ਹਰ ਵਰ੍ਹੇ ਵਾਂਗ ਇਸ ਵਾਰ ਵੀ ਪੰਜਾਬ ਆਏ ਹਜ਼ਾਰਾਂ ਪਰਵਾਸੀ ਪੰਜਾਬੀਆਂ ਦੇ ਸ਼ਾਇਦ ਇਹ ਚਿੱਤ ਚੇਤੇ ਵੀ ਨਹੀਂ ਸੀ ਕਿ ਉਨ੍ਹਾਂ ਦੀ ਏਨੀ ਦੁਰਦਸ਼ਾ ਹੋਵੇਗੀ ਕਿ ਪੁਲਿਸ,ਪ੍ਰਸ਼ਾਸਨ ਅਤੇ ਇੱਥੋਂ ਤੱਕ ਕਿ ਪਿੰਡਾਂ ਵਾਲੇ ਵੀ ਉਨ੍ਹਾਂ ਨੂੰ ਨਫ਼ਰਤ ਦੀ ਨਿਗ੍ਹਾ ਨਾਲ ਦੇਖਣਗੇ ਤੇ ਉਨ੍ਹਾਂ ਦੇ ਖਿਲਾਫ ਸਰਕਾਰ,ਕਲਾਕਾਰ,ਮੰਤਰੀ,ਗਾਇਕ, ਸਾਰੇ ਹੀ ਦੁਸ਼ਪ੍ਰਚਾਰ ਕਰਨਗੇ। ਪੰਜਾਬ ਦੇ ਇੱਕ ਮੰਤਰੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ 'ਐਨਆਰਆਈਜ਼ ਨੂੰ ਘਰੋਂ ਬਾਹਰ ਕੱਢੋ, ਜੇਕਰ ਉਹ ਨਹੀਂ ਨਿਕਲਦੇ ਤਾਂ ਉਨ੍ਹਾਂ ਦੇ 'ਪਾਸਪੋਰਟ ਕੈਂਸਲ' ਕੀਤੇ ਜਾਣ'। ਮੰਤਰੀ ਸਾਹਿਬ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਇਹ ਪਾਸਪੋਰਟ ਉਨ੍ਹਾਂ ਨੂੰ ਪੰਜਾਬ ਜਾਂ ਭਾਰਤ ਸਰਕਾਰ ਨੇ ਨਹੀਂ ਦਿੱਤੇ, ਬਲਕਿ ਉਨ੍ਹਾਂ ਮੁਲਕਾਂ ਵੱਲੋਂ ਦਿੱਤੇ ਗਏ ਹਨ, ਜਿਨ੍ਹਾਂ ਦੇ ਉਹ ਬਸ਼ਿੰਦੇ ਹਨ ਤੇ ਇਨ੍ਹਾਂ ਨੂੰ ਰੱਦ ਕਰਨਾ ਜਾਂ ਜਾਰੀ ਰੱਖਣਾ ਉਨ੍ਹਾਂ ਦੇਸ਼ਾਂ ਦੇ ਹੱਥ ਵਿੱਚ ਹੈ, ਨਾ ਕਿ ਅਜਿਹੇ ਕਿਸੇ ਮੰਤਰੀ ਜਾਂ ਸਰਕਾਰ ਦੇ।
ਗੱਲ ਇੱਥੇ ਹੀ ਨਹੀਂ ਮੁੱਕਦੀ, ਭਾਰਤ ਦੇ ਹੋਰਨਾਂ ਸੂਬਿਆਂ ਤੱਕ ਮੀਡੀਆ ਅਤੇ ਸਰਕਾਰਾਂ ਵੀ ਕੋਵਿਡ-19 ਦੇ ਫੈਲਾਓ ਲਈ ਜ਼ਿੰਮੇਵਾਰ ਪੰਜਾਬ ਦੇ ਪਰਵਾਸੀਆਂ ਨੂੰ ਹੀ ਗਰਦਾਨ ਰਹੀਆਂ ਹਨ, ਜਦਕਿ ਇਹ ਬਿਲਕੁਲ ਝੂਠ ਹੈ। ਕਿਸੇ ਇੱਕ ਮਾਮਲੇ ਦੀ ਆੜ ਵਿੱਚ ਸਮੁੱਚੇ ਪਰਵਾਸੀ ਪੰਜਾਬੀ ਭਾਈਚਾਰੇ ਨੂੰ ਬਦਨਾਮ ਕਰਨਾ, ਮਾੜੀ ਸੋਚ ਦਾ ਨਤੀਜਾ ਹੈ। ਅੱਜ ਪਰਵਾਸੀ ਪੰਜਾਬੀਆਂ ਦੇ ਮਨਾਂ ਅੰਦਰ ਇਹ ਸੰਤਾਪ ਘਰ ਕਰ ਚੁੱਕਿਆ ਹੈ:
ਫੁਕਰੇ ਗਾਇਕ ਪੁਲਸ ਸਬ ਬਣ ਵੈਰੀ ਪਏ ਪੇਸ਼।
ਪਰਵਾਸੀ ਨੇ ਤੜਪਦੇ ਦੇਸ ਹੋਇਆ ਪ੍ਰਦੇਸ।
ਇਸ ਹਾਲਤ ਵਿੱਚ ਇਹ ਵਿਚਾਰਨਾ ਬੜਾ ਜ਼ਰੂਰੀ ਹੈ ਕਿ ਪਰਵਾਸੀ ਪੰਜਾਬੀਆਂ ਨੇ ਪੰਜਾਬ ਨੂੰ ਕੀ ਦਿੱਤਾ ਹੈ। ਪਰਵਾਸੀਆਂ ਨਾਲ ਨਫਰਤ ਕਰਨ ਨਾਲੋਂ ਇਹ ਜਾਨਣਾ ਜ਼ਰੂਰੀ ਹੈ ਕਿ ਉਨ੍ਹਾਂ ਦੀ ਹੁਣ ਤਕ ਯੋਗਦਾਨ ਕੀ ਰਿਹਾ ਹੈ। ਇਹ ਨਿਰਣਾ ਕਰਨ ਦੀ ਲੋੜ ਹੈ ਕਿ ਕੀ ਪਰਵਾਸੀ ਪੰਜਾਬੀ ਹੀ ਪੰਜਾਬ ਦੇ ਅਸਲ ਵਾਰਿਸ ਹਨ, ਜਾਂ ਕਿ ਉਹ ਪੰਜਾਬ ਲਈ ਕੋਈ ਵਾਇਰਸ ਹਨ।
ਉਨ੍ਹੀਵੀਂ ਸਦੀ ਦੇ ਆਖ਼ਰੀ ਦਹਾਕੇ 'ਚ ਪੰਜਾਬ ਦੀ ਧਰਤੀ ਦੇ ਜਾਏ ਵਿਦੇਸ਼ਾਂ ਵਿੱਚ ਆਉਣੇ ਆਰੰਭ ਹੋ ਚੁੱਕੇ ਸਨ। ਸਮਾਂ ਬੀਤਦਾ ਗਿਆ ਤੇ ਪਰਵਾਸੀ ਪੰਜਾਬੀਆਂ ਨੇ ਵਿਦੇਸ਼ਾਂ 'ਚ ਆ ਕੇ ਨਵੀਂ ਦੁਨੀਆਂ ਵਸਾ ਲਈ। ਪਿਛਲੇ ਸਵਾ ਸੌ ਸਾਲ 'ਚ ਬਹੁਤ ਸਰੇ ਮੁਲਕਾਂ 'ਚ ਪੰਜਾਬੀਆਂ ਨੇ ਤਰੱਕੀ ਦੇ ਝੰਡੇ ਗੱਡੇ ਹਨ ਤੇ ਆਪਣੇ ਨਾਲ- ਨਾਲ ਆਪਣੀ ਜਨਮ ਭੂਮੀ ਦੇ ਸਨਮਾਨ ਵਿੱਚ ਵੀ ਵਾਧਾ ਕੀਤਾ ਹੈ। ਚਾਹੇ ਉਨ੍ਹਾਂ ਕਰਮ ਪੱਖੋਂ ਵਿਦੇਸ਼ਾਂ ਨੂੰ ਪੂਰੀ ਤਰ੍ਹਾਂ ਅਪਨਾ ਲਿਆ ਹੈ, ਪਰ ਫਿਰ ਵੀ ਉਹ ਦੇਸ਼ ਨਾਲੋਂ ਨਹੀਂ ਟੁੱਟੇ। ਪਰਵਾਸੀ ਪੰਜਾਬੀ ਆਪਣੇ ਵਤਨ ਜਾ ਕੇ ਜਿਥੇ ਬਣਦੇ ਫਰਜ਼ ਨਿਭਾਉਂਦੇ ਹਨ, ਉਥੇ ਮਾਤ ਭੂਮੀ 'ਤੇ ਆਪਣੇ ਆਉਣ - ਜਾਣ, ਸੁੱਖ - ਸਾਂਦ ਨਾਲ ਰਹਿਣ ਅਤੇ ਨਿਆਂ ਹਾਸਿਲ ਕਰਨ ਆਦਿ ਦੇ ਹੱਕਾਂ ਦੀ ਮੰਗ ਵੀ ਕਰਦੇ ਹਨ। ਕਈ ਵਾਰ ਅਧਿਕਾਰ ਨਾ ਮਿਲਣ ਦੀ ਹਾਲਤ 'ਚ ਉਹ ਹਕੂਮਤਾਂ ਦੀ ਅਲੋਚਨਾ ਵੀ ਕਰਦੇ ਹਨ ਤੇ ਨਿਆਂ, ਵਿਧਾਨ ਤੇ ਕਾਰਜ ਪਾਲਿਕਾਵਾਂ 'ਚ ਸੁਧਾਰ ਦੇ ਮਸ਼ਵਰੇ ਵੀ ਦਿੰਦੇ ਹਨ। ਅਜਿਹੀ ਸਥਿਤੀ ਵਿੱਚ ਪਰਵਾਸੀ ਪੰਜਾਬੀਆਂ 'ਤੇ ਦੋਸ਼ ਲੱਗਣੇ ਸ਼ੁਰੂ ਹੋ ਜਾਂਦੇ ਹਨ ਕਿ ਉਹ ਪੰਜਾਬ ਆ ਕੇ ਮੰਗਾਂ ਤਾਂ ਵੱਡੀਆਂ- ਵੱਡੀਆਂ ਕਰਦੇ ਹਨ, ਪਰੰਤੂ ਉਨ੍ਹਾਂ ਆਪਣੀ ਧਰਤੀ ਲਈ ਕੀਤਾ ਕੀ ਹੈ? ਇਹ ਬੜਾ ਅਹਿਮ ਸੁਆਲ ਹੈ ਕਿ ਪਰਵਾਸੀ ਪੰਜਾਬੀਆਂ ਤੋਂ ਪੰਜਾਬ ਨੂੰ ਕੀ ਕਦੇ ਕੁਝ ਮਿਲਿਆ ਵੀ ਹੈ, ਜਿਸ ਕਰਕੇ ਸਰਕਾਰਾਂ, ਪ੍ਰਸ਼ਾਸਨ ਤੇ ਪਬਲਿਕ ਉਨ੍ਹਾਂ ਦੀ 'ਆਉ ਭਗਤ' ਕਰੇ।
ਗੱਲ ਸਮਾਜ ਦੀ ਮੁਢਲੀ ਇਕਾਈ ਪਰਿਵਾਰ ਤੋਂ ਹੀ ਸ਼ੁਰੂ ਕਰਦੇ ਹਾਂ। ਇਕ ਸਧਾਰਨ ਜਿਹੇ ਘਰ 'ਚ ਪਰਿਵਾਰ ਦੇ ਦਰਜਨ ਕੁ ਮੈਂਬਰ ਰਹਿੰਦੇ ਹਨ। ਜਿਵੇਂ- ਜਿਵੇਂ ਸਾਰੇ ਵੱਡੇ ਹੁੰਦੇ ਹਨ, ਉਨ੍ਹਾਂ ਦੀਆਂ ਲੋੜਾਂ ਵਧਦੀਆਂ ਜਾਂਦੀਆਂ ਹਨ, ਪਰੰਤੂ ਘਰ ਦਾ ਆਕਾਰ, ਲੋੜੀਂਦੇ ਪਦਾਰਥ, ਆਰਥਿਕ ਸਰੋਤ ਅਤੇ ਕੁਦਰਤੀ ਸਾਧਨ ਪਹਿਲਾਂ ਜਿੰਨੇ ਹੀ ਰਹਿੰਦੇ ਹਨ। ਤੰਗੀ ਦੀ ਹਾਲਤ 'ਚ ਪਰਿਵਾਰ ਦੇ ਦੋ ਮੈਂਬਰ ਫੈਸਲਾ ਕਰਦੇ ਹਨ ਕਿ ਉਹ ਆਪਣੇ ਸਾਧਨ ਜਟਾਉਣ ਲਈ ਤੇ ਬਾਕੀਆਂ ਲਈ ਕੁਝ ਰਾਹਤ ਬਣਾਉਣ ਲਈ, 'ਘਰੋਂ ਬੇਘਰ' ਹੋ ਕੇ ਨਵੇਂ ਸੰਘਰਸ਼ ਦੇ ਰਾਹ 'ਤੇ ਤੁਰਨਗੇ। ਆਪਣੇ ਹਿੱਸੇ ਦੇ ਭੋਜਨ- ਪਦਾਰਥ , ਹਵਾ- ਪਾਣੀ ਅਤੇ ਸਿਹਤ- ਵਿੱਦਿਆ ਆਦਿ ਦੇ ਸੋਮੇ ਹੋਰਾਂ ਲਈ ਛੱਡ ਕੇ ਉਹ ਪਰਦੇਸ ਚਲੇ ਜਾਂਦੇ ਹਨ ਤੇ ਨਵੀਂ ਦੁਨੀਆਂ 'ਚ ਸਿਰ ਢੱਕਣ ਜੋਗੀ ਥਾਂ ਬਣਾਉਂਦੇ ਹਨ। ਵਿਚਾਰਨ ਵਾਲੀ ਗੱਲ ਹੈ ਕਿ ਪਰਦੇਸੀ ਹੋਏ ਉਨ੍ਹਾਂ ਲੋਕਾਂ ਦੀ ਜੇਕਰ ਹੋਰ ਕੋਈ ਵੀ ਦੇਣ ਨਾ ਹੋਵੇ, ਤਾਂ ਵੀ ਕੀ ਇਹ ਕਾਫ਼ੀ ਨਹੀਂ ਕਿ ਉਹ ਆਪਣੀਆਂ ਲੋੜਾਂ ਤਿਆਗ ਕੇ, ਆਪਣੇ ਹਿੱਸੇ ਦੇ ਸਾਰੇ ਸਾਧਨ ਬਾਕੀਆਂ ਦੀ ਝੋਲੀ ਪਾ ਗਏ ਹਨ। ਦੂਜੇ ਪਾਸੇ, ਤੰਗੀ ਦੀ ਹਾਲਤ 'ਚ ਜੇਕਰ ਹੋਰਨਾਂ ਨਾਲ ਉਹ ਵੀ ਉਥੇ ਹੀ ਅੜੇ ਰਹਿੰਦੇ, ਤਾਂ ਮਿਲੇ ਸਾਧਨਾਂ ਦੇ ਛੇਤੀ ਖਾਤਮੇਂ ਜਾਂ ਘਾਟੇ ਨਾਲ ਨੁਕਸਾਨ ਕਿਸ ਦਾ ਹੋਣਾ ਸੀ? ਬਿਨਾਂ ਸ਼ੱਕ ਇਸ ਦਾ ਉੱਤਰ ਹੋਵੇਗਾ ਦੇਸ਼ ਰਹਿੰਦੇ ਪੰਜਾਬੀਆਂ ਦਾ ।
ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਨੇ ਨਵੇਂ ਸਿਰਿਓ ਮਿਹਨਤ ਕਰਕੇ ਆਪਣੇ ਘਰ - ਬਾਰ ਤੇ ਕਾਰੋਬਾਰ ਬਣਾਉਣ ਤੋਂ ਇਲਾਵਾ, ਆਪਣੇ ਬੱਚਿਆਂ ਨੂੰ ਵਿਦਿਆ ਤੇ ਚੰਗਾ ਜੀਵਨ ਦੇਣ ਲਈ ਵੀ ਸਖ਼ਤ ਮਿਹਨਤ ਕੀਤੀ ਹੈ। ਚਾਹੇ ਇਸ ਸਭ ਕਾਸੇ 'ਤੇ ਉਨ੍ਹਾਂ ਦੀ ਕਮਾਈ ਦਾ ਵੱਡਾ ਹਿੱਸਾ ਖਰਚ ਹੋ ਜਾਂਦਾ ਹੈ , ਪਰੰਤੂ ਫਿਰ ਵੀ ਬਹੁਤ ਸਾਰੇ ਪਰਵਾਸੀ ਆਪਣਾ ਦਸਵੰਧ ਪੰਜਾਬ 'ਚ ਆ ਕੇ ਖਰਚਦੇ ਹਨ । ਚਾਹੇ ਕੋਈ ਸਕੂਲ 'ਚ ਕਮਰਾ ਬਣਾਏ , ਚਾਹੇ ਕੋਈ ਖੇਡ ਮੇਲਾ ਕਰਵਾਏ ਜਾਂ ਮੈਡੀਕਲ ਕੈਪ ਲਾ ਕੇ ਸੇਵਾ ਨਿਭਾਏ, ਅਸਲ ਵਿੱਚ ਉਸ ਦਾ ਲਾਹਾਂ ਤਾਂ, ਪੱਕੇ ਤੌਰ ਤੇ ਪੰਜਾਬ ਅੰਦਰ ਰਹਿਣ ਵਾਲਿਆਂ ਨੇ ਹੀ ਉਠਾਉਣਾ ਹੁੰਦਾ ਹੈ, ਨਾ ਕਿ ਪਰਵਾਸੀ ਪੰਜਾਬੀਆਂ ਜਾਂ ਉਸਦੇ ਬੱਚਿਆਂ ਨੇ। ਕਈ ਵਾਰ ਤਾਂ ਇਸ ਗੱਲ ਦਾ ਵੀ ਦੁੱਖ ਹੁੰਦਾ ਹੈ ਕਿ ਸਭ ਕੁਝ ਹੋਣ ਦੇ ਬਾਵਜੂਦ, ਪਰਵਾਸੀਆਂ ਨੂੰ ਜ਼ੋਰ ਪਾ ਕੇ ਪਿੰਡ ਦੇ ਸਕੂਲ ਲਈ , ਗਰੀਬ ਘਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਲਈ ਜਾਂ ਧਰਮਸ਼ਾਲਾਂ ਤੇ ਗੁਰਦੁਆਰਾ ਬਣਾਉਣ ਲਈ ਚੰਦਾ ਮੰਗਿਆ ਜਾਂਦਾ ਹੈ ਅਤੇ ਆਪਣੇ ਕੋਲੋਂ ਉਸਦੇ ਬਰਾਬਰ ਦਾ ਹਿੱਸਾ ਤੱਕ ਵੀ ਨਹੀਂ ਪਾਇਆ ਜਾਂਦਾ, ਹਾਲਾਂਕਿ ਜੋ ਕੁਝ ਬਣਨਾ ਹੈ, ਉਹ ਪੰਜਾਬ ਵਾਸੀਆਂ ਤੇ ਉਨ੍ਹਾਂ ਦੀਆਂ ਪੀੜ੍ਹੀਆਂ ਲਈ ਬਣਨਾ ਹੈ। ਕੀ ਅਜੇ ਵੀ ਪਰਵਾਸੀ ਪੰਜਾਬੀ ਆਪਣੀਆ ਸੇਵਾਵਾਂ ਨਿਭਾਉਂਦੇ, ਜਨਮ-ਧਰਤੀ ਦੇ ਨੇਕ ਪੁੱਤਰ ਹੋਣ ਦਾ ਫਰਜ਼ ਨਹੀਂ ਪਾਲਦੇ?
ਵਿਦੇਸ਼ਾਂ 'ਚ ਰਹਿੰਦੇ ਪੰਜਾਬੀ ਆਪਣੀ ਜਨਮ ਭੂਮੀ ਨੂੰ ਆਰਥਿਕ ਪੱਖੋਂ ਵੀ ਖੁਸ਼ਹਾਲ ਵੇਖਣਾ ਚਾਹੁੰਦੇ ਹਨ ਤੇ ਇਸ ਮਕਸਦ ਦੀ ਪੂਰਤੀ ਲਈ ਲੱਖਾਂ ਡਾਲਰ ਨਿਵੇਸ਼ ਕਰਨ ਦੇ ਚਾਹਵਾਨ ਵੀ ਹਨ, ਪਰੰਤੂ ਕੀ ਇਸ ਵਾਸਤੇ ਅਜਿਹਾ ਵਾਤਾਵਰਣ ਸਰਕਾਰਾਂ ਨੇ ਸਿਰਜਿਆ ਹੈ। ਅਫਸੋਸ ਇਸ ਗੱਲ ਦਾ ਹੈ ਕਿ ਜੇਕਰ ਇਕ ਸਿਆਸੀ ਪਾਰਟੀ ਦੀ ਸਰਕਾਰ ਕਿਸੇ ਪਰਵਾਸੀ ਨੂੰ ਨਿਵੇਸ਼ ਲਈ ਪ੍ਰੇਰਿਤ ਕਰਨ ਲਈ ਸਹੂਲਤਾਂ ਦਿੰਦੀ ਹੈ, ਤਾਂ ਸਰਕਾਰ ਬਦਲਣ ਮਗਰੋਂ ਨਵੇਂ ਸਿਆਸੀ ਆਗੂ ਆ ਕੇ ਇਹ ਰਾਹਤਾਂ ਠੱਪ ਕਰ ਦਿੰਦੇ ਹਨਕਿ ਕਿਧਰੇ ਨਿਵੇਸ਼ਕ ਵਿਰੋਧੀ ਪਾਰਟੀ ਨਾਲ ਸਬੰਧਿਤ ਤਾਂ ਨਹੀਂ । ਪਰਵਾਸੀ ਪੰਜਾਬੀ ਨੂੰ ਕਈ ਵਾਰ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ, ਲਾਲ ਫੀਤਾਸ਼ਾਹੀ ਤੇ ਸਿਆਸਤਦਾਨਾਂ ਦੀ ਕਰੋਪੀ ਦਾ ਸ਼ਿਕਾਰ ਵੀ ਬਣਨਾ ਪੈਂਦਾ ਹੈ। ਅਜਿਹੀਆਂ ਹਾਲਤਾਂ ਜੇਕਰ ਪਰਵਾਸੀ ਪੰਜਾਬ ਆ ਕੇ ਨਿਵੇਸ਼ ਨਹੀਂ ਕਰਦੇ, ਤਾਂ ਇਸ ਲਈ ਦੋਸ਼ੀ ਕੌਣ ਹੈ, ਸਬੰਧਿਤ ਪਰਵਾਸੀ ਜਾਂ ਪ੍ਰਸ਼ਾਸਨ ? ਇਸ ਦੀ ਵਿਚਾਰ ਕਰਨੀ ਬਣਦੀ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਿਧਰੇ ਖ਼ਾਮੀਆਂ ਕੁਝ ਪਰਵਾਸੀਆਂ ਵਿੱਚ ਵੀ ਹੋ ਸਕਦੀਆਂ ਹਨ। ਪੰਜਾਬ ਅੰਦਰ ਫਜ਼ੂਲ ਖਰਚੀ , ਨਸ਼ਿਆਂ ਦੀ ਵਰਤੋਂ, ਨਾਮ-ਧਰੀਕ ਮੇਲਿਆਂ ਦਾ ਸ਼ੋਰ-ਸ਼ਰਾਬਾ ਤੇ ਐਨ. ਆਰ.ਆਈ. ਹੋਣ ਦੀ ਧੌਂਸ ਆਦਿ ਅਜਿਹੇ ਦੋਸ਼ ਹਨ, ਜਿੰਨ੍ਹਾਂ ਨੇ ਪਰਵਾਸੀ ਪੰਜਾਬੀਆਂ ਦਾ ਅਕਸ ਵਿਗਾੜਿਆ ਹੈ। ਸਭ ਕੁਝ ਵੇਚ - ਵੱਟ ਕੇ ਬਾਹਰ ਭੱਜਣ ਦੀ ਲਾਲਸਾ ਤੇ ਪੰਜਾਬੀ ਸਮਾਜ ਦਾ ਵਪਾਰੀਕਰਨ ਵੀ ਇਸੇ ਦੁਖਾਂਤ ਦੇ ਪਹਿਲੂ ਹਨ, ਜਿੰਨ੍ਹਾਂ ਨੂੰ ਅੱਖੋਂ - ਪਰੋਖੇ ਨਹੀਂ ਕੀਤਾ ਜਾ ਸਕਦਾ। ਦੂਸਰੇ ਪਾਸੇ ਅਜਿਹੇ ਕਾਰਨਾਂ ਨੂੰ ਆਧਾਰ ਬਣਾ ਕੇ ਸਮੁੱਚੇ ਪਰਵਾਸੀ ਭਾਈਚਾਰੇ ਨੂੰ ਦੋਸ਼ੀ ਠਹਿਰਾਉਣਾ ਵੀ ਜਾਇਜ਼ ਨਹੀਂ।
ਗੁਰੂ ਨਾਨਕ ਦੇਵ ਜੀ ਦਾ 'ਵਸਦੇ ਰਹੋ ਤੇ ਉਜੱੜ ਜਾਵੋ' ਸੰਦੇਸ਼ ਵਿਚਾਰ ਕੇ, ਸੌਖਿਆਂ ਹੀ ਅੰਦਾਜ਼ਾ ਲਾ ਸਕਦੇ ਹਾਂ ਕਿ ਵਿਦੇਸ਼ਾਂ 'ਚ ਜਾ ਕੇ ਵਸੇ ਪੰਜਾਬੀਆਂ ਨੇ 'ਸਰੱਬਤ ਦੇ ਭਲੇ' ਦਾ ਸੁਨੇਹਾ ਦੁਨੀਆਂ ਤੱਕ ਪਹੁੰਚਾਇਆ ਹੈ। ਇਹ ਵੀ ਸੱਚ ਹੈ ਕਿ ਪੰਜਾਬੀ ਬੋਲੀ ਤੇ ਸਭਿਆਚਾਰ, ਪਹਿਚਾਣ ਤੇ ਜ਼ਬਾਨ ਦੀ ਸੰਭਾਲ 'ਚ, ਵਿਦੇਸ਼ਾਂ 'ਚ ਵਸਦੇ ਪੰਜਾਬੀ ਵਧੇਰੇ ਫਿਕਰਮੰਦ ਹੈ। ਅਸਲ 'ਚ ਪੰਜਾਬ ਤੋਂ ਕੈਨੇਡਾ - ਅਮਰੀਕਾਂ ਤੇ ਹੋਰਨਾਂ ਦੇਸ਼ਾਂ 'ਚ ਆਏ ਪਰਵਾਸੀ ਪੰਜਾਬੀਆਂ ਦੀ ਆਰੰਭੀ ਦੇਸ਼,ਕੌਮ ਤੇ ਵਿਰਸਾਤ ਸੰਭਾਲ ਲਹਿਰ ਤੋਂ ਪ੍ਰੇਰਨਾ ਲੈ ਕੇ, ਪੰਜਾਬੀ ਅੱਜ ਵਿਰਸਾ- ਸੰਭਾਲ ਲਹਿਰ ਪੂਰਨ ਉਤਸ਼ਾਹ ਨਾਲ ਚਲਾ ਰਹੇ ਹਨ। ਅਜਿਹੀ ਹਾਲਤ 'ਚ ਉਨ੍ਹਾਂ ਖਿਲਾਫ ਕਰੋਨਾ ਮਹਾਂਮਾਰੀ ਦੀ ਆੜ ਹੇਠ ਯੋਜਨਾਬੱਧ ਢੰਗ ਨਾਲ ਨਫ਼ਰਤ ਦੀ ਲਹਿਰ ਚਲਾਉਣੀ ਅਤੇ ਦੇਸ਼ ਵਿਰੋਧੀ ਗਰਦਾਨਣਾ ਮੰਦਭਾਗਾ ਵਰਤਾਰਾ ਹੈ। ਕੋਈ ਪਰਵਾਸੀ ਪੰਜਾਬੀ ਨਹੀਂ ਚਾਹੇਗਾ ਕਿ ਆਪਣੇ ਪਰਿਵਾਰ ਅਤੇ ਪੰਜਾਬ ਵਿੱਚ ਬਿਮਾਰੀ ਫੈਲਾਏ, ਬਲਕਿ ਪਰਵਾਸੀ ਪੰਜਾਬੀ ਤਾਂ ਪੰਜਾਬ ਨੂੰ ਰੋਗ-ਮੁਕਤ ਕਰਨ ਲਈ ਧੜਾ-ਧੜ ਸਿਹਤ ਸੰਭਾਲ ਦੇ ਕਾਰਜ ਕਰਦੇ ਹਨ। ਪਰ ਸਾਰੀਆਂ ਹੱਦਾਂ ਬੰਨੇ ਟੱਪ ਕੇ ਉਹਨਾਂ ਖ਼ਿਲਾਫ਼ ਨਫਰਤ ਭਰਿਆ ਪ੍ਰਚਾਰ ਕਰਕੇ ਅਤੇ ਫਿਰ ਵਿਰੋਧੀ ਤਾਕਤਾਂ ਨਾਲ ਮਿਲ ਕੇ ਈਰਖਾ ਬੜਾ ਪ੍ਰਦੂਸ਼ਣ ਫੈਲਾਉਣਾ ਕਿੱਥੋਂ ਤੱਕ ਜਾਇਜ਼ ਹੈ?
ਇਸ ਦੀ ਇੱਕ ਮਿਸਾਲ ਪੰਜਾਬੀ ਦੇ ਵਿਵਾਦਗ੍ਰਸਤ ਗਾਇਕ ਸਿੱਧੂ ਮੂਸੇਵਾਲੇ ਵੱਲੋਂ ਇਟਲੀ ਦਾ 'ਗੁਰਬਖਸ਼ ਗੁਆਚਾ' ਗਾ ਕੇ ਕਾਇਮ ਕਰ ਦਿੱਤੀ ਗਈ ਹੈ, ਜਿਸ ਕਾਰਨ ਨਾ ਸਿਰਫ ਪੰਜਾਬ ਤੋਂ ਇਟਲੀ ਜਾ ਕੇ ਮੁੜੇ ਇੱਥੋਂ ਦੇ ਹੀ ਵਸਨੀਕ ਮ੍ਰਿਤਕ ਪੰਜਾਬੀ ਦਾ ਪਰਿਵਾਰ ਅਤੇ ਪਿੰਡ ਵਾਸੀ ਹੀ ਦੁੱਖੀ ਹਨ, ਬਲਕਿ ਪ੍ਰਦੇਸਾਂ ਚ ਬੈਠੇ ਸਮੂਹ ਪੰਜਾਬੀ ਵੀ ਨਾਮੋਸ਼ੀਜਨਕ ਮਾਹੌਲ ਵਿੱਚ ਹਨ। ਹਰੇਕ ਨੂੰ ਇਹ ਜਾਪਣ ਲੱਗਿਆ ਲੱਗ ਪਿਆ ਹੈ ਕਿ ਜਿਵੇਂ ਪੰਜਾਬ ਦੇ ਪਿੰਡ ਪਠਵਾਲਾ ਦੇ ਮਰਹੂਮ ਗਿਆਨੀ ਬਲਦੇਵ ਸਿੰਘ ਨੇ ਹੀ ਸਾਰੇ ਦੇਸ਼ ਵਿੱਚ ਕਰੋਨਾ ਫੈਲਾ ਦਿੱਤਾ, ਜੋ ਕਿ ਉਸ ਨੂੰ ਦੇਸ਼ ਭਰ 'ਚ ਬਿਮਾਰੀ ਦਾ 'ਸੁਪਰ-ਸਪਰੈਡਰ' ਗਰਦਾਨਦਿਆਂ ਭਾਰਤ ਦਾ ਦੋਸ਼ੀ ਕਹਿ ਕੇ ਬਦਨਾਮ ਕਰ ਦਿੱਤਾ ਗਿਆ ਅਤੇ ਵੱਖ- ਵੱਖ ਮਹਿਕਮੇ ਉਸ ਨੂੰ ਜ਼ਿੰਮੇਵਾਰ ਠਹਿਰਾ ਕੇ, ਆਪ ਦੋਸ਼ਮੁਕਤ ਹੋ ਗਏ ਹਨ। ਅਫਸੋਸ ਹੈ ਕਿ ਅਜਿਹੇ ਅਪਸ਼ਬਦਾਂ ਭਰੇ ਗੀਤ ਨੂੰ ਹਟਾਉਣ ਦੀ ਥਾਂ, ਪੰਜਾਬ ਪੁਲਿਸ ਮੁਖੀ ਉਸ ਨੂੰ ਲਾਈਕ ਕਰਕੇ ਸੋਸ਼ਲ ਮੀਡੀਆ ਰਾਹੀਂ ਫੈਲਾਉਂਦੇ ਦੇਖੇ ਗਏ ਜੋ ਕਿ ਅਤਿ ਨਿਖੇਧੀਜਨਕ ਹੈ।
ਸਿਤਮਜ਼ਰੀਫ਼ੀ ਦੇਖੋ ਕਿ ਪੰਜਾਬ ਵਿੱਚ ਵਸਦੇ ਪਰਿਵਾਰਾਂ ਨੂੰ ਮਿਲਣ ਆਏ ਪਰਵਾਸੀ ਆਪਣੇ ਆਪ ਨੂੰ 'ਬੇ-ਘਰੇ' ਮਹਿਸੂਸ ਕਰ ਰਹੇ ਹਨ। ਕੈਲਗਰੀ ਦੇ ਇੱਕ ਪਰਵਾਸੀ ਪਰਿਵਾਰ ਦੀ ਕਹਾਣੀ ਸੁਣਦਿਆਂ ਤਾਂ ਧਾਹਾਂ ਨਿਕਲ ਜਾਂਦੀਆਂ ਹਨ, ਜਿੱਥੇ ਨਿੱਕੇ- ਨਿੱਕੇ ਬੱਚਿਆਂ ਸਾਹਮਣੇ ਪ੍ਰਵਾਸੀ ਨੌਜਵਾਨ ਪਿਤਾ ਨੂੰ ਪੁਲਿਸ ਨੇ ਘਰੇ ਜਾ ਕੇ ਕੁੱਟਿਆ ਤੇ ਕੈਨੇਡਾ ਦੀ ਜੰਮਪਲ ਮਾਸੂਮ ਬੱਚੇ ਇਸ ਵੇਲੇ ਭਾਰੀ ਮਾਨਸਿਕ ਤਣਾਅ ਵਿੱਚ ਹਨ। ਅਜਿਹੀਆਂ ਅਨੇਕਾਂ ਹੀ ਘਟਨਾਵਾਂ ਹਨ ਜਿਨ੍ਹਾ ਨੂੰ ਵੇਖਦਿਆਂ ਅਤੇ ਦਰਦ ਮਹਿਸੂਸ ਕਰਦਿਆਂ ਕੈਨੇਡਾ-ਅਮਰੀਕਾ ਤੋਂ ਭਾਰਤ ਜਾ ਕੇ ਸ਼ਹੀਦੀਆਂ ਪਾਉਣ ਵਾਲੇ, ਉਮਰ ਕੈਦਾਂ ਕੱਟਣ ਵਾਲੇ ਤੇ ਘਰੋਂ ਬੇਘਰ ਹੋਣ ਵਾਲੇ ਮਹਾਨ ਗ਼ਦਰੀ ਬਾਬਿਆਂ ਦੇ ਕਹੇ ਬੋਲ ਚੇਤੇ ਆਉਂਦੇ ਹਨ:
"ਬਾਹਰ ਪੈਣ ਧੱਕੇ ਘਰੇ ਮਿਲੇ ਢੋਈ ਨਾ,
ਸਾਡਾ ਪਰਦੇਸੀਆਂ ਦਾ ਦੇਸ ਕੋਈ ਨਾ।"
singhnews@gmail.com
001-604 825 1550.
-
ਡਾ. ਗੁਰਵਿੰਦਰ ਸਿੰਘ, ਲੇਖਕ
singhnews@gmail.com
001-604 825 1550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.