ਜਦੋਂ ਵੀ ਕਿਸੇ ਦੇਸ਼ ਦੇ ਅੰਦਰ ਇਨਸਾਫ ਦੀ ਆਵਾਜ ਬੁਲੰਦ ਹੁੰਦੀ ਹੈ ਤਾਂ ਉਦੋਂ ਹੀ ਸਮੇਂ ਦੀ ਜਾਲਮ ਹਕੂਮਤ ਦੇ ਵਲੋਂ ਇਨਸਾਫ ਮੰਗਣ ਵਾਲਿਆਂ ਉਪਰ ਜ਼ੁਲਮ ਢਾਹਿਆ ਜਾਂਦਾ ਰਿਹਾ ਹੈ। ਪੰਜਾਬ ਦੇ ਅੰਦਰ ਮਨਾਏ ਜਾਂਦੇ ਸਮਾਗਮ ਹੁੰਦੇ ਹਨ, ਇਨ੍ਹਾਂ ਦਾ ਕਿਸੇ ਨਾ ਕਿਸੇ ਘਟਨਾ ਦੇ ਨਾਲ ਸਬੰਧ ਜ਼ਰੂਰ ਹੈ। 13 ਅਪ੍ਰੈਲ, ਇਹ ਉਹ ਦਿਨ ਹੈ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਕਿਉਂਕਿ 13 ਅਪ੍ਰੈਲ ਨੂੰ ਇਕ ਪਾਸੇ ਤਾਂ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਅਤੇ ਦੂਜੇ ਪਾਸੇ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲੇ ਬਾਗ ਦਾ ਖੂਨੀ ਸਾਕੇ ਦੇ ਸਬੰਧ ਵਿਚ ਸਰਕਾਰਾਂ ਅਤੇ ਇਨਕਲਾਬੀ ਜਥੇਬੰਦੀਆਂ ਦੇ ਵਲੋਂ ਸਮਾਗਮ ਕਰਵਾਏ ਜਾਂਦੇ ਹਨ।
ਦਰਅਸਲ, ਵਿਸਾਖੀ ਵੀ ਉਸੇ ਦਿਨ ਹੀ ਹੁੰਦੀ ਹੈ, ਜਿਸ ਦਿਨ ਜਲ੍ਹਿਆਂਵਾਲੇ ਬਾਗ ਵਿਖੇ ਸੈਂਕੜੇ ਨਿਹੱਥੇ ਲੋਕਾਂ 'ਤੇ ਬ੍ਰਿਟਿਸ਼ ਸਰਕਾਰ ਵਲੋਂ ਕਹਿਰ ਢਾਹਿਆ ਗਿਆ ਸੀ। ਇਤਿਹਾਸ ਦੇ ਪੰਨੇ ਵਿਚ ਦਰਜ 13 ਅਪ੍ਰੈਲ ਦਾ ਦਿਨ ਹਰ ਕਿਸੇ ਨੂੰ ਯਾਦ ਹੈ। ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ 13 ਅਪ੍ਰੈਲ 1919 ਨੂੰ ਬ੍ਰਿਟਿਸ਼ ਸਰਕਾਰ ਵਲੋਂ ਢਾਹੇ ਗਏ ਕਹਿਰ ਨੂੰ 13 ਅਪ੍ਰੈਲ 2020 ਨੂੰ 101 ਸਾਲ ਬੀਤ ਜਾਣੇ ਹਨ, ਪਰ ਆਜ਼ਾਦੀ ਦੇ ਕਰੀਬ 7 ਦਹਾਕਿਆਂ ਪਿਛੋਂ ਵੀ ਸਮੇਂ ਦੀਆਂ ਸਰਕਾਰਾਂ ਨਾ ਤਾਂ ਜਲ੍ਹਿਆਂਵਾਲੇ ਬਾਗ ਵਿਖੇ ਸ਼ਹੀਦ ਹੋਏ ਲੋਕਾਂ ਦੇ ਪੂਰੇ ਨਾਮ ਦੱਸ ਸਕੀਆਂ ਹਨ ਅਤੇ ਨਾ ਹੀ ਉਨ੍ਹਾਂ ਦੀ ਪਛਾਣ ਤੋਂ ਇਲਾਵਾ ਸ਼ਹੀਦ ਦਾ ਦਰਜ਼ਾ ਉਨ੍ਹਾਂ ਨੂੰ ਦਿੱਤਾ ਗਿਆ ਹੈ। ਜਿਸ ਦੇ ਕਾਰਨ ਇਨਕਲਾਬੀ ਜਥੇਬੰਦੀਆਂ ਦੇ ਵਿਚ ਭਾਰੀ ਰੋਸ ਦੀ ਲਹਿਰ ਹੈ।
ਕਿੰਨੀਂ ਸ਼ਰਮ ਵਾਲੀ ਗੱਲ ਹੈ ਕਿ ਅਸੀਂ ਜਿਹੜੇ ਦੇਸ਼ ਵਿਚ ਰਹਿੰਦੇ ਹਾਂ, ਜੇਕਰ ਉਥੋਂ ਦੇ ਲੋਕ ਸੰਘਰਸ਼ ਕਰਦੇ ਕਰਦੇ ਸ਼ਹੀਦ ਹੋ ਜਾਂਦੇ ਹਨ ਤਾਂ ਸਮੇਂ ਦੀਆਂ ਸਰਕਾਰਾਂ ਉਨ੍ਹਾਂ ਨੂੰ ਇਕ ਆਮ ਮੌਤ ਸਮਝ ਕੇ ਪਾਸਾ ਵੱਟ ਲੈਂਦੀਆਂ ਹਨ। ਪਤਾ ਨਹੀਂ ਕਿਵੇਂ ਹਰ ਸਾਲ ਜਲ੍ਹਿਆਂਵਾਲੇ ਬਾਗ ਵਿਖੇ ਸਰਕਾਰੀ ਪ੍ਰੋਗਰਾਮ ਤਾਂ ਵੱਡੇ ਪੱਧਰ 'ਤੇ 13 ਅਪ੍ਰੈਲ ਨੂੰ ਹੁੰਦੇ ਹਨ, ਪਰ ਸਰਕਾਰਾਂ ਦੇ ਵਲੋਂ ਕਦੇ ਵੀ ਜਲ੍ਹਿਆਂਵਾਲੇ ਬਾਗ ਵਿਖੇ ਸ਼ਹੀਦ ਹੋਏ ਲੋਕਾਂ ਨੂੰ ਸ਼ਹੀਦ ਦਾ ਦਰਜ਼ਾ ਦੇਣ ਬਾਰੇ ਗੱਲ ਨਹੀਂ ਕੀਤੀ। ਜਦੋਂਕਿ ਇਨਕਲਾਬੀ ਜਥੇਬੰਦੀਆਂ ਇਸ ਸਬੰਧੀ ਅਵਾਜ਼ ਉਪਰ ਤੱਕ ਉਠਾ ਚੁੱਕੀਆਂ ਹਨ। ਜੇਕਰ ਆਪਾ ਜਲ੍ਹਿਆਂਵਾਲੇ ਬਾਗ ਦੇ ਇਤਿਹਾਸ 'ਤੇ ਨਿਗਾਹ ਮਾਰੀਏ ਤਾਂ ਸੰਨ 1919 ਵਿਚ ਭਾਰਤ (ਉਦੋਂ ਭਾਰਤ ਪਾਕਿਸਤਾਨ ਇਕੋ ਸਨ) 'ਤੇ ਬ੍ਰਿਟਿਸ਼ ਸਰਕਾਰ ਦਾ ਰਾਜ ਸੀ। ਬ੍ਰਿਟਿਸ਼ ਸਰਕਾਰ ਦੇ ਵਲੋਂ ਆਪਣੇ ਰਾਜ ਦੇ ਦੌਰਾਨ ਕਈ ਕਾਨੂੰਨ ਬਣਾਏ ਗਏ, ਜੋ ਭਾਰਤੀ ਵਾਸੀਆਂ ਦੇ ਵਿਰੋਧੀ ਸਾਬਤ ਹੋਏ ਸਨ। ਜਿਨ੍ਹਾਂ ਨੂੰ ਲੈ ਕੇ ਹਰ ਸਮੇਂ ਬ੍ਰਿਟਿਸ਼ ਸਰਕਾਰ ਦਾ ਵਿਰੋਧ ਹੁੰਦਾ ਰਿਹਾ। ਜਿਹੜੇ ਵੀ ਇਸ ਵਿਰੋਧ ਵਿਚ ਸ਼ਾਮਲ ਹੋਏ, ਉਨ੍ਹਾਂ ਨੂੰ ਬ੍ਰਿਟਿਸ਼ ਸਰਕਾਰ ਵਲੋਂ ਮੌਤ ਦੀ ਘਾਟ ਉਤਾਰ ਦਿੱਤਾ ਜਾਂਦਾ ਰਿਹਾ, ਕਿਉਂਕਿ ਗੋਰਿਆਂ ਨੂੰ ਕਦੇ ਵੀ ਉਹ ਲੋਕ ਪਸੰਦ ਨਹੀਂ ਸਨ, ਜੋ ਉਨ੍ਹਾਂ ਦਾ ਵਿਰੋਧ ਕਰਦੇ ਹੋਣ। ਇਤਿਹਾਸਕਾਰਾਂ ਦੀ ਮੰਨੀਏ ਤਾਂ ਬ੍ਰਿਟਿਸ਼ ਸਰਕਾਰ ਦੇ ਵਲੋਂ ''ਰੋਲਟ ਐਕਟ'' ਪਾਸ ਕੀਤਾ ਗਿਆ ਸੀ, ਜਿਸ ਦਾ ਸਾਰੇ ਦੇਸ਼ ਦੇ ਅੰਦਰ ਕਿਰਤੀ ਅਤੇ ਮਿਹਨਤਕਸ਼ ਲੋਕ ਵਿਰੋਧ ਕਰ ਰਹੇ ਸਨ।
ਇਸ ਵਿਰੋਧ ਦਾ ਸਭ ਦੇ ਮੁੱਖ ਆਗੂ ਸੈਫੂਦੀਨ ਕਿਚਲੂ ਅਤੇ ਸਤਿਆਪਾਲ ਸਨ, ਜਿਨ੍ਹਾਂ ਨੂੰ ਵਿਰੋਧ ਪ੍ਰਦਰਸ਼ਨ ਕਰਦਿਆ ਹੋਇਆ ਬ੍ਰਿਟਿਸ਼ ਸਰਕਾਰ ਦੀ ਫੌਜ਼ ਵਲੋਂ ਚੁੱਕ ਲਿਆ ਗਿਆ। ਸੈਫੂਦੀਨ ਕਿਚਲੂ ਅਤੇ ਸਤਿਆਪਾਲ ਦੀ ਰਿਹਾਈ ਵਾਸਤੇ 10 ਅਪ੍ਰੈਲ 1919 ਨੂੰ ਡਿਪਟੀ ਕਮਿਸ਼ਨਰ ਅਮ੍ਰਿਤਸਰ ਦੀ ਕੋਠੀ ਦੇ ਸਾਹਮਣੇ ਲੋਕਾਂ ਨੂੰ ਇਕੱਠੇ ਕਰਕੇ ਇਸ ਐਕਟ ਦੇ ਵਿਰੋਧ ਵਿਚ ਧਰਨਾ ਮਾਰਿਆ ਸੀ। ਪਰ ਬ੍ਰਿਟਿਸ਼ ਹਕੂਮਤ ਨੇ ਪ੍ਰਦਰਸ਼ਨਕਾਰੀਆਂ ਦੀ ਇਕ ਨਾ ਸੁਣੀ ਅਤੇ ਸੈਫੂਦੀਨ ਕਿਚਲੂ ਅਤੇ ਸਤਿਆਪਾਲ ਨੂੰ ਕਿਸੇ ਗੁਪਤ ਜਗ੍ਹਾਂ ਵਿਚ ਰੱਖਿਆ ਗਿਆ। 10 ਅਪ੍ਰੈਲ 1919 ਨੂੰ ਵੀ ਬ੍ਰਿਟਿਸ਼ ਫੌਜ ਵਲੋਂ ਕਈ ਪ੍ਰਦਰਸ਼ਨਕਾਰੀਆਂ 'ਤੇ ਹਮਲਾ ਕੀਤਾ ਗਿਆ, ਜਿਸ ਵਿਚ ਕਈ ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ ਅਤੇ ਕਈਆਂ ਨੇ ਭੱਜ ਕੇ ਆਪਣੀ ਜਾਨ ਬਚਾਈ। ਬ੍ਰਿਟਿਸ਼ ਹਕੂਮਤ ਨੂੰ ਜਦੋਂ ਪ੍ਰਦਰਸ਼ਨਕਾਰੀਆਂ ਦਾ ਪੱਲੜਾ ਭਾਰੀ ਹੁੰਦਾ ਵਿਖਾਈ ਦਿੱਤਾ ਤਾਂ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ। ਸੈਫੂਦੀਨ ਕਿਚਲੂ ਅਤੇ ਸਤਿਆਪਾਲ ਦੀ ਰਿਹਾਈ ਵਾਸਤੇ ਪ੍ਰਦਰਸ਼ਨਕਾਰੀਆਂ ਵਲੋਂ ਅੰਗਰੇਜ਼ ਹਕੂਮਤ ਦੇ ਕਈ ਦਫਤਰ ਅਤੇ ਰੇਲਵੇ ਸਟੇਸ਼ਨ ਤੋੜੇ, ਜਿਸ ਤੋਂ ਬਾਅਦ ਅੰਗਰੇਜ਼ਾਂ ਦਾ ਗੁੱਸਾ ਹੋਰ ਵੱਧ ਗਿਆ ਅਤੇ ਉਨ੍ਹਾਂ ਦੇ ਵਲੋਂ ਫਿਰ ਤੋਂ ਪ੍ਰਦਰਸ਼ਨਕਾਰੀਆਂ ਉਪਰ ਤਸ਼ੱਦਦ ਕੀਤਾ ਗਿਆ, ਜਿਸ ਦੌਰਾਨ 5 ਯੂਰਪੀ ਨਾਗਰਿਕਾਂ ਸਮੇਤ ਕਈ ਸਰਕਾਰੀ ਅਧਿਕਾਰੀ ਇਸ ਹਮਲੇ ਵਿਚ ਮਾਰੇ ਗਏ।
ਇਤਿਹਾਸਕਾਰਾਂ ਦੇ ਮੁਤਾਬਿਕ ਵਿਸਾਖੀ ਵਾਲੇ ਦਿਨ 13 ਅਪ੍ਰੈਲ 1919 ਨੂੰ ਸ਼੍ਰੀ ਦਰਬਾਰ ਸਾਹਿਬ (ਅਮ੍ਰਿਤਸਰ) ਦੇ ਨੇੜੇ ਜਲ੍ਹਿਆਂਵਾਲੇ ਬਾਗ ਵਿਖੇ ਜਦੋਂ ਭਾਰਤੀ ਲੋਕਾਂ ਦਾ ਵੱਡਾ ਇਕੱਠ ਸ਼ਾਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਿਹਾ ਸੀ ਤਾਂ ਸ਼ਾਮ ਦੇ ਸਮੇਂ ਕਰੀਬ ਸਾਢੇ 4 ਵਜੇ ਵੱਖ ਵੱਖ ਪਿੰਡਾਂ ਤੋਂ ਕਈ ਜਥੇ ਇਸ ਪ੍ਰਦਰਸ਼ਨ ਵਿਚ ਸ਼ਾਮਲ ਹੋ ਗਏ। ਸ਼ਾਤਮਈ ਪ੍ਰਦਰਸ਼ਨ ਅਤੇ ਲੋਕਾਂ ਦੇ ਵੱਡੇ ਇਕੱਠ ਦੀ ਭਿਨਕ ਜਿਵੇਂ ਹੀ ਬ੍ਰਿਟਿਸ਼ ਹਕੂਮਤ ਨੂੰ ਲੱਗੀ ਤਾਂ ਬ੍ਰਿਗੇਡੀਅਰ ਜਨਰਲ ਰੇਜੀਨਾਲਡ ਡਾਇਰ ਦੇ ਵਲੋਂ 90 ਫੌਜੀਆਂ ਦਾ ਦਸਤਾ ਨਾਲ ਲੈ ਕੇ 13 ਅਪ੍ਰੈਲ 1919 ਦੀ ਸ਼ਾਮ ਕਰੀਬ ਸਾਢੇ 5 ਵਜੇ ਸ਼ਾਤੀਪੂਰਵਕ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਜਲ੍ਹਿਆਂਵਾਲੇ ਬਾਗ ਵਿਖੇ ਘੇਰ ਲਿਆ। ਇਸੇ ਦੌਰਾਨ ਜਨਰਲ ਡਾਇਰ ਵੀ ਆਪਣੀਆਂ ਦੋ ਗੱਡੀਆਂ ਵਿਚ ਮਸ਼ੀਨਗੰਨਾਂ ਗੱਡ ਕੇ ਜਲ੍ਹਿਆਂਵਾਲੇ ਬਾਗ ਅੰਦਰ ਦਾਖਲ ਹੋ ਗਿਆ ਅਤੇ ਜਨਰਲ ਡਾਇਰ ਵਲੋਂ ਜਲ੍ਹਿਆਂਵਾਲੇ ਬਾਗ ਦੇ ਸਾਰੇ ਰਸਤੇ ਬੰਦ ਕਰਵਾ ਦਿੱਤੇ। ਬਿਨ੍ਹਾਂ ਕਿਸੇ ਚੇਤਾਵਨੀ ਦਿੰਦਿਆ ਜਨਰਲ ਡਾਇਰ ਨੇ ਨੇ ਫਾਇਰਿੰਗ ਕਰਵਾਉਣੀ ਸ਼ੁਰੂ ਕਰ ਦਿੱਤੀ ਅਤੇ ਕਰੀਬ 10 ਮਿੰਟਾਂ ਦੇ ਅੰਦਰ ਅੰਦਰ ਸੈਂਕੜੇ ਲੋਕਾਂ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਗਿਆ। ਜਦੋਂ ਕੁਝ ਪ੍ਰਦਰਸ਼ਨਕਾਰੀਆਂ ਨੇ ਆਪਣੀ ਜਾਨ ਬਚਾਉਣ ਲਈ ਬਾਗ ਦੀਆਂ ਕੰਧਾਂ ਟੱਪਣ ਦੀ ਕੋਸ਼ਿਸ ਕੀਤੀ ਤਾਂ ਜਨਰਲ ਡਾਇਰ ਨੇ ਉਨ੍ਹਾਂ ਨੂੰ ਵੀ ਗੋਲੀਆਂ ਨਾਲ ਭੁੰਨ ਦਿੱਤਾ ਗਿਆ।
ਇਥੋਂ ਤੱਕ ਕਿ ਕਈ ਲੋਕਾਂ ਨੇ ਆਪਣੀਆਂ ਜਾਨਾਂ ਬਚਾਉਣ ਲਈ ਬਾਗ ਦੇ ਅੰਦਰ ਬਣੇ ਖੂਹ ਵਿਚ ਛਾਲਾ ਮਾਰ ਦਿੱਤੀਆਂ, ਜੋ ਕਿ ਜਿੰਦਾਂ ਵਾਪਸ ਨਾ ਆ ਸਕੇ। ਦੱਸਿਆ ਜਾਂਦਾ ਹੈ ਕਿ ਜਨਰਲ ਡਾਇਰ ਵਲੋਂ ਗੋਲੀਬਾਰੀ ਉਦੋਂ ਤੱਕ ਜਾਰੀ ਰੱਖੀ, ਜਦੋਂ ਤੱਕ ਉਨ੍ਹਾਂ ਕੋਲ ਅਸਲਾ ਖਤਮ ਨਹੀਂ ਹੋ ਗਿਆ। ਇਤਿਹਾਸਕਾਰਾਂ ਦੇ ਮੁਤਾਬਿਕ 13 ਅਪ੍ਰੈਲ 1919 ਤੋਂ ਬਾਅਦ ਪੰਜਾਬ ਦੇ ਲੋੜ ਭੜਕ ਉਠੇ, ਪਰ ਬ੍ਰਿਟਿਸ਼ ਹਕੂਮਤ ਵਲੋਂ ਲੋਕਾਂ ਦੇ ਰੋਹ ਨੂੰ ਵੇਖਦਿਆ ਹੋਇਆ ਮੁਕੰਮਲ ਕਰਫਿਊ ਲਗਾ ਦਿੱਤਾ ਗਿਆ। ਦੱਸਿਆ ਜਾਂਦਾ ਹੈ ਕਿ ਜਲ੍ਹਿਆਂਵਾਲਾ ਬਾਗ ਵਿੱਚ ਆਪਣੀਆਂ ਜਾਨਾਂ ਗਵਾਉਣ ਵਾਲੇ ਲੋਕਾਂ ਦੀ ਅੱਜ ਤੱਕ ਤਾਂ ਪੂਰੀ ਗਿਣਤੀ ਅਤੇ ਜਾਣਕਾਰੀ ਹੀ ਪਤਾ ਨਹੀਂ ਚੱਲ ਸਕੀ ਹੈ ਤੇ ਨਾ ਹੀ ਅੱਜ ਤੱਕ ਉਨ੍ਹਾਂ ਨੂੰ ਸ਼ਹੀਦਾਂ ਦਾ ਦਰਜਾ ਦਿੱਤਾ ਹੈ। ਉਸ ਵੇਲੇ ਇਸ ਗੋਲੀਕਾਂਡ ਵਿੱਚ ਸ਼ਹੀਦ ਹੋਏ ਲੋਕਾਂ ਦੀ ਗਿਣਤੀ ਵੀ ਵੱਖ ਵੱਖ ਦਰਸਾਈ ਗਈ। ਇਤਿਹਾਸਕਾਰਾਂ ਦੱਸਦੇ ਹਨ ਕਿ ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ ਪੰਜਾਬ ਦੇ ਅਣਖੀਲੇ ਸੂਰਮੇ ਸ਼ਹੀਦ-ਏ ਆਜ਼ਮ ਸਰਦਾਰ ਊਧਮ ਸਿੰਘ ਵਲੋਂ ਲੰਡਨ ਸ਼ਹਿਰ ਵਿਚ ਲਿਆ ਗਿਆ।
ਮਾਈਕਲ ਓਡਵਾਇਰ ਜੋ ਕਿ ਜਲ੍ਹਿਆਂਵਾਲੇ ਬਾਗ ਦੇ ਖੂਨੀ ਕਾਂਡ ਸਮੇਂ ਪੰਜਾਬ ਦਾ ਗਵਰਨਰ ਸੀ ਅਤੇ ਜਨਰਲ ਡਾਇਰ ਨੂੰ ਕਤਲੇਆਮ ਕਰਨ ਦੀ ਇਜ਼ਾਜ਼ਤ ਦਿੱਤੀ ਸੀ, ਉਨ੍ਹਾਂ ਨੂੰ ਊਧਮ ਸਿੰਘ ਨੇ 13 ਮਾਰਚ 1940 ਨੂੰ ਇੱਕ ਸਭਾ ਵਿੱਚ ਗੋਲੀ ਮਾਰ ਕੇ ਖਤਮ ਕਰ ਦਿੱਤਾ ਗਿਆ। ਕੁਲ ਮਿਲਾ ਕੇ ਵੇਖੀਏ ਤਾਂ ਜਲ੍ਹਿਆਂਵਾਲੇ ਬਾਗ ਦੇ ਗੋਲੀਕਾਂਡ ਦਾ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਨੂੰ ਵੀ ਹੁਣ ਤੱਕ ਸਮੇਂ ਦੀਆਂ ਸਰਕਾਰਾਂ ਸ਼ਹੀਦ ਦਾ ਦਰਜ਼ਾ ਨਹੀਂ ਦੇ ਸਕੀਆਂ ਅਤੇ ਨਾ ਹੀ 101 ਸਾਲ ਬੀਤ ਜਾਣ ਤੇ ਜਲ੍ਹਿਆਂਵਾਲੇ ਬਾਗ ਦੇ ਗੋਲੀਕਾਂਡ ਵਿਚ ਸ਼ਹੀਦ ਹੋਏ ਲੋਕਾਂ ਨੂੰ ਸ਼ਹੀਦ ਦਾ ਦਰਜ਼ਾ ਦਿੱਤਾ ਗਿਆ ਹੈ ਅਤੇ ਨਾ ਹੀ ਉਨ੍ਹਾਂ ਦੀ ਹੁਣ ਤੱਕ ਸਹੀ ਗਿਣਤੀ ਦਰਸਾਈ ਗਈ ਹੈ ਕਿ ਕਿੰਨੇ ਲੋਕ ਗੋਲੀਕਾਂਡ ਵਿਚ ਸ਼ਹੀਦ ਹੋਏ? ਸਵਾਲ ਹੁਣ ਉਠਦਾ ਹੈ ਕਿ 'ਜਲ੍ਹਿਆਂਵਾਲਾ ਬਾਗ' ਦੇ ਸ਼ਹੀਦਾਂ ਦੀ ਪੂਰੀ ਪਛਾਣ ਕਰਨ ਲਈ ਹੋਰ ਕਿੰਨੇ ਵਰ੍ਹੇ ਚਾਹੀਦੇ ਨੇ ਹਕੂਮਤ ਨੂੰ?
ਗੁਰਪ੍ਰੀਤ
7508325934
-
ਗੁਰਪ੍ਰੀਤ, ਲੇਖਕ
gurpreetsinghjossan@gmail.com
7508325934
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.