ਕਰੋਨਾ ਦੀ ਕਰੰਡੀ ਦੁਨੀਆਂ ਛੇਤੀ ਲੀਹ ਉਤੇ ਨਹੀਂ ਆਉਣੀ। ਮੁਲਕਾਂ ਦੇ ਮੁਲਕ ਮਸੋਸੇ ਗਏ। ਮੋਏ ਗਿਣੇ ਨਹੀਂ ਜਾਂਦੇ,ਕੌਣ ਗਿਣੇ ਮੋਏ? ਸੌਖਾ ਕੰਮ ਹੈ ਕਿਤੇ ਮੋਇਆਂ ਦੀ ਗਿਣਤੀ ਕਰਨਾ? ਕੀ ਨਿਆਣਾ,ਕੀ ਸਿਆਣਾ, ਪਏ ਝੱਲਣ ਫਿਕਰਾਂ ਦਾ ਸਾਇਆ। ਦੁਨੀਆ ਥੰਮ੍ਹ ਜਿਹੀ ਗਈ ਹੈ, ਭੈਅ ਦਾ ਭਾਰ ਹੈ। ਘਰਾਂ 'ਚ ਕੈਦੀ ਬਣਗੇ ਘਰਾਂ ਦੇ ਜੀਅ। ਰੋਜ ਕਮਾ ਕੇ ਖਾਣ ਵਾਲਾ ਮਜਦੂਰ ਡਾਹਢਾ ਮਜਬੂਰ ਹੈ,ਸਮੇਂ ਨੇ ਝੰਬ ਦਿੱਤਾ ਹੈ। ਪਰਦੇਸੀਂ ਬੈਠੇ ਆਪਣਿਆਂ ਦਾ ਫਿਕਰ ਤੇ ਝੋਰਾ ਵੱਢ ਵੱਢ ਖਾ ਰਿਹੈ, ਏਧਰਲਿਆਂ ਨੂੰ। ਸਪੀਕਰਾਂ ਚੋਂ ਸੁਣਦੇ ਚੇਤੰਨ ਕਰਦੇ ਹੋਕੇ ਤੇ ਐਂਬੂਲੈਂਸਾਂ ਦੇ ਸਾਈਰਨ ਭਵਿੱਖ ਬਾਰੇ ਸੋਚਣ ਲਈ ਮਜਬੂਰ ਕਰਦੇ ਨੇ। ਅਰਦਾਸਾਂ ਤੇ ਦੁਆਵਾਂ ਦੇ ਰੱਬ ਕੋਲ ਢੇਰਾਂ ਦੇ ਢੇਰ ਲੱਗੀ ਜਾਂਦੇ ਨੇ। ਕਿੱਥੇ ਸਾਂਭ-ਸਾਂਭ ਕੇ ਰੱਖੇਗਾ ਰੱਬ ਏਨੇ ਢੇਰ ਅਰਦਾਸਾਂ, ਜੋਦੜੀਆਂ ਤੇ ਬੇਨਤੀਆਂ ਦੇ? ਸੱਚ ਹੈ ਕਿ ਰੱਬ ਨੇ ਬੰਦੇ ਉਤੇ ਭੀੜ ਪਈ ਦੇਖ ਬੂਹੇ ਭੇੜ ਲਏ ਨੇ। ਔਖੇ ਵੇਲੇ ਢੋਈ ਦੇਣ ਤੋਂ ਪਾਸਾ ਵੱਟ ਗਿਐ ਰੱਬ ਬੰਦੇ ਤੋਂ। ਕਿਸੇ ਨੇ ਆਖਿਆ ਕਿ ਨਹੀਂ, ਰੱਬ ਕਿਤੇ ਨਹੀਂ ਗਿਆ,ਡਾਕਟਰਾਂ ਦੇ ਰੂਪ ਵਿਚ ਹਸਪਤਾਲਾਂ ਵਿਚ ਹਾਜ਼ਰ ਹੈ ਰੱਬ!
ਕੁਦਰਤ ਕਰੋਪ ਹੈ। ਬੰਦੇ ਨੂੰ ਕੁਦਰਤ ਝਾੜਾਂ ਪਾ ਰਹੀ ਹੈ ਕਿ ਮੇਰੇ ਨਾਲ ਹੀ ਖਿਲਵਾੜ ਕਰਨ ਵਾਲਿਆ ਬੰਦਿਆ, ਬਹੁਤ ਦੇਰ ਤੋਂ ਮੈਂ ਤੇਰੇ ਮੂੰਹ ਵੱਲ ਵੇਂਹਦੀ ਰਹੀ ਆਂ, ਪਰ ਬੰਦਿਆ, ਤੂੰ ਆਪਣੀ ਕਰਨੀ ਤੋਂ ਬਿਲਕੁਲ ਬਾਜ ਨਾ ਆਇਆ,ਆਖਰ ਮੈਨੂੰ ਇਹੋ ਰੰਗ ਵਿਖਾਉਣਾ ਪਿਐ ਕਿ ਤੈਨੂੰ ਅੱਜ ਘਰ ਅੰਦਰ ਬੰਦ ਕਰਨਾ ਪਿਆ ਹੈ! ਅੱਜ ਘਰ ਵੀ ਚੁੱਪ ਨਹੀਂ ਬੈਠ ਰਿਹਾ ਤੇ ਘਰ ਪੁੱਛਦਾ ਹੈ ਘਰ ਬੈਠੇ ਜੀਆਂ ਨੂੰ-ਕਿਉਂ? ਜਾਂਦੇ ਨਹੀਂ ਕਿਧਰੇ? ਜਾਓ,ਜਾ ਕੇ ਤਾਂ ਵਿਖਾਓ! ਮੈਂ 'ਘਰ' ਹਾਂ। ਮੈਂ ਹੀ ਔਖੇ ਸੌਖੇ ਸਭ ਨੂੰ 'ਸ਼ਰਨ' ਦਿੰਨੈ। ਪਰ ਕਈ ਵਾਰੀ ਮੈਨੂੰ ਵੀ ਇਕੱਲਿਆਂ ਰਹਿਣਾ ਪੈਂਦਾ ਹੈ। ਘਰਾਂ ਦੀ ਤਾਂ ਫਿਤਰਤ ਹੀ ਬਣਗੀ ਹੈ ਇਕੱਲਿਆਂ ਰਹਿਣਾ! ਕਿਉਂਕਿ ਮੈਂ 'ਘਰ' ਹਾਂ,ਕਿਧਰੇ ਨਹੀਂ ਆ-ਜਾ ਸਕਦਾ। ਮੇਰੀ ਕਿਸਮਤ ਵਿਚ ਇਕ ਥਾਂਓ ਟਿਕੇ ਰਹਿਣਾ ਹੀ ਲਿਖਿਐ,ਤੇ ਟਿਕਿਆ ਹੋਇਆਂ ਮੈਂ ਇਕੋ ਥਾਂ। ਤੁਹਾਡਾ ਜਦ ਦਿਲ ਕਰਦੈ,ਠੋਕਦੇ ਓ ਤਾਲਾ,ਤੇ ਚੱਲ ਪੈਂਦੇ ਓ ਘੁੰਮਣ ਘੁੰਮਾਉਣ। ਉਦੋਂ ਕੋਈ ਨਹੀ ਕਹਿੰਦਾ ਕਿ 'ਘਰ' ਨੂੰ ਵੀ ਨਾਲ ਲੈ ਚੱਲੀਏ ਦੋ ਦਿਨ ਨਾਲ ਘੁੰਮ ਆਊ! ਵਿਹੜੇ ਵਿਚ ਖਲੋਤੇ ਰੁੱਖ ਵੀ ਕਦੀ-ਕਦੀ ਮਨੁੱਖ ਵਾਂਗ ਆਪ ਮੁਹਾਰੇ ਹੋ ਜਾਂਦੇ ਨੇ ਤੇ ਕਹਿੰਦੇ ਨੇ-ਛੱਡੋ ਛੱਡੋ, ਘਰ ਨਾਲ ਕੀ ਗੱਲ ਕਰਨੀ ਐਂ। ਆਪਸ ਵਿਚੀਂ ਕਰਦੇ ਨੇ ਰੁੱਖ ਗੱਲਾਂ ਘਰ ਵੱਲੋਂ ਮੂੰਹ ਫੇਰ ਕੇ!!
ਸਪੀਕਰ ਖੜਕਿਆ ਹੈ। ਗੁਰਦਵਾਰਿਓਂ ਬਾਬਾ ਕੁਛ ਬੋਲੇਗਾ,ਸੁਣ ਲਵਾਂ ਕੀ ਬੋਲੇਗਾ! ਕੰਨ ਚੁੱਕ ਲੈਂਦਾ ਹਾਂ ਸਪੀਕਰ ਵੱਲ। ਬਾਬਾ ਪਿੰਡ ਦੇ ਲੋਕਾਂ ਨੂੰ ਝਾੜਾਂ ਪਾਉਣ ਲੱਗ ਪਿਐ, ਜਿਵੇਂ ਕਦੇ ਕੁਦਰਤ ਨੇ ਬੰਦੇ ਨੂੰ ਝਾੜ ਪਾਈ ਸੀ। ਬਾਬਾ ਆਖ ਰਿਹਾ ਹੈ-ਕੁਝ ਸੋਚੋ, ਅਕਲ ਨੂੰ ਹੱਥ ਮਾਰੋ, ਘਰ 'ਚੋਂ ਬਾਹਰ ਨਾ ਨਿਕਲੋ, ਏਸ ਵਿਚ ਥੋਡਾ ਈ ਭਲਾ ਐ। ਸਰਕਾਰ ਹਿਦਾਇਤਾਂ ਦੇਈ ਜਾਂਦੀ ਐ ਕਿ ਘਰ 'ਚ ਟਿਕ ਕੇ ਬਹਿਜ ਪਰ ਭਾਈ ਪਤਾ ਲੱਗਿਆ ਐ ਕਿ ਕਿ ਮਨਚਲੇ ਲੋਕ ਟਿਕ ਨਹੀਂ ਰਹੇ, ਸੋ ਹੱਥ ਜੋੜ ਕੇ ਬੇਨਤਾ ਮੰਨ ਲਓ ਭਾਈ, ਨਾ ਖਰਾਬ ਕਰੋ ਤੇ ਨਾ ਹੋਵੋ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਹਿ। ਬਾਬੇ ਵੱਲੋਂ ਪਾਈਆਂ ਲਾਹਨਤਾਂ ਸੱਚੀਆਂ ਹਨ। ਮੇਰੇ ਮੂੰਹੋਂ ਸੁਭਾਵਕ ਹੀ ਨਿਕਲਿਆ, "ਹੇ ਵਾਹਿਗੁਰੂ, ਸਰਬਤ ਦਾ ਭਲਾ ਕਰੀਂਂ।" ਕਹਿੰਦੇ ਨੇ ਸੁਭਾਵਕ ਬੋਲਿਆ ਸੱਚ ਹੋ ਨਿਬੜਦਾ ਹੈ, ਹੋ ਸਕਦੈ,ਮੇਰਾ ਬੋਲਿਆ ਵੀ ਸੱਚ ਹੋ ਨਿੱਬੜੇ!
ਮੋਬਾਈਲ ਫੋਨ ਕੁਸਕਿਆ ਹੈ। ਦੇਖਾਂ ਤਾਂ, ਕੀ ਆਖਦੈ। ਖੋਲ੍ਹਦਾ ਹਾਂ। ਕਿਸੇ ਪੁਲੀਸ ਵਾਲੇ ਨੇ ਲਿਖਿਆ ਹੈ ਕਿ ਅਸੀਂ ਆਪ ਦੀ ਸੁਰੱਖਿਆ ਲਈ ਘਰੋਂ ਬਾਹਰ ਹਾਂ, ਕਿਰਪਾ ਕਰ ਕੇ ਤੁਸੀਂ ਘਰ ਵਿਚ ਹੀ ਰਹੋ। ਇੱਕ ਸਿਹਤ ਅਧਿਕਾਰੀ ਦਾ ਸੁਨੇਹਾ ਹੈ- ਕਰੋਨਾ ਓਨਾ ਚਿਰ ਤੁਹਾਡੇ ਘਰ ਵਿਚ ਦਸਤਕ ਨਹੀਂ ਦਿੰਦਾ, ਜਿੰਨਾ ਚਿਰ ਤੁਸੀਂ ਉਸਨੂੰ ਲੈਣ ਲਈ ਘਰੋਂ ਬਾਹਰ ਨਹੀਂ ਜਾਂਦੇ, ਸੋ ਕਿਰਪਾ ਕਰ ਕੇ ਘਰੋਂ ਬਾਹਰ ਨਾ ਜਾਓ। ਇੱਕ ਵੀਡੀਓ ਹੈ। ਪੁਲੀਸ ਬੰਦੇ ਕੁੱਟ ਰਹੀ ਹੈ ਤੇ ਬੰਦਿਆਂ ਨੂੰ ਕਰਫਿਊ ਦਾ ਅਰਥ ਦੱਸ ਰਹੀ ਹੈ। ਕਿਤੇ ਬੰਦੇ ਕੰਨ ਫੜ ਕੇ ਡੰਡ ਬੈਠਕਾਂ ਕੱਢ ਰਹੇ ਨੇ ਤੇ ਪੁਲੀਸ ਡੰਡੇ ਨਾਲ ਬੁਲਵਾ ਰਹੀ ਹੈ-ਅਸੀ ਸਮਾਜ ਦੇ ਦੁਸ਼ਮਣ ਆਂ, ਅਸੀਂ ਘਰੇ ਟਿਕ ਕੇ ਨਹੀਂ ਬੈਠ ਸਕਦੇ। ਸਾਰੇ ਬੰਦੇ ਰਲ-ਮਿਲ ਕੇ ਇੱਕ ਸੁਰ ਵਿਚ ਇਹ ਬੋਲ ਦੁਹਰਾ ਰਹੇ ਹਨ। ਬਹੁਤ ਉਦਾਸ ਹੋ ਗਿਆ ਹਾਂ। ਸੌਣ ਦਾ ਯਤਨ ਕਰਦਾ ਹਾਂ। ਕੀ ਪਤਾ ਹੈ, ਉੱਠਣ ਵੇਲੇ ਤੀਕ ਕੁਝ ਨਾ ਕੁਝ ਠੀਕ ਹੀ ਹੋ ਜਾਵੇ।
-
ਨਿੰਦਰ ਘੁਗਿਆਣਵੀ, ਲੇਖਕ ਤੇ ਕਾਲਮਨਿਸਟ
ninder_ghugianvi@yahoo.com
9417421700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.