- ਸਰਕਾਰ ਵੱਲੋਂ ਮਨੁੱਖੀ ਜ਼ਿੰਦਗੀਆਂ ਨੂੰ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਚਾਉਣ ਦੇ ਲਈ ਦਿੱਤੇ ਤਾਲਾਬੰਦੀ ਦੇ ਹੁਕਮਾਂ ਤੋਂ ਬਾਅਦ ਸੂਬੇ ਅੰਦਰ ਵੱਡੇ-ਵੱਡੇ ਹਸਪਤਾਲ ਚਲਾ ਰਹੇ ਪ੍ਰਾਈਵੇਟ ਡਾਕਟਰਾਂ ਨੇ ਸਰਕਾਰੀ ਹਦਾਇਤਾਂ ਦੇ ਨਾਂ 'ਤੇ ਬੂਹੇ ਭੇੜ ਲਏ ਹਨ ਕਈ ਹਸਪਤਾਲ ਸਿਰਫ ਐਮਰਜੈਂਸੀ ਲਈ ਖੁੱਲ੍ਹੇ ਹਨ ਪਰ ਉੱਥੇ ਕਿਸੇ ਵੀ ਮਰੀਜ਼ ਨੂੰ ਦਾਖਲ ਕਰਨ ਤੋਂ ਕੰਨੀ ਕਤਰਾਇਆ ਜਾ ਰਿਹਾ ਹੈ ਜਿਸ ਕਾਰਨ ਹੁਣ ਘਰਾਂ ਅੰਦਰ ਬੈਠੇ ਬਜ਼ੁਰਗ ਮਰੀਜ਼ਾਂ ਅਤੇ ਗਰਭਵਤੀ ਮਹਿਲਾਵਾਂ ਦੀ ਜ਼ਿੰਦਗੀ 'ਦਾਅ' 'ਤੇ ਲੱਗੀ ਨਜ਼ਰ ਆਉਂਦੀ ਹੈ ਕਿਉਂਕਿ ਕੁਝ ਦਿਨ ਤਾਂ ਉਨ੍ਹਾਂ ਨੇ ਔਖੇ-ਸੌਖੇ ਘਰਾਂ ਅੰਦਰ ਬੈਠ ਕੇ ਗੁਜਾਰ ਲਏ ਪਰ ਹੁਣ ਉਨ੍ਹਾਂ ਦੀ ਇੱਕ ਤਰ੍ਹਾਂ ਨਾਲ ਬੇਵਾਹ ਹੋ ਚੁੱਕੀ ਵਿਖਾਈ ਦਿੰਦੀ ਹੈ ।
ਬੀਤੇ ਦਿਨੀਂ ਮੋਗੇ ਜ਼ਿਲ੍ਹੇ ਦੇ ਕਸਬੇ ਧਰਮਕੋਟ ਕੋਲ ਇੱਕ ਗਰਭਵਤੀ ਮਹਿਲਾ ਨੂੰ ਜਦੋਂ ਕਿਸੇ ਹਸਪਤਾਲ ਅੰਦਰ ਦਾਖਲ ਕਰਾਵਾਉਣ ਲਈ ਲਿਜਾਇਆ ਗਿਆ ਤਾਂ ਰਾਤ ਦਾ ਸਮਾਂ ਹੋਣ ਕਾਰਨ ਉਸ ਮਹਿਲਾ ਅਤੇ ਪਰਿਵਾਰ ਨੂੰ ਕਿਸੇ ਨੇ ਵੀ ਹਸਪਤਾਲ ਅੰਦਰ ਦਾਖ਼ਲ ਨਾ ਹੋਣ ਦਿੱਤਾ ਆਖਰ ਨੂੰ ਉਸ ਮਹਿਲਾ ਵੱਲੋਂ ਸੜਕ 'ਤੇ ਹੀ ਇੱਕ ਫੱਟੇ 'ਤੇ ਬੱਚੇ ਨੂੰ ਜਨਮ ਦੇ ਦਿੱਤਾ ਇਹੋ ਦੀਆਂ ਘਟਨਾਵਾਂ ਦੀ ਗਿਣਤੀ ਵਿਚ ਹਰ ਰੋਜ਼ ਵਾਧਾ ਹੋ ਰਿਹਾ ਹੈ , ਇੱਕ ਨੌਜਵਾਨ ਨੇ ਭੁੱਬੀ ਰੋਂਦਿਆਂ ਆਖਿਆ ਕਿ ਉਸ ਵੱਲੋਂ ਆਪਣੀ ਦਰਦ ਨਾਲ ਵਿਲਕ ਰਹੀ ਮਾਂ ਨੂੰ ਗੱਡੀ ਵਿਚ ਪਾ ਕੇ ਕਈ ਘੰਟੇ ਹਸਪਤਾਲਾਂ ਦੇ ਅੱਗੇ ਚੱਕਰ ਕੱਟਣ ਤੋਂ ਬਾਅਦ ਵੀ ਕਿਸੇ ਨੇ ਉਸ ਦੇ ਇਲਾਜ ਕਰਨ ਦੀ ਹਾਮੀ ਤੱਕ ਨਹੀਂ ਭਰੀ , ਕਿੱਥੇ ਗਈ ਸਾਡੀ ਇਨਸਾਨੀਅਤ ਅਤੇ ਕਿੱਥੇ ਗਏ ਸਾਡੇ ਫਰਜ਼ ।
ਕਿੰਨੇ ਹੀ ਅਜਿਹੇ ਅਭਾਗੇ ਇਨਸਾਨ ਨੇ ਜਿਨ੍ਹਾਂ ਨੂੰ ਕਈ ਡਾਕਟਰਾਂ ਵੱਲੋਂ ਗੰਭੀਰ ਹਾਲਤ ਵਿੱਚ ਵੀ ਇਹ ਕਹਿ ਕੇ ਘਰ ਭੇਜ ਦਿੱਤਾ ਜਾਂਦਾ ਹੈ ਤੁਸੀਂ ਹੁਣ ਠੀਕ ਹੋ ਤੁਹਾਨੂੰ ਇਲਾਜ ਦੀ ਜ਼ਰੂਰਤ ਨਹੀਂ ਹੈ , ਕਿੱਧਰ ਨੂੰ ਤੁਰ ਚੱਲੇ ਹਾਂ ਅਸੀਂ । ਕੋਰੋਨਾ ਤਾਂ ਅੱਜ ਨਹੀਂ ਸ਼ਾਇਦ ਕੱਲ੍ਹ ਨੂੰ ਚਲਿਆ ਜਾਵੇਗਾ ਪਰ ਜੋ ਇਤਿਹਾਸ ਅਸੀਂ ਸਿਰਜ ਰਹੇ ਹਾਂ ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ 'ਤਵਾਰੀਖੀ ਸੱਚ' ਜ਼ਰੂਰ ਬਣ ਜਾਵੇਗਾ । ਸਾਡੇ ਦੇਸ਼ ਅੰਦਰ 'ਅੰਤ ਦੀਆਂ ਮਾੜੀਆਂ' ਸਿਹਤ ਸੁਵਿਧਾਵਾਂ ਕਾਰਨ ਅਨੇਕਾਂ ਜ਼ਿੰਦਗੀਆਂ ਇਸ ਸੰਸਾਰ ਤੋਂ ਚਲੀਆਂ ਜਾਂਦੀਆਂ ਨੇ ਪਰ ਸਾਡੇ ਸਿਆਸੀ ਆਗੂਆਂ ਦੇ ਕੰਨ 'ਤੇ ਜੂੰ ਨਹੀਂ ਸਰਕਦੀ , ਸਿਹਤ ਨਾਲ ਸਬੰਧਤ ਜਿਸ ਸਾਜ਼ੋ ਸਾਮਾਨ ਦੀ ਸਰਕਾਰਾਂ ਵੱਲੋਂ ਵਰ੍ਹਿਆਂ ਪਹਿਲਾਂ ਖ਼ਰੀਦ ਕਰਨੀ ਚਾਹੀਦੀ ਸੀ ਉਸ ਦੇ ਆਰਡਰ ਹੁਣ ਦਿੱਤੇ ਜਾ ਰਹੇ ਹਨ ।
ਪਿੰਡਾਂ ਅੰਦਰ ਅੱਜ ਬਹੁਤੇ ਬਜ਼ੁਰਗ ਮਰੀਜ਼ ਸਾਹ , ਦਮੇ , ਦਰਦ , ਪੀਲੀਆ ਅਤੇ ਹੋਰ ਬਿਮਾਰੀਆਂ ਤੋਂ ਪੀੜਤ ਹੋਣ ਕਾਰਨ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ ਕਿਉਂਕਿ ਪ੍ਰਾਈਵੇਟ ਹਸਪਤਾਲਾਂ ਦੇ ਬੰਦ ਪਏ ਦਰਵਾਜ਼ੇ ਉਨ੍ਹਾਂ ਲਈ ਮੌਤ ਦੇ ਸਾਮਾਨ ਹਨ ਅਤੇ ਸਰਕਾਰੀ ਹਸਪਤਾਲਾਂ ਦਾ ਹਾਲ ਕਿਸੇ ਤੋਂ ਲੁਕਿਆ ਨਹੀਂ ਹੈ । ਜਿਨ੍ਹਾਂ ਮਰੀਜ਼ਾਂ ਦੀ ਪ੍ਰਾਈਵੇਟ ਡਾਕਟਰਾਂ ਕੋਲੋਂ ਲੰਬੀ ਦਵਾਈ ਚੱਲਦੀ ਹੈ ਉਹ ਹੁਣ ਕੀ ਕਰਨ , ਹੋਰ ਤਾਂ ਹੋਰ ਮੈਡੀਕਲ ਸਟੋਰਾਂ ਨੂੰ ਵੀ ਚੁੱਣ ਕੇ ਖੋਲ੍ਹਿਆ ਜਾਂਦਾ ਹੈ ਜਿਸ ਕਾਰਨ ਬਹੁਤ ਮਰੀਜ਼ ਅਜੇ ਵੀ ਦਵਾਈ ਤੋਂ ਵਾਂਝੇ ਰਹਿ ਜਾਂਦੇ ਨੇ । ਜਦ ਕਿ ਪ੍ਰਾਈਵੇਟ ਹਸਪਤਾਲਾਂ ਨੂੰ ਫੌਰੀ ਤੌਰ 'ਤੇ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅੱਜ ਔਖੇ ਵੇਲੇ ਉਹ 24 ਘੰਟੇ ਅਪਣੇ ਦਰਵਾਜ਼ੇ ਖੁੱਲ੍ਹੇ ਰੱਖਣਗੇ ਜਿਸ ਕਾਰਨ ਮਰੀਜ਼ਾਂ ਨੂੰ ਆਪਣਾ ਇਲਾਜ ਕਰਵਾਉਣ ਵਿਚ ਕੋਈ ਪ੍ਰੇਸ਼ਾਨੀ ਨਾ ਆਵੇ ।
ਡਾਕਟਰੀ ਦੇ ਨਾਂ 'ਤੇ ਮੋਟੀਆਂ ਕਮਾਈਆਂ ਕਰਨ ਵਾਲੇ ਲੋਕਾਂ ਨੇ ਅੱਜ ਕੋਰੋਨਾ ਨੂੰ ਵੇਖ ਕੇ ਆਪਣੇ ਹਸਪਤਾਲਾਂ ਦੇ ਬੂਹੇ ਕਿਉਂ ਭੇੜ ਲਏ ਹਨ ਸਗੋਂ ਇਸ ਮੁਸੀਬਤ ਦੀ ਘੜੀ ਅੰਦਰ ਮਰੀਜ਼ਾਂ ਨੂੰ ਇਲਾਜ ਦੀ ਸਖ਼ਤ ਜ਼ਰੂਰਤ ਹੈ ਸਰਕਾਰ ਵੱਲੋਂ ਭਾਵੇਂ ਆਪਣੀਆਂ ਹਦਾਇਤਾਂ ਅਨੁਸਾਰ ਵਾਰ-ਵਾਰ ਇਹ ਗੱਲ ਆਖੀ ਜਾ ਰਹੀ ਹੈ ਕਿ ਕਿਸੇ ਵੀ ਮਰੀਜ਼ ਨੂੰ ਕੋਈ ਵੀ ਪ੍ਰਾਈਵੇਟ ਹਸਪਤਾਲ ਇਲਾਜ ਕਰਨ ਤੋਂ ਖਾਲੀ ਨਾ ਮੋੜੇ ਪਰ ਹੈਰਾਨੀ ਦੀ ਗੱਲ ਹੈ ਕਿ ਰੱਬ ਦਾ ਰੂਪ ਅਖਵਾਉਣ ਵਾਲੇ ਡਾਕਟਰ ਅੱਜ ਬਿਮਾਰੀ ਨਾਲ 'ਕੂਕ' ਰਹੇ ਲੋਕਾਂ ਨੂੰ ਛੱਡ ਕੇ 'ਲੰਬੀਆਂ ਕੂੰਟਾਂ' ਨੂੰ ਚੜ੍ਹ ਗਏ ਪ੍ਰਤੀਤ ਹੁੰਦੇ ਹਨ ਕੀ ਡਾਕਟਰ ਵਰਗ ਦਾ ਹੱਕ ਬਣਦਾ ਹੈ ਕਿ ਉਹ ਇਸ ਮੁਸੀਬਤ ਦੀ ਘੜੀ ਵਿੱਚ ਗੁਰਬਤ ਦੇ ਮਾਰੇ ਮਰੀਜ਼ਾਂ ਦਾ ਇਲਾਜ ਕਰਨ ਦੀ ਬਜਾਏ ਆਪਣੇ ਗੇਟ ਬੰਦ ਕਰ ਲੈਣ ? ।
ਇਸ ਅੱਤ ਗੰਭੀਰ ਮਸਲੇ 'ਤੇ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪ ਮੀਡੀਆ ਵਿੱਚ ਆ ਕੇ ਸਖ਼ਤ ਲਹਿਜੇ ਵਿੱਚ ਟਿੱਪਣੀ ਕਰਨੀ ਪਈ ਹੈ ਕਿ ਜੇਕਰ ਪ੍ਰਾਈਵੇਟ ਹਸਪਤਾਲ ਇਸੇ ਤਰ੍ਹਾਂ ਆਪਣੇ ਫ਼ਰਜ਼ਾਂ ਤੋਂ ਭੱਜਦੇ ਰਹੇ ਤਾਂ ਸਰਕਾਰ ਆਉਣ ਵਾਲੇ ਸਮੇਂ ਅੰਦਰ ਉਨ੍ਹਾਂ ਸਾਰੇ ਹਸਪਤਾਲਾਂ ਦੇ ਲਾਇਸੰਸ ਕੈਂਸਲ ਕਰਨ ਤੋਂ ਵੀ ਗੁਰੇਜ਼ ਨਹੀਂ ਕਰੇਗੀ । ਉਨ੍ਹਾਂ ਜ਼ੋਰ ਦੇ ਕੇ ਆਖਿਆ ਹੈ ਕਿ ਇਹ ਸਮਾਂ ਮਰੀਜ਼ਾਂ ਤੋਂ ਮੂੰਹ ਮੋੜ ਕੇ ਭੱਜਣ ਦਾ ਨਹੀਂ ਸਗੋਂ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਇਲਾਜ ਮੁਹੱਈਆ ਕਰਵਾਉਣ ਦਾ ਹੈ । ਜੇਕਰ ਅੱਜ ਇਸ ਮੁਸ਼ਕਿਲ ਘੜੀ ਅੰਦਰ ਡਾਕਟਰ ਭਾਈਚਾਰਾ ਇਸੇ ਤਰ੍ਹਾਂ ਆਪਣੇ ਫ਼ਰਜ਼ਾਂ ਤੋਂ ਮੁਨਕਰ ਹੁੰਦਿਆਂ ਘਰਾਂ ਵਿੱਚ ਤ੍ਰਾਹ-ਤ੍ਰਾਹ ਕਰ ਰਹੇ ਮਰੀਜ਼ਾਂ ਦੇ ਇਲਾਜ ਲਈ ਅੱਗੇ ਨਹੀਂ ਆਵੇਗਾ ਤਾਂ ਕੱਲ੍ਹ ਨੂੰ ਕੋਈ ਹੱਕ ਨਹੀਂ ਰਹਿ ਜਾਂਦਾ ਕਿ ਉਹ ਹਾਲਾਤ ਸੁਧਰਨ ਤੋਂ ਬਾਅਦ ਸਿਰਫ ਵਪਾਰ ਅਤੇ ਮੁਨਾਫ਼ੇ ਖਾਤਰ ਹੀ ਇਸ ਖੇਤਰ ਵਿੱਚ ਆਪਣੀਆਂ ਸੇਵਾਵਾਂ ਦੇਣ । ਚੰਗਾ ਹੋਵੇ ਸਮੁੱਚੇ ਪ੍ਰਾਈਵੇਟ ਹਸਪਤਾਲ ਅੱਜ ਇਸ ਜੋਖ਼ਮ ਭਰੀ ਸਥਿਤੀ ਦੇ ਨਾਲ ਨਿਪਟਣ ਦੇ ਲਈ ਲੱਖਾਂ ਮਰੀਜ਼ਾਂ ਦੀ ਜਾਨ ਨੂੰ ਧਿਆਨ ਵਿੱਚ ਰੱਖਦਿਆਂ ਬਿਨਾਂ ਝਿਜਕ ਆਪਣੀਆਂ ਸੇਵਾਵਾਂ ਆਪਣੇ ਲੋਕਾਂ ਨੂੰ ਦੇਣ ਤਾਂ ਕਿ ਆਮ ਲੋਕਾਂ ਲਈ 'ਰੱਬ ਦਾ ਰੂਪ' ਜਾਣੇ ਜਾਂਦੇ ਡਾਕਟਰ ਭਾਈਚਾਰੇ 'ਤੇ ਉਨ੍ਹਾਂ ਦਾ ਵਿਸ਼ਵਾਸ ਕਾਇਮ ਰਹੇ ।
-
ਮਨਜਿੰਦਰ ਸਿੰਘ ਸਰੌਦ, ਮੁੱਖ ਪ੍ਰਚਾਰ ਸਕੱਤਰ ( ਵਿਸ਼ਵ ਪੰਜਾਬੀ ਲੇਖਕ ਮੰਚ )
manjindersinghkalasaroud@gmail.com
9463463136
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.