ਸਿੱਖ ਸੰਗਤ ਦੇ ਨਾਮ ਪ੍ਰੇਮ ਸੰਦੇਸਰਾ
ਹੇ ਪ੍ਰਾਣ ਨਾਥ ਗੋਬਿੰਦਹ ਕ੍ਰਿਪਾ ਨਿਧਾਨ ਜਗਦ ਗੁਰੋ॥
ਹੇ ਸੰਸਾਰ ਤਾਪ ਹਰਣਹ ਕਰੁਣਾ ਮੈ ਸਭ ਦੁਖ ਹਰੋ॥
ਸੰਸਾਰ ਭਰ ਵਿਚ ਵਸਦੇ ਸੰਮੂਹ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਜੀਓ ॥
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫ਼ਤਿਹ ॥
ਅੱਜ ਪੂਰੀ ਮਨੁੱਖ ਜਾਤੀ ਕਰੋਨਾ ਵਾਇਰਸ ਦੇ ਡੂੰਘੇ ਸੰਕਟ ਵਿਚੋਂ ਗੁਜ਼ਰ ਰਹੀ ਹੈ। ਇਸਦੇ ਕਈ ਕਾਰਣ ਹੋ ਸਕਦੇ ਹਨ।ਇਨ੍ਹਾਂ ਤੇ ਚਰਚਾ ਹੋ ਰਹੀ ਹੈ ਤੇ ਸ਼ਾਇਦ ਲੰਬੇ ਸਮੇਂ ਤੱਕ ਹੁੰਦੀ ਵੀ ਰਹੇਗੀ।ਸੰਕਟ ਆਇਆ ਹੈ ਤਾਂ ਲੰਘ ਵੀ ਜਾਏਗਾ। ਪਰ ਇਸ ਸੰਕਟ ਦੇ ਹੱਲ ਲਈ ਮਨੁੱਖ ਜਾਤੀ ਦੁਆਰਾ ਲਏ ਜਾਣ ਵਾਲੇ ਫੈਸਲੇ,ਕੇਵਲ ਦੁਨੀਆਂ ਦੇ ਸਿਹਤ-ਸੰਭਾਲ ਦੇ ਢੰਗ-ਤਰੀਕਿਆਂ ਨੂੰ ਹੀ ਨਹੀਂ ਸਗੋਂ ਸੰਸਾਰ ਦੀ ਸੋਚ-ਵਿਚਾਰ, ਸਮਾਜਕ ਰਹਿਣ-ਸਹਿਣ, ਕੰਮ ਕਰਨ ਦੇ ਢੰਗਾਂ, ਆਰਥਿਕਤਾ, ਰਾਜਨੀਤੀ ਆਦਿ ਸਭ ਕਾਸੇ ਨੂੰ ਮੁੱਢੋਂ ਹੀ ਤਬਦੀਲ ਕਰਕੇ ਰੱਖ ਦੇਣਗੇ।ਦੁਨੀਆਂ ਉਹ ਨਹੀਂ ਰਹੇਗੀ ਜੋ ਇਸ ਸੰਕਟ ਤੋਂ ਪਹਿਲਾਂ ਹੁੰਦੀ ਸੀ।ਬਿਨਾਂ ਸ਼ੱਕ, ਸੰਕਟ ਦੀ ਘੜੀ ਟਲ ਜਾਵੇਗੀ,ਮਨੁੱਖ ਜਾਤੀ ਵੀ ਬਚ ਜਾਵੇਗੀ, ਪਰ ਸੱਚ ਜਾਣਿਓਂ,ਮਨੁੱਖਤਾ ਅਸਲੋਂ ਹੀ ਇਕ ਨਵੇਂ ਮਹੌਲ ਵਿੱਚ ਰਹਿ ਰਹੀ ਹੋਵੇਗੀ।ਇਸੇ ਸੰਬੰਧ ਵਿਚ ਮੈਂ ਪਿਛਲੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਕੁਝ ਸੰਦੇਸ਼ ਰੂਪ ਵਿਚ ਆਪ ਸਭ ਨਾਲ ਭਾਵਨਾਵਾਂ ਸਾਂਝੀਆਂ ਕਰਦਾ ਰਿਹਾਂ ਹਾਂ।ਇਕੱਲਾ-ਇਕੱਲਾ ਮੁਲਕ ਨਹੀਂ,ਸਮੁੱਚਾ ਜਗਤ ਹੀ ਕਰੋਨਾ ਵਾਇਰਸ ਦੀ ਇਸ ਮਾਰੂ ਲਪੇਟ ਵਿਚ ਆਇਆ ਹੋਇਆ ਹੈ।ਇਸ ਵਿਚ ਕੋਈ ਸ਼ੱਕ ਨਹੀ ਕਿ ਵੱੱਖ-ਵੱਖ ਮੁਲਕਾਂ ਦੁਆਰਾ ਕੀਤੇ ਜਾ ਰਹੇ ਲੌਕਡਾਊਨ ਵੀ ਅਤਿਅੰਤ ਜ਼ਰੂਰੀ ਹਨ,ਪਰ ਸਮੁੱਚੀ ਮਨੁੱਖ ਜਾਤੀ ਲਈ ਖ਼ਤਰਾ ਬਣੀ ਇਸ ਆਫ਼ਤ ਦਾ ਮੁਕਾਬਲਾ ਤਾਂ ਸਭ ਨੂੰ ਰਲ ਕੇ ਹੀ ਕਰਨਾ ਹੋਵੇਗਾ।ਅਮੀਰ ਮੁਲਕ ਕੇਵਲ ਆਪਣੇ ਹੀ ਬਚਾਅ ਬਾਰੇ ਸੋਚ ਕੇ,ਗਰੀਬ ਮੁਲਕਾਂ ਨੂੰ ਨਜਰ ਅੰਦਾਜ਼ ਨਹੀਂ ਕਰ ਸਕਣਗੇ।ਜਿੰਨੀ ਦੇਰ ਤੱਕ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਕੋਰੋਨਾ ਵਾਇਰਸ ਦਾ ਇਕ ਵੀ ਕੇਸ ਮੌਜੂਦ ਹੈ,ਓਨੀ ਦੇਰ ਤੱਕ ਦੁਨੀਆਂ ਦੇ ਸਭਨਾਂ ਮੁਲਕਾਂ ਵਿੱਚ ਖ਼ਤਰੇ ਦੇ ਬੱਦਲ ਬਰਾਬਰ ਛਾਏ ਰਹਿਣਗੇ।ਸਰਹੱਦਾਂ ਦੀ ਪਰਵਾਹ ਤਾਂ ਕੇਵਲ ਮਨੁੱਖਾਂ ਨੂੰ ਹੀ ਹੈ,ਕੋਰੋਨਾ ਵਾਇਰਸ ਨੂੰ ਨਹੀਂ।ਜੇਕਰ ਸਾਧਨ-ਸੰਪੰਨ ਲੋਕਾਂ ਅਤੇ ਮੁਲਕਾਂ ਨੇ ਆਪਣੇ ਆਪ ਨੂੰ ਬਚਾਉਣਾਂ ਹੈ ਤਾਂ ਉਨ੍ਹਾਂ ਨੂੰ ਸਾਧਨ-ਵਿਹੂਣੇ ਲੋਕਾਂ ਅਤੇ ਮੁਲਕਾਂ ਨੂੰ ਵੀ ਨਾਲ ਹੀ ਬਚਾਉਣਾ ਹੋਵੇਗਾ।
ਦੁਨੀਆਂ ਵਿੱਚ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਹੋਣਗੀਆਂ, ਜਿੱਥੇ ਲੋਕਾਂ ਕੋਲ ਹੱਥ ਧੋਣ ਲਈ ਸਾਬਣ ਨਹੀਂ ਹੋਵੇਗਾ, ਬਿਮਾਰਾਂ ਲਈ ਹਸਪਤਾਲ ਨਹੀਂ ਹੋਣਗੇ,ਬੱਚਿਆਂ ਲਈ ਲੋੜੀਂਦਾ ਭੋਜਨ ਨਹੀਂ ਹੋਵੇਗਾ,ਆਪਣੇ ਆਪ ਨੂੰ ਸੰਭਾਲਣ ਦੀ ਸੋਝੀ ਵੀ ਨਹੀਂ ਹੋਵੇਗੀ।ਗੱਲ ਕੀ,ਬਿਮਾਰੀ ਨਾਲ ਲੜਨ ਦੀ ਸ਼ਕਤੀ ਹੀ ਨਹੀਂ ਹੋਵੇਗੀ।ਜੇਕਰ ਅਸੀਂ ਕੋਰੋਨਾ ਵਾਇਰਸ ਤੋਂ ਬਚਣਾ ਚਾਹੁੰਦੇ ਹਾਂ ਤਾਂ ਅਮੀਰ ਮੁਲਕਾਂ ਨੂੰ ਕੇਵਲ ਆਪਣੇ ਵਿਚ ਹੀ ਨਹੀਂ,ਸਗੋਂ ਸਾਰੀ ਦੁਨੀਆਂ ਦੇ ਲੋਕਾਂ ਵਿੱਚ ਕੋਰੋਨਾ ਵਾਇਰਸ ਵਿਰੁੱਧ ਲੜਨ ਦੀ ਸ਼ਕਤੀ ਪੈਦਾ ਕਰਨੀ ਹੋਵੇਗੀ।ਜਿੰਨੀ ਦੇਰ ਤੱਕ ਦੁਨੀਆਂ ਅੰਦਰ ਬਿਮਾਰੀ ਵਿਰੁੱਧ ਲੜਨ ਵਿਚ ਅਸਮਰੱਥ ਅਤੇ ਸਾਧਨ-ਵਿਹੂਣੇ ਲੋਕ ਮੌਜੂਦ ਹਨ,ਓਨੀ ਦੇਰ ਤੱਕ ਦੁਨੀਆਂ ਵਿਚੋਂ ਕੋਰੋਨਾ ਵਾਇਰਸ ਜਾਂ ਭਵਿੱਖ ਵਿਚ ਪੈਦਾ ਹੋਣ ਵਾਲੇ ਇਸ ਵਰਗੇ ਹੋਰ ਖ਼ਤਰਨਾਕ ਵਾਇਰਸ ਵੀ ਖ਼ਤਮ ਨਹੀਂ ਹੋਣਗੇ।ਜੇਕਰ ਅਮੀਰ ਲੋਕ ਅਤੇ ਅਮੀਰ ਮੁਲਕ ਆਪਣੇ ਆਪ ਨੂੰ ਸੁਰੱਖਿਅਤ ਰੱਖਣਾਂ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਆਪਣੇ ਨਿੱਜ ਤੋਂ ਪਾਰ ਜਾ ਕੇ ਸਰਬੱਤ ਦੇ ਭਲੇ ਲਈ ਸੋਚਨਾਂ ਪਵੇਗਾ।
ਮਹਾਂਮਾਰੀ ਅਤੇ ਉਸ ਵਿਚੋਂ ਉਤਪਨ ਹੋਣ ਵਾਲਾ ਆਰਥਕ ਸੰਕਟ, ਦੋਨੋਂ ਹੀ ਵਿਸ਼ਵ ਵਿਆਪੀ ਸੰਕਟ ਹਨ।ਇਸ ਲਈ ਇਨ੍ਹਾਂ ਦੇ ਹੱਲ ਵੀ ਵਿਸ਼ਵ-ਵਿਆਪੀ ਸੋਚ ਨਾਲ ਹੀ ਹੋਣਗੇ ਅਤੇ ਮੁਲਕਾਂ ਦੇ ਆਪਸੀ ਵਿਸ਼ਵਾਸ ਅਤੇ ਸਹਿਯੋਗ ਰਾਹੀਂ ਹੀ ਇਹ ਸੰਭਵ ਹੈ। ਮਨੁੱਖੀ ਸੋਚ, ਅਮਰੀਕਾ ਮਹਾਨ ਹੈ, ਰੂਸ ਮਹਾਨ ਹੈ, ਚੀਨ ਮਹਾਨ ਹੈ, ਭਾਰਤ ਦੇਸ਼ ਮਹਾਨ ਹੈ ਦੇ ਨਾਅਰੇ ਦਿੰਦੀ ਰਹਿੰਦੀ ਹੈ।ਸਭ ਮਹਾਨ ਹਨ, ਪਰ ਜੋ ਚੀਜ਼ ਇਨ੍ਹਾਂ ਤੋਂ ਵੀ ਮਹਾਨ ਹੈ, ਉਹ ਹੈ ਮਨੁੱਖਤਾ।ਜੇਕਰ ਮਨੁੱਖਤਾ ਦਾ ਭਵਿੱਖ ਸੁਰੱਖਿਅਤ ਹੈ,ਤਾਂ ਹੀ ਇਨ੍ਹਾਂ ਦੀ ਮਹਾਨਤਾ ਵੀ ਸੁਰੱਖਿਅਤ ਰਹੇਗੀ।ਇਸ ਸੰਕਟ ਦੀ ਘੜੀ ਵਿਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਜਿੱਥੇ ਮੁਲਕਾਂ ਦੀ ਵੱਖੋ-ਵੱਖਰੀ ਹੋਂਦ ਪ੍ਰਸੰਗਕ ਹੋ ਸਕਦੀ ਹੈ, ਉੱਥੇ ਉਸ ਤੋਂ ਵੀ ਕਿਤੇ ਵੱਧ ਜ਼ਰੂਰੀ ਹੈ ਮੁਲਕਾਂ ਦਾ ਆਪਸੀ ਸਹਿਯੋਗ ਅਤੇ ਸਾਂਝੀ ਕਾਰਜ-ਜੁਗਤੀ। ਉਂਜ ਤਾਂ ਅਸੀਂ ਉਦੋਂ ਹੀ ਜਾਗਦੇ ਹਾਂ ਜਦੋਂ ਮੁਸੀਬਤ ਸਿਰ 'ਤੇ ਆ ਪੈਂਦੀ ਹੈ।ਐਟਮੀ ਜੰਗ, ਵਾਤਾਵਰਣ ਦੀ ਤਬਦੀਲੀ, ਦਹਿਸ਼ਤਗਰਦੀ, (ਜਿਸ ਨੇ ਹੁਣੇ ਹੁਣੇ ਅਫਗਾਨਿਸਤਾਨ ਵਿਚ ਸਾਡੇ ਕਈ ਸਿੱਖ ਭਰਾਵਾਂ, ਬੱਚਿਆਂ ਅਤੇ ਇਸਤਰੀਆਂ ਨੂੰ ਨਿਗ਼ਲਿਆ ਹੈ) ਬੇਰੁਜ਼ਗਾਰੀ, ਨਾ-ਬਰਾਬਰੀ, ਅਸਿਹਣਸ਼ੀਲਤਾ ਆਦਿ ਅਜਿਹੇ ਹੋਰ ਵੀ ਬਹੁਤ ਸਾਰੇ ਮਸਲੇ ਸਾਡੇ ਸਿਰਾਂ ਉੱਪਰ ਮੰਡਲਾ ਰਹੇ ਹਨ ਤੇ ਇਹ ਸਾਰੇ ਹੀ ਕੇਵਲ, ਮਨੁੱਖੀ ਸਮਾਜ ਦੇ ਆਪਸੀ ਸਹਿਯੋਗ ਅਤੇ ਸਾਂਝੀ ਕਾਰਜ-ਜੁਗਤ ਰਾਹੀਂ ਹੀ ਹੱਲ ਹੋ ਸਕਦੇ ਹਨ। ਗੁਰੂ ਸਵਾਰਿਓ! ਕੋਰੋਨਾ ਵਾਇਰਸ ਤਾਂ ਕੇਵਲ ਇੱਕ ਚਿਤਾਵਨੀ ਹੈ ਕਿ ਅਸੀਂ ਆਪਣੇ ਰਾਸ਼ਟਰੀ ਹਿਤਾਂ ਤੋਂ ਪਾਰ ਜਾਕੇ,ਸਰਬੱਤ ਦੇ ਭਲੇ ਬਾਰੇ ਸੋਚੀਏ।ਸਰਬ-ਸਾਂਝੀਵਾਲਤਾ ਦਾ ਮਾਹੌਲ ਸਿਰਜੀਏ।ਮੁਲਕਾਂ ਦੀ ਆਜ਼ਾਦੀ ਅਤੇ ਮੁਲਕਾਂ ਦੀ ਏਕਤਾ ਵਿਚ ਇਕ ਉਸਾਰੂ ਅਤੇ ਵਿਕਾਸਮਈ ਸੰਤੁਲਨ ਬਣਾ ਕੇ ਚੱਲੀਏ। ਕੋਰੋਨਾ ਵਾਇਰਸ ਅਤੇ ਭਵਿੱਖ ਵਿੱਚ ਪ੍ਰਗਟ ਹੋਣ ਵਾਲੀਆਂ ਇਸ ਵਰਗੀਆਂ ਹੋਰ ਆਫ਼ਤਾਂ ਖ਼ਤਮ ਕਰਨੀਆਂ ਹਨ, ਤਾਂ ਵਪਾਰਕ-ਜੰਗ ਭਾਵ ਟਰੇਡ-ਵਾਰ ਵੀ ਖ਼ਤਮ ਕਰਨੀ ਹੋਵੇਗੀ।ਉਸਾਰੂ ਮੁਕਾਬਲਾ ਹੋਰ ਗੱਲ ਹੈ।ਸਹਿਯੋਗ ਅਤੇ ਪ੍ਰਤੀਯੋਗ ਨਾਲ-ਨਾਲ ਚਲਦੇ ਹਨ।ਆਜ਼ਾਦੀ ਅਤੇ ਬਰਾਬਰੀ ਦੇ ਤਰਕ-ਸ਼ਾਸਤਰ ਵਾਂਗ ਮੁਕਾਬਲੇ ਅਤੇ ਸਹਿਯੋਗ ਦਾ ਤਰਕ-ਸ਼ਾਸਤਰ ਵੀ ਜ਼ਰੂਰੀ ਹੈ।ਗੁਰੂ ਪਿਆਰਿਓ! ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਣ ਲਈ ਕੇਵਲ ਮੁਲਕਾਂ ਵਿੱਚ ਹੀ ਨਹੀਂ,ਸਗੋਂ ਸੂਬਿਆਂ, ਸ਼ਹਿਰਾਂ ਅਤੇ ਘਰਾਂ ਵਿੱਚ ਵੀ ਦੂਰੀ ਬਣਾ ਕੇ ਰੱਖਣਾ ਜ਼ਰੂਰੀ ਹੋ ਗਿਆ ਹੈ।ਫੇਰ ਦੂਰੀਆਂ ਦੇ ਇਸ ਮਾਹੌਲ ਵਿੱਚ ਸਰਬ-ਸਾਂਝੀਵਾਲਤਾ ਅਤੇ ਮਾਨਵ-ਏਕਤਾ ਦਾ ਮਾਹੌਲ ਕਿਵੇਂ ਸਿਰਜਣਾ ਹੈੈੈ ? ਇਸ ਮਸਲੇ ਨੂੰ ਸਮਝਣ ਲਈ ਕੇਵਲ ਇਨਾਂ ਜਾਣ ਲੈਣਾ ਹੀ ਬਹੁਤ ਹੋਵੇਗਾ ਕਿ ਸਰੀਰਾਂ ਦੀ ਦੂਰੀ ਸਮਾਜਿਕ ਦੂਰੀ ਨਹੀਂ ਹੁੰਦੀ।
ਵਰਤਮਾਨ ਸਮਿਆਂ ਵਿੱਚ ਆਨਲਾਈਨ ਡਿਜੀਟਲ ਨੈਟਵਰਕਿੰਗ ਨੇ ਤਾਂ ਸਰੀਰਾਂ, ਘਰਾਂ ਅਤੇ ਮੁਲਕਾਂ ਦੀ ਇਸ ਦੂਰੀ ਨੂੰ ਸਮਾਜਕ ਮਿਲਵਰਤਣ, ਆਪਸੀ ਸਹਿਯੋਗ ਅਤੇ ਸਰਬ-ਸਾਂਝੀਵਾਲਤਾ ਵਿਚ ਰੂਪਮਾਨ ਕਰਨ ਲਈ ਬਹੁਤ ਸੌਖਿਆਂ ਕਰ ਦਿੱਤਾ ਹੈ।ਇਸ ਤਕਨਾਲੋਜੀ ਨੇ, ਕੇਵਲ ਨਵ-ਉਦਾਰਵਾਦੀ,ਭਾਵ ਨਵੀਂ ਖੁਲ੍ਹੀ ਸੋਚ ਨੇ, ਜਿਸ ਨੂੰ ਅੰਗਰੇਜੀ ਵਿਚ New Generous Thinking ਆਖਦੇ ਹਨ, ਇਯ ਨੇ ਕੇਵਲ ਵਿਸ਼ਵ ਸਰਮਾਏ ਨੂੰ ਹੀ ਪੈਦਾ ਨਹੀਂ ਕੀਤਾ, ਸਗੋਂ ਵਿਸ਼ਵ ਭਾਈਚਾਰੇ ਵੀ ਇਸੇ ਤਕਨਾਲੋਜੀ ਰਾਹੀਂ ਹੋਸ਼ ਸੰਭਾਲ ਰਹੇ ਹਨ।
ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿਚ ਖਿੰਡੇ ਹੋਏ ਸਿੱਖਾਂ ਨੂੰ ਵਿਸ਼ਵ-ਵਿਆਪੀ ਕੌਮ ਵਿੱਚ ਸੰਗਠਿਤ ਕਰਨ ਦਾ ਸਿਹਰਾ ਵੀ ਇਸੇ ਆਨਲਾਈਨ ਡਿਜੀਟਲ ਨੈਟਵਰਕਿੰਗ ਦੀਆਂ ਵਿਸ਼ਵ-ਵਿਆਪੀ ਸਹੂਲਤਾਂ ਨੂੰ ਜਾਂਦਾ ਹੈ।ਇਸ ਸਾਧਨ ਰਾਹੀਂ ਹੀ ਵੱਖ-ਵੱਖ ਮੁਲਕਾਂ ਅਤੇ ਸੂਬਿਆਂ ਵਿਚ ਬੈਠੇ ਸਿੱਖ ਆਪਣੇ ਆਪ ਨੂੰ ਇਕ ਵਿਸ਼ਵ-ਵਿਆਪੀ ਕੌਮ ਦੇ ਰੂਪ ਵਿੱਚ ਅਨੁਭਵ ਕਰ ਰਹੇ ਹਨ।ਜਿਵੇਂ ਰੇਲ-ਗੱਡੀ, ਡਾਕਖਾਨੇ ਅਤੇ ਪ੍ਰਿੰਟ ਮੀਡੀਆ ਨੇ ਕਿਸੇ ਸਮੇਂ ਆਧੁਨਿਕ ਭਾਰਤੀ ਕੌਮ ਦਾ ਨਿਰਮਾਣ ਕੀਤਾ ਸੀ, ਇਸੇ ਤਰ੍ਹਾਂ ਹੀ ਅੱਜ ਵੀ ਹਵਾਈ ਯਾਤਰਾ, ਗਲੋਬਲ ਬੈਂਕਿੰਗ ਅਤੇ ਡਿਜੀਟਲ ਮੀਡੀਆ ਨੈਟਵਰਕਿੰਗ, ਵਿਸ਼ਵ-ਵਿਆਪੀ ਸਿੱਖ-ਕੌਮ ਦਾ ਵਿਕਾਸ ਕਰ ਰਹੇ ਹਨ।ਵਿਸ਼ਵ ਸਰਮਾਏ ਦੀ ਪ੍ਰਫੁਲਤਾ ਲਈ ਜੋ ਕੰਮ ਮਲਟੀਨੈਸ਼ਨਲ ਕਾਰਪੋਰੇਸ਼ਨਾਂ ਕਰ ਰਹੀਆਂ ਹਨ, ਵਿਸ਼ਵ-ਭਾਈਚਾਰੇ ਜਾਂ ਮੁਨੱਖਤਾ ਦੇ ਵਿਕਾਸ ਲਈ ਉਹੋ ਕੰਮ ਹੁਣ ਵਿਸ਼ਵ-ਵਿਆਪੀ ਕੌਮਾਂ ਦੇ ਜ਼ਿੰਮੇ ਆ ਚੁੱਕਾ ਹੈ, ਕਿਉਂਕਿ ਵਿਸ਼ਵ-ਵਿਆਪੀ ਕੌਮਾਂ ਕਿਸੇ ਇੱਕ ਮੁਲਕ ਵਿੱਚ ਨਹੀਂ, ਸਗੋਂ ਅਨੇਕ ਮੁਲਕਾਂ ਵਿੱਚ ਸਥਿਤ ਹੁੰਦੀਆਂ ਹਨ।
ਮੇਰੇ ਵਿਚਾਰ ਅਨੁਸਾਰ ਰਾਸ਼ਟਰਵਾਦ ਨੂੰ ਨਿੰਦਣ ਦੀ ਲੋੜ ਨਹੀਂ।ਪਰ ਇਹ ਬਿਲਕੁਲ ਦਰੁਸਤ ਹੈ ਕਿ ਮਾਨਵਜਾਤੀ ਨੂੰ ਦਰਪੇਸ਼ ਵਿਸ਼ਵ-ਵਿਆਪੀ ਸਮੱਸਿਆਵਾਂ ਦੇ ਹੱਲ ਲਈ ਰਾਸ਼ਟਰਵਾਦ ਕੋਈ ਸਹੀ ਢਾਂਚਾ ਨਹੀਂ ਹੈ। ਅੱਜ ਅਸੀਂ ਸੰਸਾਰ ਪੱਧਰੀ ਵਿਗਿਆਨਕ ਹਾਲਾਤਾਂ, ਵਿਸ਼ਵ ਆਰਥਿਕਤਾ, ਵਿਸ਼ਵ-ਤਕਨਾਲੋਜੀ, ਵਿਸ਼ਵ-ਮੀਡੀਆ ਅਤੇ ਵਿਸ਼ਵ-ਪੱਧਰੀ ਅੰਕੜਿਆਂ ਦੇ ਉਸ ਯੁੱਗ ਵਿੱਚ ਰਹਿ ਰਹੇ ਹਾਂ, ਜੋ ਰਾਸ਼ਟਰਵਾਦ ਦੀ ਦਲਦਲ ਵਿੱਚ ਡੁਬਦਾ ਜਾ ਰਿਹਾ ਹੈ।ਹੁਣ ਸਾਡੇ ਸਾਹਮਣੇ ਦੋ ਹੀ ਰਸਤੇ ਹਨ। ਜਾਂ ਤਾਂ ਅਸੀਂ ਆਪਣੀਆਂ ਵਿਗਿਆਨਕ ਪ੍ਰ੍ਰਾਪਤੀਆਂ, ਆਰਥਿਕਤਾ ਅਤੇ ਸਾਇੰਸ ਤਕਨਾਲੋਜੀ ਨੂੰ ਵਿਸ਼ਵ-ਪੱਧਰੀ ਸੋਚ ਤੋਂ ਦੂਰ ਕਰ ਲਈਏ ਅਤੇ ਜੇਕਰ ਅਜਿਹਾ ਕਰ ਸਕਣਾ ਸੰਭਵ ਨਹੀਂ ਤਾਂ ਫਿਰ ਕੇਵਲ ਇਕ ਹੀ ਰਸਤਾ ਬਚ ਜਾਂਦਾ ਹੈ ਕਿ ਅਸੀਂ ਆਪਣੀ ਕੌਮੀਂ ਸਿਆਸਤ ਨੂੰ ਵੀ ਵਿਸ਼ਵ-ਪੱਧਰੀ ਕਰ ਲਈਏ।ਜੇਕਰ ਵਿਸ਼ਵ-ਪੱਧਰੀ ਸਿਆਸਤ ਦਾ ਅਰਥ ਵਿਸ਼ਵ-ਪੱਧਰੀ ਸਰਕਾਰ ਨਹੀਂ ਹੈ, ਤਾਂ ਫਿਰ ਕੌਮੀ ਸਰਕਾਰਾਂ ਨੂੰ, ਬਿਨਾਂ ਕਿਸੇ ਇਕ, ਦੋ ਜਾਂ ਤਿੰਨ ਧਿਰਾਂ ਦੀ ਸਰਦਾਰੀ ਜਾਂ ਚੌਧਰ ਦੇ, ਕਿਵੇਂ ਵਿਸ਼ਵ-ਵਿਆਪੀ ਕੀਤਾ ਜਾਵੇ? ਇਹ ਸਾਡੇ ਸਮਿਆਂ ਦਾ ਬਹੁਤ ਅਹਿਮ ਅਤੇ ਵੱਡਾ ਸੁਆਲ ਹੈ। ਖਾਲਸਾ ਜੀ!ਵਿਸ਼ਵ ਸੰਕਟ ਅੱਜ ਉਸੇ ਸੰਕਟ ਵਿੱਚੋਂ ਲੰਘ ਰਿਹਾ ਹੈ,ਜਿਸ ਸੰਕਟ ਵਿਚ ਸਿੱਖ ਸਮਾਜ ਚਿਰਾਂ ਤੋਂ ਫਸਿਆ ਹੋਇਆ ਹੈ।ਜੇਕਰ ਅਸੀਂ ਸਿੱਖ ਸੰਕਟ ਦਾ ਹੱਲ ਲੱਭ ਲਈਏ,ਤਾਂ ਵਿਸ਼ਵ ਸੰਕਟ ਦਾ ਹੱਲ ਵੀ ਮਿਲ ਸਕਦਾ ਹੈ।ਇਵੇਂ ਸਿੱਖ ਸਮਾਜ ਵਿਸ਼ਵ ਸੰਕਟ ਦੇ ਹੱਲ ਦੀ ਪ੍ਰਯੋਗਸ਼ਾਲਾ ਬਣ ਜਾਵੇਗਾ।
ਸਿੱਖ ਸਮਾਜ ਨੂੰ ਅਸੀਂ ਗੁਰਦੁਆਰਿਆਂ ਦੀ ਸਰਬ-ਸਾਂਝੀ, ਖੁਲ੍ਹਤਾ ਵਾਲੀ, ਗਤੀਸ਼ੀਲ ਅਤੇ ਵਿਕਾਸਮਈ ਨੈਟਵਰਕਿੰਗ ਦੇ ਰੂਪ ਵਿਚ ਜਾਂ ਚਿਤਵ ਸਕਦੇ ਹਾਂ।ਪਰ ਅਜਿਹਾ ਕਰਨ ਲਈ ਗੁਰਦੁਆਰੇ ਨੂੰ ਕੇਵਲ ਸੰਸਥਾ ਦੇ ਰੂਪ ਵਿੱਚ ਨਹੀਂ, ਸਗੋਂ ਵਾਤਾਵਰਣ ਜਾਂ ਹਾਲਾਤ ਆਧਾਰਿਤ ਪ੍ਰਬੰਧ ਦੇ ਰੂਪ ਵਿਚ ਸਮਝਣਾ ਹੋਵੇਗਾ।ਜਿਥੇ ਗੁਰਦੁਆਰਾ ਅਤੇ ਉਸ ਨਾਲ ਜੁੜੀ ਸਿੱਖ ਸੰਗਤ ਅਤੇ ਉਸ ਦੀਆਂ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੀਆਂ ਪਰੰਪਰਾਵਾਂ ਸਮੇਂ ਅਨੁਸਾਰ ਲੋੜੀਂਦੇ ਪ੍ਰਬੰਧ ਨੂੰ ਸਿਰਜਦੀਆਂ ਹਨ।ਬਹੁ ਸਭਿਆਚਾਰਕ ਖਿੱਤਿਆਂ, ਪੱਤੀਆਂ, ਮੁਹੱਲਿਆਂ, ਭਾਈਚਾਰਿਆਂ, ਸੰਪਰਦਾਵਾਂ, ਪਿੰਡਾਂ, ਸਥਾਨਕ ਸਰਕਾਰਾਂ, ਮੂਲ ਸਰੋਤਾਂ ਅਤੇ ਕੌਮੀ ਰਾਜਾਂ ਆਦਿ ਵਿਚ ਸੰਗਠਿਤ ਇਨ੍ਹਾਂ ਗੁਰਦੁਆਰਿਆਂ ਦੀ ਵਿਸ਼ਵ-ਪੱਧਰੀ ਨੈਟਵਰਕਿੰਗ ਹੀ ਸਿੱਖ ਸਮਾਜ ਅਤੇ ਸਿੱਖ ਪੰਥ ਦਾ ਨਿਰਮਾਣ ਕਰਣ ਦੇ ਸਮਰੱਥ ਬਣਾ ਸਕਦੀ ਹੈ। ਇਸ ਤਰ੍ਹਾਂ ਸਿੱਖ ਸਮਾਜ ਅਤੇ ਸਿੱਖ ਪੰਥ ਦੇ ਨਿਰਮਾਣ ਵਿਚ ਕੌਮੀ ਰਾਜ ਅਤੇ ਵਿਸ਼ਵੀਕਰਣ, ਮੁਕਾਬਲੇ ਵਾਲਾ ਨਹੀਂ ਸਗੋਂ ਸਹਿਯੋਗੀ ਰੋਲ ਅਦਾ ਕਰਦੇ ਹਨ।ਜਦੋਂ ਇਸ ਗੱਲ ਨੂੰ ਥੋੜ੍ਹਾ ਵਿਸਥਾਰ ਦੇ ਕੇ ਦੇਖਦੇ ਹਾਂ, ਤਾਂ ਸਾਨੂੰ ਸਮਝ ਪੈ ਸਕਦੀ ਹੈ ਕਿ ਵਿਸ਼ਵੀਕਰਣ ਭਾਵ ਵਿਸ਼ਵ-ਸੱਤਾ ਅਤੇ ਕੌਮੀ-ਰਾਜਾਂ ਨੂੰ ਇਕ ਦੂਸਰੇ ਦੇ ਵਿਰੋਧ ਵਿਚ ਖੜ੍ਹੇ ਕਰ ਕੇ ਵੇਖਣਾ ਹੀ ਗਲਤ ਸੀ।
ਵਿਸ਼ਵ ਪੱਧਰੀ ਵਾਪਾਰਕ ਕਾਰਪੋਰੇਸ਼ਨਾਂ ਤੋਂ ਬਾਅਦ ਵਿਸ਼ਵਵਿਆਪੀ ਭਾਈਚਾਰਿਆਂ ਦੀ ਸਰਬ ਸਾਂਝੀ, ਖੁਲ੍ਹਤਾ ਵਾਲੀ, ਗਤੀਸ਼ੀਲ ਅਤੇ ਵਿਕਾਸਮਈ ਨੈਟਵਰਕਿੰਗ ਨੂੰ ਵਿਸ਼ਵੀਕਰਣ ਦੇ ਅਗਲੇ ਪੜਾਅ ਦੇ ਰੂਪ ਵਿੱਚ ਦੇਖਣ ਦੀ ਲੋੜ ਹੈ।ਮੈਨੂੰ ਇਹ ਗੱਲ ਕਹਿਣ ਵਿਚ ਮਾਣ ਮਹਿਸੂਸ ਹੁੰਦਾ ਹੈ ਕਿ ਸਿੱਖ ਸਮਾਜ, ਜੇ ਪਹਿਲਾ ਨਹੀਂ, ਤਾਂ ਸ਼ਾਇਦ ਉਨ੍ਹਾਂ ਮੋਢੀ ਭਾਈਚਾਰਿਆਂ ਵਿਚੋਂ ਇਕ ਜ਼ਰੂਰ ਹੈ, ਜੋ ਵਿਸ਼ਵੀਕਰਣ ਦੇ ਮਾਰਗ ਉੱਪਰ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।ਗੁਰਦੁਆਰਾ ਵਿਸ਼ਵੀਕਰਣ ਦੀ ਮੁੱਢਲੀ ਇਕਾਈ ਹੈ।ਇਨ੍ਹਾਂ ਗੁਰਦਵਾਰਿਆਂ ਦੀ ਇਸੇ ਭਾਵਨਾ ਵਾਲੀ ਵਿਕਾਸਮਈ ਨੈਟਵਰਕਿੰਗ ਹੀ ਸਿੱਖ ਪੰਥ ਦਾ ਭਵਿੱਖ ਮੁਖੀ ਵਿਕਾਸ ਕਰ ਸਕਦੀ ਹੈ।
ਗੁਰੂ ਪਿਆਰਿਓ! ਮੈਂ ਇਹ ਵਿਚਾਰ ਫੇਰ ਦੁਹਰਾ ਦਿਆਂ ਕਿ ਜੇ ਵਿਸ਼ਵ-ਪੱਧਰੀ ਸਿਆਸਤ ਦਾ ਅਰਥ ਵਿਸ਼ਵ-ਪੱਧਰੀ ਸਰਕਾਰ ਨਹੀਂ ਤਾਂ ਫਿਰ ਕੌਮੀ ਸਰਕਾਰਾਂ ਨੂੰ ਬਿਨ੍ਹਾਂ ਕੁਝ ਕੁ ਧਿਰਾਂ ਦੀ ਸਰਦਾਰੀ ਜਾਂ ਚੌਧਰ ਦੇ ਕਿਵੇਂ ਵਿਸ਼ਵ-ਪੱਧਰੀ ਕੀਤਾ ਜਾਵੇ? ਤਾਂ ਇਸ ਦਾ ਜੁਆਬ ਇਹ ਹੈ ਕਿ ਜਿਵੇਂ ਸਿੱਖ ਸਮਾਜ ਦੇ ਸੰਦਰਭ ਵਿੱਚ ਗੁਰਦੁਆਰੇ ਵਿਸ਼ਵੀਕਰਣ ਦੇ ਅਮਲ ਨੂੰ ਅੱਗੇ ਵਧਾ ਰਹੇ ਹਨ ਅਤੇ ਸਿੱਖ ਭਾਈਚਾਰਾ, ਇੱਕ ਪਾਸੇ ਤਾਂ ਬਿਨਾਂ ਕਿਸੇ ਸੰਕੋਚ ਦੇ ਮਾਤ-ਭੂਮੀ ਅਤੇ ਕਰਮ ਭੂਮੀ ਦੋਨਾਂ ਦੀ ਸਿਆਸਤ ਵਿਚ ਇੱਕੋ ਜਿਹਾ ਭਾਈਵਾਲ ਬਣ ਰਿਹਾ ਹੈ, ਉਵੇਂ ਹੀ ਦੂਸਰੇ ਪਾਸੇ ਵਿਸ਼ਵ-ਸ਼ਾਂਤੀ, ਸੰਸਾਰ ਪੱਧਰੀ ਵਾਤਾਵਰਣ ਵਿਗਿਆਨ, ਵਿਸ਼ਵ ਆਰਥਿਕਤਾ ਅਤੇ ਵਿਸ਼ਵ ਵਿਗਿਆਨ ਨੂੰ ਅੱਗੇ ਵਧਾਉਣ ਲਈ ਵਿਸ਼ਵਪੱਧਰੀ ਸਿਆਸਤ ਵਾਸਤੇ ਰਾਹ ਪੱਧਰਾ ਕਰਨ ਲਈ ਮੁੱਢਲਾ ਰੋਲ ਵੀ ਨਿਭਾ ਰਿਹਾ ਹੈ। ਅਸੀਂ ਆਖ ਸਕਦੇ ਹਾਂ ਕਿ ਗੁਰਪਰਵਸੀ ਭਗਤ ਪੂਰਨ ਸਿੰਘ ਜੀ ਵਰਗੀਟਾ ਰੂਹਾਂ ਤੋਂ ਸ਼ੁਰੂ ਹੋ ਕੇ ਸਿੰਘ ਸਾਹਿਬ ਭਾਈ ਮਨਜੀਤ ਸਿੰਘ, ਬਾਬਾ ਬੀਵੀਰ ਸਿੰਘ ਸੀਚੇਵਾਲ, ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਭਾਈ ਰਵੀ ਸਿੰਘ ਈਕੋ ਸਿੱਖ ਅਤੇ ਖਾਲਸਾ ਏਡ ਵਰਗੀਆਂ ਸੰਸਥਾਵਾਂ ਦੇ ਦੇ ਵਾਤਾਵਰਨ ਸੁਧਾਰ ਜਾਂ ਮਨੁੱਖੀ ਭਲਾਈ ਉਪਰਾਲਿਆਂ ਰਾਹੀਂ ਹਾਲੇ ਗੁਰੂ ਪੰਥ ਨੇ ਕੇਵਲ ਮੁਢਲੇ ਕਦਮ ਹੀ ਚੁੱਕੇ ਹਨ।ਪਰ ਅਸੀਂ ਇਹ ਵੀ ਨਿਰਸੰਕੋਚ ਐਲਾਨ ਕਰ ਸਕਦੇ ਹਾਂ ਕਿ ਗੁਰੂ ਨਾਨਕ ਦੇ ਲੰਗਰ, ਸੇਵਾ, ਸੰਗਤ ਅਤੇ ਪੰਗਤ ਦੇ ਵੰਡ ਛਕਣ ਵਾਲੇ ਸਿਧਾਂਤ, ਵਿਸ਼ਵਪੱਧਰੀ ਸਿੱਖ ਸਮਾਜ ਨੂੰ ਇਸ ਦਿਸ਼ਾ ਵਿਚ ਵੀ ਤੋਰ ਲੈਣਗੇ।
ਸੋ ਸਾਨੂੰ ਸਭ ਤੋਂ ਪਹਿਲਾਂ ਇਹ ਸਮਝਣ ਦੀ ਜ਼ਰੂਰਤ ਹੈ ਕਿ ਗੁਰਦੁਆਰਿਆਂ ਨਾਲ ਜੁੜੀ ਸਿੱਖ ਸੰਗਤ ਅਤੇ ਉਸਦੀਆਂ ਪਰੰਪਰਾਵਾਂ ਕੋਈ ਇਕ-ਜਾਤੀ ਸਮੂਹ ਨਹੀਂ ਹਨ। ਉਹ ਤਾਂ ਵਿਸ਼ਵ ਭਰ ਵਿਚ ਫੈਲੇ ਹੋਏ ਗੁਰਦੁਆਰੇ ਅਤੇ ਉਨ੍ਹਾਂ ਦੀ ਵੰਨ-ਸੁਵੰਨੀ ਸਿੱਖ ਸੰਗਤ ਦੇ ਵਿਸ਼ਵਵਿਆਪੀ ਨੈਟਵਰਕ ਦੀਆਂ ਕੜੀਆਂ ਹਨ।ਇਸ ਸਿੱਖ ਸੰਗਤ ਦੇ ਕਈ ਰੂਪ ਹਨ: ਅੰਮ੍ਰਿਤਧਾਰੀ,ਨਾਨਕ ਨਾਮ ਲੇਵਾ ਸੰਗਤ ਅਤੇ ਹੋਰ ਅਨੇਕਾਂ ਸਿੱਖ ਸੰਪਰਦਾਵਾਂ ਤੋਂ ਇਲਾਵਾ ਉਹ ਪੰਜਾਬੀ ਭਾਈਚਾਰਾ, ਜਿਸ ਬਾਰੇ ਪ੍ਰੋਫੈਸਰ ਪੂਰਨ ਸਿੰਘ ਲਿਖਦੇ ਹਨ 'ਪੰਜਾਬ ਜਿਊਂਦਾ ਗੁਰਾਂ ਦੇ ਨਾਮ ਤੇ' ਸਭ ਸਿੱਖ ਹਨ।ਉਨ੍ਹਾਂ ਵਰਗੇ ਸਿੱਖ ਵਿਦਵਾਨਾਂ ਦੇ ਇਹ ਵਿਚਾਰ ਇਹ ਸੁੰਦਰ ਧਾਰਨਾ ਬਣਾਉਂਦੇ ਹਨ, ਕਿ ਹਰ ਉਹ ਵਿਅਕਤੀ, ਜੋ ਗੁਰੂ ਨਾਨਕ ਦੀਆਂ ਸਿਖਿਆਵਾਂ ਉੱਤੇ ਅਮਲ ਕਰਦਾ ਹੋਇਆ,ਆਪਣੇ ਨਿਜ ਤੋਂ ਪਾਰ ਜਾਕੇ ਸਰਬੱਤ ਦਾ ਭਲਾ ਚਾਹੁੰਦਾ ਹੈ,ਉਹ ਗੁਰੂ ਦਾ ਸਿੱਖ ਸੇਵਕ ਹੀ ਹੈ।ਮੇਰੇ ਗੁਰੂ ਦੇ ਨਿਵਾਜ਼ੇ ਗੁਰਸਿੱਖੋ! ਅੱਜ ਮੈਂ ਫਿਰ ਆਪ ਜੀ ਨੂੰ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਕੇਵਲ ਪੰਜਾਬ ਦਾ ਭਲਾ ਚਾਹੁਣ ਵਾਲੇ ਪੰਜਾਬੀ ਸਿੱਖਾਂ ਦਾ ਹੀ ਨਹੀਂ,ਸਗੋਂ ਅਮਰੀਕਾ ਦਾ ਭਲਾ ਚਾਹੁਣ ਵਾਲੇ ਅਮਰੀਕਨ ਸਿੱਖਾਂ, ਪੰਜਾਬ ਅਤੇ ਕੈਨੇਡਾ ਦੋਨਾਂ ਦਾ ਭਲਾ ਚਾਹੁਣ ਵਾਲੇ ਕੈਨੇਡੀਅਨ ਸਿੱਖਾਂ ਜਾਂ ਵਖ-ਵਖ ਸੂਬਿਆਂ, ਮੁਲਕਾਂ, ਸਭਿਆਚਾਰਾਂ, ਭਾਈਚਾਰਿਆਂ ਵਿਚ ਵਸਦੇ ਪੰਜਾਬੀਆਂ ਅਤੇ ਗੈਰ ਪੰਜਾਬੀਆਂ, ਸਭ ਦੀ ਇਕੋ ਜਿਹੀ ਨੁਮਾਇੰਦਗੀ ਕਰਦਾ ਹੈ। ਮੀਰੀ ਪੀਰੀ ਦੇ ਬਖਸ਼ਣਹਾਰੇ ਸਤਿਗੁਰੂ ਦਾ ਇਹ ਤਖ਼ਤ ਦੂਸਰੇ ਧਰਮਾਂ ਦੀ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਨਾਲ-ਨਾਲ ਸਿੱਖ ਧਰਮ, ਸਿੱਖ ਸਭਿਆਚਾਰ, ਸਿੱਖ ਇਤਿਹਾਸ, ਸਿੱਖ ਸਿਆਸਤ ਅਤੇ ਸਿੱਖ ਚਿੰਤਨ ਉਪਰ ਕੰਮ ਕਰਨ ਵਾਲੇ ਦੂਜੇ ਧਰਮਾਂ ਦੇ ਵਿਦਵਾਨਾਂ, ਸਾਹਿਤਕਾਰਾਂ, ਕਲਾਕਾਰਾਂ ਆਦਿ ਨੂੰ ਵੀ ਆਪਣੇ ਤੋਂ ਦੂਰ ਕਰਕੇ ਨਹੀਂ ਦੇਖਦਾ। ਗੱਲ ਕੀ, ਸ੍ਰੀ ਅਕਾਲ ਤਖ਼ਤ ਸਾਹਿਬ ਤਾਂ ਆਪਣੇ ਨਿੱਜ ਤੋਂ ਉੱਪਰ ਉੱਠ ਕੇ ਸਰਬੱਤ ਦਾ ਭਲਾ ਚਾਹੁਣ ਵਾਲੀ ਦੁਨੀਆਂ ਭਰ ਵਿੱਚ ਫੈਲੀ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਦੀ ਤਰਜ਼ਮਾਨੀ ਕਰਦਾ ਹੈ।
ਸੋ ਇਸੇ ਭਾਵਨਾ ਅਧੀਨ, ਸਭ ਤੋਂ ਪਹਿਲਾਂ ਤਾਂ ਸੰਸਾਰ ਭਰ ਵਿਚ ਜੋ ਵੀ ਮਾਈ-ਭਾਈ, ਨਿਜੀ ਜਾਂ ਸੰਸਥਾਤਮਕ ਰੂਪ ਵਿਚ ਜੋ ਜੋ ਵੀ ਸੇਵਾ ਲੰਗਰ, ਇਲਾਜ, ਦਵਾਈਆਂ ਜਾਂ ਮਾਇਕ ਜਾਂ ਤਨ-ਮਨ ਨਾਲ ਨਿਭਾ ਰਿਹਾ ਹੈ, ਮੈਂ ਉਸਤੇ ਮਾਣ ਕਰਦਾ ਹੋਇਆ, ਉਨ੍ਹਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ।ਇਸ ਸੇਵਾ ਨੂੰ ਹੋਰ ਅੱਗੇ ਤੋਰਨ ਲਈ ਕੁਝ ਸਾਰਥਕ, ਸਰਬ-ਸਾਂਝੇ ਅਤੇ ਸਮੁੱਚੀ ਲੋਕਾਈ ਲਈ ਲਾਹੇਵੰਦੇ, ਥੋੜ੍ਹੇ ਸਮੇਂ ਅਤੇ ਲੰਬੇ ਸਮੇਂ ਦੇ ਕਾਰਜਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਜੁਗਤ ਤੇ ਅਧਾਰਤ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਆਰੰਭ ਕਰਨ ਦੀ ਇੱਛਾ ਹੈ।ਸੋ ਗੁਰੂ ਪਿਤਾ ਦੀ ਬਖਸ਼ਿਸ਼ ਨਾਲ ਜਲਦੀ ਹੀ, ਕੁਝ ਸੰਸਥਾਤਮਕ ਸਰਗਰਮੀਆਂ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ, ਜਿਸਦੀ ਜਾਣਕਾਰੀ ਕੁਝ ਹੀ ਦਿਨਾਂ ਵਿਚ ਆਪ ਸਭ ਨਾਲ ਸਾਂਝੀ ਕਰਾਂਗਾ।ਇਸਦੇ ਲਈ ਆਪ ਸਭ ਦੇ ਸਹਿਯੋਗ ਅਤੇ ਸੁਝਾਵਾਂ ਦੀ, ਬਿਨਾ ਦੇਰੀ ਤੋਂ ਦਾਸ ਨੂੰ ਲੋੜ ਹੈ।ਗੁਰੂ ਪਿਆਰਿਓ,ਸਮਾਂ ਤਾਂ ਕਿਸੇ ਦੀ ਉਡੀਕ ਨਹੀਂ ਕਰਦਾ, ਸਾਨੂੰ ਹੀ ਖਾਲਸਾ ਜੀ ਕੇ ਬੋਲ-ਬਾਲੇ ਅਤੇ ਸਰਬੱਤ ਦੇ ਭਲੇ ਲਈ ਸਿਰ ਜੋੜਨ ਦੀ ਲੋੜ ਹੈ।ਸੋ 'ਆਵਹੁ ਮੀਤ ਇਕਤ੍ਰ ਹੋਇ ਰਸ ਕਸ ਸਭਿ ਭੁੰਚਹ॥ 'ਅੰਮ੍ਰਿਤ ਨਾਮੁ ਹਰਿ ਹਰਿ ਜਪਹ ਮਿਲਿ ਪਾਪਾ ਮੁੰਚਹ'॥ ਅਤੇ 'ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ'॥ ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ'॥ ਦੇ ਗੁਰੂ ਹੁਕਮਾਂ ਨੂੰ ਧਿਆਨ ਵਿਚ ਲਿਆਈਏ ਅਤੇ ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ॥ ਦੀ ਗੁਰੂ ਭਾਵਨਾ ਅਧੀਨ ਸਭ ਵਖਰੇਵੇਂ, ਗਿਲੇ ਸ਼ਿਕਵੇ, ਬਹਿਸ ਮੁਬਾਹਸੇ ਅਤੇ ਇਕ ਦੂਜੇ ਦੀਆਂ ਊਣਤਾਈਆਂ ਭੁੱਲ ਕੇ ਗੁਰੂ ਦਾ ਨਿਵਾਜ਼ਿਆ ਪਰਿਵਾਰ ਬਣ ਜਾਈਏ।ਮੈਂ ਦੂਰ ਨੇੜੇ ਵੱਸਦੇ ਹਰ ਮਾਈ-ਭਾਈ ਲਈ ਸਦੀਵ ਖੁਸ਼ੀਆਂ, ਤੰਦਰੁਸਤੀ ਅਤੇ ਗੁਰੂ ਪਿਆਰ ਵਾਲੀ "ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ ਦੀ ਅਰਦਾਸ ਕਰਦਾ ਹਾਂ, ਤਾਂ ਕਿ ਸਰਬੱਤ ਦੇ ਭਲੇ ਦਾ ਗੁਰੂ ਬਖਸ਼ਿਆ ਕਾਰਜ ਨਿਰੰਤਰ ਚਲਦਾ ਰਹੇ।
ਉਕਤ ਸਾਰੇ ਸੰਦੇਸ਼ ਦੀ ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.facebook.com/BabushahiDotCom/videos/2769418116439659/
-
ਭਾਈ ਹਰਪ੍ਰੀਤ ਸਿੰਘ, ਜਥੇਦਾਰ, ਤਖ਼ਤ ਸ੍ਰੀ ਦਮਦਮਾ ਸਾਹਿਬ, ਕਾਰਜਕਾਰੀ ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ,
harpreet0580@gmail.com
98555 05800
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.