਰੀ ਗਿੱਟਲ ਢੇਡ ਕਹਾਉਣ ਨੂੰ।
ਕਦੋਂ ਕੁ ਪਿੰਡੇ ਉੱਪਰੋਂ ਨਿਕਲੂਗੀ ਪੰਡ ਜੂੰਆਂ ਦੀ,
ਕਦੋਂ ਕੁ ਤੂੰ ਤੁਰਨਾ ਹੈ ਚਾਨਣ ਦੇ ਵਿਚ ਨਹਾਉਣ ਨੂੰ।
ਕਦੋਂ ਕੁ ਸਿਰ ’ਚੋਂ ਨਿਕਲੂ ਰੇਤਾ ਠਿੱਬਿਆਂ ਛਿੱਤਰਾਂ ਦਾ,
ਕਦੋਂ ਕੁ ਤਿਆਰ ਹੋਏਂਗਾ ਸੱਜਰੀ ਮਹਿਕ ਹੰਢਾਉਣ ਨੂੰ।
ਚੋਰੀ ਸੇਠ ਕਰੇ ਤੇ ਫੜਿਆ ਚੌਂਕੀਦਾਰ ਹੈ,
ਦੇਸ਼ ਵਿਰੋਧੀ ਅਨਸਰ ਕਹਿ ਕੇ ਦਹਿਸ਼ਤ ਪਾਉਣ ਨੂੰ।
ਜੇਕਰ ਗੰਦ ਹੂੰਝਣ ਦੇ ਲਈ ਹੀ ਮਾਂ ਨੇ ਜੰਮਿਆ ਸੀ,
ਫਿਰ ਤੂੰ ‘ਬਹੁਕਰ’ ਫਿਰਦੈਂ ਕਿਉਂ ਬੰਦਾ ਅਖਵਾਉਣ ਨੂੰ।
ਹੁਣ ਸਬਰ ਜ਼ਰਾ ਜੇ ਤੂੰ ਕਰਿਆ,
ਤੇਰਾ ਫਿਰ ਜਾਣਾ ਹੈ ਘੁੱਟ ਭਰਿਆ।
ਜੋ ਕਿਰਤਸ਼ਾਹੀ ’ਚੋਂ ਚਮਕੇਗਾ, ਉਹ ਸੱਚਾ ਤੇਰਾ ਰਾਜ ਹੋਊ,
ਮੈਂ ਸਦਕੇ।
ਵਿਹਲੜ ਭੱਜਦੇ ਵੇਖੀਂ ਕਿੱਦਾਂ ਜਿੰਦ ਬਚਾਉਣ ਨੂੰ।
ਉਦਾਸੀ ਕੋਲ ਧਰਤੀ ਦੀ ਮਰਿਆਦਾ ਅਤੇ ਜ਼ਬਾਨ ਦਾ ਸੰਪੂਰਨ ਗਿਆਨ ਸੀ। ਇਸ ਜ਼ਬਾਨ ਨੂੰ ਉਸਨੇ ਆਪਣੀ ਕਾਵਿ-ਅਭਿਵਿਅਕਤੀ ਲਈ ਖ਼ੂਬ ਵਰਤਿਆ। ਆਪਣੇ ਤੋਂ ਪੂਰਬਲੇ ਸ਼ਾਇਰਾਂ ਤੋਂ ਵੀ ਉਹ ਪ੍ਰੇਰਨਾ ਲੈਂਦਾ ਸੀ। ਇਕੋ ਮਿਸਾਲ ਦੇਣੀ ਚਾਹਾਂਗਾ। ਸੁਲਤਾਨਪੁਰ ਲੋਧੀ ਤੋਂ ਇੰਗਲੈਂਡ ਗਏ ਬੁਲੰਦ ਸ਼ਾਇਰ ਸਵ:ਨਿਰੰਜਨ ਸਿੰਘ ਨੂਰ ਦੇ ਨਾਕਿਸ ਹੋਣ ਵੇਲੇ ਦੇ ਇਕ ਪ੍ਰਸਿੱਧ ਗੀਤ ‘ਡੋਲੀ’ ਨੂੰ ਉਦਾਸੀ ਨੇ ਬਦਲਵੇਂ ਅੰਦਾਜ਼ ’ਚ ਪੇਸ਼ ਕਰਕੇ ਕਮਾਲ ਕਰ ਵਿਖਾਈ। ਨਾਕਿਸ ਨੇ ਲਿਖਿਆ ਸੀ।
ਹੱਸ ਹੱਸ ਡੋਲੀ ਮੇਰੀ ਤੋਰ ਦੇ ਤੂੰ ਬਾਬਲਾ ਵੇ,
ਕਿਹੜੀ ਗੱਲੋਂ ਰਿਹਾ ਏਂ ਤੂੰ ਝੂਰ।
ਜਿਵੇਂ ਆਪਾਂ ਸਾਰਿਆਂ ਦਾ ਢਿੱਡ ਰੋਟੀ ਮੰਗਦਾ ਏ,
ਮਾਂਗ ਮੇਰੀ ਮੰਗਦੀ ਸੰਧੂਰ।
ਸੰਤ ਰਾਮ ਉਦਾਸੀ ਨੇ ਗੀਤ ਦੇ ਸਥਾਈ ਥੋੜੀ ਜਿਹੀ ਤਬਦੀਲ ਕਰਕੇ ਇਹ ਕਰ ਲਈ
ਹੱਸ ਹੱਸ ਤੋਰ ਦੇ ਤੂੰ ਡੋਲੀ ਮੇਰੀ ਬਾਬਲਾ ਵੇ,
ਕਿਹੜੀ ਗੱਲੋਂ ਰਿਹਾ ਏਂ ਤੂੰ ਝੂਰ।
ਧਰਤੀ ਤਿਹਾਈ ਜਿਉਂ ਪਸੀਨਾ ਮੰਗੇ ਕਾਮਿਆਂ ਦਾ,
ਮਾਂਗ ਮੇਰੀ ਮੰਗਦੀ ਸੰਧੂਰ।
ਇਸ ਗੀਤ ਦੇ ਬੰਦ ਤਾਂ ਕੁਲ ਚਾਰ ਹੀ ਨੇ ਪਰ ਚਾਰੇ ਹੀ ਕਮਾਲ ਦੀ ਕਾਵਿ ਉਤਾਰੀ ਵਾਲੇ। ਉਦਾਸੀ ਦੀ ਮੌਲਿਕ ਸਾਦਗੀ ਵਿਚੋਂ ਫੁੱਟ ਫੁੱਟ ਪੈਂਦਾ ਸੁਹਜ। ਇੱਕੋ ਬੰਦ ਹੀ ਸੁਣਾਵਾਂਗਾ, ਸੁਣਿਓਂ।
ਸੱਚੀ ਸੁੱਚੀ ਚੁੰਨੀ ਤੇਰੀ, ਸੁਣ ਮੇਰੀ ਅੰਮੀਏ ਨੀ,
ਸਾਡਾ ਹੈ ਸੀ ਆਲਣਾ ਬਣੀ।
ਸਾਡੇ ਜਿੰਨਾ ਪਿਆਰ ਨੀ ਹੰਢਾ ਨਾ ਸਕੇ ਮਾਏ ਕੋਈ,
ਭਾਵੇਂ ਹੋਵੇ ਲੱਖਾਂ ਦਾ ਧਨੀ।
ਡੱਕੋ ਨਾ ਵੇ ਵੀਰੋ, ਸਾਡੀ ਡਾਰ ਵੇ ਉਡਾਰਨਾਂ ਦੀ,
ਸਾਡੀਆਂ ਤਾਂ ਮੰਜ਼ਿਲਾਂ ਨੇ ਦੂਰ।
ਉਦਾਸੀ ਕੋਲ ਲੋਕ ਭਾਸ਼ਾ ਦਾ ਅਖੁੱਟ ਭੰਡਾਰ ਹੈ। ਕਦੇ ਨਾ ਮੁੱਕਣ ਵਾਲਾ ਸ਼ਬਦ ਸਰਮਾਇਆ। ਉਸ ਦਾ ਇਕ ਗੀਤ ਹੈ, ਬਿਲਕੁਲ ਲੋਕ ਗੀਤਾਂ ਵਰਗਾ।
ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ
ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆਂ।
ਅਸਾਂ ਤੋੜ ਦੇਣੀ
ਅਸਾਂ ਤੋੜ ਦੇਣੀ ਲਹੂ ਪੀਣੀ ਜੋਕ ਹਾਣੀਆਂ
ਸੁਣ ਲਵੋ ਕਾਗੋ, ਅਸੀਂ ਕਰ ਦੇਣਾ ਥੋਨੂੰ ਪੁੱਠੇ,
ਘੁੱਗੀਆਂ ਦੇ ਬੱਚਿਆਂ ਨੂੰ ਕੋਹਣ ਵਾਲਿਓ।
ਰੋਟੀ ਬੱਚਿਆਂ ਦੇ,
ਰੋਟੀ ਬੱਚਿਆਂ ਦੇ ਹੱਥਾਂ ਵਿਚੋਂ ਖੋਹਣ ਵਾਲਿਓ।
ਸੰਤ ਰਾਮ ਉਦਾਸੀ ਪ੍ਰਚੱਲਤ ਗੀਤਾਂ ਦੀਆਂ ਤਰਜ਼ਾਂ ਨੂੰ ਵੀ ਇਨਕਲਾਬੀ ਭਾਵਾਂ ਦੇ ਸੰਚਾਰ ਲਈ ਖੂਬ ਵਰਤ ਲੈਂਦਾ ਸੀ। ਉਸ ਵਾਸਤੇ ਸ਼ਬਦ ਅਤੇ ਅਰਥ ਮਹੱਤਵਪੂਰਨ ਸਨ। ਤਾਂ ਹੀ ਬਾਬੂ ਸਿੰਘ ਮਾਨ ਦੇ ਲਿਖੇ ਅਤੇ ਨਰਿੰਦਰ ਬੀਬਾ ਦੇ ਗਾਏ ਗੀਤ ‘‘ਚਿੱਟੀਆਂ ਕਪਾਹ ਦੀਆਂ ਫੁੱਟੀਆਂ’’ ਦੀ ਤਰਜ਼ ਤੇ ਉਦਾਸੀ ਨੇ ਬੇਹੱਦ ਖ਼ੂਬਸੂਰਤ ਗੀਤ ਸਿਰਜਿਆ।
ਅਸੀਂ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀਂ ਦੁੱਖੜੇ ਜਰੇ।
ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ਼ ਨਾ ਧਰੇ।
ਅੱਜ ਘਾਤ ਲਾਈ ਬੈਠੇ ਸਾਮਰਾਜੀਏ ਵਪਾਰੀ।
ਸਿਰੇ ਚੜਦੀ ਨੀ ਹੁੰਦੀ ਜਿਹੜੀ ਪੈਸਿਆਂ ਦੀ ਯਾਰੀ।
ਸਾਡੀ ਧੁੱਪ ਨਾਲ ਮੱਸਿਆ ਕਲੇਸ਼ ਨਾ ਕਰੇ।
ਉਦਾਸੀ ਦੀ ਕਲਮ ਵਿਚੋਂ ਅੱਥਰੂਆਂ ਵਰਗੇ ਬੋਲ ਵੀ ਕਿਰਦੇ ਹਨ ਅਤੇ ਤਣੇ ਹੋਏ ਮੁੱਕੇ ਵਾਲੀ ਵੰਗਾਰ ਵੀ ਉਸ ਦੇ ਬੋਲ ਸਾਨੂੰ ਸਮਾਜਕ ਤਬਦੀਲੀ ਲਈ ਤਿਆਰ ਕਰਦੇ ਹਨ । ਕੇਵਲ ਰੁਦਨ ਨਹੀਂ ਸੰਘਰਸ਼ ਦੀ ਪ੍ਰੇਰਨਾ ਵੀ ਦੇਂਦੇ ਹਨ। ਉਸਦੇ ਬੋਲ ਸਮਤੋਲ ਵਿੱਚ ਤੁਰਦੇ ਹਨ। ਅੱਜ ਭਰੂਣ ਹੱਤਿਆ, ਦਾਜ ਦਹੇਜ ਦੀ ਲਾਅਣਤ ਅਤੇ ਹੋਰ ਅਨੇਕਾਂ ਸਮਾਜਕ ਬੀਮਾਰੀਆਂ ਸਾਡੇ ਸਮਾਜਿਕ ਚੌਗਿਰਦੇ ਨੂੰ ਘੇਰੀ ਬੈਠੀਆਂ ਹਨ। ਇਨਾਂ ਸਭਨਾਂ ਦੀ ਜੜ ਜਾਣਦਿਆਂ ਉਦਾਸੀ ਬੋਲਦਾ ਹੈ।
ਜੰਮੀਂ ਨਾ ਨੀ ਮਾਏ ਸਾਨੂੰ ਇਹੋ ਜਹੇ ਪਿੰਡ,
ਜਿੱਥੇ ਸੱਧਰਾਂ ਦੇ ਸੰਗਲ ਪਵੇ।
ਜਿਥੇ ਮੇਰੇ ਵੀਰ ਦੀਆਂ ਤੱਤੀਆਂ ਤਰੇਲੀਆਂ ਦਾ,
ਚੱਪਾ ਟੁੱਕ ਮੁੱਲ ਨਾ ਪਵੇ।
ਜਿਹੜੇ ਪਿੰਡ ਡਲਾਵਾਂ ਦੀਆਂ ਅੱਖੀਆਂ ’ਚ ਅੱਥਰੂ,
ਤੇ ਸਿਹਰਿਆਂ ਦੇ ਅੱਖਾਂ ਵਿੱਚ ਅੱਗ ਨੀ।
ਜੰਮਦੀਆਂ ਕੁੜੀਆਂ ਨੂੰ ਰੋਗ ਜਿਥੇ ਦਾਜ ਦਾ ਹੈ,
ਜਾ
-
ਗੁਰਭਜਨ ਸਿੰਘ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.