ਗੁਰਮੀਤ ਸਿੰਘ ਪਲਾਹੀਖ਼
ਬਰ ਹੈ ਕਿ ਮੁੱਖਮੰਤਰੀ ਪੰਜਾਬ ਨੇ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ 15,000 ਕਰੋੜ ਰੁਪਏ ਨੂੰ ਕੋਰੋਨਾ ਆਫ਼ਤ ਨਾਲ ਨਿਜੱਠਣ ਲਈ ਬਹੁਤ ਘੱਟ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਕਿਸੇ ਤਰੀਕੇ ਵੀ ਭਾਰਤ ਦੇ 1.3 ਅਰਬ ਲੋਕਾਂ ਲਈ ਕਾਫੀ ਨਹੀਂ ਹੈ। ਉਨਾ ਕਿਹਾ ਕਿ ਕਿਸੇ ਵੀ ਰਾਜ ਕੋਲ ਇੰਨਾ ਸਰੋਤ ਨਹੀਂ ਹੈ ਕਿ ਉਹ ਕੇਂਦਰ ਦੀ ਸਹਾਇਤਾ ਬਿਨ੍ਹਾਂ ਕੋਰੋਨਾ ਖਿਲਾਫ਼ ਇਹ ਜੰਗ ਲੜ ਸਕੇ। ਉਹਨਾ ਮੰਗ ਕੀਤੀ ਕਿ ਕੇਂਦਰ ਸਰਕਾਰ ਕੋਵਿਡ-19 ਸੰਕਟ ਨਾਲ ਨਜਿੱਠਣ ਲਈ ਅੱਗੇ ਆਵੇ।
ਮੰਗਾਂ ਹੀ ਮੰਗਾਂ ਹਨ, ਭਾਰਤੀ ਲੋਕਤੰਤਰ 'ਚ ਅਧਿਕਾਰ ਕੋਈ ਨਹੀਂ। ਪਾਣੀ ਵੀ ਸੂਬਾ, ਕੇਂਦਰ ਤੋਂ ਮੰਗਦਾ ਹੈ। ਖੇਤੀ ਆਪ ਕਰਦਾ ਹੈ ਸੂਬਾ, ਫ਼ਸਲਾਂ ਦੇ ਭਾਅ ਕੇਂਦਰ ਤੋਂ ਮੰਗਦਾ ਹੈ। ਸੂਬੇ 'ਚ ਇੰਡਸਟਰੀ, ਵੱਡਾ ਹਸਪਤਾਲ, ਵੱਡਾ ਵਿੱਦਿਅਕ ਅਦਾਰਾ ਅਣਖੀ ਸੂਬਾ ਪੰਜਾਬ, ਕੇਂਦਰ ਤੋਂ ਮੰਗਦਾ ਹੈ । ਕਿਸੇ ਆਫ਼ਤ ਵੇਲੇ, ਕਿਸੇ ਜੰਗ ਵੇਲੇ, ਸੂਬਾ ਪੰਜਾਬ, ਪੈਸਾ ਕੇਂਦਰ ਤੋਂ ਮੰਗਦਾ ਹੈ। ਆਖ਼ਰ "ਪੰਜਾਬ ਸੂਬੇ " ਦੀ ਹੋਂਦ ਹੀ ਕੀ ਆ ਭਾਈ, ਪਿੰਡ ਦਾ, ਸ਼ਹਿਰ ਦਾ ਹਰ ਵਾਸੀ ਪੁੱਛਦਾ ਆ।
ਗੱਲ ਤਾਂ ਭਾਈ ਬੰਦੋ ਇਹੋ ਆ ਕਿ ਵੱਢ ਕੇ ਦਿੱਤੇ ਹੱਥ, ਬਸ ਜੁੜਦੇ ਹਨ, ਉਠਦੇ ਨਹੀਂ। ਮਹਾਰਾਜੇ ਰਣਜੀਤ ਸਿਹੁੰ ਵੇਲੇ ਤੇ ਬਾਅਦ ਡੋਗਰਿਆਂ ਵਰਗੇ ਦਲਾਲਾਂ, ਵੱਡਿਆਂ ਸਰਦਾਰਾਂ, ਸੂਬਾ ਪੰਜਾਬ ਅੰਗਰੇਜ਼ਾਂ ਕੋਲ ਗਿਰਵੀ ਰੱਖ ਤਾ। ਆਜ਼ਾਦੀ ਤੋਂ ਬਾਅਦ ਕੁਝ ਮੀਸਣੇ ਪੰਜਾਬੀਆਂ, "ਉੱਚੀ ਸਰਕਾਰ" ਕੋਲ ਸੂਬਾ ਪੰਜਾਬ ਗਹਿਣੇ ਧਰ ਤਾ। ਫਿਰ ਕੁਰਸੀ ਦੀ ਖਾਤਰ "ਵੱਡਿਆਂ ਪੰਜਾਬੀਆਂ" ਵੋਟਾਂ ਦੀ ਸਿਆਸਤ 'ਚ ਪੰਜਾਬੀਆਂ ਨੂੰ ਉਲਝਾਕੇ ਇੱਕ ਪੰਜਾਬੀ ਚਿੰਤਕ ਦੀ ਕਹੀ ਗੱਲ ਨੂੰ ਸਹੀ ਕਰਾ ਤਾ, "ਲੋਕ ਰਾਜ ਲਈ ਵੋਟਾਂ ਮੰਗਦੇ, ਕਰਦੇ ਡੰਡਾ ਰਾਜ। ਵੇਖ ਦਲਾਲਾਂ ਕਰਕੇ ਰਹਿੰਦਾ ਦਿੱਲੀ ਹੇਠ ਪੰਜਾਬ"। ਕੀ ਮੌਜੂਦਾ ਹਾਕਮਾਂ, ਸੂਬੇ ਦੇ ਨੌਂ ਅਕਾਲੀ ਦਲਾਂ, ਸੱਤ ਕਿਸਾਨ ਯੂਨੀਅਨਾਂ, ਛੇ ਸਿਆਸੀ ਪਾਰਟੀਆਂ ਕੋਲ ਇਸ ਗੱਲ ਦਾ ਜਵਾਬ ਹੈ, " ਕਿਥੇ ਵਸਦਾ ਹੈ, ਸੂਝਵਾਨਾਂ, ਸੂਰਬੀਰਾਂ, ਅਣਖੀਲੇ ਲੋਕਾਂ ਦਾ ਪੰਜਾਬ"?
ਬੁੱਲ੍ਹੇ ਸ਼ਾਹ ਉੱਡਦੀਆਂ ਅਸਮਾਨੀਂ ਫੜਦਾਂ,
ਜਿਹੜਾ ਘਰ ਬੈਠਾ ਉਹਨੂੰ ਫੜਿਆ ਨਹੀਂ।
ਖ਼ਬਰ ਹੈ ਕਿ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਅਮਰੀਕਾ ਵਿੱਚ ਕੋਰੋਨਾ ਪ੍ਰਭਾਵਿਤ ਲੋਕਾਂ ਦਾ ਅੰਕੜਾ ਪੰਜ ਲੱਖ ਦੇ ਪਾਰ ਪੁੱਜ ਗਿਆ ਹੈ। ਹੁਣ ਤੱਕ ਪੰਜ ਲੱਖ ਤਿੰਨ ਹਜ਼ਾਰ ਲੋਕਾਂ ਤੋਂ ਜਿਆਦਾ ਦਾ ਟੈਸਟ ਪੌਜੇਟਿਵ ਪਾਇਆ ਗਿਆ ਹੈ। ਮਹਾਂਮਾਰੀ ਕਾਰਨ ਦੁਨੀਆ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਠੱਪ ਪਈ ਹੈ। ਅਮਰੀਕਾ ਵਿੱਚ ਹੁਣ ਤੱਕ ਪ੍ਰਾਪਤ ਅੰਕੜਿਆਂ ਅਨੁਸਾਰ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 20,067 ਹੋ ਗਈ ਹੈ। ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਅਨੁਮਾਨਾਂ ਅਨੁਸਾਰ 60,000 ਲੋਕ ਮਰ ਸਕਦੇ ਹਨ। ਇਸ ਮਹਾਂਮਾਰੀ ਸਮੇਂ ਅਮਰੀਕਾ ਦੀ ਕੁਲ ਆਬਾਦੀ ਇਸ ਵੇਲੇ 33 ਕਰੋੜ ਹੈ ਅਤੇ 97 ਫੀਸਦੀ ਆਬਾਦੀ ਘਰਾਂ 'ਚ ਕੈਦ ਹੈ। ਲਗਭਗ 1.7 ਕਰੋੜ ਅਮਰੀਕੀ ਬੇਰੁਜ਼ਗਾਰ ਹੋ ਚੁੱਕੇ ਹਨ।
ਮਾਰਿਆ ਦਬਕਾ ਵਿਸ਼ਵ ਥਾਣੇਦਾਰ ਅਮਰੀਕਾ ਨੇ ਭਾਰਤ ਦੇ "ਮੋਦੀ ਜੀ" ਨੂੰ, ਹਾਈਡਰੋਕਸੀਕਲੋਰੋਕੁਈਨ ਅਮਰੀਕਾ ਮੰਗਵਾ ਲਈ। ਮਾਰਿਆ ਦਬਕਾ ਯੂ.ਐਨ.ਓ. ਨੂੰ, ਇਹ ਆਖਣ ਲਈ ਕਿ ਕੋਰੋਨਾ ਵਾਇਰਸ ਹਮਲਾ ਚੀਨ ਨੇ ਕਰਵਾਇਆ। ਹਥਿਆਰਾਂ ਦਾ ਦੇਸ਼, ਵੱਡੀ ਮਸ਼ੀਨਰੀ ਦਾ ਦੇਸ਼, ਵੱਡੇ ਕਾਰਪੋਰੇਟੀਆਂ ਦਾ ਦੇਸ਼, ਵੱਡੇ ਸਾਜ਼ੋ ਸਮਾਜ ਦਾ ਦੇਸ਼, ਵਪਾਰੀਆਂ ਕਾਰੋਬਾਰੀਆਂ ਦਾ ਦੇਸ਼ ਅਮਰੀਕਾ, ਸਦਾ ਵਿਸ਼ਵ ਥਾਣੇਦਾਰੀ ਕਰਦਾ ਰਿਹਾ। ਐਟਮ ਬੰਬ ਬਣਾਉਂਦਾ ਰਿਹਾ, ਵੱਡੀਆਂ ਕਾਢਾਂ ਕੱਢਦਾ ਰਿਹਾ, ਰਾਕਟਾਂ-ਫਾਟਕਾਂ ਨਾਲ ਦੁਨੀਆਂ ਨੂੰ ਦਿਨੇ ਤਾਰੇ ਦਿਖਾਉਂਦਾ ਰਿਹਾ। ਚੰਨ ਤੇ ਤਾਰੀਆਂ ਲਾਉਂਦਾ ਰਿਹਾ, ਕੁਦਰਤ ਨਾਲ ਖਿਲਵਾੜ ਕਰਦਾ ਰਿਹਾ, ਮੌਤ ਨੂੰ ਹਰਾਉਂਦਾ ਰਿਹਾ, ਪਰ ਕੁਦਰਤ ਦੀ ਲੱਠ ਦੀ ਮਾਰ ਭੁਲਦਾ ਰਿਹਾ। ਟਰੰਪ ਜਿਵੇਂ ਹੁਣ ਮੋਦੀ ਦੀਆਂ ਸੁਣਦਾ ਆ, ਜੇ ਕਦੇ ਕੋਈ "ਮੋਦੀ ਭਗਤ" ਟਰੰਪ ਭਗਤਾਂ ਦੇ ਰਾਹੀਂ ਉਹਨੂੰ ਬੁਲ੍ਹੇ ਸ਼ਾਹ ਦੀਆ ਇਹ ਤੁਕਾਂ ਸਮਝਾ ਦਿੰਦਾ, "ਬੁਲ੍ਹੇ ਸ਼ਾਹ ਉਡਦੀਆਂ ਅਸਮਾਨੀ ਫੜਦਾਂ, ਜਿਹੜਾ ਘਰ ਬੈਠਾ ਉਹਨੂੰ ਫੜਿਆ ਨਹੀਂ"। ਤਾਂ ਇਹ ਦਿਨ ਤਾਂ ਨਾ ਦੇਖਣੇ ਪੈਂਦੇ ਅਮਰੀਕਾ ਨੂੰ।
ਡਾਲਰਾਂ 'ਚੋਂ ਨਿਕਲਿਆ ਜਾਣਾ ਨਹੀਂ,
ਹੁਣ ਘਰਾਂ ਨੂੰ ਪਰਤਿਆ ਜਾਣਾ ਨਹੀਂ।
ਖ਼ਬਰ ਹੈ ਕਿ ਬਰਤਾਨੀਆ ਸਰਕਾਰ ਵਲੋਂ ਆਪਣੇ ਨਾਗਰਿਕਾਂ ਨੂੰ ਭਾਰਤੋਂ ਵਾਪਿਸ ਬੁਲਾਉਣ ਲਈ ਪਹਿਲਕਦਮੀ ਕੀਤੀ ਹੈ ਅਤੇ 13,17 ਅਤੇ 19 ਅਪ੍ਰੈਲ2020 ਨੂੰ ਹਵਾਈ ਜਹਾਜ਼ ਭਾਰਤ ਦੇ ਅੰਮ੍ਰਿਤਸਰੋਂ ਲੰਦਨ ਲਈ ਵਿਸ਼ੇਸ਼ ਤੌਰ 'ਤੇ ਰਵਾਨਾ ਹੋਏਗਾ। ਬਰਤਾਨੀਆ ਵਿੱਚ ਲਗਭਗ ਇੱਕ ਲੱਖ ਵਿੱਦਿਆਰਥੀ, ਕਾਰੋਬਾਰੀਏ ਅਤੇ ਭਾਰਤੀ ਐਂਬੈਸੀਆਂ ਦੇ ਕਰਮਚਾਰੀ, ਅਫ਼ਸਰ, ਮੰਤਰੀ ਹਨ ਜਿਹੜੇ ਗਾਹੇ-ਵਗਾਹੇ ਬਰਤਾਨੀਆ ਆਉਂਦੇ-ਜਾਂਦੇ ਰਹਿੰਦੇ ਹਨ।
ਪ੍ਰਵਾਸ ਹੰਢਾਉਣਾ ਜਣੇ-ਖਣੇ ਦਾ ਕੰਮ ਆ ਕੀ? ਬੜਾ ਹੀ ਦਿਲ-ਗੁਰਦੇ ਦਾ ਕੰਮ ਆ, ਜਹਾਜ਼ੇ ਚੜ੍ਹਨਾ, ਉਜਾੜਾਂ 'ਚ ਦਿਨ ਗੁਜਾਰਨਾ ਤੇ ਦਿਨ-ਰਾਤ ਝਾਂਗ ਕੇ ਡਾਲਰ, ਪੌਂਡ ਇਕੱਠੇ ਕਰਨਾ। ਜਦੋਂ ਕੋਈ ਆਂਹਦਾ, ਕਾਕਾ ਚਾਰ ਛਿਲੜ ਘਰਦਿਆਂ ਨੂੰ ਭੇਜਕੇ ਮੁੜ ਦੇਸ਼ਾਂ ਨੂੰ ਫੇਰਾ ਪਾ, ਤਾਂ ਪ੍ਰਵਾਸੀਆਂ ਦਾ ਦਿਲ ਵਲੂੰਦਰਿਆਂ ਜਾਂਦਾ। ਆਖਣ ਨੂੰ ਜੀ ਕਰਦੇ, "ਡਾਲਰ/ਪੌਂਡ ਕਿਹੜੇ ਦਰਖ਼ਤਾਂ ਨੂੰ ਲਗਦੇ ਆ"।
ਡਾਲਰ, ਪੌਂਡ, ਦਰਾਮ, ਪਤਾ ਨਹੀਂ ਕਿਹੜੀਆਂ-ਕਿਹੜੀਆਂ ਕਰੰਸੀਆਂ ਪ੍ਰਵਾਸੀਆਂ ਦੀਆਂ ਹੱਥਾਂ ਦੀ ਮੈਲ ਬਣਦੀਆਂ ਆ, ਪਰ ਇੱਕ ਢੋਰਾ ਦਿਲ ਦੇ ਕੋਨੇ ਆਰਾਮ ਕਰਦਾ ਰਹਿੰਦਾ, "ਪਿੰਡ ਕਦੋਂ ਪਰਤਾਂਗਾ? ਪਿੰਡ ਦੀ ਜੂਹ ਕਦੋਂ ਵੇਖਾਂਗਾ? ਤਾਏ, ਚਾਚੇ, ਭਰਾ, ਭੈਣਾਂ ਨੂੰ ਕਦੋਂ ਮਿਲੂੰਗਾ? ਪਰ ਡਾਲਰਾਂ, ਪੌਂਡਾਂ ਦਾ ਚੱਕਰ, ਉਹਨੂੰ ਇਹ ਯਾਦ ਕਰਾਉਂਦਾ ਰਹਿੰਦਾ, "ਡਾਲਰਾਂ 'ਚੋਂ ਨਿਕਲਿਆ ਜਾਣਾ ਨਹੀਂ, ਹੁਣ ਘਰਾਂ ਨੂੰ ਪਰਤਿਆ ਜਾਣਾ ਨਹੀਂ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਏਕ ਮੁੱਦਤ ਸੇ ਆਰਜ਼ੂ ਥੀ ਫ਼ੁਰਸਤ ਕੀ,
ਮਿਲੀ ਤੋਂ ਇਸ ਸ਼ਰਤ ਪੇ ਕਿ ਕਿਸੀ ਕੋ ਨਾ ਮਿਲੋ।
ਸ਼ਹਿਰੋਂ ਕਾ ਯੂੰ ਵੈਰਾਨ ਹੋਨਾ ਕੁਛ ਯੂੰ ਗਜ਼ਬ ਕਰ ਗਈ,
ਵਰਸੋਂ ਸੇ ਪੜੇ ਗੁੰਮ-ਸੁੰਮ ਘਰੋਂ ਕੋ ਆਬਾਦ ਕਰ ਗਈ।
ਯਹ ਕੈਸਾ ਸਮਾਂ ਆਇਆ ਕਿ,
ਦੂਰੀਆਂ ਵੀ ਦਵਾ ਬਣ ਗਈ।
ਜ਼ਿੰਦਗੀ ਮੇਂ ਪਹਿਲੀ ਵੇਰ ਐਸਾ ਵਕਤ ਆਇਆ,
ਇਨਸਾਨ ਨੇ ਜ਼ਿੰਦਾ ਰਹਿਣੇ ਕੀ ਕਾਮਨਾ ਛੋੜ ਦੀ।
ਘਰ ਗੁਲਜ਼ਾਰ ਸੁੰਨੇ ਸ਼ਹਿਰ,
ਬਸਤੀ ਬਸਤੀ ਮੇਂ ਕੈਦ ਹਰ ਹਸਤੀ ਹੋ ਗਈ।
ਆਜ ਫਿਰ ਜ਼ਿੰਦਗੀ ਮਹਿੰਗੀ,
ਔਰ ਦੌਲਤ ਸਸਤੀ ਹੋ ਗਈ।
ਇੱਕ ਵਿਚਾਰ
ਕੋਈ ਵੀ ਵਿਅਕਤੀ ਇੰਨਾ ਚੰਗਾ ਨਹੀਂ ਹੋ ਸਕਦਾ ਕਿ ਉਹ ਦੂਜਿਆਂ ਉਤੇ ਬਿਨ੍ਹਾਂ ਉਹਨਾ ਦੀ ਮਰਜ਼ੀ ਦੇ ਰਾਜ ਕਰ ਸਕੇ। ..................ਇਬਰਾਹੀਮ ਲਿੰਕਨ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.