ਸਾਡੀ ਜ਼ਿੰਦਗੀ ਅਤੇ ਸਾਡਾ ਭਵਿੱਖ ਇਸ ਗੱਲ ਤੇ ਵੀ ਨਿਰਭਰ ਕਰਦਾ ਹੈ ਕਿ ਅਸੀਂ ਆਪਣੇ ਖਾਲੀ ਟਾਈਮ ਵਿੱਚ ਕੀ ਕਰਦੇ ਹਾਂ। ਗੱਲ ਇਸ ਤਰ੍ਹਾਂ ਹੈ ਜਿਵੇਂ ਖਾਲੀ ਪਏ ਖੇਤ ਵਿੱਚ ਅਸੀਂ ਕੀ ਬੀਜਦੇ ਹਾਂ, ਕਿਸੇ ਮੂਰਖ ਕੋਲ ਜ਼ਮੀਨ ਹੋਵੇ ਪਰ ਉਹ, ਉਸ ਵਿੱਚ ਕੁੱਝ ਬੀਜੇ ਹੀ ਨਾ ਤੇ ਉੱਗੇਗਾ ਕੀ? ਘਾਹ ਫੂਸ ਯਾ ਕੁੱਝ ਹੋਰ?
ਇੱਕ ਖਾਲੀ ਪਏ ਕਮਰੇ ਦੀ ਅਸੀਂ ਸਾਜੋ ਸਜਾਵਟ ਕਰ ਸਕਦੇ ਹਾਂ ਯਾ ਉਸਨੂੰ ਖਾਲੀ ਰੱਖ ਕੇ ਮਿੱਟੀ-ਘੱਟਾ ਯਾ ਮਕੜੀਆਂ ਦੇ ਜਾਲੇ ਲੱਗਣ ਲਈ ਖੁਲ੍ਹਾ ਛੱਡ ਸਕਦੇ ਹਾਂ ਇਹ ਸਾਡੇ ਆਪਣੇ ਹੱਥ ਵਿੱਚ ਹੈ। ਇਸੇ ਤਰ੍ਹਾਂ ਦਾ ਹੈ ਸਾਡੀ ਜ਼ਿੰਦਗੀ ਦਾ ਖਾਲੀ ਟਾਈਮ ਜਿਸ ਨੂੰ ਅਸੀਂ free time ਕਹਿੰਦੇ ਹਾਂ।
ਹੁਣ ਸਵਾਲ ਇਹ ਬਣਦਾ ਹੈ ਕਿ ਅਸੀਂ ਆਪਣੇ ਖਾਲੀ ਵਖਤ ਯਾ free time 'ਚ ਕੀ ਕੀਤਾ ਯਾ ਬੀਜਿਆ? ਸਾਨੂੰ ਸਾਰਿਆਂ ਨੂੰ ਆਪਣੇ-ਆਪਣੇ ਦਿਲ ਤੇ ਹੱਥ ਰੱਖ ਕੇ ਖੁਦ ਤੋਂ ਇਹ ਪੁੱਛਣਾ ਪਏਗਾ ਤੇ ਜਵਾਬ ਵੀ ਖੁਦ ਨੂੰ ਇਮਾਨਦਾਰੀ ਨਾਲ ਹੀ ਦੇਣਾਂ ਪਏਗਾ, ਜੇ ਅਸੀਂ ਆਪਣੇ ਆਪ ਨਾਲ ਹੀ ਇਮਾਨਦਾਰ ਨਾ ਹੋ ਸਕੇ ਤਾਂ ਮੈਂ ਇਹੋ ਕਹਾਂਗਾ ਕਿ "ਸਾਨੂੰ ਸਾਡਾ ਬੇ-ਵਫਾ ਦੋਸਤ ਲੱਭ ਗਿਆ ਹੈ" ਜਿਸ ਦੀ ਸੰਗਤ ਨਾਲ ਅਸੀਂ ਦੁਖੀ ਹੋ ਰਹੇ ਹਾਂ ਤੇ ਆਪਣੀ ਸਾਰੀ ਜ਼ਿਦਗੀ ਬਰਬਾਦ ਕਰ ਰਹੇ ਹਾਂ। ਮਤਲਬ ਅਸੀਂ ਆਪਣੇ ਆਪ ਨਾਲ ਬੇਈਮਾਨੀ ਕਰ ਕੇ ਖੁਦ ਦੇ ਵੈਰੀ ਬਣ ਸਕਦੇ ਹਾਂ ਇਹ ਵੀ ਸਾਡੇ ਹੱਥ ਵਿੱਚ ਹੈ।
ਅਸੀਂ ਆਪਣੇ ਖਾਲੀ ਵਖਤ ਵਿੱਚ ਜ਼ਿਆਦਾਤਰ ਸਮਾਂ ਝੱਖ ਮਾਰਨ 'ਚ ਗਵਾ ਲੈਂਦੇ ਹਾਂ, ਸਾਰਾ ਦਿਨ ਬੇਮਤਲਬ ਦੀਆਂ ਵੀਡੀਓਜ਼ ਦੇਖੀ ਜਾਣਾ, ਸੋਸ਼ਲ ਮੀਡੀਆ ਲਈ ਪਾਗਲਪਨ, ਬਾਰ ਬਾਰ ਬੇਚੈਨੀ ਨਾਲ ਮੋਬਾਈਲ ਦੇਖੀ ਜਾਣਾ, ਬਿਨਾਂ ਮਤਲਬ ਦੀਆਂ ਗੱਲਾਂ ਕਰਨਾ, ਇੱਕ ਦੂਸਰੇ ਨਾਲ ਜੈਲਸ ਕਰਨਾ, ਬਿਨਾਂ ਗੱਲ ਦੀ ਜ਼ਿਦਬਾਜ਼ੀ, ਬਹਿਸ ਕਰਨੀ, ਚਿੰਤਾ ਕਰਨੀ, ਅੱਕ ਜਾਣਾ, ਖਾਲੀ ਵਖਤ ਤੋਂ ਤੰਗ ਹੋ ਜਾਣਾ, ਵਾਰ-ਵਾਰ ਚਾਹ ਪੀਣਾ, ਕੁੱਝ ਨਾ ਕੁੱਝ ਖਾਈ ਜਾਣਾ, ਦਿਲ ਨਾ ਲੱਗਣਾ, ਕਿਸੇ ਨਾਲ ਗੱਲ ਕਰਨ ਨੂੰ ਤਰਸ ਜਾਣਾ ਤੇ ਕਈ ਵਾਰ ਇਹ ਵੀ ਸਮਝ ਨਹੀਂ ਲੱਗਦੀ ਕਿ ਗੱਲ ਕਰੀਏ ਵੀ ਕਿਸ ਨਾਲ? ਇਸ ਤਰ੍ਹਾਂ ਦੇ ਬਹੁਤ ਸਾਰੇ ਲੱਛਣ ਹੋ ਸਕਦੇ ਨੇ, ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਅਸੀਂ ਬੇਚੈਨ ਹਾਂ, ਸਾਨੂੰ ਸਮਝ ਨਹੀਂ ਲੱਗ ਰਹੀ ਕਿ, "ਕੀ ਕਰੀਏ?" ਅਸੀਂ ਪੂਰੀ ਤਰ੍ਹਾਂ ਨਾਲ ਕਿਸੇ ਚੀਜ਼ ਵਿੱਚ ਜਕੜੇ ਹੋਏ ਮਹਿਸੂਸ ਕਰਦੇ ਹਾਂ ਜਿਸ ਵਿਚੋਂ ਨਿਕਲਣ ਦਾ ਰਾਹ ਹੀ ਨਹੀਂ ਸੁੱਝਦਾ। ਕਈ ਵਾਰ ਕਿਸੇ ਤੋਂ ਸਲਾਹ ਵੀ ਲੈਂਦੇ ਹਾਂ ਤਾ ਵੀ ਗੱਲ ਨਹੀਂ ਬਣਦੀ, ਬੇਚੈਨੀ ਹੋਰ ਵੱਧ ਜਾਂਦੀ ਹੈ।
ਮੈਂ ਤਾਂ ਹੈਰਾਨ ਹੁੰਦਾ ਜਦੋਂ ਪੜ੍ਹੇ ਲਿਖੇ ਨੌਜਵਾਨ ਲੜਕੇ ਲੜਕੀਆਂ ਸਵੇਰੇ 5ਵਜੇ ਹੀ ਬਿਨਾਂ ਸਿਰ ਪੈਰ ਦੀਆਂ ਵੀਡੀਓਜ਼ ਤੇ ਫੋਟੋਆਂ ਭੇਜ ਭੇਜ ਕੇ ਮੋਬਾਈਲ ਭਰ ਦੇਂਦੇ ਨੇ। ਸਾਡੇ ਹੱਸਣ ਦੇ ਕਾਰਨਾਂ ਦਾ ਲੈਵਲ ਵੀ ਡਿੱਗ ਚੁੱਕਾ ਹੈ, ਅਕਸਰ ਲੋਕ ਕਿਸੇ ਵੀਡੀਓ ਨੂੰ ਦੇਖ ਕੇ, ਸਿਰਫ਼ ਇਸੇ ਲਈ ਖੁਸ਼ ਹੁੰਦੇ ਨੇ ਕਿ ਉਸ ਵਿੱਚ ਗਾਲ੍ਹ ਕੱਢੀ ਗਈ ਹੈ ਯਾ Gass Pass ਕੀਤੀ ਗਈ ਹੈ ਜਿਸ ਨੂੰ ਪੰਜਾਬੀ 'ਚ ਪੱਦ ਕਿਹਾ ਜਾਂਦੈ।
ਨਿੱਕੇ ਨਿੱਕੇ ਬੱਚਿਆਂ ਦੀਆਂ ਕਈ ਲੋਕ ਵੀਡੀਓਜ਼ ਸ਼ੇਅਰ ਕਰਦੇ ਨੇ ਸਿਰਫ ਇਸ ਕਰਕੇ ਕਿ ਬੱਚਾ ਗਾਲ੍ਹਾਂ ਕੱਢਣ ਲੱਗ ਪਿਆ, ਮਾਣ ਨਾਲ ਦੱਸਦੇ ਨੇ ਕਿ ਦੇਖ ਲੋ ਬੜਾ ਸ਼ਰਾਰਤੀ ਹੋ ਗਿਆ।
ਮੇਰਾ ਸਵਾਲ ਇਹ ਐ ਕਿ ਇਸ ਬੱਚੇ ਦੇ ਮੂੰਹ 'ਚ ਗੰਦ ਪਾਇਆ ਹੀ ਕਿਸ ਨੇ ਹੈ? ਨਿੱਕੀ ਉਮਰ, ਮਤਲਬ ਬੱਚੇ ਦਾ ਖਾਲੀ ਸਮਾਂ ਕੁੱਝ ਸਿੱਖਣ ਲਈ ਹੁੰਦਾ ਹੈ ਪਰ ਇਸ ਅੰਮ੍ਰਿਤ ਵੇਲੇ ਨੂੰ ਅਸੀਂ ਜ਼ਹਿਰ ਨਾਲ ਭਰ ਦਿੱਤਾ।
ਮੇਰੀ ਆਪਣੇ ਨੌਜਵਾਨ ਸਾਥੀਆਂ ਨੂੰ ਬੇਨਤੀ ਹੈ ਕਿ ਗੱਲ ਨੂੰ ਸਮਝੋ! ਖਾਲੀ ਚੀਜ਼ ਹੁੰਦੀ ਹੀ ਭਰਨ ਲਈ ਹੈ, ਵਿਦਿਆਰਥੀ ਦੇ ਇਮਤਿਹਾਨ ਵੀ ਖਾਲੀ ਪੇਪਰ ਨੂੰ ਭਰਨ ਲਈ ਹੁੰਦੇ ਨੇ ਜਿਸ ਤੋਂ ਬਾਅਦ ਫ਼ੈਸਲਾ ਹੁੰਦਾ ਏ ਪਾਸ ਯਾ ਫ਼ੇਲ੍ਹ ਦਾ। ਤੁਸੀਂ ਆਪਣਾ ਖਾਲੀ ਸਮਾਂ ਸਹੀ ਢੰਗ ਨਾਲ ਵਰਤੋਂ ਵਿੱਚ ਲਿਆਓ, ਸ਼ਾਇਦ ਤੁਹਾਨੂੰ ਇਹ ਅਜੀਬ ਲੱਗੇ ਪਰ ਇਸਦੇ ਨਤੀਜੇ 110% ਸਹੀ ਤੇ ਸਕੂਨ ਦੇਣ ਵਾਲੇ ਤੇ ਤੁਹਾਡੀ ਜ਼ਿੰਦਗੀ 'ਚ ਲੰਬੇ ਸਮੇ ਲਈ ਬਹੁਤ ਹੀ ਵਧੀਆ ਅਸਰ ਪਾਉਣ ਵਾਲੇ ਹੋਣਗੇ, ਇਸ ਗੱਲ ਤੇ ਅੱਖਾਂ ਬੰਦ ਕਰਕੇ ਯਕੀਨ ਕੀਤਾ ਜਾ ਸਕਦਾ ਹੈ।
ਪਰ ਮੇਰਾ ਇੱਕ ਗਿਲਾ ਇਹ ਵੀ ਹੈ ਕਿ ਜਵਾਨੀ 'ਚ ਇਨਸਾਨ ਦੀ ਸੁਨਣ ਤੇ ਸਮਝਣ ਦੀ ਸਮਰੱਥਾ ਕਈ ਵਾਰ ਘੱਟ ਜਾਂਦੀ ਹੈ, ਅਸੀਂ ਜਵਾਨੀ ਦੇ ਨਸ਼ੇ 'ਚ ਹਰ ਚੀਜ਼ ਨੂੰ ਓਦੋਂ ਤੱਕ ਮਜ਼ਾਕ 'ਚ ਲੈਂਦੇ ਹਾ ਜਦੋਂ ਤੱਕ ਠੇਡਾ ਨਹੀਂ ਲੱਗਦਾ। ਇਹ ਠੇਡਾ ਕਈਆਂ ਨੂੰ ਜਲਦੀ ਲੱਗ ਜਾਂਦਾ ਹੈ ਤੇ ਕਈਆਂ ਨੂੰ ਬਹੁਤ ਦੇਰ ਨਾਲ। ਦੇਰੀ ਨਾਲ ਲੱਗਿਆ ਠੇਡਾ ਕਈ ਵਾਰ ਸਾਡੇ ਸਾਰੇ ਰਾਹ ਬੰਦ ਕਰ ਦੇਂਦਾ ਹੈ, ਓਦੋਂ ਸਿਰਫ਼ ਪਛਤਾਵਾ ਹੀ ਪੱਲੇ ਰਹਿ ਜਾਂਦਾ ਹੈ। ਜਲਦੀ ਨਾਲ ਠੇਡਾ ਲੱਗਣ ਤੇ ਇਨਸਾਨ ਕਈ ਵਾਰ ਸਮਝਦਾ ਨਹੀਂ ਹੈ ਤੇ ਅਤਮ-ਹੱਤਿਆ ਯਾ ਕਿਸੇ ਹੋਰ ਤਰੀਕੇ ਨਾਲ ਐਸੀ ਗਲਤੀ ਕਰ ਬੈਠਦਾ ਹੈ ਜੋ ਸਾਰੀ ਉਮਰ ਪਛਤਾਵਾ ਬਣ ਕੇ ਨਾਲ ਨਾਲ ਘੁੰਮਦੀ ਹੈ। ਸੋ ਠੇਡਾ ਲੱਗਣ ਦਾ ਇੰਤਜ਼ਾਰ ਨਾ ਕਰੋ, ਮੈਂ ਆਪਣੇ ਆਲੇ ਦੁਆਲੇ ਸੈਂਕੜੇ ਲੋਕਾਂ ਨੂੰ ਪਛਤਾਉਂਦੇ ਦੇਖਿਆ ਹੈ।
ਰੱਬ ਸਾਡੇ ਤੋਂ ਇਸ ਗੱਲ ਦੀ ਉਮੀਦ ਲਾਈ ਬੈਠਾ ਹੈ ਕਿ ਤੁਸੀਂ ਖਾਲੀ ਭਾਂਡੇ ਨੂੰ ਮਤਲਬ ਆਪਣੇ ਖਾਲੀ ਵਖਤ ਯਾ free time ਨੂੰ ਕਿਸ ਚੀਜ਼ ਨਾਲ ਭਰਦੇ ਹੋ, ਉਸ ਤੋਂ ਬਾਅਦ ਰੱਬ ਸਾਨੂੰ ਓਹੋ ਕੁੱਝ ਦੇਂਦਾ ਹੈ (ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ) ਜੇ ਤੁਸੀਂ ਕਿਸੇ ਵਿਆਹ ਵਿੱਚ ਖਾਲੀ ਗਿਲਾਸ ਨਾਲ ਇਹ (declare) ਐਲਾਨ ਕਰ ਦਿਓ ਕਿ ਤੁਸੀਂ ਜੂਸ ਯਾ ਸ਼ਰਾਬ ਪੀਣੀ ਹੈ ਤਾਂ ਵੇਟਰ ਵਾਰ-ਵਾਰ ਤੁਹਾਡੇ ਲਈ ਉਹੋ ਕੁੱਝ ਹੀ ਲੈ ਕੇ ਆਵੇਗਾ ਇਸ ਗੱਲ ਦੀ ਬੜੀ ਵੱਡੀ ਸੰਭਾਵਨਾ ਹੈ।
ਅੱਜ ਸਾਰਾ ਦਿਨ ਆਪਣੇ ਆਪ ਤੇ ਨਿਗਾਹ ਰੱਖੋ, ਨੋਟ ਕਰੋ ਕਿ ਕਿਸ ਕਿਸਮ ਦੇ ਵਿਚਾਰ ਸਾਡੇ ਅੰਦਰ ਚੱਲ ਰਹੇ ਨੇ? ਅਸੀਂ ਸਾਰਾ ਦਿਨ ਕੀ ਸੋਚਦੇ ਹਾਂ? ਇਸ ਗੱਲ ਦਾ ਜਵਾਬ ਸਿਰਫ ਤੁਸੀਂ ਹੀ ਦੇ ਸਕਦੇ ਹੋ, ਕੋਈ ਮਨੋਵਿਗਿਆਨੀ ਯਾ ਕਿਸੇ ਮਸ਼ੀਨ ਨਾਲ ਤੁਹਾਡੇ ਅੰਦਰਲੇ ਵਿਚਾਰਾਂ ਨੂੰ ਸਮਝਿਆ ਯਾ ਫੜਿਆ ਨਹੀਂ ਜਾ ਸਕਦਾ। ਇਸ ਕੰਮ ਲਈ ਤੁਹਾਨੂੰ ਆਪਣੇ ਆਪ ਨਾਲ ਇਮਾਨਦਾਰ ਹੋਣਾ ਪਵੇਗਾ। ਜਿੰਨੀ ਛੇਤੀ ਤੁਸੀਂ ਇਹ ਸਮਝ ਗਏ ਕਿ ਤੁਹਾਡੇ ਅੰਦਰ ਅਕਸਰ ਕੀ ਚਲਦਾ ਹੈ ਓਨੀ ਛੇਤੀ ਤੁਸੀਂ ਕਾਮਯਾਬੀ ਤੇ ਖੁਸ਼ੀਆਂ ਦੇ ਰਸਤੇ ਤੇ ਪੈ ਸਕਦੇ ਹੋ।
ਹੁਣ ਆਖਰੀ ਗੱਲ ਜੇ ਸਿਰਫ ਇਹ ਦੁਬਿਧਾ ਹੈ ਕਿ ਕੀ ਕਰੀਏ ਤਾਂ ਇਸ ਬਾਰੇ ਵਿਚਾਰ (discussion) ਕੀਤੀ ਜਾ ਸਕਦੀ ਹੈ ਤੇ ਆਓ ਸਲਾਹ ਮਸ਼ਵਰਾ ਕਰਕੇ ਅੱਗੇ ਵਧੀਏ।
-
ਜਸਪਾਲ ਨਿੱਜਰ, ਪੱਤਰਕਾਰ ਬਾਬੂਸ਼ਾਹੀ ਡਾਟ ਕਾਮ
jassi67338@gmail.com
9837376798
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.