ਬੇਅੰਤ ਉਦਾਸ ਹਾਂ
ਪਰ ਬਿਲਕੁਲ ਨਹੀਂ ਨਿਰਾਸ਼
ਨਾ ਕਿਣਕਾ ਮਾਤਰ ਹਤਾਸ਼....
ਆਸ ਦੀ ਇੱਕ ਕਿਰਨ
ਚੱਲ ਰਹੀ ਹੈ ਨਾਲ ਨਾਲ।
ਛੱਤੀ ਸਾਲ ਪਹਿਲਾਂ ਵੀ ਤਾਂ
ਆਈ ਸੀ ਅੰਨ੍ਹੀ ਬੋਲ਼ੀ ਕਾਲ਼ੀ ਰਾਤ.....
ਪਰ ਇਹ ਵੱਧ ਖੌਫਨਾਕ....
ਉਹ ਕਾਲਖ ਵੀ ਤਾਂ ਘੜੀ ਸੀ
ਖ਼ੁਦ ਇਨਸਾਨ ਨੇ....
ਅੱਜ ਵੀ ਉਹੀ ਫੇਰ......
ਦੁਨੀਆਂ ਤੇ ਕਾਬਜ਼ ਹੋਣ ਦਾ
ਸਾਜ਼ ਓ -ਸਮਾਨ..
ਲਾਲਸਾ ਬਲਵਾਨ
ਹਾਂ ਲਾਲਸਾ ਹੀ ਮੰਡੀ ਦਾ ਸਾਮਾਨ
ਉਸ ਵਕਤ
ਮਾਂ ਦਾ ਨਸੀਹਤ ਕਰਦਾ ਖ਼ਤ ਚੇਤੇ ਆਇਆ ਹੋਸਟਲ ਤੋਂ ਬਾਹਰ ਪੈਰ ਵੀ ਨਾ ਧਰੀਂ।
ਪਰ ਅੱਜ ਅਲੋਕਾਰ ਦਹਿਸ਼ਤ.....
ਦਿਲ ਦਿਮਾਗ ਹੈਰਾਨ ਪਰੇਸ਼ਾਨ
ਚਿੰਤਾ
ਕੁਲ ਆਲਮ ਚ ਵੱਸਦੇ
ਧੀਆਂ ਪੁੱਤਰਾਂ ਦੀ
ਮਾਂ ਬਣ ਕੇ ਹੀ ਹੋਇਆ
ਮਮਤਾ ਦਾ ਇਹਸਾਸ
ਯਕ਼ੀਨ ਹੈ,
ਧਰਵਾਸ ਵੀ
ਦਿਨ ਫਿਰਨਗੇ ,
ਸਦਾ ਨਹੀਂ ਰਹਿਣੀ ਇਹ ਕਾਲੀ ਰਾਤ
ਜਲਦ ਆਵੇਗੀ ਫਿਰ ਪ੍ਰਭਾਤ..
ਉਦਾਸ ਹਾਂ,
ਹਾਂ ਉਦਾਸ ਹਾਂ ਤੇ ਫ਼ਿਕਰਮੰਦ ਵੀ......
.. ਫਿਕਰ ਹੱਥੀਂ ਲਾਏ
ਹਰੇ ਕਚੂਰ ਬਿਰਖ਼ਾਂ ਲਈ...
ਸੁਰਖ਼ ਗੁਲਾਬਾਂ ਲਈ........
ਜਿਨ੍ਹਾਂ ਨੂੰ ਬੀਜਿਆ ਸਿੰਜਿਆ
ਮੇਰੇ ਆਪਣੇ ਸੁਪਨਿਆਂ ਨੇ..
ਪਲ ਪਲ ਪਾਲਿਆ, ਸੰਭਾਲਿਆ।
ਪੋਟਾ ਪੋਟਾ ਵਧਦੇ
ਦੇਖ ਰੂਹ ਹੋਈ ਸੀ ਸ਼ਰਸ਼ਾਰ...
ਹਰ ਸਵੇਰ ਪਾਉਂਦੀ ਉਨ੍ਹਾਂ ਨਾਲ
ਦਿਲ ਦੀਆਂ ਬਾਤਾਂ।
ਸੁਰਖ਼ ਸੂਹੇ ਮੇਰੇ ਰਾਜ਼ਦਾਰ....
ਹਾਇ ਉਹ ਸੋਹਣੇ ਫੁੱਲ
ਲੰਮ ਸਲੰਮੀਆਂ ਮੁਟਿਆਰ ਵੇਲਾਂ..
ਹੋ ਨਾ ਜਾਵਣ ਕਿਧਰੇ ਜ਼ਰਦ
ਉਹ ਤਾਂ ਹੋਣਗੀਆਂ
ਮੈਥੋਂ ਵੀ ਵੱਧ ਉਦਾਸ..
ਉਥੇ ਨਾ ਪੈਂਦੀ ਹੋਣੀ ਜ਼ਿੰਦਗੀ ਦੀ ਬਾਤ...
ਨਾ ਸਜੀ ਸੰਵਰੀ ਪ੍ਰਭਾਤ..
ਹਾਇ ਬੱਸ ਰਾਤ ਹੀ ਰਾਤ.
ਬੇਸ਼ੱਕ ਮੈਂ ਉਦਾਸ ਹਾਂ
ਪਰ ਮੇਰੇ ਵੇਲ ਬੂਟਿਓ!
ਤੁਸੀਂ ਨਾ ਹੋਣਾ ਉਦਾਸ.....
ਯਤੀਮ ਹੋਣ ਦਾ ਨਾ ਕਰਨਾ ਕਿਆਸ...
ਗੱਲਾਂ ਕਰੋ ਆਪਣੇ ਅੰਤਰ ਮਨ ਨਾਲ....
ਹੋ ਜਾਵੋ ਅੰਤਰ ਧਿਆਨ......
ਫਿਜ਼ਾ ਨੂੰ ਕਰਨਾ ਪਿਆਰ...
ਬੱਸ ਕੁਝ ਦਿਨਾਂ ਦੀ ਗੱਲ ਹੈ.....
ਕਰਾਂਗੇ ਫਿਰ ਸਰਗੋਸ਼ੀਆਂ.....
ਪਾਵਾਂਗੇ ਮੁੜ ਦਿਲ ਦੀ ਬਾਤ......
ਬੱਸ ਕੁਝ ਦਿਨਾਂ ਦੀ ਰਾਤ।
ਮੁੜ ਹੋਊ ਪ੍ਰਭਾਤ।
ਮੁੱਕੇਗੀ ਜ਼ਰੂਰ ਇਹ ਕੁਲਹਿਣੀ ਰਾਤ....
ਮਿਲੇਗੀ ਜਿੰਦ ਨੂੰ ਖੂਬਸੂਰਤ ਸੌਗ਼ਾਤ।
-
ਡਾ. ਨਵਜੋਤ ਕੌਰ, ਪ੍ਰਿੰਸੀਪਲ ਲਾਇਲਪੁਰ ਖਾਲਸਾ ਕਾਲਿਜ ਫਾਰ ਵਿਮੈੱਨ ਜਲੰਧਰ
******
81468 28040
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.