- ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਕੋਰੋਨਾ ਵਰਗੀ ਨਾ-ਮੁਰਾਦ ਬਿਮਾਰੀ ਕਾਰਨ ਦੁਨੀਆਂ ਇੱਕ ਤਰ੍ਹਾਂ ਨਾਲ ਰੁਕ ਜਾਵੇਗੀ 'ਤੇ ਚਾਰੇ ਪਾਸੇ ਇੱਕ ਖੌਫ਼ਜ਼ਦਾ ਸੰਨਾਟਾ ਛਾ ਜਾਵੇਗਾ ਅਤੇ ਸੁੰਨੀਆਂ ਹੋ ਜਾਣਗੀਆਂ 24 ਘੰਟੇ ਚੱਲਣ ਵਾਲੀਆਂ ਉਹ ਸੜਕਾਂ , ਭਰੇ ਬਾਜ਼ਾਰ ਅਤੇ ਕਦੇ ਵੀ ਕਿਸੇ ਆਮ ਆਦਮੀ ਨੂੰ ਸਮਾਂ ਨਾ ਦੇਣ ਵਾਲੀਆਂ ਵੱਡੀਆਂ ਹਸਤੀਆਂ ਲੋਕਾਈ ਦੇ ਦਰਸ਼ਨਾਂ ਨੂੰ ਤਰਸ ਜਾਣਗੀਆਂ । ਇਸ ਸਾਰੇ ਘਟਨਾਕ੍ਰਮ ਦੀ ਸਭ ਤੋਂ ਅਹਿਮ ਗੱਲ ਇਹ ਹੋਵੇਗੀ ਕਿ ਇਹ ਸਮਾਂ 'ਨੰਗਾ' ਕਰ ਦੇਵੇਗਾ ਉਨ੍ਹਾਂ ਲੋਕਾਂ ਨੂੰ ਜਿਹੜੇ ਹਰ ਸਮੇਂ ਆਪਣੇ ਆਪ ਨੂੰ ਗੁਰਬਤ ਦੇ ਮਾਰੇ ਇਨਸਾਨਾਂ ਦੀ ਜ਼ਿੰਦਗੀ ਦਾ ਅਸਲ ਸੇਵਾਦਾਰ ਕਹਾਉਂਦੇ ਸਨ ।
ਪੰਜਾਬ ਅੰਦਰ 22 ਮਾਰਚ ਤੋਂ ਕੀਤੀ ਗਈ ਤਾਲਾਬੰਦੀ ਕਾਰਨ ਪੂਰੇ ਸੂਬੇ ਦੀ ਦੁਨੀਆਂ ਥੰਮ ਚੁੱਕੀ ਹੈ ਲੋਕ ਆਪੋ-ਆਪਣੇ ਘਰਾਂ ਵਿੱਚ ਕੈਦ ਹਨ , ਕੇਵਲ ਸੜਕਾਂ ਉੱਤੇ ਪੁਲਿਸ ਅਤੇ ਡਾਕਟਰਾਂ ਦੀਆਂ ਗੱਡੀਆਂ ਦੀ ਆਵਾਜਾਈ ਤੋਂ ਇਲਾਵਾ ਬੇਹੱਦ ਜ਼ਰੂਰੀ ਵਸਤਾਂ ਦੀ ਸਪਲਾਈ ਕਰਨ ਵਾਲੇ ਜ਼ਰੂਰ ਵਿਖਾਈ ਦਿੰਦੇ ਹਨ । ਜਿਨ੍ਹਾਂ ਸੜਕਾਂ 'ਤੇ ਕੁੱਝ ਦਿਨ ਪਹਿਲਾਂ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਸੀ ਮਿਲਦੀ ਅੱਜ ਉਨਾਂ ਸੜਕਾਂ 'ਤੇ ਦੁਪਹਿਰ ਮੌਕੇ ਨਿੱਕਲਦਿਆਂ ਇੱਕ ਓਪਰੀ ਜਿਹੀ ਕਿਸਮ ਦਾ ਡਰ ਆਉਂਦੈ ਅਤੇ ਕਈ-ਕਈ ਕਿਲੋਮੀਟਰ ਤੱਕ ਕੋਈ ਇਨਸਾਨ ਨਜ਼ਰ ਨਹੀਂ ਪੈਂਦਾ । ਸ਼ਾਇਦ ਇਸ ਚੁੱਪ ਅਤੇ ਸੰਨਾਟੇ ਅੰਦਰ ਅੱਜ ਇਨਸਾਨ ਦੀ ਜ਼ਿੰਦਗੀ ਛੁਪੀ ਹੈ ਇਸ ਲਈ ਕੋਈ ਵੀ ਬਾਹਰ ਨਿਕਲਕੇ ਜਿੰਦਗੀ ਦਾ ਰਿਸਕ ਲੈਣ ਨੂੰ ਤਿਆਰ ਨਹੀਂ । ਸਮੇਂ ਦਾ ਫੇਰ ਵੇਖੋ ਜਿਹੜੇ ਕਲਾਕਾਰ ਫੋਨ ਕਰਨ 'ਤੇ ਕਿਸੇ ਗੀਤ ਦੀ ਸ਼ੂਟਿੰਗ ਵਿੱਚ ਬਿਜੀ ਹੋਣ ਦਾ ਬਹਾਨਾ ਲਾਉਂਦੇ ਨਹੀਂ ਸੀ ਥੱਕਦੇ ਉਨ੍ਹਾਂ ਨੂੰ ਕੋਰੋਨਾ ਨੇ ਘਰਾਂ ਵਿੱਚ ਡੱਕ ਦਿੱਤੈ ਅਤੇ ਉਨ੍ਹਾਂ ਕੋਲੋਂ ਚਹਿਲ-ਪਹਿਲ ਨਾਂ ਦੀ ਜ਼ਿੰਦਗੀ ਮਨਫ਼ੀ ਹੋ ਚੁੱਕੀ ਹੈ ਹੁਣ ਉਹ ਆਪਣੇ ਮਨ ਦੀ ਭੜਾਸ ਸਿਰਫ਼ ਆਪਣੇ ਬਾਜੇ ਜ਼ਰੀਏ ਸੋਸ਼ਲ ਮੀਡੀਆ 'ਤੇ ਜਾਂ ਆਪਣੇ ਸਰੋਤਿਆਂ ਦੇ ਨਾਲ ਫੋਨ 'ਤੇ ਦਿਲ ਦੀਆਂ ਗੱਲਾਂ ਕਰਕੇ ਕੱਢਦੇ ਨੇ , ਇਹ ਗੱਲ ਵੱਖਰੀ ਹੈ ਕਿ ਇਹ ਉਹੀ ਸਰੋਤੇ ਨੇ ਜਿਨ੍ਹਾਂ ਨੂੰ ਇਨ੍ਹਾਂ ਕਲਾਕਾਰਾਂ ਵੱਲੋਂ ਕਦੇ ਗੱਲ ਕਰਨ ਦਾ ਸਮਾਂ ਵੀ ਨਹੀਂ ਸੀ ਦਿੱਤਾ ਜਾਂਦਾ । ਸਮਾਂ ਬੜਾ ਬਲਵਾਨ ਹੁੰਦੈ ਚੱਤੋਪਹਿਰ ਬਾਊਂਸਰਾਂ ਵਿੱਚ ਘਿਰੇ ਰਹਿਣ ਵਾਲੇ ਅੱਜ ਇੱਕ ਅਨੋਖੀ ਤਰ੍ਹਾਂ ਦੀ ਕੈਦ ਕੱਟ ਰਹੇ ਪ੍ਰਤੀਤ ਹੁੰਦੇ ਨੇ ।
ਹਰ ਰੋਜ਼ ਕਈ ਪ੍ਰੋਗਰਾਮਾਂ 'ਤੇ ਹਾਜ਼ਰੀ ਲਗਾਉਣ ਵਾਲੇ ਵੱਡੇ ਲੋਕ ਘਰਾਂ ਵਿਚ ਬੰਦ ਨੇ , ਜਿਨ੍ਹਾਂ ਕੋਲ ਕਦੇ ਇੱਕ ਮਿੰਟ ਦੀ ਵੇਹਲ ਨਹੀਂ ਸੀ ਹੁੰਦੀ ਉਨ੍ਹਾਂ ਨੂੰ ਅੱਜ ਕੋਈ ਵਿਅਕਤੀ ਜ਼ੁਬਾਨ ਸਾਂਝੀ ਕਰਨ ਵਾਲਾ ਵੀ ਨਹੀਂ ਮਿਲ ਰਿਹਾ ਜਾਂ ਉਹ ਮਿਲਣਾ ਹੀ ਨਹੀਂ ਚਾਹੁੰਦੇ , ਕਿਉਂਕਿ ਜ਼ਿੰਦਗੀ ਰਹੀ ਤਾਂ ਸਭ ਕੁਝ ਹਾਸਲ ਕੀਤਾ ਜਾ ਸਕਦਾ ਹੈ , ਲੱਗਦੈ ਇਸ ਕਹਾਵਤ 'ਤੇ ਪਹਿਰਾ ਦਿੱਤਾ ਜਾ ਰਿਹਾ ਹੈ । ਬਿਨਾਂ ਸ਼ੱਕ ਮਨੁੱਖੀ ਜ਼ਿੰਦਗੀਆਂ ਨੂੰ ਬਚਾਉਣ ਦੇ ਲਈ ਡਾਕਟਰ ਪੁਲਿਸ ਕਰਮੀ ਅਤੇ ਸਮਾਜ ਸੇਵੀ ਸੱਜਣ ਆਪਣੀ ਵਾਹ ਜ਼ਰੂਰ ਲਾ ਰਹੇ ਨਜਰੀ ਪੈੰਦੇਂ ਹਨ , ਦਾਦ ਦੇਣੀ ਬਣਦੀ ਹੈ ਇਨ੍ਹਾਂ ਜੰਗਜੂ ਜਰਨੈਲਾਂ ਦੀ । ਕਈ ਵੱਡੇ-ਵੱਡੇ ਭਲੇ ਪੁਰਸ਼ਾਂ ਦੇ ਚਿਹਰਿਆਂ ਤੋਂ ਇਸ ਕੋਰੋਨਾ ਨਾਮ ਦੇ ਇਸ ਛੋਟੇ ਜਿਹੇ ਵਾਇਰਸ ਨੇ ਨਕਾਬ ਵੀ ਲਾਹ ਕੇ ਰੱਖ ਦਿੱਤੇ , ਅੱਜ ਇਨਸਾਨ ਇਨਸਾਨ ਤੋਂ ਭੱਜ ਰਿਹੈ , ਢਿੱਡੋਂ ਜੰਮੇ ਪਾਸਾ ਵੱਟ ਕੇ ਲੰਘਣ ਵਿੱਚ ਹੀ ਆਪਣੀ ਭਲਾਈ ਸਮਝਣ ਲੱਗੇ ਹਨ ਉਨ੍ਹਾਂ ਨੂੰ ਕੌਣ ਸਮਝਾਵੇ ਕਿ ਅੱਜ ਵੇਲਾ ਇਸ ਤਰ੍ਹਾਂ ਹੱਥ ਛੁਡਾ ਕੇ ਭੱਜਣ ਦਾ ਨਹੀਂ ਸਗੋਂ ਮੁਸ਼ਕਲ ਭਰੇ ਦੌਰ ਵਿੱਚੋਂ ਹੱਥ ਫੜ ਕੇ ਨਾਲ ਭਜਾਉਂਣ ਦਾ ਹੈ । ਕਈ ਵਿਚਾਰੇ ਭਵਿੱਖ ਦੇ ਆਗੂ ਬਣ ਕੇ ਸਮਾਜ ਸੇਵਾ ਦੇ ਨਾਂ 'ਤੇ ਸਿਆਸਤ ਦੀਆਂ ਰੋਟੀਆਂ ਜ਼ਰੂਰ ਪੱਕਾ ਰਹੇ ਨੇ ਇਹ ਤਾਂ ਸਮਾਂ ਹੀ ਦੱਸੇਗਾ ਕਿ ਉਨ੍ਹਾਂ ਦੀ ਸਿਆਸਤ ਦੀ ਕਿਸ਼ਤੀ ਬੰਨ੍ਹੇ ਲੱਗੇਗੀ ਜਾ ਨਹੀਂ ।
ਇਸ ਤਰ੍ਹਾਂ ਦੀਆਂ ਮਹਾਂਮਾਰੀਆਂ ਨਾਲ ਲੰਘੇ ਸਮੇਂ ਵੀ ਇਨਸਾਨ ਨੂੰ ਦੋ ਚਾਰ ਹੋਣਾ ਪਿਆ ਪਰ ਉਨ੍ਹਾਂ ਨੇ ਅੱਤ ਮੁਸ਼ਕਿਲ ਭਰੇ ਦੌਰ ਵਿੱਚੋਂ ਵੀ ਆਪਣਿਆਂ ਦਾ ਸਾਥ ਨਹੀਂ ਛੱਡਿਆ, ਉਂਝ ਤਾਂ ਅਸੀਂ ਪੰਜਾਬੀ ਲੋਕ ਆਪਣੇ ਆਪ ਨੂੰ ਅਣਖੀ ਅਤੇ ਬੇਹੱਦ ਜ਼ੋਖਮ ਭਰੇ ਵਿੱਚ ਸਮੇਂ ਵਿੱਚ ਵੀ ਨਾ ਡੋਲਣ ਵਾਲੇ ਅਖਵਾਉਨੇ ਹਾਂ ਪਰ ਕੋਰੋਨਾ ਨੇ ਅਜਿਹਾ ਕੀ ਕਰ ਦਿੱਤਾ ਕਿ ਅਸੀਂ ਇਸ ਸੰਸਾਰ ਤੋਂ ਜਾ ਚੁੱਕੇ ਆਪਣਿਆਂ ਨੂੰ ਹੀ ਪਛਾਨਣ ਤੋਂ ਇਨਕਾਰੀ ਹੋ ਗਏ । ਠੀਕ ਹੈ ਕਿ ਸਮਾਂ ਅੰਤਾਂ ਦਾ ਨਾਜ਼ੁਕ ਜ਼ਰੂਰ ਚੱਲ ਰਿਹੈ ਜਿਸ ਨੂੰ ਸਿਆਣਪ , ਸੂਝ-ਬੂਝ ਅਤੇ ਅਹਿਤਿਆਤ ਨਾਲ ਲੰਘਾਉਣ ਦੀ ਲੋੜ ਹੈ ਨਾ ਕਿ ਆਪਣੇ ਫ਼ਰਜ਼ਾਂ ਤੋਂ ਅੱਖਾਂ ਫੇਰ ਸਿਰਫ਼ 'ਤੇ ਸਿਰਫ਼ ਨਿੱਜ ਤੱਕ ਸੀਮਤ ਹੋ ਕੇ ਅਕ੍ਰਿਤਘਣ ਕਹਾਉਣ ਦੀ । ਖ਼ੈਰ ਕੁਝ ਵੀ ਹੋਵੇ ਅੱਜ ਇਸ ਰੁੱਕ ਚੁੱਕੀ ਦੁਨੀਆਂ 'ਤੇ ਪਸਰੇ ਸੰਨਾਟੇ ਦੇ ਵਿੱਚੋਂ ਇਨਸਾਨੀ ਜ਼ਿੰਦਗੀ ਦੇ ਦਰਸ਼ਨ ਹੋਣ ਅਤੇ ਅਸੀਂ ਇਸ ਜੰਗ ਨੂੰ ਜਿੱਤ ਕੇ ਆਉਣ ਵਾਲੇ ਭਵਿੱਖ ਦੇ ਦਰਾਂ ਤੇ ਦਸਤਕ ਦੇਣ ਵਿੱਚ ਕਾਮਯਾਬ ਹੋਈਏ ।
-
ਮਨਜਿੰਦਰ ਸਿੰਘ ਸਰੌਦ, ਮੁੱਖ ਪ੍ਰਚਾਰ ਸਕੱਤਰ ( ਵਿਸ਼ਵ ਪੰਜਾਬੀ ਲੇਖਕ ਮੰਚ )
manjindersinghkalasaroud@gmail.com
094634-63136
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.