ਭਾਰਤ ਵਿੱਚ ਪੱਛਮੀ ਦੇਸ਼ਾਂ ਅਤੇ ਚੀਨ ਤੋਂ ਆਈ ਮਹਾਂਮਾਰੀ ਬੀਮਾਰੀ ‘ਕੋਰੋਨਾ’ ਬਾਰੇ ਵੱਟਸਐਪ ਦੇ ਰਾਹੀਂ ਕੱਚ-ਘਰੜੀਆਂ, ਅਗਿਆਨਤਾ ਭਰਪੂਰ, ਝੂਠੀਆਂ ਖ਼ਬਰਾਂ ਅਤੇ ਅਫ਼ਵਾਹਾਂ ਫੈਲ ਰਹੀਆਂ ਹਨ। ਜਿਹੜੀਆਂ ਮਾਨਸਿਕ ਮਹਾਂਮਾਰੀ ਦਾ ਕਾਰਨ ਬਣ ਸਕਦੀਆਂ ਹਨ। ਪੱਛਮੀ ਉੱਤਰ ਪ੍ਰਦੇਸ਼ ਦੇ ਇੱਕ ਪਿੰਡ ਵਿੱਚ ਇਹ ਅਫ਼ਵਾਹ ਫੈਲ ਗਈ ਕਿ ਨੀਂਦ ਵਿੱਚ ਸੁਤਿਆਂ ਕਈ ਲੋਕ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਅਤੇ ਪੱਥਰ ਬਣ ਗਏ। 21ਵੀਂ ਸਦੀ ਦੇ ਵਿਗਿਆਨਕ ਯੁੱਗ ਵਿੱਚ ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਅਫ਼ਵਾਹਾਂ ਕਾਰਨ ਬਿਨਾਂ ਵਜਾ ਲੋਕਾਂ ਵਿੱਚ ਡਰ ਪੈਦਾ ਹੋ ਰਿਹਾ ਹੈ। ਜਦਕਿ ਇੱਕ ਨਵੀਂ ਛਪੀ ਰਿਪੋਰਟ ਇਹ ਕਹਿੰਦੀ ਹੈ ਕਿ ਕੋਰੋਨਾ ਵਾਇਰਸ ਤੋਂ ਪੀੜਤ 95 ਫ਼ੀਸਦੀ ਮਰੀਜ਼ਾਂ ਨੂੰ ਇਲਾਜ ਨਾਲ ਠੀਕ ਕੀਤਾ ਜਾ ਸਕਦਾ ਹੈ। ਕੋਰੋਨਾ ਵਾਇਰਸ ਤੋਂ ਬਚਣ ਲਈ ਲੋਕਾਂ ਤੋਂ ਦੂਰੀ ਰੱਖਣਾ ਜ਼ਰੂਰੀ ਹੈ।
ਭਾਰਤ ਵਿੱਚ ਕਿਉਂਕਿ ਵਿਸ਼ਵ ਭਰ ਨਾਲੋਂ ਡਾਟਾ ਸਸਤਾ ਹੈ। ਲਾਕ ਡਾਊਨ ਦੇ ਦਰਮਿਆਨ ਇੰਟਰਨੈਟ ਦੀ ਖ਼ਪਤ 40 ਫ਼ੀਸਦੀ ਵਧੀ ਹੈ। ਇਸ ਨਾਲ ਭਾਰਤ ਦਾ ਜ਼ਰੂਰੀ ਸੂਚਨਾ ਤੰਤਰ ਪ੍ਰਭਾਵਿਤ ਹੋ ਰਿਹਾ ਹੈ। ਵਿਦੇਸ਼ੀ ਸੋਸ਼ਲ ਮੀਡੀਆ ਕੰਪਨੀਆਂ ਕੋਰੋਨਾ ਸੰਕਟ ਸਮੇਂ ਫਾਇਦਾ ਉਠਾ ਰਹੀਆਂ ਹਨ ਅਤੇ ਉਨਾ ਦਾ ਯਤਨ ਹੈ ਕਿ ਭਾਰਤ ਦੇ ਸਮੁੱਚੇ ਸੰਚਾਰ ਸਿਸਟਮ ਅਤੇ ਸੂਚਨਾ ਤੰਤਰ ਇਸ ਨੂੰ ਕਾਬੂ ਕਰ ਲਿਆ ਜਾਵੇ। ਭਾਰਤ ਸਰਕਾਰ ਅਤੇ ਸਮੁੱਚੇ ਭਾਰਤੀ ਸਮਾਜ ਦੀ ਵਿਦੇਸ਼ੀ ਸੋਸ਼ਲ ਮੀਡੀਆ ’ਤੇ ਵਿਆਪਕ ਨਿਰਭਰਤਾ ਸ਼ੁਭ ਨਹੀਂ ਹੈ। ਕੋਰੋਨਾ ਵਾਇਰਸ ਕਾਰਨ ਦੇਸ਼ ਦੀ ਅਰਥ-ਵਿਵਸਥਾ ਵਿਗੜ ਰਹੀ ਹੈ। ਲੋਕਾਂ ਦਾ ਰੁਜ਼ਗਾਰ ਛੁੱਟ ਰਿਹਾ ਹੈ। ਕਾਮੇ ਬੁਰੀ ਤਰਾਂ ਇਸ ਦੀ ਲਪੇਟ ਵਿੱਚ ਆ ਰਹੇ ਹਨ। ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਕਮੀ ਹੋਣ ਦਾ ਖ਼ਤਰਾ ਪੈਦਾ ਹੋ ਸਕਦਾ ਹੈ ਕਿਉਂਕਿ ਵਪਾਰੀ ਅਤੇ ਸਟੋਰੀਏ ਇਸ ਸੰਕਟ ਦਾ ਫਾਇਦਾ ਚੁਕਦਿਆਂ ਜ਼ਰੂਰੀ ਚੀਜ਼ਾਂ ਦੇ ਭਾਅ ਵਧਾ ਰਹੇ ਹਨ। ਵੱਡੇ ਸਟੋਰਾਂ ਵਾਲੇ, ਜਿਹੜੇ ਪਹਿਲਾਂ ਹਰ ਆਈਟਮ ’ਤੇ ਛੋਟ ਦੇ ਕੇ ਗਾਹਕਾਂ ਨੂੰ ਆਪਣੇ ਵੱਲ ਖਿੱਚਦੇ ਸਨ, ਉਹ ਪੈਕਟਾਂ ’ਤੇ ਦਰਜ਼ ਪੂਰੀਆਂ ਕੀਮਤਾਂ ’ਤੇ ਚੀਜ਼ਾਂ ਵੇਚ ਕੇ ਵੱਡਾ ਮੁਨਾਫ਼ਾ ਕਮਾ ਰਹੇ ਹਨ। ਦਵਾਈਆਂ ਵਾਲੇ ਬਾਵਜੂਦ ਸੈਨੇਟਾਈਜ਼ਰਾਂ ਅਤੇ ਹੋਰ ਸੰਬੰਧਤ ਚੀਜ਼ਾਂ ਦੀਆਂ ਆਈਟਮਾਂ ਦੇ ਭਾਅ ਸਰਕਾਰ ਵੱਲੋਂ ਨੀਅਤ ਕੀਤੇ ਜਾਣ ਦੇ ਮਹਿੰਗੇਭਾਅ ਵੇਚ ਰਹੇ ਹਨ। ਇੱਕ ਅਜੀਬ ਜਿਹੇ ਡਰ ਕਾਰਨ ਲੋਕ ਦਵਾਈਆਂ ਕਰਿਆਨੇ, ਜ਼ਰੂਰੀ ਵਸਤਾਂ ਦੀ ਉਹ ਲੋਕ ਖ਼ਰੀਦ ਕਰ ਰਹੇ ਹਨ, ਜਿਨਾ ਵਿੱਚ ਸਮਰੱਥਾ ਹੈ। ਪਰ ਗ਼ਰੀਬ ਲੋਕ ਆਪਣੀ ਭੁੱਖ ਪੂਰੀ ਕਰਨ ਪ੍ਰਤੀ ਪ੍ਰੇਸ਼ਾਨ ਹਨ ਅਤੇ ਮਾਨਸਿਕ ਤੌਰ ’ਤੇ ਕਮਜ਼ੋਰ ਹੋ ਰਹੇ ਹਨ। ਅੰਗਰੇਜ਼ੀ, ਦੇਸੀ, ਦਵਾਈਆਂ ਵਾਲੇ ਮੀਡੀਆ ਅਤੇ ਸੋਸ਼ਲ ਮੀਡੀਆ ਰਾਹੀਂ ਆਪਣੇ ਉਤਪਾਦਕ ਕੋਰੋਨਾ ਵਾਇਰਸ ਦਾ ਇਲਾਜ ਕਰਨ ਦਾ ਦਾਅਵਾ ਕਰਦੇਹਨ ਤੇ ਲੋਕ ਇੱਕ ਦੂਜੇ ਦੇ ਪਿੱਛੇ ਲੱਗ ਕੇ ਹਰ ਕਿਸਮ ਦੀ ਬੇਲੋੜੀ ਦਵਾਈ ਖਰੀਦਦੇ ਹਨ। ਵੱਟਸਐਪ ਉੱਤੇ ਸੁਣੇ ਟੋਟਕੇ ਅਪਨਾਉਂਦੇ ਹੋਏ, ਆਪਣੇ ਆਪ ਨੂੰ ਸੁਰੱਖਿਅਤ ਸਮਝਦੇ ਹਨ। ਐਲੋਪੈਥੀ ਇਲਾਜ ਦਾ ਵਿਸ਼ਵ ਭਰ ਵਿੱਚ ਬੋਲਬਾਲਾ ਹੈ। ਇਸ ਇਲਾਜ ਪ੍ਰਣਾਲੀ ਨਾਲ ਸੰਬੰਧਤ ਦਵਾਈ ਕੰਪਨੀਆਂ, ਮਹਿੰਗੇ ਭਾਅ ਦੀਆਂ ਦਵਾਈਆਂ, ਵੈਕਸਿਨ ਤਿਆਰ ਕਰਦੀਆਂ ਹਨ, ਆਪਣੇ ਵਪਾਰਕ ਹਿੱਤਾਂ ਨੂੰ ਸਾਹਮਣੇ ਰੱਖ ਕੇ ਇਨਾ ਦਾ ਪ੍ਰਚਾਰ ਕਰਦੀਆਂ ਹਨ ਅਤੇ ਇਨਾ ਕੰਪਨੀਆਂ ਨੇ ਪ੍ਰਣਾਲੀ ਨਾਲ ਸੰਬੰਧਤ ਡਾਕਟਰਾਂ, ਮਾਹਿਰਾਂ, ਕਾਰੋਬਾਰੀਆਂ ਨੂੰ ਆਪਣੇ ਹਿੱਤਾਂ ਲਈ ਵਰਤਣਾ ਸ਼ੁਰੂ ਕੀਤਾ ਹੋਇਆ ਹੈ। ਕੋਰੋਨਾ ਵਾਇਰਸ ਨੂੰ ਵਿਸ਼ਵ ਸਿਹਤ ਸੰਗਠਨ ਵੱਲੋਂ ਮਹਾਂਮਾਰੀ ਕਰਾਰ ਦੇਣਾ, ਸੋਸ਼ਲ ਮੀਡੀਏ ਅਤੇ ਹੋਰ ਮੀਡੀਏ ਵੱਲੋਂ ਅੱਡੀਆਂ ਚੁੱਕ ਕੇ ਇਸ ਦਾ ਪ੍ਰਚਾਰ ਕਰਨਾ, ਦਹਿਸ਼ਤ ਫੈਲਾਉਣਾ ਕੁਝ ਇਹੋ ਜਿਹੇ ਸਵਾਲ ਖੜੇ ਕਰਦਾ ਹੈ, ਜਿਸ ਦੇ ਜਵਾਬ ਚੇਤੰਨ, ਸਿਆਣੇ, ਸੂਝਵਾਨ ਲੋਕਾਂ ਨੂੰ ਲੱਭਣੇ ਪੈਣਗੇ। ਕੁਝ ਦੇਸ਼ਾਂ ਥਾਵਾਂ ਉਤੇ ਇਸ ਬੀਮਾਰੀ ਦਾ ਸ਼ਰੇਆਮ ਫੈਲਣਾ, ਕੁਝ ਥਾਵਾਂ ਉੱਤੇ ਨਾ ਫੈਲਣਾ, ਕਿਸ ਕਿਸਮ ਦਾ ਸੰਕੇਤ ਹੈ, ਕੀ ਇਹ ਵਪਾਰਕ ਹਿੱਤਾਂਲਈ ਕਾਰਪੋਰੇਟ ਸੈਕਟਰ ਜਾਂ ਦੇਸ਼ਾਂ ਵੱਲੋਂ ਲੜੀ ਜਾ ਰਹੀ ਕੋਈ ਜੰਗ ਤਾਂ ਨਹੀਂ? ਕੀ ਇਹ ਸੋਝੀਵਾਨ ਮਨੁੱਖਾਂ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਉਨਾ ਨੂੰ ਮਾਨਸਿਕ ਪ੍ਰੇਸ਼ਾਨੀ ਵਿੱਚ ਪਾਉਣ ਦਾ ਕੋਈ ਛੜਜੰਤਰ ਤਾਂ ਨਹੀਂ?
ਕੋਰੋਨਾ ਵਾਇਰਸ ਦਾ ਸੰਕਟ ਤਾਂ ਸ਼ਾਇਦ ਅਗਲੇ ਦੋ ਚਾਰ ਮਹੀਨਆਂ ਵਿੱਚ ਖ਼ਤਮ ਹੋ ਜਾਏਗਾ, ਲੇਕਿਲ ਅਫ਼ਵਾਹਾਂ ਦੇ ਸੰਕਟ ਨਾਲ ਜੇਕਰ ਕੁਝ ਦੇਸ਼ਾਂ ਦੀ ਅਰਥ ਵਿਵਸਥਾ ਨਸ਼ਟ ਹੋ ਗਈ ਤਾਂ ਕਰੋੜਾਂ ਲੋਕਾਂ ਦੇ ਜੀਵਨ ਵਿੱਚ ਸੰਕਟ ਪੈਦਾ ਹੋ ਜਾਏਗਾ। ਉਹ ਕੋਰੋਨਾ ਵਾਇਰਸ ਤੋਂ ਤਾਂ ਬਚ ਜਾਣਗੇ, ਗਰੀਬੀ, ਬੇਰੁਜ਼ਗਾਰੀ, ਭੁੱਖਮਰੀ ਕਾਰਨ ਜੋ ਮਾਨਸਿਕ ਕਸ਼ਟ ਉਨਾ ਨੂੰ ਝੱਲਣੇ ਉਹ ਬਿਆਨ ਨਹੀਂ ਕੀਤੇਜਾ ਸਕਣ ਵਾਲੇ ਹੋਣਗੇ। ਕੋਰੋਨਾ ਤੋਂ ਬਚਾਅ ਲਈ ਭਾਰਤ ਵਿੱਚ ਲਾਕਡਾਊਨ ਕਾਰਨ ਅਨੇਕਾਂ ਸੇਵਾਵਾਂ ਬੰਦ ਹਨ। ਹਵਾਈ ਉਡਾਣਾਂ, ਬੱਸਾਂ, ਰੇਲਾਂ ਅਤੇ ਸੜਕੀ ਆਵਾਜਾਈ ’ਤੇ ਰੋਕ ਹੈ। ਇਹੋ ਜਿਹੀਆਂ ਹਾਲਤਾਂ ਵਿੱਚ ਮਨਘੜਤ ਖ਼ਬਰਾਂ ਕਾਰਨ ਉਦਯੋਗ ਅਤੇ ਲੋਕਾਂ ਵਿੱਚ ਬੇਵਜਾ ਅਤੰਕ ਫੈਲਣ ਦਾ ਖ਼ਦਸ਼ਾ ਹੈ। ਕਿਉਂਕਿ ‘ਗੋਦੀ ਮੀਡੀਆ’ ਅਤੇ ਸੋਸ਼ਲ ਮੀਡੀਆ ਸਨਸਨੀਖੇਜ ਖ਼ਬਰਾਂ ਫੈਲਾਉਣ ਲਈ ਜਾਣਿਆ ਜਾਣ ਲੱਗ ਪਿਆ ਹੈ, ਇਸ ਕਰਕੇ ਅੱਧ ਕੱਚੇ ਗਿਆਨ, ਦੇ ਚਲਦਿਆਂ ਦੇਸ਼ ’ਚ ਕਈ ਕਿਸਮ ਦੇ ਸੰਕਟ ਖੜੇ ਹੋ ਸਕਦੇ ਹਨ। ਦੋ ਦਹਾਕੇ ਪਹਿਲਾਂ, ਭਾਰਤ ਵੱਲੋਂ ਚੇਚਕ ਅਤੇ ਪੋਲੀਓ ਵਿਰੁੱਧ ਲੜੀ ਲੜਾਈ ’ਚ ਜੇਤੂ ਰਹਿਣ ਦਾ ਕਾਰਨ ਜ਼ਮੀਨ ਪੱਧਰ ’ਤੇ ਚਲਾਈ ਜਾਗਰੂਕਤਾ ਮੁਹਿੰਮ ਸੀ। ਪਰ ਮਹਾਂਮਾਰੀ ਕੋਵਿਡ-19 ਵਿਰੁੱਧ ਮੁਹਿੰਮ ਦੀ ਸਫ਼ਲਤਾ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਵੱਡੀ ਆਬਾਦੀ ਵਾਲਾ ਦੇਸ਼ ਭਾਰਤ ਕਿਸ ਕਿਸਮ ਦੀ ਕਾਰਵਾਈ ਕਰਦਾ ਹੈ, ਕਿਉਂਕਿ ਜਿਸ ਕਿਸੇ ਨੇ ਵੀ ਇਹ ਮਨੁੱਖ ਦੇ ਗਲ ਮੜੀ ਹੈ, ਇਹ ਇੱਕ ਅਸਧਾਰਨ ਲੜਾਈ ਹੈ, ਜਿਸ ਨੂੰ ਨਾਅਰਿਆਂ, ਗੱਲਾਂ, ਬਿਆਨਾਂ ਨਾਲ ਨਹੀਂ ਹੌਸਲੇ ਨਾਲ ਇਕਜੁੱਟਤਾ ਨਾਲ ਅਤੇ ਸੰਜਮ ਨਾਲ ਹੀ ਜਿੱਤਿਆ ਜਾ ਸਕਦਾ ਹੈ।
ਦੇਸ਼ ਭਾਰਤ ਕੋਲ ਖਾਦ ਪਦਾਰਥਾਂ ਦਾ ਵੱਡਾ ਭੰਡਾਰ ਹੈ, ਕੋਰੋਨਾ ਵਾਇਰਸ ਮਹਾਂਮਾਰੀ ’ਚ ਜੇਕਰ ਸੁਚੱਜਾ ਪ੍ਰਬੰਧ ਬਣਿਆ ਰਿਹਾ ਤਾਂ ਭਾਰਤ ਦੇ ਅਨਾਜ ਭੰਡਾਰ ਲੰਮੇ ਸਮੇਂ ਤੱਕ ਖਾਲੀ ਨਹੀਂ ਹੋ ਸਕਦੇ। ਪਰ ਕਿਉਂਕਿ ਭਾਰਤੀ ਨੌਕਰਸ਼ਾਹੀ ਤੇ ਹਾਕਮਾਂ, ਨਿੱਜੀ ਸਵਾਰਥ ਨੂੰ ਪਹਿਲ ਦਿੰਦੇ ਹਨ, ਇਸ ਕਰਕੇ ਡਰ ਹੈ ਕਿ ਖਾਣ ਪੀਣ ਦੀਆਂ ਵਸਤਾਂ ਦੀ ਥੁੜ ਪੈਦਾ ਹੋ ਜਾਏ। ਭਾਰਤੀ ਬੱਚਿਆਂ ਵਿੱਚ ਕੁਪੋਸ਼ਣ ਕਾਰਨ ਮੌਤ ਦਰ ਜ਼ਿਆਦਾ ਹੈ। ਕੁਪੋਸ਼ਣ ਕਾਰਨ ਦੇ ਵਿੱਚ ਹਰ ਸਾਲ 8.80 ਲੱਖ ਬੱਚੇ ਮਰ ਜਾਂਦੇ ਹਨ। ਇਥੇ ਵੀ ਸਮੱਸਿਆ ਅਨਾਜ ਜਾਂ ਖਾਦ ਪਦਾਰਥਾਂ ਦੀ ਥੁੜੋਂ ਦੀ ਨਹੀਂ ਹੈ, ਸਗੋਂ ਭੈਡੀ ਸਰਕਾਰੀ ਵਿਵਸਥਾ ਅਤੇ ਨਿਕੰਮੇ ਪ੍ਰਬੰਧ ਦੀ ਹੈ।
ਪਾਣੀ ਦੇ ਪ੍ਰਤੀ ਸਾਡਾ ਵਰਤਾਓ ਪੂਰੀ ਤਰਾਂ ਨਾਬਰਾਬਰੀ ਵਾਲਾ ਹੈ। ਦੇਸ਼ ਦਾ ਇੱਕ ਵਿਸ਼ੇਸ਼ ਵਰਗ ਪਾਣੀ ਦੀ ਦੁਰਵਰਤੋਂ ਦਾ ਦੋਸ਼ੀ ਹੈ, ਜਦਕਿ ਦੂਜੇ ਵਜਗੇ ਨੂੰ ਸਾਫ਼ ਸੁਥਰਾ ਪਾਣੀ ਮਿਲਦਾ ਹੀ ਨਹੀਂ। ਖੇਤਾਂ ਲਈ ਸਿੰਚਾਈ ਵਾਸਤੇ 70 ਫ਼ੀਸਦੀ ਪਾਣੀ ਵਰਤਿਆ ਜਾ ਰਿਹਾ ਹੈ, ਜਦਕਿ ਲੋੜ ਸਿਰਫ਼ 15 ਤੋਂ 20 ਫ਼ੀਸਦੀ ਦੀ ਹੈ। ਉਦਯੋਗ ਲਈ 15 ਫ਼ੀਸਦੀ ਪਾਈ ਦੀ ਵਰਤੋਂ ਹੁੰਦੀ ਹੈ। ਕੋਰੋਨਾ ਮਹਾਂਮਾਰੀ ਸਮੇਂ ਲੋਕ ਘਰਾਂ ਵਿੱਚ ਹਨ। ਪਾਣੀ ਦੀ ਵਰਤੋਂ ਬੇਲਿਹਾਜ ਹੋਣਾ ਜ਼ਰੂਰੀ ਹੈ। ਕਿਉਂਕਿ ਹਰ ਵਿਅਕਤੀ ਆਪਣੀ ਜ਼ਿੰਮੇਵਾਰੀ ਤੋਂ ਕੰਨੀ ਕਤਰਾਉਂਦਾ ਹੈ ਅਤੇ ਪਾਣੀ ਦੀ ਬੱਚਤ ਨਹੀਂ ਕਰਦਾ। ਭਾਰਤ ਦਾ ਨੀਤੀ ਆਯੋਗ ਇਹ ਮੰਨ ਕੇ ਚੱਲ ਰਿਹਾ ਹੈ ਕਿ ਸਾਲ 2030 ਤੱਕ ਦੇਸ਼ ਦੇ ਕਈ ਸ਼ਹਿਰ ‘ਡੇ ਜ਼ੀਰੋ’ ਵਿੱਚ ਪਹੁੰਚ ਜਾਣਗੇ। ਚੇਨੱਈ, ਮੇਰਠ, ਅਤੇ ਸ਼ਿਮਲਾ ਜਿਹੇ ਸ਼ਹਿਰਾਂ ਵਿੱਚ ਜ਼ਮੀਨ ਹੇਠਲਾ ਪਾਣੀ ਇੰਨਾ ਨੀਵਾਂ ਜਾ ਚੁੱਕਾ ਹੈ ਕਿ ਜੇਕਰ ਤਤਕਾਲ ਕਦਮ ਨਹੀਂ ਪੁੱਟੇ ਜਾਂਦੇ ਤਾਂ ਅਗਲੇ 10 ਸਾਲਾਂ ਵਿੱਚ ਪਾਣੀ ਦੀ ਵੱਡੀ ਮਾਰ ਪਵੇਗੀ। ਹਾਲਾਂ ਜਲ ਸੰਕਟ, ‘‘ਕੋਰੋਨਾ ਮਹਾਂਮਾਰੀ’’ ਵਾਂਗਰ ਡਰਾ ਸਕਿਆ, ਇਸੇ ਕਰਕੇ ਅਸੀਂ ਪਾਣੀ ਦੀ ਹਾਏ-ਹਾਏ ਤੋਂ ਬਚੇ ਹੋਏ ਹਾਂ। ਕੋਰੋਨਾ ਵਾਇਰਸ ‘ਪਾਣੀ ਸੰਕਟ’ ’ਚ ਵਾਧੇ ਦਾ ਕਾਰਨ ਬਣ ਸਕਦਾ ਹੈ ਅਤੇ ਮਨੁੱਖ ਨੂੰ ਹੋਰ ਸੰਕਟ ’ਚ ਪਾ ਕੇ ਮਾਨਸਿਕ ਕਸ਼ਟਾਂ ਵਿੱਚ ਪਾ ਸਕਦਾ ਹੈ।
ਇਹ ਕਿਹਾ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ਨਾਲ ਦੁਨੀਆਂ ਦੇ ਵੱਖੋ-ਵੱਖਰੇ ਦੇਸ਼ਾਂ ਦੇ ਲੋਕ ਆਪਸ ਵਿੱਚ ਜੁੜੇ ਹਨ ਅਤੇ ਇੱਕ ਦੂਜੇ ਉੱਤੇ ਨਿਰਭਰਤਾ ਵੀ ਵਧੀ ਹੈ। ਪਰ ਕੋਰੋਨਾ ਵਾਇਰਸ ਨੇ ਵੱਖੋ-ਵੱਖਰੇ ਦੇਸ਼ਾਂ ਦੇ ਲੋਕਾਂ ਨੂੰ ਜੋੜਨ ਦੀ ਸਥਿਤੀ ’ਚ ਵਿਗਾੜ ਬਾਰੇ ਜਿਹੜੇ ਸ਼ਬਦ ਕੰਪਿਊਟਰ ਵਿਗਿਆਨ ਅਤੇ ਸਾਨਫਰਾਂਸਿਸਕੋ ਦੇ ਸਹਿ-ਸੰਸਥਾਪਕ ਬਿਲ ਜੁਆਏ ਨੇ ਕਹੇ ਹਨ, ਹੁਣ ਸਮਝਣ ਵਾਲੇ ਹਨ, ‘ਪਿਛਲੇ ਕੁਝ ਹਫ਼ਤਿਆਂ ਵਿੱਚ ਮਹਾਂਮਾਰੀ ਦੇ ਫੈਲਣ ਦੇ ਵੇਰਵੇ ਬਹੁਤ ਹੈਰਾਨੀਜਨਕ ਨਹੀਂ ਸਨ। ਲੇਕਿਨ ਹੁਣ ਅਸੀਂ ਇੱਕ ਅਜਿਹੀ ਸਥਿਤੀ ਵਿੱਚ ਪਹੁੰਚ ਗਏ ਹਾਂ ਕਿ ਇੱਕ ਦੂਜੇ ਨੂੰ ਜੋੜਨ ਵਾਲੀਆਂ ਸਾਡੀਆਂ ਸਾਰੀਆਂ ਪ੍ਰਣਾਲੀਆਂ ਨੂੰੂ ਸਾਨੂੰ ਅਚਾਨਕ ਬੰਦ ਕਰਨਾ ਪੈ ਰਿਹਾ ਹੈ, ਜਿਸ ਲਈ ਅਸੀਂ ਤਿਆਰ ਨਹੀਂ ਸੀ। ਇਹ ਸਾਨੂੰ ਅਰਾਜਕ ਨਤੀਜਿਆਂ ਵੱਲ ਲੈ ਕੇ ਜਾ ਰਿਹਾ ਹੈ।’
ਕੋਰੋਨਾ ਦੇ ਮਾਮਲੇ ਵਿੱਚ ਮਨੁੱਖੀ ਦਿਮਾਗ ਦੇ ਲਈ ਸਭ ਤੋਂ ਚੁਣੌਤੀ ਪੂਰਨ ਚੀਜ਼ ਇਸ ਵਾਇਰਸ ਦੀ ਧੱਕੜ ਰਫ਼ਤਾਰ ਹੈ, ਜਿਸ ਦੇ ਤਹਿਤ ਇਸ ਦੀ ਲਾਗਰ ਬਹੁਤ ਤੇਜ਼ੀ ਨਾਲ ਦੁਗਣੀ, ਫਿਰ ਚੌਗੁਣੀ ਹੁੰਦੀ ਜਾ ਰਹੀ ਹੈ। ਇਹੋ ਕਾਰਨ ਹੈ ਕਿ ਇਸ ਵਾਇਰਸ ਦਾ ਪ੍ਰਕੋਪ ਖ਼ਤਮ ਨਹੀਂ ਹੋ ਰਿਹਾ ਅਤੇ ਮਨੁੱਖ ਇਸ ਤੋਂ ਬੁਰੀ ਤਰਾਂ ਡਰ ਰਿਹਾ ਹੈ ਅਤੇ ਸਵਾਰਥੀ ਹਿੱਤਾਂ ਵਾਲੇ ਲੋਕ ਆਤੰਕੀ ਡਰਾਵੇ ਜਿਹੀ ਸਥਿਤੀ ਪੈਦਾ ਕਰ ਰਹੇ ਹਨ।
-
ਗੁਰਮੀਤ ਸਿੰਘ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.