ਪਿਛਲਾ ਬਲੌਗ ਪੜ੍ਹਨ ਲਈ ਹੇਠ ਲਿੰਕ 'ਤੇ ਕਲਿੱਕ ਕਰੋ:-
ਕਰੋਨਾ ਵਾਇਰਸ ਦੇ ਸਮਿਆਂ 'ਚ...ਹਰਪ੍ਰੀਤ ਸੇਖਾ ਦੀ ਕਲਮ ਤੋਂ
ਕਕਰੀਲੀਆਂ ਸਰਦੀਆਂ ਤੋਂ ਬਾਅਦ ਕਨੇਡਾ ਵਿੱਚ ਈਸਟਰ ਵੀਕਐਂਡ ਪਹਿਲਾ ਲੌਂਗ ਵੀਕਐਂਡ ਹੁੰਦਾ ਹੈ। ਮੌਸਮ ਪੱਧਰਾ ਹੋ ਜਾਂਦਾ ਹੈ, ਖਾਸ ਕਰਕੇ ਵੈਨਕੂਵਰ ਇਲਾਕੇ ਵਿੱਚ। ਲੋਕ ਫੁੱਲ-ਬੂਟੇ ਲਿਆਉਣ ਲਈ ਨਰਸਰੀਆਂ ਵੱਲ ਭੱਜਦੇ ਹਨ। ਇਸ ਵਾਰ ਮੌਸਮ ਬਹੁਤ ਸੁਹਾਵਣਾ ਹੈ। ਕਰੋਨਾ ਵਾਇਰਸ ਕਾਰਣ ਅੰਦਰੀਂ ਤੜੇ ਲੋਕਾਂ ਵਿੱਚੋ ਬਹੁਤਿਆਂ ਨੇ ਸਰਕਾਰ ਦੀ ਤਾੜਣਾ ਦੇ ਬਾਵਜੂਦ ਸ਼ਹਿਰੋਂ ਬਾਹਰ ਜਾਣ ਦੇ ਪ੍ਰੋਗਰਾਮ ਬਣਾ ਲਏ। ਲਗਦਾ ਹੈ ਜਿਵੇਂ ਇਸ ਹਫਤੇ ਹੀ ਸਾਰਿਆਂ ਨੇ ਗਰਮੀਆਂ ਵਾਸਤੇ ਬਣਾਈਆਂ ਆਪਣੀਆਂ ਕੈਬਿਨਾਂ ਦੀ ਦੇਖ-ਭਾਲ ਕਰਨ ਜਾਣਾ ਹੋਵੇ। ਹਾਈਵੇ ਉੱਪਰ ਕਾਰਾਂ ਅਤੇ ਫੈਰੀ ਵਿੱਚ ਲੋਕਾਂ ਦੀ ਭੀੜ ਦੇਖ ਕੇ ਸਰਕਾਰ ਨੇ ਚਿਤਾਵਨੀ ਦਿੱਤੀ ਹੈ ਕਿ ਲੋਕਾਂ ਨੂੰ ਘਰੀਂ ਰੱਖਣ ਲਈ ਹੋਰ ਸਖਤ ਕਦਮ ਚੁੱਕਣੇ ਪੈਣਗੇ। ਓਧਰ ਗਲਿਆਨੋ ਵਰਗੇ ਛੋਟੇ ਟਾਪੂਆਂ `ਤੇ ਰਹਿੰਦੇ ਲੋਕਾਂ ਨੂੰ ਮੇਨਲੈਂਡ ਤੋਂ ਆਏ ਸੈਲਾਨੀਆਂ ਦੀ ਭਰਮਾਰ ਦੇਖਕੇ ਫਿਕਰ ਲੱਗ ਗਿਆ ਹੈ ਕਿ ਉਨ੍ਹਾਂ ਦੇ ਹੁਣ ਤਾਈਂ ਮੁਕਾਬਲਤਨ ਸੁਰੱਖਿਅਤ ਟਾਪੂਆਂ `ਤੇ ਵਾਇਰਸ ਦੀ ਮਾਰ ਨਾ ਪੈ ਜਾਵੇ। ਹਜ਼ਾਰ ਦੇ ਕਰੀਬ ਵਸਨੀਕਾਂ ਵਾਲੇ ਗਲਿਆਨੋ ਟਾਪੂ ਵਿੱਚ ਸਿਰਫ ਇੱਕ ਨਰਸ ਪ੍ਰੈਟੀਸ਼ਨਰ ਤੇ ਇਕ ਡਾਕਟਰ ਹੈ, ਜਿਹੜਾ ਪਾਰਟ ਟਾਈਮ ਕੰਮ ਕਰਦਾ ਹੈ, ਕੋਈ ਵੈਂਟੀਲੇਟਰ ਨਹੀਂ, ਸੰਕਟ ਦੇ ਸਮੇਂ ਏਅਰ ਐਂਬੂਲੈਂਸ ਰਾਹੀਂ ਦੂਰ ਕਿਸੇ ਹਸਪਤਾਲ ਲਿਜਾਇਆ ਜਾਂਦਾ ਹੈ। ਉੱਥੋਂ ਦੇ ਵਸਨੀਕ ਕਹਿੰਦੇ ਹਨ ਕਿ ਉਨ੍ਹਾ ਦਾ ਟਾਪੂ ਹੋਰਾਂ ਲਈ ਵਿਰਾਮਘਰ ਜਾਂ ਪਨਾਹਗਾਹ ਨਹੀਂ ਹੈ। ਜਦੋਂ ਸਮਾਂ ਆਇਆ ਸੈਲਾਨੀਆਂ ਦਾ ਮੁੜ ਤੋਂ ਸਵਾਗਤ ਹੋਣ ਲੱਗੇਗਾ ਪਰ ਹੁਣ ਉਨ੍ਹਾਂ `ਤੇ ਰਹਿਮ ਕੀਤਾ ਜਾਵੇ।
ਇਸ ਵੀਕਐਂਡ `ਤੇ ਵੈਨਕੂਵਰ ਵਿੱਚ ਵਿਸਾਖੀ ਮਨਾਈ ਜਾਣੀ ਸੀ, ਜਿਸ ਵਿੱਚ ਲੱਖਾਂ ਹੀ ਲੋਕਾਂ ਨੇ ਹਰ ਸਾਲ ਦੀ ਤਰ੍ਹਾਂ ਸ਼ਾਮਿਲ ਹੋਣਾ ਸੀ। ਪਰ ਨਗਰ ਕੀਰਤਨ ਦਾ ਪ੍ਰੋਗਰਾਮ ਮਹੀਨਾਂ ਪਹਿਲਾਂ ਹੀ ਰੱਦ ਹੋ ਗਿਆ ਸੀ। ਇਸੇ ਤਰ੍ਹਾਂ ਹੀ ਰਮਾਦਾਨ ਤੇ ਈਸਟਰ ਦੇ ਜਨਤਕ ਸਮਾਗਮ ਰੱਦ ਹੋ ਗਏ ਸਨ। ਈਸਟਰ ਮੌਕੇ ਕੋਵਿਡ-19 ਨੂੰ ਧਿਆਨ ਵਿੱਚ ਰੱਖ ਕੇ ਦੁਨੀਆਂ ਦੇ ਹੋਰ ਹਿੱਸਿਆ ਵਾਂਗ ਵੈਨਕੂਵਰ ਦੇ ਕੈਥੋਲਿਕ ਗਿਰਜਿਆਂ ਦੇ ਪਾਦਰੀਆਂ ਨੇ ਵੀ ਗੁਨਾਹਾਂ ਦੇ ਇਕਬਾਲ ਸੁਨਣ ਲਈ 'ਡਰਾਈਵ ਥਰੂ' ਸੇਵਾਵਾਂ ਪੇਸ਼ ਕੀਤੀਆਂ। ਵੈਨਕੂਵਰ ਦੀ ਮੇਨ ਸਟਰੀਟ `ਤੇ ਸਥਿੱਤ ਸੇਂਟ ਪੈਟਰਿਕਜ਼ ਰੋਮਨ ਕੈਥੋਲਿਕ ਚਰਚ ਦੇ ਮੁੱਖ ਪਾਦਰੀ ਨੇ ਗੁਨਾਹ ਸੁਨਣ ਲਈ ਦੋ ਹਾਰ ਪਾਦਰੀਆਂ ਨਾਲ ਰਲ਼ਕੇ ਚਰਚ ਦੀ ਪਾਰਕਿੰਗ ਲਾਟ ਦੇ ਵਿਚਕਾਰ ਦੋ ਸਟੇਸ਼ਨ ਸੈੱਟ ਕਰ ਲਏ। ਸੀ ਬੀ ਸੀ ਦੇ ਪੱਤਰਕਾਰ ਨੂੰ ਪਾਦਰੀ, ਜੇਮਜ ਹਿਊ ਨੇ ਦੱਸਿਆ ਕਿ ਗੁਨਾਹਾਂ ਦਾ ਇਕਬਾਲ ਕਰਨ ਵਾਲਿਆਂ ਦੀ ਲਾਈਨ ਮੈਕਡੋਨਲਡ ਰੈਸਟੋਰੈਂਟ ਦੇ ਡਰਾਈਵ ਥਰੂ ਨਾਲੋਂ ਵੀ ਲੰਬੀ ਸੀ।
ਪਿਛਲੇ ਹਫਤੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸੇਹਤ ਮੰਤਰੀ, ਏਡਰੀਅਨ ਡਿਕਸ ਨੇ ਸਿੱਖ ਬਲੱਡ ਡਰਾਈਵ ਸੰਸਥਾ ਦੇ ਵਲੰਟੀਅਰਾਂ ਦੀ ਪ੍ਰਸੰਸਾ ਕੀਤੀ, ਜਿਨ੍ਹਾਂ ਨੇ ਸੇਹਤ ਅਫਸਰ, ਡਾਕਟਰ ਬੋਨੀ ਹੈਨਰੀ ਅਤੇ ਸੂਬੇ ਦੇ ਪ੍ਰੀਮੀਅਰ, ਜੌਨ ਹੌਰਗਨ ਦੇ ਸੱਦੇ `ਤੇ ਖੂਨ ਦਾਨ ਕੀਤਾ।
ਮੰਤਰੀਆਂ ਅਤੇ ਸੇਹਤ ਅਫਸਰਾਂ ਦੇ ਨਾਲ ਪੱਤਰਕਾਰਾਂ ਦੇ ਰੋਜ਼ਾਨਾਂ ਸਨਮੁੱਖ ਹੁੰਦੇ ਸਾਈਨ ਲੈਂਗੂਏਜ਼ ਇੰਟਰਪਰੈਟਰ ਲੋਕਾਂ ਲਈ ਜਾਣੇ-ਪਹਿਚਾਣੇ ਚੇਹਰੇ ਬਣ ਗਏ ਹਨ। ਬੀ ਸੀ ਦੀ ਸੇਹਤ ਅਫਸਰ, ਡਾਕਟਰ ਬੋਨੀ ਹੈਨਰੀ ਨਾਲ ਆਉਣ ਵਾਲਾ ਸਾਈਨ ਲੈਂਗੂਏਜ਼ ਇੰਟਰਪਰੇਟਰ, ਨਿਜਲ ਹੋਵਰਡ ਆਪਣੇ ਭਾਵਪੂਰਤ ਸਟਾਈਲ ਕਾਰਣ ਬਹੁਤ ਹਰਮਨ ਪਿਆਰਾ ਹੋ ਗਿਆ ਹੈ। ਫੇਸਬੁੱਕ `ਤੇ ਬਣੇ ਉਸਦੇ ਫੈਨ ਕਲੱਬ ਨੇ ਉਸ ਨੂੰ 'ਸਾਈਨ ਲੈਂਗੂਏਜ਼ ਹੀਰੋ' ਦੀ ਉਪਾਧੀ ਦੇ ਦਿੱਤੀ ਹੈ। ਤੇ ਓਧਰ ਅਲਬਰਟਾ ਸੂਬੇ ਦੀ ਸੇਹਤ ਅਫਸਰ, ਡਾਕਟਰ ਡੀਨਾ ਹਿੰਸ਼ਾਅ ਭਿਆਨਕ ਖਬਰ ਨੂੰ ਵੀ ਸ਼ਾਤੀ ਅਤੇ ਭਰੋਸੇ ਨਾਲ ਕਹਿਣ ਦੀ ਸਮਰੱਥਾ ਰੱਖਣ ਕਾਰਣ ਵਸਨੀਕਾਂ ਵਿੱਚ ਹਰਮਨ ਪਿਆਰੀ ਹੋ ਗਈ। ਪਿਛਲੇ ਬੁੱਧਵਾਰ ਸੂਬੇ ਵਿੱਚ ਮਹਾਂਮਾਰੀ ਦੀ ਹਾਲਤ ਬਾਰੇ ਦੱਸਣ ਲਈ ਉਸਦੀ ਥਾਂ ਸੂਬੇ ਦੇ ਪ੍ਰੀਮੀਅਰ, ਜੇਸਨ ਕੇਨੀ ਨੇ ਸੰਬੋਧਨ ਕੀਤਾ। ਝੱਟ ਹੀ ਲੋਕ ਸੋਸ਼ਲ ਮੀਡੀਏ ਉੱਪਰ ਡਾਕਟਰ ਡੀਨਾ ਹਿੰਸ਼ਾ ਨੂੰ ਵਾਪਸ ਲਿਆਉਣ ਦੀ ਮੰਗ ਰੱਖਣ ਲੱਗੇ। ਉਨ੍ਹਾ ਦਾ ਵਿਚਾਰ ਸੀ ਕਿ ਉਹ ਸੂਬੇ ਵਿੱਚ ਮਹਾਂਮਾਰੀ ਦੀ ਸਥਿੱਤੀ ਨੂੰ ਕਿਸੇ ਰਾਜਨੀਤੀਵਾਨ ਨਾਲੋਂ ਸਿਰੇ ਦੇ ਡਾਕਟਰ ਤੋਂ ਜਾਨਣ ਨੂੰ ਜਿਆਦਾ ਭਰੋਸੇਯਗ ਮੰਨਦੇ ਹਨ।
ਇਨ੍ਹਾਂ ਦਿਨਾਂ ਵਿੱਚ ਘਰੇਲੂ ਹਿੰਸਾ ਵਿੱਚ ਵਾਧਾ ਹੋਣ ਦੀਆਂ ਖ਼ਬਰਾਂ ਹਨ। ਵੈਨਕੂਵਰ ਵਿੱਚ ਹਿੰਸਾ ਦਾ ਸ਼ਿਕਾਰ ਔਰਤਾਂ ਦੀ ਸਹਾਇਤਾ ਲਈ ਸਥਾਪਿਤ ਕੀਤੀ ਗਈ ਫੋਨ ਲਾਈਨ ਉੱਪਰ ਪਿਛਲੇ ਤਿੰਨ ਹਫ਼ਤਿਆਂ ਦੌਰਾਨ ਤਿੰਨ ਸੌ ਪ੍ਰਤੀਸ਼ਤ ਵਾਧਾ ਹੋਇਆ ਹੈ। ਗਲੋਬਲ ਨਿਊਜ਼ ਲਈ ਇਕ ਕੰਪਨੀ ਵੱਲੋਂ ਕੀਤੇ ਸਰਵੇਖਣ ਅਨੁਸਾਰ ਇਸ ਮਹਾਂਮਾਰੀ ਦੌਰਾਨ ਚਰਵੰਜਾ ਪ੍ਰਤੀਸ਼ਤ ਕਨੇਡੀਅਨ ਇਕੱਲੇ ਇਕੱਲੇ ਅਤੇ ਵੱਖ ਹੋਏ ਮਹਿਸੂਸ ਕਰ ਰਹੇ ਹਨ। ਇਸ ਸਰਵੇਖਣ ਵਿੱਚ ਅਠਾਰਾਂ ਸਾਲਾਂ ਤੋਂ ਵੱਧ ਉਮਰ ਦੇ 1006 ਲੋਕਾਂ ਨੇ ਹਿੱਸਾ ਲਿਆ।
ਕਰੋਨਾ ਵਾਇਰਸ ਦੀ ਮਾਰ ਜੇਲ੍ਹਾਂ ਤੱਕ ਪਹੁੰਚ ਗਈ ਹੈ। ਕੁਬਿਕ ਸੂਬੇ ਦੀਆਂ ਜੇਲ੍ਹਾਂ ਵਿੱਚ ਇਸ ਨੇ 32 ਜਣਿਆਂ ਨੂੰ ਪ੍ਰਭਾਵਤ ਕੀਤਾ ਹੈ ਅਤੇ ਬ੍ਰਿਟਿਸ਼ ਕੋਲੰਬੀਆ ਦੀਆਂ ਜੇਲ੍ਹਾਂ ਵਿੱਚ ਇਹ ਗਿਣਤੀ 36 ਹੋ ਗਈ ਹੈ। ਬੀ ਸੀ ਸੂਬੇ ਦੇ ਮਿਸ਼ਨ ਸ਼ਹਿਰ ਵਿੱਚ ਸਥਿੱਤ ਜੇਲ੍ਹ `ਚ ਇਸ ਵਾਇਰਸ ਨੇ ਸਭ ਤੋਂ ਜਿਆਦਾ ਅਸਰ ਪਾਇਆ ਹੈ। ਵੈਨਕੂਵਰ ਦੇ ਕ੍ਰਿਮੀਨਲ ਵਕੀਲ, ਏਡਰੀਅਨ ਸਮਿੱਥ ਨੇ ਕਿਹਾ ਕਿ ਜੇਲ੍ਹਾਂ ਵੀ ਕੇਅਰਹੋਮਾਂ ਵਾਂਗ ਹੀ ਹੁੰਦੀਆਂ ਹਨ, ਜਿੱਥੇ ਕੈਦੀ ਇੱਕ-ਦੂਜੇ ਦੇ ਨੇੜੇ-ਨੇੜੇ ਰੱਖੇ ਹੁੰਦੇ ਹਨ ਤੇ ਕਾਮੇ ਅੰਦਰ ਆਉਂਦੇ-ਜਾਂਦੇ ਰਹਿੰਦੇ ਹਨ। ਉਹ ਵਾਇਰਸ ਨੂੰ ਅੰਦਰ ਲਿਆ ਤੇ ਬਾਹਰ ਲਿਜਾ ਸਕਦੇ ਹਨ। ਕੁਰੈਕਸ਼ਨਲ ਸਰਵਿਸ ਆਫ ਕਨੇਡਾ ਨੇ ਕਿਹਾ ਹੈ ਕਿ ਜੇਲ੍ਹਾਂ ਵਿੱਚ ਇਸ ਵਾਇਰਸ ਦੇ ਫੈਲਣ ਦੀ ਸਥਿੱਤੀ ਨਾਲ ਨਜਿੱਠਣ ਦੇ ਉਹ ਯੋਗ ਹਨ ਅਤੇ ਉਹ ਪਰੋਲ ਬੋਰਡ ਆਫ ਕਨੇਡਾ ਨਾਲ ਮਿਲਕੇ ਕੁਝ ਘੱਟ ਖਤਰਨਾਕ ਕੈਦੀਆਂ ਨੂੰ ਪਹਿਲਾਂ ਰਿਹਾਈ ਦੇਣ ਲਈ ਵੀ ਵਿਚਾਰ ਕਰ ਰਹੇ ਹਨ।
ਓਨਟੇਰੀਓ ਸੂਬੇ ਵਿੱਚ ਇਕ ਕੇਅਰਹੋਮ ਵਿੱਚ ਕਰੋਨਾ ਵਾਇਰਸ ਦੇ ਫੈਲਣ ਨਾਲ ਉੱਥੇ ਕੰਮ ਕਰਦੇ ਕਰਮਚਾਰੀ ਵਾਕ ਆਊਟ ਕਰ ਗਏ। ਉਨ੍ਹਾਂ ਦੀ ਸ਼ਿਕਾਇਤ ਸੀ ਕਿ ਉਨ੍ਹਾਂ ਦੀ ਆਪਣੀ ਸੁਰੱਖਿਆ ਲਈ ਢੁਕਵੇਂ ਪ੍ਰਬੰਧ ਨਹੀਂ ਕੀਤੇ ਗਏ। ਇਸ ਤੋਂ ਪਹਿਲਾਂ ਕਿਊਬਿਕ ਸੂਬੇ ਵਿੱਚ ਇਕ ਪ੍ਰਾਈਵਟ ਕੇਅਰਹੋਮ, ਜਿਸ ਵਿੱਚ 31 ਮੌਤਾਂ ਹੋਈਆਂ ਅਤੇ ਉੱਥੋਂ ਦੀ ਮੰਦੀ ਹਾਲਤ ਹੈ, ਦੀ ਅਦਾਲਤੀ ਜਾਂਚ ਹੋਵੇਗੀ।
ਕੋਵਿਡ-19 ਦੌਰਾਨ ਖਬਰਾਂ ਵਿੱਚ 'ਫਲੈਟਨ ਦਾ ਕਰਵ' ਮੁਹਾਵਰੇ ਦਾ ਬਹੁਤ ਉਪਯੋਗ ਹੋਣ ਲੱਗਾ ਹੈ। ਬੀ ਸੀ ਸੂਬੇ ਵਿੱਚ ਇੱਕ ਵਾਰ ਤਾਂ ਗਰਾਫ ਦੀ ਉਚਾਈ ਵੱਲ ਜਾਂਦੀ ਲਾਈਨ ਨੂੰ ਮੋੜਾ ਪੈ ਗਿਆ ਹੈ। ਪਿਛਲਾ ਸਾਰਾ ਹਫਤਾ ਹੀ ਕਰੋਨਾ ਤੋਂ ਪ੍ਰਭਾਵਿਤ ਹੋਣ ਵਾਲਿਆਂ ਦੀ ਗਿਣਤੀ ਘਟ ਹੁੰਦੀ ਗਈ। ਠੀਕ ਹੋਣ ਵਾਲਿਆਂ ਦੀ ਗਿਣਤੀ ਵੀ ਵਧਣ ਲੱਗੀ ਹੈ।
ਕੋਵਿਡ-19 ਨੂੰ ਧਿਆਨ ਵਿੱਚ ਰੱਖ ਕੇ ਕਨੇਡਾ ਦੀ ਸਰਕਾਰ ਵੱਲੋਂ ਐਲਾਨ ਕੀਤੀ ਗਈ ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੀਫਿੱਟ ਦੀ ਦੋ ਹਜ਼ਾਰ ਡਾਲਰ ਦੀ ਰਾਸ਼ੀ ਬੀਤੇ ਹਫ਼ਤੇ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਹੋਈ ਹੈ। ਕਈ ਲੋਕਾਂ ਨੂੰ ਫਿਕਰ ਲੱਗ ਗਿਆ ਕਿ ਉਨ੍ਹਾਂ ਦੇ ਖਾਤੇ ਵਿੱਚ ਗਲਤੀ ਨਾਲ ਦੋ ਵਾਰ ਦੋ ਹਜ਼ਾਰ ਜਮ੍ਹਾਂ ਹੋ ਗਿਆ ਸੀ। ਉਨ੍ਹਾਂ ਨੇ ਮੀਡੀਏ ਅਤੇ ਸੋਸ਼ਲ ਮੀਡੀਏ ਰਾਹੀਂ ਫਿਕਰ ਜ਼ਾਹਿਰ ਕੀਤਾ। ਮੰਤਰੀ ਨੇ ਭਰੋਸਾ ਦਿਵਾਇਆ ਕਿ ਕਾਹਲੀ ਕਰਨ ਦੀ ਲੋੜ ਨਹੀਂ ਇਹ ਗਲਤੀ ਨਾਲ ਨਹੀਂ ਹੋਇਆ, ਇਹ ਅਗਲੇ ਮਹੀਨੇ ਦੀ ਅਗੇਤੀ ਪੇਅਮੈਂਟ ਹੈ।
ਦੁਨੀਆਂ ਦੇ ਹੋਰ ਹਿੱਸਿਆ ਵਾਂਗ ਕਨੇਡਾ ਵਿੱਚ ਵੀ ਮੈਡੀਕਲ ਸਪਲਾਈ, ਮਾਸਕ, ਦਸਤਾਨੇ ਤੇ ਵੈਂਟੀਲੇਟਰਾਂ ਦੀ ਕਮੀ ਦੀਆਂ ਖਬਰਾਂ ਆਉਂਦੀਆਂ ਰਹੀਆਂ। ਕਨੇਡਾ ਦੇ ਵੱਡੇ ਭਾਈ ਦੇਸ਼ ਦੇ ਰਾਸ਼ਟਰਪਤੀ ਨੇ ਅਮਰੀਕਾ ਦੀ ਮਾਸਕ ਬਣਾਉਣ ਵਾਲੀ ਕੰਪਨੀ 3 ਐਮ ਨੂੰ ਚਿਤਾਵਨੀ ਦਿੱਤੀ ਕਿ ਉਹ ਕਨੇਡਾ ਨੂੰ ਮਾਸਕ ਨ ਭੇਜੇ। ਜਵਾਬ ਵਿੱਚ ਕਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਕੋਈ ਜਵਾਬੀ ਕਾਰਵਾਈ ਨਹੀਂ ਕਰਨਗੇ।
ਵੈਨਕੂਵਰ ਵਿੱਚ ਪਿਛਲੇ ਹਫਤੇ ਨਸ਼ੇ ਦੀ ਅਧਿਕ ਮਾਤਰਾ ਦੇ ਸੇਵਨ ਨਾਲ ਅੱਠ ਮੌਤਾਂ ਹੋਈਆਂ ਹਨ । ਇਸ ਨਾਲ ਬੀ ਸੀ ਵਿੱਚ ਇਕੋ ਵੇਲੇ ਦੋ ਸੇਹਤ ਸੰਕਟਾਂ ਦੀ ਹਾਲਤ ਬਣ ਗਈ ਹੈ। ਸੂਬਾ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਇਸ ਮਹਾਂਮਾਰੀ ਦੌਰਾਨ ਨਸ਼ੇ ਕਰਨ ਵਾਲਿਆਂ ਨੂੰ ਸਹੀ ਮਾਤਰਾ ਵਿੱਚ ਨਸ਼ੇ ਮਿਲਣ ਤਾਂ ਕਿ ਅਧਿਕ ਮਾਤਰਾ `ਚ ਵਰਤਣ ਨਾਲ ਹੋਰ ਮੌਤਾਂ ਨਾ ਹੋਣ। ਵੈਨਕੂਵਰ ਦੀ ਮੇਨ ਸਟਰੀਟ ਅਤੇ ਹੇਸਟਿੰਗਜ਼ ਸਟਰੀਟ ਦੇ ਇਲਾਕੇ ਵਿੱਚ, ਜਿੱਥੇ ਜਿਆਦਾ ਗਿਣਤੀ ਵਿੱਚ ਬੇਘਰੇ ਲੋਕ ਰਹਿੰਦੇ ਹਨ, ਵੇਖਣ ਵਿੱਚ ਜਨ ਜੀਵਨ ਪਹਿਲਾਂ ਵਾਂਗ ਹੀ ਲਗਦਾ ਹੈ, ਜਦੋਂ ਕਿ ਇਸਦੇ ਪੱਛਮ `ਚ ਡਾਊਨ ਟਾਊਨ ਵਿੱਚ, ਸੁੰਨ ਵਰਤੀ ਹੋਈ ਹੈ।
ਇੱਥੋਂ ਦੇ ਇੱਕ ਅਖਬਾਰ ਵਿੱਚ ਕੋਵਿਡ-19 ਦੌਰਾਨ ਨਵੀਂ ਦਿੱਲੀ ਦੇ ਕਨਾਟ ਪਲੇਸ ਦੀ ਪ੍ਰਦੂਸ਼ਨ ਰਹਿਤ ਆਕਾਸ਼ ਦੀ ਬਹੁਤ ਖੂਬਸੂਰਤ ਫੋਟੋ ਛਪੀ ਹੈ। ਸਾਫ ਆਕਾਸ਼ ਹਮੇਸ਼ਾਂ ਹੀ ਖੂਬਸੂਰਤ ਹੁੰਦੇ ਹਨ। ਅੱਜ-ਕੱਲ੍ਹ ਕਨੇਡਾ ਦੇ ਸੰਘਣੀ ਪੰਜਾਬੀ ਵਸੋਂ ਵਾਲੇ ਸ਼ਹਿਰਾਂ ਦੇ ਪੰਜਾਬੀ ਸਾਹਿਤ ਦੇ ਆਕਾਸ਼ ਵੀ ਬਹੁਤ ਖੂਬਸੂਰਤ ਦਿਖਾਈ ਦਿੰਦੇ ਹਨ। ਆਏ ਦਿਨ ਇੱਕ-ਦੂਜੇ ਦੀ ਪਿੱਠ ਖੁਰਕਣ ਲਈ ਕੀਤੇ ਜਾਂਦੇ ਰੂਬਰੂ/ਸਨਮਾਨ ਸਮਾਰੋਹਾਂ ਦੀਆਂ ਤਸਵੀਰਾਂ ਤੋਂ ਦੇਸੀ ਅਖ਼ਬਾਰ ਮੁਕਤ ਹੋਏ ਹਨ।
-
ਹਰਪ੍ਰੀਤ ਸੇਖਾ, ਲੇਖਕ
******
1-778-231-1189
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.