ਉਂਜ ਤਾਂ ਮੈਂ ਹਮੇਸ਼ਾ ਚਲੰਤ ਮਸਲਿਆਂ ਬਾਰੇ ਹੀ ਲਿਖਣਾ ਜਾਂ ਫੇਰ ਟਿੱਪਣੀ ਕਰਨੀ ਪਸੰਦ ਕਰਦਾਂ ਪਰ ਅੱਜ ਪਤਾ ਨਹੀਂ ਕਿਉਂ ਚਲੰਤ ਵਿਸ਼ੇ ਤੋਂ ਹਟਕੇ ਲਿਖਣ ਨੂੰ ਬਹੁਤ ਦਿਲ ਕੀਤਾ । ਇਸ ਦਾ ਕਾਰਨ ਸ਼ਾਇਦ ਇਹ ਹੈ ਕਿ ਹਥਲੇ ਵਿਸ਼ੇ ਨੂੰ ਕਿਸੇ ਵੀ ਹਾਲਤ ਵਿੱਚ ਅਣਗੌਲਿਆਂ ਕਰਨਾ ਮੇਰੇ ਵਾਸਤੇ ਬਹੁਤ ਮੁਸ਼ਕਲ ਹੋ ਗਿਆ । ਆਪਣੇ ਸਮਾਨ ਦੀ ਫੋਲਾ-ਫਾਲੀ ਕਰਦਿਆਂ ਆਪਣੇ ਇਕ ਪਿਆਰੇ ਦੋਸਤ ਦੀ ਇਕ ਪੁਰਾਣੀ ਚਿੱਠੀ ਹੱਥ ਲੱਗ ਗਈ ਜਿਸ ਨੂੰ ਦੁਬਾਰਾ ਪੜਿਆ ਤਾਂ ਮਨ ਭਾਵੁਕ ਹੋ ਗਿਆ । ਇਸ ਬਹੁਤ ਹੀ ਮੋਹ ਭਿੱਜੀ ਚਿੱਠੀ ਨੂੰ ਲਿਖਣ ਵਾਲਾ ਕਦੋਂ ਦਾ ਫ਼ਾਨੀ ਸੰਸਾਰ ਨੂੰ ਸਦਾ ਸਦਾ ਵਾਸਤੇ ਛੱਡ ਚੁੱਕਾ ਹੈ । ਪਰ ਉਸ ਦੀ ਸਾਂਭੀ ਹੋਈ ਚਿੱਠੀ ਰੂਪੀ ਲਿਖਿਤ ਅੱਜ ਵੀ ਉਸੇ ਮੋਹ ਦਾ ਅਹਿਸਾਸ ਕਰਾਉਂਦੀ ਹੈ ਜਿਸ ਮੋਹ ਦਾ ਅਹਿਸਾਸ ਇਸ ਚਿੱਠੀ ਨੇ ਪਹਿਲੀ ਵਾਰ ਖੋਲ੍ਹਣ ਤੇ ਪੜ੍ਹਨ ਤੋਂ ਬਾਦ ਮੈਨੂੰ ਤੇ ਮੇਰੇ ਪੂਰੇ ਪਰਿਵਾਰ ਨੂੰ ਕਰਵਾਇਆ ਸੀ ।
ਸਾਡਾ ਜ਼ਮਾਨਾ ਚਿੱਠੀਆਂ ਦਾ ਸੀ । ਚਿੱਠੀਆਂ ਦੀ ਬੜੀ ਬੇਸਬਰੀ ਨਾਲ ਇੰਤਜਾਰ ਕੀਤੀ ਜਾਂਦੀ । ਚਿੱਠੀ ਬੇਸ਼ੱਕ ਕਿਹੋ ਜਿਹੀ ਵੀ ਹੋਵੇ ਉਸ ਨੂੰ ਖੋਹਲਕੇ ਪੜ੍ਹਨ ਨੂੰ ਮਨ ਹਮੇਸ਼ਾ ਹੀ ਉਤਾਵਲਾ ਰਹਿੰਦਾ । ਅੱਜ ਇੱਕੀਵੀ ਸਦੀ ਚ ਬੇਸ਼ੱਕ ਸੰਚਾਰ ਦੇ ਬਹੁਤ ਤੇਜ਼ ਤਰਾਰ ਸਾਧਨਾਂ ਦੀ ਆਮਦ ਨੇ ਚਿੱਠੀ ਨੂੰ ਲਗਭਗ ਨਿਗਲ ਹੀ ਲਿਆ ਹੈ ਪਰ ਕਿਧਰੇ ਕਿਧਰੇ ਉਹਨਾਂ ਇਲਾਕਿਆਂ ਚ ਜਿੱਥੇ ਅਜੇ ਨਵੇਂ ਸੰਚਾਰ ਯੰਤਰ ਨਹੀਂ ਪਹੁੰਚੇ ਉੱਥੇ ਅਜੇ ਵੀ ਇਹਨੀ ਦੀ ਹੋਂਦ ਬਰਕਰਾਰ ਹੈ ।
ਚਿੱਠੀਆਂ ਬੜੇ ਹੀ ਚਾਅ ਮਲਾਰ ਨਾਲ ਲਿਖੀਆਂ ਜਾਂਦੀਆਂ । ਚਿੱਠੀ ਦੀ ਸ਼ੁਰੂਆਤ ਵੇਲੇ ਆਪਣੇ ਇਸ਼ਟ ਨੂੰ ਯਾਦ ਕੀਤਾ ਜਾਂਦਾ, ਆਪਣੀ ਰਾਜ਼ੀ ਖ਼ੁਸ਼ੀ ਦੱਸਕੇ ਫਿਰ ਜਿਸ ਨੂੰ ਚਿੱਠੀ ਲਿਖੀ ਜਾਂਦੀ ਉਸਦੀ ਰਾਜ਼ੀ ਖ਼ੁਸ਼ੀ ਪੁੱਛੀ ਜਾਂਦੀ ਤੇ ਨਾਲ ਹੀ ਕੁਸ਼ਲ ਮੰਗਲ ਹੋਣ ਦੀ ਕਾਮਨਾ ਕੀਤੀ ਜਾਂਦੀ । ਇਸ ਤੋਂ ਬਾਦ ਚਿੱਠੀ ਦਾ ਅਗਲਾ ਵਿਸਥਾਰ ਕੀਤਾ ਜਾਂਦਾ ਜਿਸ ਵਿੱਚ ਦਿਲੀ ਜਜ਼ਬਾਤਾਂ ਦਾ ਗਹਿਗਚ ਪ੍ਰਗਟਾਵਾ ਕੀਤਾ ਜਾਂਦਾ । ਸਾਰੇ ਪਰਿਵਾਰਕ ਮੈਂਬਰ ਆਪੋ ਆਪਣੇ ਸੁਨੇਹੇ ਦਰਜ ਕਰਾਉਂਦੇ । ਚਿੱਠੀ ਲਿਂਖ ਕੇ ਡਾਕ ਢੋਲ ਚ ਪਾਉਣ ਤੋਂ ਤੁਰੰਤ ਬਾਦ ਹੀ ਉਸ ਦੇ ਜਵਾਬੀ ਹੁੰਗਾਰੇ ਦੀ ਬੇਸਬਰੀ ਨਾਲ ਇੰਤਜ਼ਾਰ ਸ਼ੁਰੂ ਹੋ ਜਾਂਦੀ । ਆਪਣੇ ਪਿਆਰੇ ਦੀ ਚਿੱਠੀ ਦੀ ਉਡੀਕ ਤਾਂ ਬਿਲਕੁਲ ਗਰਮ ਰੁੱਤੇ ਲੱਗੀ ਤੇਜ਼ ਪਿਆਸ ਵਰਗੀ ਹੁੰਦੀ । ਪਲ ਪਲ ਡਾਕੀਏ ਦੀਆ ਰਾਹਾ ਤਿਕਣੀਆ । ਜਦੋ ਕਿਧਰੇ ਡਾਕੀਆ ਆਉਂਦਾ ਦਿਸਣਾ ਤਾ ਖੁਸ਼ੀ ਦੀ ਕੋਈ ਹੱਦ ਸੀਮਾ ਨਾ ਰਹਿਣੀ ਪਰ ਜਦੇ ਡਾਕੀਏ ਨੇ ਬਿਨਾ ਕੋਈ ਚਿੱਠੀ ਦਿੱਤਿਆਂ ਅਗੇ ਕਿਸੇ ਹੋਰ ਘਰ ਵੱਲ ਨਿਕਲ ਜਾਣਾ ਤਾ ਫੇਰ ਅਵਾਜ ਮਾਰ ਕੇ ਉਸ ਨੂੰ ਆਪਣੀ ਚਿੱਠੀ ਬਾਰੇ ਪੁਛਣਾ ਮਤੇ ਭੁਲ ਹੀ ਨਾ ਗਿਆ ਹੋਵੇ । ਇਸੇ ਤਰਾ ਜੇਕਰ ਡਾਕੀਆ ਚਿੱਠੀ ਦੇਣ ਆਵੇ ਤਾ ਉਸ ਨੂੰ ਚਾਹ ਪਾਣੀ ਪੁੱਛਿਆ ਜਾਦਾ ਤੇ ਵਾਹ ਲਗਦੀ ਚਾਹ ਪਾਣੀ ਪਿਲਾ ਕੇ ਅੰਤਾ ਦੀ ਖੁਸ਼ੀ ਵੀ ਮਹਿਸੂਸ ਕੀਤੀ ਜਾਦੀ ।
ਚਿੱਠੀ ਮਿਲਦਿਆਂ ਸਾਰ ਹੀ ਕਾਲਜੇ ਠੰਢ ਪੈ ਜਾਦੀ । ਜੇਕਰ ਪਰਿਵਾਰਕ ਹੁੰਦੀ ਤਾ ਸਾਰੇ ਪਰਿਵਾਰ ਨੂੰ ਇਕ ਜਣਾ ਪੜ੍ਹਕੇ ਸੁਣਾਉਂਦਾ ਤੇ ਬਾਕੀ ਦੇ ਪਰਿਵਾਰਕ ਮੈਂਬਰ ਇਤਮਨਾਨ ਨਾਲ ਚਿੱਠੀ ਨੂੰ ਸੁਣਦੇ ਵੀ ਤੇ ਨਾਲ ਹੀ ਨਾਲ ਆਪੋ ਆਪਣੀਆ ਟਿੱਪਣੀਆ ਵੀ ਕਰੀ ਜਾਂਦੇ । ਇਸ ਤੋ ਬਾਦ ਪਰਿਵਾਰਕ ਮੈਂਬਰ ਵੱਖਰੇ ਤੌਰ ਵੀ ਉਸ ਚਿੱਠੀ ਨੂੰ ਵਾਰ ਵਾਰ ਪੜ੍ਹਦੇ ਤੱ ਇਸ ਤਰਾ ਇਕੋ ਚਿੱਠੀ ਨੂੰ ਪੜਨ ਦਾ ਸਿਲਸਿਲਾ ਕਈ ਵਾਰ ਕਈ ਕਈ ਦਿਨ ਲਗਾਤਾਰ ਚਲਦਾ ਰਹਿੰਦਾ । ਚਿੱਠੀ ਵਿੱਚੋ ਲਿਖਣ ਵਾਲੇ ਦੇ ਪਿਆਰ ਦੀ ਖੁਸ਼ਬੋਈ ਦਾ ਅਨੰਦ ਮਾਣਿਆ ਜਾਦਾ ਜਿਸ ਕਾਰਨ ਕਈ ਵਾਰ ਆਪ ਮੁਹਾਰੇ ਹਾਸਾ ਤੇ ਕਈ ਵਾਰ ਹੰਝੂ ਵੀ ਆਪ ਮੁਹਾਰੇ ਹੀ ਵਹਿ ਤੁਰਦੇ ਤੇ ਫਿਰ ਉਸੇ ਪਿਆਰ, ਉਤਸ਼ਾਹ ਤੇ ਮੋਹ ਭਾਵਨਾ ਨਾਲ ਉਸ ਚਿੱਠੀ ਦਾ ਉੱਤਰ ਦਿੱਤਾ ਜਾਂਦਾ । ਜਿਹਨਾ ਨੂੰ ਆਪ ਨਾ ਲਿਖਣੀ ਆਉਂਦੀ ਹੋਣੀ ਉਹਨਾ ਨੇ ਕਿਸੇ ਕੋਲੇ ਲਿਖਵਾਕੇ ਚਿੱਠੀ ਦਾ ਮੋੜ ਭੇਜਣਾ । ਇਥੇ ਦੱਸ ਦੇਈਏ ਸਾਹੇ ਚਿੱਠੀ ਜੋ ਵਿਆਹ ਦੇ ਸਬੰਧ ਚ ਲੜਕੀ ਵਾਲਿਆ ਵਲੋ ਲੜਕੇ ਵਾਲਿਆ ਨੂੰ ਲਾਗੀ ਦੇ ਹੱਥ ਭੇਜੀ ਜਾਂਦੀ ਸੀ ਬਹੁਤ ਹੀ ਮਹੱਤਵ ਪੂਰਨ ਲਿਖਤ ਮੰਨੀ ਜਾਂਦੀ ਸੀ ਜੋ ਹੁਣ ਅਲੋਪ ਹੀ ਹੋ ਗਈ ਹੈ ।
ਚਿੱਠੀਆ ਰਿਸ਼ਤਿਆ ਵਿਚ ਪਿਆਰ ਦੀਆ ਤੰਦਾਂ ਮਜਬੁਤ ਕਰਦੀਆ ਸਨ । ਦੇਸੀ ਤੇ ਵਿਲਾਇਤ ਗਏ ਲੋਕਾਂ ਦੀਆ ਚਿੱਠੀਆਂ ਤਾਂ ਲਿਫਾਫੇ ਦੀ ਦਿੱਖ ਤੋ ਹੀ ਪਹਿਚਾਣ ਲਈਆ ਜਾਂਦੀਆ ਸਨ । ਬੇਸ਼ਕ ਵੀਹੀਵੀ ਸਦੀ ਦੇ ਅੰਤਲੇ ਦਹਾਕੇ ਚਿੱਠੀਆਂ ਦਾ ਸੁਨਹਿਰੀ ਯੁੱਗ ਮੰਨਿਆ ਜਾ ਸਕਦਾ ਕਿਉਂਕਿ ਖਾੜੀ ਦੇਸ਼ਾ ਦੇ ਖੁਲਣ ਨਾਲ ਬਹੁਤ ਸਾਰੇ ਪੰਜਾਬੀ ਰੋਜੀ ਰੋਟੀ ਕਮਾਉਣ ਉਹਨਾ ਮੁਲਖਾਂ ਚ ਚਲੇ ਗਏ ਸਨ ਜਿਸ ਕਾਰਨ ਚਿੱਠੀਆਂ ਦੀ ਮਹੱਤਾ ਬਹੁਤ ਵਧ ਗਈ ਸੀ । ਸ਼ੱਤਰਵੇ ਤੇ ਅਸੀਵੇ ਦੇ ਦਹਾਕੇ ਵਿਚ ਡਾਕੀਏ ਰੋਜਾਨਾ ਚਿੱਠੀਆਂ ਦੇ ਭਰੇ ਬੋਰਿਆਂ ਦੇ ਬੋਰੇ ਪੰਜਾਬ ਦੇ ਪਿੰਡਾਂ ਦੇ ਬਹੁਤੇ ਘਰਾਂ ਚ ਡਾਕ ਦੇ ਵੰਡਣ ਲੱਗ ਪਏ ਸਨ ।
ਯੁੱਗ ਬਦਲ ਗਿਆ । ਚਿੱਠੀਆ ਦਾ ਪਤਨ ਹੋ ਗਿਆ । ਵਪਾਰਕ ਜਾਂ ਫਿਰ ਕਲਾ ਕਲੇਸ਼ਾਂ ਵਾਲੀਆ ਕਚਹਿਰੀ ਦਾਅਵੇ ਮੁਕੱਦਮੇ ਵਾਲੀਆਂ ਚਿੱਠੀਆ ਹੀ ਹੁਣ ਬਾਕੀ ਰਹਿ ਗਈਆਂ ਹਨ । ਮੋਹ ਮੁਹੱਬਤ ਵਾਲੀਆ ਚਿੱਠੀਆਂ ਦੇ ਅੰਤ ਨਾਲ ਹੀ ਰਿਸ਼ਤੇ ਵੀ ਮੋਹ ਵਿਹੂਣੇ ਹੋ ਕੇ ਰਹਿ ਗਏ ਹਨ । ਹਰ ਪਾਸੇ ਖਾਰ ਖਾਰ ਹੀ ਹੈ । ਖੂਨ ਦੀ ਲਾਲੀ ਜਾਂਦੀ ਰਹੀ । ਨਵੇਂ ਸੰਚਾਰ ਸਾਧਨਾ ਨੇ ਸੂਚਨਾ ਤੇ ਸੁਨੇਹਾ ਸੰਚਾਰ ਵਿੱਚ ਬੇਸ਼ਕ ਤੇਜੀ ਤਾਂ ਅੰਤਾ ਦੀ ਲਿਆਂਦੀ ਹੈ ਪਰ ਗੰਦ ਵੀ ਬਹੁਤ ਖਿਲਾਰਿਆ ਹੈ , ਕਦਰਾਂ ਕੀਮਤਾਂ ਪੰਖੇਰੂ ਹੋ ਕੇ ਰਹਿ ਗਈਆਂ ਹਨ । ਹਰ ਜੀਅ ਮਾਨਸਿਕ ਤੌਰ 'ਤੇ ਪਰੇਸ਼ਾਨ ਹੈ । ਕਾਸ਼ ! ਚਿੱਠੀਆਂ ਦਾ ਯੁੱਗ ਇਕ ਵਾਰ ਫੇਰ ਪਰਤ ਆਵੇ।
ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ
-
ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ, ਲੇਖਕ
*****************
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.