ਨਾਮੀ ਖਿਡਾਰੀਆਂ ਦਾ ਖੇਡ ਕੈਰੀਅਰ ਹੋਇਆ ਡਾਵਾਂਡੋਲ
ਦੁਨੀਆਂ ਭਰ ਵਿੱਚ ਕਰੋਨਾਂ ਵਾਇਰਸ ਦੀ ਭਿਆਨਕ ਬਿਮਾਰੀ ਦੇ ਫੈਲੇ ਕਰੋਪ ਕਾਰਨ ਇਸ ਵਰ੍ਹੇ ਹੋਣ ਵਾਲੀਆਂ 2020 ਟੋਕੀਓ ਓਲੰਪਿਕ ਖੇਡਾਂ ਜੋ 24 ਜੁਲਾਈ ਤੋਂ 9ਅਗਸਤ ਤੱਕ ਹੋਣੀਆਂ ਸਨ ਉਨ੍ਹਾਂ ਨੂੰ ਇੱਕ ਸਾਲ ਲਈ ਮੁਲਤਵੀ ਕਰ ਦਿੱਤਾ ਗਿਆ ਹੈ ਹੁਣ ਇਹ ਖੇਡਾਂ ਅਗਲੇ ਵਰ੍ਹੇ "2020 ਟੋਕੀਓ ਓਲੰਪਿਕ" ਦੇ ਬੈਨਰ ਵਜੋਂ ਅਗਲੇ ਸਾਲ 23 ਜੁਲਾਈ ਤੋੰ 8 ਅਗਸਤ ਤੱਕ ਹੋਣਗੀਆਂ ।ਓਲੰਪਿਕ ਖੇਡਾਂ ਦੇ 124 ਸਾਲਾ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕਿਸੇ ਓਲੰਪਿਕ ਖੇਡ ਦਾ ਆਯੋਜਨ ਪੰਜ ਸਾਲ ਦੇ ਵਕਫ਼ੇ ਬਾਅਦ ਹੋਵੇਗਾ ਹਾਲਾਂਕਿ ਇਸ ਤੋਂ ਪਹਿਲਾ 1916 ਵਿੱਚ ਬਰਲਿਨ ਵਿਖੇ ਹੋਣ ਵਾਲੀਆਂ 6ਵੀਆਂ ਓਲੰਪਿਕ ਖੇਡਾਂ ਦੇ ਪਹਿਲੇ ਵਿਸ਼ਵ ਯੁੱਧ ਕਾਰਨ ਰੱਦ ਹੋ ਗਈਆਂ ਸਨ ਉਸ ਤੋਂ ਬਾਅਦ ਦੂਸਰੇ ਵਿਸ਼ਵ ਯੁੱਧ ਕਾਰਨ 1940 ਟੋਕੀਓ ਓਲੰਪਿਕ ਅਤੇ 1944 ਲੰਡਨ ਓਲੰਪਿਕ ਖੇਡਾਂ ਵੀ ਰੱਦ ਹੋ ਗਈਆਂ ਸਨ । ਟੋਕੀਓ ਓਲੰਪਿਕ ਨੂੰ ਇਹ ਦੂਸਰੀ ਵਾਰ ਭੈੜੀ ਨਜ਼ਰ ਲੱਗੀ ਹੈ ਕਿ ਜਦੋਂ ਖੇਡਾਂ ਦਾ ਆਯੋਜਨ ਖਟਾਈ ਵਿੱਚ ਪਿਆ ਹੈ।ਹਾਲਾਂਕਿ ਇਸ ਤੋਂ ਪਹਿਲਾਂ ਵਿੱਚ ਟੋਕੀਓ 1964 ਵਿੱਚ ਓਲੰਪਿਕ ਖੇਡਾਂ ਦਾ ਇੱਕ ਸਫ਼ਲ ਆਯੋਜਨ ਕਰ ਚੁੱਕਾ ਹੈ । ਦੂਸਰੇ ਵਿਸ਼ਵ ਯੁੱਧ ਦੌਰਾਨ ਦੋ ਸਰਦ ਓਲੰਪਿਕ ਖੇਡਾਂ ਅਤੇ ਦੋ ਵਿਸ਼ਵ ਕੱਪ ਫੁੱਟਬਾਲ ਮੁਕਾਬਲੇ ਵੀ ਰੱਦ ਹੋ ਗਏ ਸਨ ।
ਅੰਤਰਰਾਸ਼ਟਰੀ ਓਲੰਪਿਕ ਕੌਂਸਲ ਦੇ ਪ੍ਰਧਾਨ ਥਾਮਸ ਬਾਕ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਤੇ ਕਰੋਨਾ ਵਾਇਰਸ ਦੀ ਬੀਮਾਰੀ ਦੇ ਫੈਲੇ ਪ੍ਰਭਾਵ ਦੇ ਦਬਾਅ ਕਾਰਨ ਵੱਖ ਵੱਖ ਮੁਲਕਾਂ ਅਤੇ ਖੇਡ ਫੈਡਰੇਸ਼ਨਾਂ ਦੇ ਦਬਾਅ ਕਾਰਨ ਇਨ੍ਹਾਂ ਖੇਡਾਂ ਨੂੰ ਇੱਕ ਸਾਲ ਲਈ ਮੁਲਤਵੀ ਕਰਨਾ ਪਿਆ ਹਾਲਾਂਕਿ ਇਨ੍ਹਾਂ ਖੇਡਾਂ ਦੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕੀਆਂ ਸਨ । 26 ਬਿਲੀਅਨ ਡਾਲਰ ਦੇ ਬੱਜਟ ਵਾਲੀਆਂ ਟੋਕੀਓ ਓਲੰਪਿਕ ਖੇਡਾਂ ਵਿੱਚ 28 ਈਵੈਂਟਾਂ ਵਿੱਚ 200 ਤੋਂ ਵੱਧ ਮੁਲਕਾਂ ਦੇ ਗਿਆਰਾਂ ਹਜ਼ਾਰ ਦੇ ਕਰੀਬ ਖਿਡਾਰੀਆਂ ਅਤੇ ਅਥਲੀਟਾਂ ਨੇ ਹਿੱਸਾ ਲੈਣਾ ਸੀ । 12 ਅਰਬ ਡਾਲਰ ਦੀ ਟੋਕੀਓ ਓਲੰਪਿਕ ਖੇਡਾਂ ਲਈ ਸਪਾਂਸਰ ਸਿਪ ਵੀ ਮਿਲ ਚੁੱਕੀ ਸੀ ਇਸ ਤੋਂ ਇਲਾਵਾ ਮੀਡੀਆ ਰਾਈਟਸ ਅਤੇ ਖੇਡਾਂ ਦਾ ਫਾਈਨਲ ਪ੍ਰੋਗਰਾਮ ਅਤੇ ਸਾਰੇ ਸਟੇਡੀਅਮ ਦੀ ਉਸਾਰੀ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕੀ ਹੈ । ਟੋਕੀਓ ਓਲੰਪਿਕ ਖੇਡਾਂ ਦਾ ਨੈਸ਼ਨਲ ਸਟੇਡੀਅਮ ਜਿੱਥੇ ਉਦਘਾਟਨੀ ਸਮਾਰੋਹ ਅਤੇ ਸਮਾਪਤੀ ਸਮਾਰੋਹ ਹੋਣਾ ਸੀ ਉਹ ਲੱਗਭੱਗ ਡੇਢ ਬਿਲੀਅਨ ਡਾਲਰ ਦੀ ਲਾਗਤ ਨਾਲ ਬਣਿਆ ਇਹ ਸਟੇਡੀਅਮ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੋ ਚੁੱਕਾ ਹੈ ।60 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲੇ ਇਹ ਸਟੇਡੀਅਮ ਇੱਕ ਨਿਵੇਕਲੀ ਕਿਸਮ ਦਾ ਸਟੇਡੀਅਮ ਬਣਿਆ ਹੈ । ਜਦ ਕਿ ਉ ਆਈ ਹਾਕੀ ਸਟੇਡੀਅਮ ਵੀ ਪਿਛਲੇ ਸਾਲ ਜੂਨ ਮਹੀਨੇ ਮੁਕੰਮਲ ਹੋ ਚੁੱਕਿਆ ਹੈ ਇਸ ਹਾਕੀ ਸਟੇਡੀਅਮ ਵਿੱਚ ਤਾਂ 4 ਮੁਲਕਾਂ ਦਾ ਹਾਕੀ ਟੂਰਨਾਮੈਂਟ ਕਰਵਾ ਕੇ ਇਸ ਦੀ ਸਫਲ ਪਰਖ ਵੀ ਕੀਤੀ ਜਾ ਚੁੱਕੀ ਹੈ।ਪਰ ਟੋਕੀਓ ਓਲੰਪਿਕ ਦਾ ਮੁਲਤਵੀ ਹੋਣਾ ਜਾਪਾਨ ਲਈ ਸੁਨਾਮੀ ਵਰਗਾ ਇੱਕ ਝੱਟਕਾ ਹੈ ਯਾਦ ਰਹੇ 2024 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਪੈਰਿਸ ਨੂੰ ਅਤੇ 2028 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਨੂੰ ਮਿਲ ਚੁੱਕੀ ਹੈ ਖੁਦਾ ਨਾ ਖਾਸਤਾ ਜੇਕਰ ਅਗਲੇ ਸਾਲ ਵੀ ਟੋਕੀਓ ਓਲੰਪਿਕ ਖੇਡਾਂ ਤੇ ਕੋਈ ਕੁਦਰਤੀ ਆਫ਼ਤ ਜਾਂ ਕੋਈ ਹੋਰ ਭੀੜ ਬਣੀ ਤਾਂ ਇਹ ਖੇਡਾਂ ਮੁਲਤਵੀ ਨਹੀਂ ਸਗੋਂ ਰੱਦ ਹੋ ਜਾਣਗੀਆਂ ਫਿਰ ਪਤਾ ਨਹੀਂ ਟੋਕੀਓ ਸ਼ਹਿਰ ਨੂੰ ਕਦੋਂ ਓਲੰਪਿਕ ਖੇਡਾਂ ਕਰਵਾਉਣ ਦਾ ਸੁਭਾਗ ਪ੍ਰਾਪਤ ਹੋਵੇਗਾ ਕਿਉਂਕਿ 2022 ਵਰੇ ਵਿੱਚ ਰਾਸ਼ਟਰਮੰਡਲ ਖੇਡਾਂ ,ਏਸ਼ੀਅਨ ਖੇਡਾਂ ,ਅਤੇ ਵਿਸ਼ਵ ਕੱਪ ਫੁੱਟਬਾਲ, ਵਿਸ਼ਵ ਕੱਪ ਹਾਕੀ ਅਤੇ ਹੋਰ ਕਈ ਵੱਡੇ ਮੁਕਾਬਲੇ ਹੋਣੇ ਹਨ ।ਜਿਨ੍ਹਾਂ ਨੂੰ ਕਿਸੇ ਵੀ ਹਾਲਾਤ ਵਿੱਚ ਅੱਗੇ ਨਹੀਂ ਪਾਇਆ ਜਾ ਸਕਦਾ ਖੁਦਾ ਰਹਿਮਤ ਬਖਸ਼ੇ ਕਿ ਟੋਕੀਓ ਓਲੰਪਿਕ ਖੇਡਾਂ ਦਾ ਅਗਲੇ ਵਰ੍ਹੇ ਸਫਲ ਆਯੋਜਨ ਹੋ ਜਾਵੇ।ਕਿਉਂਕਿ ਟੋਕੀਓ ਓਲੰਪਿਕ ਖੇਡਾਂ ਦੇ ਮੁਲਤਵੀ ਹੋਣ ਨਾਲ ਜਿੱਥੇ ਜਾਪਾਨ ਨੂੰ ਕਰੋੜਾਂ ਡਾਲਰਾਂ ਦਾ ਘਾਟਾ ਪਿਆ ਹੈ ਉੱਥੇ ਵੱਖ ਵੱਖ ਮੁਲਕ ਜਿਨ੍ਹਾਂ ਨੇ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣਾ ਹੈ ਉਹ ਵੀ ਲੱਖਾਂ ਡਾਲਰਾਂ ਦੇ ਕਰਜ਼ਾਈ ਹੋਏ ਹਨ ਕਿਉਂਕਿ ਵੱਡੇ ਪੱਧਰ ਤੇ ਹਰ ਮੁਲਕ ਓਲੰਪਿਕ ਖੇਡਾਂ ਦੀਆਂ ਤਿਆਰੀਆਂ ਤੇ ਲੱਗਿਆ ਹੋਇਆ ਸੀ ਅਤੇ ਬਹੁਤ ਸਾਰੇ ਨਾਮੀ ਖਿਡਾਰੀ ਜੋ ਰਿਟਾਇਰਮੈਂਟ ਦੇ ਲਾਗੇ ਹਨ ਉਨ੍ਹਾਂ ਦਾ ਖੇਡ ਕੈਰੀਅਰ ਡਾਵਾਂਡੋਲ ਹੋ ਗਿਆ ਹੈ ।ਖਿਡਾਰੀਆਂ ਨੂੰ ਅਗਲੇ ਵਰ੍ਹੇ ਤੱਕ ਆਪਣੀ ਫਿਟਨੈੱਸ ਲੈਵਲ ਦੀ ਲੈਅ ਨੂੰ ਬਣਾਈ ਰੱਖਣ ਵਿੱਚ ਬੜੀ ਮੁਸ਼ਕਿਲ ਆਵੇਗੀ ।
ਭਾਰਤ ਦਾ ਟੈਨਿਸ ਸਟਾਰ ਲਿਏਂਡਰ ਪੇਸ ਜੋ 7 ਓਲੰਪਿਕ ਖੇਡ ਚੁੱਕਾ ਹੈ ਅਤੇ 1996 ਅੈਟਲਾਂਟਾ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਵੀ ਜਿੱਤ ਚੁੱਕਾ ਹੈ ਇਸ ਵਾਰ ਟੋਕੀਓ ਟੋਕੀਓ ਓਲੰਪਿਕ ਤੋਂ ਆਪਣੇ ਖੇਡ ਕੈਰੀਅਰ ਨੂੰ ਅਲਵਿਦਾ ਕਹਿਣੀ ਸੀ ਇਸੇ ਤਰ੍ਹਾਂ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਮੁੱਕੇਬਾਜ਼ ਮੇੈਰੀ ਕੌਮ ਨੇ ਵੀ ਆਪਣੀ ਰਿਟਾਇਰਮੈਂਟ ਦਾ ਐਲਾਨ ਕਰਨਾ ਸੀ ਚੈਨੀਏ ਤਾਪੇ ਦੀ ਦੁਨੀਆ ਦੀ ਨੰਬਰ ਇਕ ਬੈਡਮਿੰਟਨ ਖਿਡਾਰਨ ਤਾਈ ਤਜੂ ਜਿੰਗ, ਇੰਗਲੈਂਡ ਦੇ ਸੋਨ ਤਗਮਾ ਜੇਤੂ ਹਾਕੀ ਖਿਡਾਰਨ ਸੂਸਾਨਾਹ ਟਾਊਨਸੈਂਡ , 28 ਸਾਲਾ ਓਲੰਪਿਕ ਜੇਤੂ ਜਿਮਨਾਸਟਿਕ ਖਿਡਾਰਨ ਬੈਕੀ ਡੋਨੀ ਅਤੇ ਤਾਇਕਵਾਂਡੋ ਦਾ ਸੁਪਰਸਟਾਰ ਦੋ ਵਾਰ ਓਲੰਪਿਕ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲਾ ਜਾਦੇ ਜੋਨਸ , ਹਾਲੈਂਡ ਹਾਕੀ ਟੀਮ ਦਾ ਕਪਤਾਨ ਬਿੱਲੀ ਬੱਕਰ ਅਤੇ ਭਾਰਤ ਦਾ ਪੈਨਲਟੀ ਕਾਰਨਰ ਸਪੈਸ਼ਲਿਸਟ ਰੁਪਿੰਦਰ ਪਾਲ ਸਿੰਘ ਆਦਿ ਹੋਰ ਕਈ ਦੁਨੀਆਂ ਦੇ ਨਾਮੀ ਖਿਡਾਰੀਆਂ ਨੇ ਟੋਕੀਓ ਓਲੰਪਿਕ ਤੋਂ ਬਾਅਦ ਆਪਣੇ ਖੇਡ ਕੈਰੀਅਰ ਨੂੰ ਅਲਵਿਦਾ ਆਖ ਕੇ ਸ਼ਾਨਾਮੱਤੀ ਰਿਟਾਇਰਮੈਂਟ ਦਾ ਐਲਾਨ ਕਰਨਾ ਸੀ ਪਰ ਹੁਣ ਕੀ ਇਹ ਖਿਡਾਰੀ ਹੋਰ ਇੱਕ ਸਾਲ ਤੱਕ ਆਪਣਾ ਫਿਟਨੈੱਸ ਲੈਵਲ ਨੂੰ ਬਣਾਈ ਰੱਖਣਗੇ ਇਹ ਤਾਂ ਖਿਡਾਰੀਆਂ ਦੇ ਇਰਾਦੇ ਮਿਹਨਤ ਮਸ਼ੱਕਤ ਅਗਲੇ ਸਾਲ ਹੀ ਬਿਆਨ ਕਰਨਗੇ ਕਿ ਉਹ ਕਿੰਨਾ ਓਲੰਪਿਕ ਖੇਡਾਂ ਵਿੱਚ ਆਪਣੇ ਜੌਹਰ ਦਿਖਾਉਂਦੇ ਹਨ ਜਾਂ ਫਿਰ ਅੱਜ ਦੇ ਸਮੇਂ ਨੂੰ ਕੋਸਦੇ ਹੋਏ ਓਲੰਪਿਕ ਖੇਡਾਂ ਤੋਂ ਪਹਿਲਾਂ ਹੀ ਆਪਣੀ ਰਿਟਾਇਰਮੈਂਟ ਦਾ ਐਲਾਨ ਕਰਦੇ ਹਨ ਕੁੱਲ ਮਿਲਾ ਕੇ ਟੋਕੀਓ ਓਲੰਪਿਕ ਖੇਡਾਂ ਦੀ ਮੁਲਤਵੀ ਦੇ ਐਲਾਨ ਨੇ ਕਈ ਖਿਡਾਰੀਆਂ ਦੇ ਸੰਜੋਏ ਸੁਪਨੇ ਚਕਨਾਚੂਰ ਵੀ ਕਰ ਦਿੱਤੇ ਹਨ ਅਤੇ ਕਈਆਂ ਨੂੰ ਅਗਲੇ ਵਰ੍ਹੇ ਛੁਪੇ ਰੁਸਤਮ ਬਣਨ ਦਾ ਵੀ ਮੌਕਾ ਮਿਲੇਗਾ ਪ੍ਰਮਾਤਮਾ ਰਹਿਮਤ ਕਰੇ ਕਿ ਅਗਲੇ ਵਰ੍ਹੇ ਟੋਕੀਓ ਦੇ ਵਿੱਚ ਖੇਡਾਂ ਦਾ ਇਹ ਮਹਾਂਕੁੰਭ ਇੱਕ ਇਤਿਹਾਸ ਦਾ ਨਵਾਂ ਪੰਨਾ ਬਣ ਕੇ ਅਜਿਹਾ ਇਤਿਹਾਸ ਸਿਰਜੇ ਕਿ ਲੋਕ ਕਰੋਨਾ ਵਾਇਰਸ ਨੂੰ ਭੁੱਲ ਕੇ ਟੋਕੀਓ ਓਲੰਪਿਕ ਖੇਡਾਂ 2020 ਦੀ ਗਾਥਾ ਨੂੰ ਹਮੇਸ਼ਾ ਯਾਦ ਰੱਖਣ!
ਰੱਬ ਰਾਖਾ ;।
-
ਜਗਰੂਪ ਸਿੰਘ ਜਰਖੜ, ਖੇਡ ਲੇਖਕ
jagroojarkhar@gmail.com
9814300722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.