ਖ਼ਬਰ ਹੈ ਕਿ 130 ਕਰੋੜ ਭਾਰਤੀਆਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੱਦੇ ਉਤੇ ਇੱਕਜੁੱਟਤਾ ਦਿਖਾਉਂਦਿਆਂ 5 ਅਪ੍ਰੈਲ ਨੂੰ 9 ਵਜੇ ਨੌਂ ਮਿੰਟ ਲਈ ਪੂਰੇ ਦੇਸ਼ ਨੂੰ ਰੋਸ਼ਨੀ ਨਾਲ ਜਗਮਗ ਕਰ ਦਿੱਤਾ। ਉਧਰ ਦੇਸ਼ ਵਿੱਚ 128 ਲੋਕਾਂ ਦੀ ਮੌਤ ਹੋ ਗਈ ਹੈ। ਚਾਰ ਹਜ਼ਾਰ ਤੋਂ ਜ਼ਿਆਦਾ ਲੋਕਾਂ 'ਚ ਲਾਗ ਕਾਰਨ ਕੋਰੋਨਾ ਵਾਇਰਸ ਦੇਸ਼ ਭਰ 'ਚ ਫੈਲ ਚੁੱਕਾ ਹੈ। ਮੌਤ ਦੇ ਸਹਿਮ ਕਾਰਨ ਲੱਖਾਂ ਲੋਕਾਂ 'ਚ ਕੁਹਰਾਮ ਮਚਿਆ ਹੋਇਆ ਹੈ। ਲੋਕ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋ ਰਹੇ ਹਨ। ਦੁਨੀਆਂ ਦੇ ਸਭ ਤੋਂ ਵਿਕਸਤ ਦੇਸ਼ ਅਮਰੀਕਾ ਵਿੱਚ ਇਸ ਲਾਗ ਤੋਂ ਤਿੰਨ ਲੱਖ ਤੋਂ ਵੱਧ ਲੋਕ ਪੀੜਤ ਹੋ ਚੁੱਕੇ ਹਨ ਅਤੇ ਉਥੇ ਮਰਨ ਵਾਲਿਆਂ ਦੀ ਗਿਣਤੀ 9618 ਪਹੁੰਚ ਚੁੱਕੀ ਹੈ।
ਵਾਹ ਜੀ ਵਾਹ! ਨੌਂ ਮਿੰਟਾਂ 'ਚ ਸਾਡੇ ਮੋਦੀ ਨੇ ਕਰੋਨਾ ਨੂੰ ਜਿੱਤਣ ਲਈ ਦੀਵੇ ਜਲਵਾਏ ਅਤੇ ਭਗਤਾਂ ਕਰੋਨਾ ਨੂੰ ਭਜਾਉਣ ਲਈ ਦਿਵਾਲੀ ਮਨਾਉਂਦਿਆਂ ਪਟਾਕੇ ਵਜਾਏ। ਕਰੋਨਾ ਨੂੰ ਭੁਲੇਖਾ ਪੈ ਜਾਊ 'ਤੇ ਉਹ ਦੇਵਤਿਆਂ ਦੇ ਦੇਸ਼ ਨਹੀਂ ਵੜੇਗਾ। ਜੇ ਵੜੇਗਾ ਤਾਂ ਪਟਾਕਿਆਂ ਤੋਂ ਡਰ ਭੱਜ ਜਾਏਗਾ।ਉਂਜ ਭਾਈ ਬਾਦਸ਼ਾਹੋ, ਜ਼ਰਾ ਕੁ ਦੱਸਿਓ, ਕਿੰਨੇ ਵੈਨਟੀਲੇਟਰ ਹਨ ਦੇਸ਼ ਕੋਲ? ਕਿੰਨੇ ਡਾਕਟਰ, ਕਿੰਨੀਆਂ ਨਰਸਾਂ ਅਤੇ ਕਿੰਨੀਆਂ ਦਵਾਈਆਂ ਹਨ ਦੇਸ਼ ਕੋਲ? ਭਾਈ ਜੀ, ਅਮਰੀਕਾ ਦੇ ਟਰੰਪ ਦੀਆਂ ਹੀਲਾਂ ਨਿਕਲ ਚੁੱਕੀਆਂ ਆਂ, ਜਿਹੜੀਆਂ ਇੱਕ ਨਿੱਕੇ ਜਿਹੇ ਜੀਵ ਨੇ ਹੀ ਕਢਾ ਦਿੱਤੀਆਂ ਨੇ ਤਾਂ ਸਾਡੇ ਹਾਕਮ ਭਲਾ ਕਿਹੜੇ ਬਾਗ ਦੀ ਮੂਲੀ ਨੇ।
ਦੀਵੇ ਜਗਾਉਣਾ ਤਾਂ ਵੋਟਾਂ ਵਟੋਰਨ ਲਈ, ਇੱਕ ਰਾਹ ਹੈ। ਜੀਵ ਨੂੰ ਨਾ ਰੋਕਣ ਦਾ ਇੱਕ ਰਾਹ ਸਿਵਿਆ ਨੂੰ ਜਾਂਦਾ ਹੈ ਅਤੇ ਦੂਜਾ ਰਾਹ ਚੌਧਰ ਨੂੰ। ਉਂਜ ਭਗਤੋਂ ਇੱਕ ਕਵੀ ਦੀਆਂ ਲਿਖੀਆਂ ਸਤਰਾਂ ਟੁੰਬਦੀਆਂ ਨੇ, "ਚਾਰ ਚੁਫੇਰੇ ਪਏ ਨੇ ਸੱਥਰ, ਦੀਵੇ ਕਿਵੇਂ ਜਗਾਵਾਂ ਮੈਂ।" ਪਰ ਆਪਾਂ ਤਾਂ ਭਗਤਾਂ ਨੂੰ ਖੁਸ਼ ਕਰਨਾ ਆਂ। ਆਪਾਂ ਤਾਂ ਵਿਰੋਧੀਆਂ ਨੂੰ ਟਿੱਚ ਕਰਨਾ ਆਂ। ਆਪਾਂ ਤਾਂ ਸਿਆਸੀ ਰੋਟੀਆਂ ਸੇਕਣੀਆਂ ਆਂ। ਆਪਾਂ ਤਾਂ ਰੋਟੀ,ਰੋਜ਼ੀ ਦੇ ਮੁੱਦਿਆਂ ਨੂੰ ਦਫ਼ਨ ਕਰਨਾ ਆ। ਪਰ ਆਪਾਂ ਕਲਮਾਂ ਵਾਲਿਆਂ ਨੇ ਬਾਦਸ਼ਾਹਾਂ ਦੀ ਹਕੀਕਤ ਬਿਆਨ ਕਰਨੀ ਆਂ ਅਤੇ ਕਵੀ ਹਾਸ਼ਮ ਨੂੰ ਯਾਦ ਕਰਨਾ ਆਂ, "ਕਹੁ ਹੁਣ ਹਾਲ ਹਕੀਕਤ ਹਾਸ਼ਮ, ਹੁਣ ਦਿਆਂ ਬਾਦਸ਼ਾਹਾਂ ਦੀ"।
ਅਸਾਂ ਨੇ ਬੂਹੇ ਢੋਅ ਲਏ ਆਪਣੇ ਵੇਖਕੇ ਆਲਾ ਮੌਸਮ ਨੂੰ,
ਜਿਹਨਾਂ ਦੇ ਘਰ ਕੱਖਾਂ ਦੇ ਨੇ, ਉਹ ਕੀ ਢੋਣਗੇ ਬਾਬਾ ਜੀ।
ਖ਼ਬਰ ਹੈ ਕਿ ਊਨਾ 'ਚ ਇੱਕ 37 ਸਾਲਾ ਵਿਅਕਤੀ ਨੇ ਪਿੰਡ ਦੇ ਕੁਝ ਲੋਕਾਂ ਵਲੋਂ ਉਸ ਦੇ ਕੀਤੇ ਬਾਈਕਾਟ ਤੋਂ ਖਫ਼ਾ ਹੋਕੇ ਖੁਦ ਨੂੰ ਫ਼ਾਂਸੀ ਲਗਾਕੇ ਖੁਦਕੁਸ਼ੀ ਕਰ ਲਈ। ਲੋਕਾਂ ਨੇ ਉਸਦੇ ਕਰੋਨਾ ਪੀੜਤ ਨਾ ਹੋਣ 'ਤੇ ਵੀ ਉਸਨੂੰ ਸ਼ੱਕੀ ਸਮਝਿਆ। ਉਧਰ ਫਗਵਾੜਾ ਨੇੜਲੇ ਇੱਕ ਪਿੰਡ ਦੀ 65 ਸਾਲ ਦੀ ਔਰਤ ਨੇ ਖੁਦਕੁਸ਼ੀ ਕਰ ਲਈ। ਉਸਨੂੰ ਖਾਂਸੀ, ਜ਼ੁਕਾਮ ਤੇ ਬੁਖਾਰ ਦੀ ਸ਼ਕਾਇਤ ਸੀ ਅਤੇ ਉਹ ਇਕੱਲੀ ਹੀ ਰਹਿੰਦੀ ਸੀ। ਉਸਨੂੰ ਸ਼ੰਕਾ ਸੀ ਕਿ ਉਸਨੂੰ ਗੰਭੀਰ ਬੀਮਾਰੀ ਹੈ, ਜਿਸਦੇ ਚੱਲਦਿਆਂ ਉਸਨੇ ਆਪਣੀ ਲੜਕੀ ਨੂੰ ਵੀ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ।
ਤਾਂ ਕੀ ਹੋਇਆ ਜੇਕਰ ਹਰ ਸਾਲ 10 ਲੱਖ ਬੱਚੇ ਭਾਰਤ ਵਿੱਚ ਭੁੱਖ ਨਾਲ ਮਰ ਜਾਂਦੇ ਹਨ। ਤਾਂ ਕੀ ਹੋਇਆ ਦੇਸ਼ ਦੀ 75.6 ਫੀਸਦੀ ਭਾਵ 82.8 ਕਰੋੜ ਆਬਾਦੀ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੀ ਹੈ। ਤਾਂ ਕੀ ਹੋਇਆ ਜੇਕਰ 30 ਕਰੋੜ ਗਰੀਬ ਲੋਕ ਦੇਸ਼ 'ਚ ਅਜਿਹੇ ਹਨ ਜੋ ਆਪਣਾ ਅਤੇ ਆਪਣੇ ਪਰਿਵਾਰ ਦਾ ਢਿੱਡ ਵੀ ਭਰਨ 'ਚ ਸਫਲ ਨਹੀਂ ਹੁੰਦੇ। ਇਹਨਾ ਨੂੰ ਕੋਰੋਨਾ ਕੀ ਆਖੂ! ਇਹ ਤਾਂ ਭਾਈ ਪਹਿਲਾਂ ਹੀ ਅਣਿਆਈ ਮੌਤੇ ਮਰਦੇ ਆ। ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਆਮ ਲੋਕਾਂ ਨੂੰ ਇਸ ਤੋਂ ਵੱਡਾ ਹੋਰ ਕਿਹੜਾ ਤੋਹਫਾ ਦੇ ਸਕਦਾ ਹੈ?
ਲੋਕਤੰਤਰ ਆ, ਤਦੇ ਅਮੀਰੀ-ਗਰੀਬੀ ਦਾ ਫ਼ਰਕ ਹੈ। ਜ਼ਮੀਨ ਅਸਮਾਨ ਦਾ। ਗਗਨ ਟੁੰਬੀ ਇਮਾਰਤਾਂ ਇੱਕ ਪਾਸੇ, ਝੁਗੀਆਂ ਦੂਜੇ ਪਾਸੇ। ਜੰਗਾਂ ਲੱਗੀਆਂ ਹਾਹਾਕਾਰ ਮੱਚੀ, ਲੋਕ ਘੁਰਨੀ ਵੜੇ। ਪਰ ਇਸ ਜੀਵੀ ਜੰਗ ਨੇ ਤਾਂ ਵੱਡਿਆਂ-ਵੱਡਿਆਂ ਨੂੰ ਪੜ੍ਹਨੇ ਪਾ ਤਾ। ਜਿਹਨਾ ਦੇ ਭੜੋਲੇ ਭਰੇ ਹਨ, ਉਹਨਾ ਦਰਵਾਜੇ ਭੇੜ ਲਏ, ਪਰ ਦੂਜੇ ਅਸਮਾਨ ਵੱਲ ਵੇਖ ਰਹੇ ਆ। ਪਰ ਜੀਵ ਤਾਂ ਜੀਵ ਆ, ਕਿਹਨੂੰ ਬਖ਼ਸ਼ੂ? ਉਂਜ ਕਵੀ ਨਜ਼ਮੀ ਇਹ ਸਵਾਲ ਦਾ ਜਵਾਬ ਦਿੰਦਾ ਆ, "ਅਸਾਂ ਤੇ ਬੂਹੇ ਢੋਅ ਲਏ ਆਪਣੇ ਵੇਖਕੇ ਆਲਾ ਮੌਸਮ ਨੂੰ, ਜਿਹਨਾਂ ਦੇ ਘਰ ਕੱਖਾਂ ਦੇ ਨੇ, ਉਹ ਕੀ ਢੋਣਗੇ ਬਾਬਾ ਜੀ"।
ਅਸੀਂ ਅੱਖਾਂ ਮਲ ਮਲ ਵੇਖੀਏ, ਕੀ ਖੇਡਾਂ ਹੋਈਆਂ,
ਕਿਤੇ ਸ਼ੇਰਾਂ ਵਰਗੇ ਸੂਰਮੇ, ਅੱਜ ਭੇਡਾਂ ਹੋਈਆਂ।
ਖ਼ਬਰ ਹੈ ਕਿ ਕਰੋਨਾ ਸੰਕਟ ਦਾ ਅਸਰ ਕਈ ਜਗਾਹ ਹੋ ਰਿਹਾ ਹੈ, ਪਰ ਇਸ ਨਾਲ ਘਰ-ਘਰ ਕੂੜਾ ਇੱਕਠਾ ਕਰਨ ਵਾਲੇ ਵੀ ਪ੍ਰੇਸ਼ਾਨ ਹਨ ਤੇ ਇਸ ਨਾਲ ਜਲੰਧਰ ਦੇ ਕਈ ਵਾਰਡਾਂ ਵਿੱਚ ਕੂੜਾ ਚੁਕਣ ਦਾ ਕੰਮ ਬੰਦ ਹੋਣ ਦੇ ਕਿਨਾਰੇ ਹੈ। ਸਫਾਈ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਦੋਂ ਉਹ ਘਰ-ਘਰ ਕੂੜਾ ਲੈਣ ਜਾਂਦੇ ਹਨ ਤਾਂ ਉਹਨਾ ਨੂੰ ਕਿਹਾ ਜਾਂਦਾ ਹੈ ਕਿ ਉਹ ਦਰਵਾਜੇ ਨੂੰ ਹੱਥ ਨਾ ਲਾਉਣ ਜਾਂ ਫਿਰ ਪੈਸੇ ਦੇਣ ਲਈ ਉਹ ਜ਼ਮੀਨ ਤੇ ਰੱਖ ਦਿੰਦੇ ਹਨ। ਇਹਨਾ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇਕਰ ਲੋਕਾਂ ਦਾ ਇਹੋ ਵਤੀਰਾ ਰਿਹਾ ਤਾਂ ਸਫਾਈ ਦਾ ਕੰਮ ਪ੍ਰਭਾਵਤ ਹੋਏਗਾ ਅਤੇ ਉਹ ਕੰਮ ਬੰਦ ਕਰ ਦੇਣਗੇ।
ਪੰਜਾਬ ਨੂੰ ਪਹਿਲਾਂ 47 ਨੇ ਸਮੇਟਿਆ ਤੇ ਫਿਰ 84 ਨੇ ਘਸੀਟਿਆ। ਰਹਿੰਦੀ-ਖੂੰਹਦੀ ਕਸਰ ਨਸ਼ਿਆਂ ਤੇ ਨੌਜਵਾਨਾਂ ਦੇ ਪ੍ਰਵਾਸ ਨੇ ਪੂਰੀ ਕਰਤੀ। ਕਿਸਾਨਾਂ ਦੀਆਂ ਖੁਦਕੁਸ਼ੀਆਂ ਨੇ ਸੱਥਰ ਵਿਛਾ 'ਤੇ ਅਤੇ ਆਹ ਕਰੋਨਾ ਨੇ ਤਾਂ ਸਾਫ-ਸੁਥਰੇ ਸੁਡੋਲ 'ਟੈਂ' ਨਾ ਮੰਨਣ ਕਿਸੇ ਦੀ, ਵਾਲੇ ਪੰਜਾਬੀ ਘਰੀਂ ਬੈਠਾ 'ਤੇ।
ਲਉ ਜੀ ਕਿਥੇ ਗਿਆ ਖੁਲ੍ਹਾ ਦਿਲ? ਲਓ ਜੀ, ਕਿਥੇ ਗਈਆਂ ਗਲਵਕੜੀਆਂ, ਕਿਥੇ ਗਏ ਹਾਸੇ, ਠੱਠੇ? ਨੌਜਵਾਨ ਨਸ਼ੇ ਲਈ ਲੇਲੜੀਆਂ ਕੱਢਦੇ ਆ। ਕਰੋਨਾ ਵੇਲੇ ਘਰੀਂ ਬੰਦ, ਲੋੜਬੰਦ ਵੱਡਿਆਂ ਦੀਆਂ ਭੇਜੀਆਂ ਖ਼ੈਰਾਂ ਉਡੀਕਦੇ ਆ। ਅਤੇ ਉਹ "ਮੂਸਾ ਭੱਜਾ ਮੌਤ ਤੋਂ ਅੱਗੇ ਮੌਤ ਖੜੀ" ਦੇ ਡਰੋਂ ਕਬਾੜ ਬੰਦ ਕਰੀ ਬੈਠੇ ਲੋਕ, ਆਪਣਿਆਂ ਤੋਂ ਭੱਜੀ ਤੁਰੇ ਜਾਂਦੇ ਆ। ਤੇ ਜਾਨਾਂ ਤੇ ਖੇਡਦੇ ਉਹਨਾ ਦੇ ਆਪਣੇ ਇੱਕ ਕਵੀ ਦੀਆਂ ਸਤਰਾਂ ਉਹਨਾ ਨੂੰ ਸੁਨਾਉਣ ਲਈ ਕਾਹਲੇ ਹੋਏ ਪਏ ਆ, "ਅਸੀਂ ਅੱਖਾਂ ਮਲ ਮਲ ਵੇਖੀਏ, ਕੀ ਖੇਡਾਂ ਹੋਈਆਂ, ਕਿਤੇ ਸ਼ੇਰਾਂ ਵਰਗੇ ਸੂਰਮੇ, ਅੱਜ ਭੇਡਾਂ ਹੋਈਆਂ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਕਿਸੇ ਵੀ ਬਿਮਾਰੀ ਨਾਲ ਲੜਨ ਲਈ ਸਿਹਤ ਉਤੇ ਖ਼ਰਚ ਕਰਨਾ ਜ਼ਰੂਰੀ ਹੈ। ਸਾਡੇ ਦੇਸ਼ ਵਿੱਚ ਪ੍ਰਤੀ ਵਿਅਕਤੀ ਸਿਹਤ ਖ਼ਰਚਾ ਸਾਲ 1990-91 ਵਿੱਚ 64 ਰੁਪਏ 80 ਪੈਸੇ ਸੀ। ਸਾਲ 2017-18 ਵਿੱਚ ਇਹ ਖ਼ਰਚਾ ਵਧਕੇ 1657 ਰੁਪਏ ਹੋ ਗਿਆ ਹੈ। ਪਰ ਐਕਸਪਰਟ ਕਹਿੰਦੇ ਹਨ ਕਿ ਇਹ ਖ਼ਰਚਾ ਚੰਗੀ ਸਿਹਤ ਲਈ ਘੱਟ ਹੈ।
ਇੱਕ ਵਿਚਾਰ
ਜੇਕਰ ਤੁਸੀ ਲੋਕਾਂ ਨੂੰ ਉਹਨਾ ਦੀਆਂ ਮਨੋਇੱਛਤ ਚੀਜ਼ਾਂ ਪ੍ਰਾਪਤ ਕਰਨ 'ਚ ਮਦਦ ਕਰਦੇ ਹੋ, ਤਾਂ ਤੁਸੀ ਵੀ ਆਪਣੇ ਜੀਵਨ ਵਿੱਚ ਜੋ ਚਾਹੁੰਦੇ ਹੋ, ਉਸਨੂੰ ਪ੍ਰਾਪਤ ਕਰ ਲੈਂਦੇ ਹੋ।
.........ਜਿੱਗ ਜਿਗਲਰ (ਅਮਰੀਕੀ ਲੇਖਕ)
-
ਗੁਰਮੀਤ ਸਿੰਘ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.