31 ਮਾਰਚ ਬਰਸੀ 'ਤੇ ਵਿਸ਼ੇਸ਼
ਪੰਜਾਬ ਦੀ ਰਾਜਨੀਤੀ ਵਿਚ ਜੇ ਕਿਤੇ ਇਮਾਨਦਾਰੀ , ਦੂਰਅੰਦੇਸ਼ੀ ਠਰੰਮੇ ਤੇ ਵਡੱਪਣ ਦੀ ਗੱਲ ਤੁਰਦੀ ਹੈ ਤਾਂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਜੀ ਦਾ ਜ਼ਿਕਰ ਕੀਤੇ ਬਿਨਾਂ ਗੱਲ ਅਗਾਹ ਨਹੀਂ ਤੁਰ ਸਕਦੀ ਜਾਂ ਕਹਿ ਲਉ ਕਿ ਪੂਰੀ ਨਹੀਂ ਕੀਤੀ ਜਾ ਸਕਦੀ । ਅਕਾਲੀਆਂ ਵਿਚ ਪੰਥਪ੍ਰਸਤੀ ਤੇ ਪਾਰਟੀ ਦੇ ਸਿਧਾਂਤਾਂ ਨੂੰ ਰਾਜਨੀਤੀ ਵਿੱਚ ਬਰਕਰਾਰ ਰੱਖਣ ਲਈ ਜਥੇਦਾਰ ਟੌਹੜਾ ਨੇ ਇੱਕ ਮਿਸਾਲੀ ਭੂਮਿਕਾ ਨਿਭਾਈ ਹੈ । ਉਸ ਪੰਥਕ ਟਕਸਾਲੀ ਅਕਾਲੀ ਆਗੂ ਦੇ ਦੁਨੀਆਂ ਤੋਂ ਤੁਰ ਜਾਣ ਮਗਰੋਂ ਪੰਜਾਬ ਵਿਚ ਇੰਝ ਪ੍ਰਤੀਤ ਹੁੰਦਾ ਕਿ ਜਿਵੇਂ ਰਾਜਨੀਤੀ ਦੇ ਹਰੇ ਭਰੇ ਖੇਤਾਂ ਵਿੱਚੋਂ ਇਮਾਨਦਾਰੀ , ਹਮਦਰਦੀ , ਜਜ਼ਬਾ ਤੇ ਨਿਡਰਤਾ ਆਦਿ ਚੰਗੇ ਗੁਣਾਂ ਨਾਲ ਭਰੀ ਪੰਡ ਨੂੰ ਉਹ ਸਿਰੜੀ ਨੇਤਾ ਨਾਲ ਹੀ ਲੈ ਟੁਰ ਗਿਆ ਹੋਵੇ।
ਜਥੇਦਾਰ ਟੌਹੜਾ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਣ ਤੱਕ ਸਭ ਤੋਂ ਲੰਮਾ ਸਮਾਂ ਤਕਰੀਬਨ 27 ਸਾਲ ਪ੍ਰਧਾਨ ਰਹੇ ਅਤੇ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਵਿਚ ਇਹ ਅਰਸਾ ਸੁਨਹਿਰੀ ਕਾਲ ਵਜੋਂ ਜਾਣਿਆ ਜਾਵੇਗਾ । ਉਹਨਾਂ ਨੇ ਗੁਰਮਤਿ ਪ੍ਰਚਾਰ ਅਤੇ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਦੀ ਸੇਵਾ ਪੂਰੀ ਤਨਦੇਹੀ ਅਤੇ ਈਮਾਨਦਾਰੀ ਨਾਲ ਕੀਤੀ । ਆਪਣੇ ਜਿਉਂਦੇ ਜੀਅ ਉਹਨਾਂ ਨੇ ਸ਼੍ਰੋਮਣੀ ਕਮੇਟੀ ਅਤੇ ਇੱਕ ਹੱਦ ਤੱਕ ਅਕਾਲੀ ਦਲ ਨੂੰ ਆਪਣੇ ਮੁੱਢਲੇ ਅਸੂਲਾਂ ਤੋਂ ਨਹੀਂ ਸੀ ਥਿੜਕਣ ਦਿੱਤਾ। ਉਹਨਾਂ ਦੇ ਤੁਰ ਜਾਣ ਤੋਂ ਬਾਅਦ ਉਹਨਾਂ ਦੇ ਸਾਥੀ ਰਹੇ ਅਕਾਲੀ ਆਗੂਆਂ ਵਿਚੋਂ ਬਹੁਤਿਆਂ ਨੇ ਵੀ ਉਹੀ ਰਾਹ ਫੜ ਲਿਆ ਜਿਸ ਰਾਹ ਵੱਲ ਜਥੇਦਾਰ ਟੌਹੜਾ ਨੇ ਕਦੇ ਮੂੰਹ ਵੀ ਨਹੀਂ ਸੀ ਕੀਤਾ । ਜਥੇਦਾਰ ਟੌਹੜਾ ਸਮੇ ਨੀਲੀ ਪੱਗ ਨੂੰ ਲੋਕੀ ਨੀਲੀ ਕਹਿ ਕੇ ਘੱਟ ਖਰੀਦਦੇ ਸਨ ਤੇ ਟੌਹੜਾ ਰੰਗੀ ਕਹਿ ਕੇ ਜ਼ਿਆਦਾ ਖਰੀਦਦੇ ਸਨ । ਪਰ ਅਫਸੋਸ ਹੈ ਕਿ ਅੱਜ ਅਸੀ ਉਸ ਟੌਹੜਾ ਰੰਗੀ ਪੱਗ ਦੀ ਪਹਿਚਾਣ ਅਤੇ ਸਤਿਕਾਰ ਬਰਕਰਾਰ ਨਹੀਂ ਰੱਖ ਸਕੇ ਤੇ ਨਾ ਹੀ ਉਹਨਾਂ ਦੀ ਵਿਚਾਰਧਾਰਾਂ ਨੂੰ ਅਗਾਂਹ ਤੋਰ ਸਕੇ ।
ਉੱਘੇ ਰਾਜਸੀ ਟਿੱਪਣੀਕਾਰ ਅਤੇ ਅਕਾਲੀ ਰਾਜਨੀਤੀ ਵਿਚ ਸਾਰੀ ਉਮਰ ਜਥੇਦਾਰ ਗੁਰਚਰਨ ਸਿੰਘ ਦੇ ਵਿਰੋਧੀ ਪਾਲੇ ਵਿਚ ਰਹੇ ਹਰਚਰਨ ਬੈਂਸ ਨੇ ਇੱਕ ਥਾਂ ਲਿਖਿਆ ਹੈ, "ਪੰਜਾਬ ਦੇ ਸਿਆਸੀ, ਧਾਰਮਿਕ ਖੇਤਰ ਵਿੱਚ ਪਿਛਲੇ ਇੱਕ ਦਹਾਕੇ ਤੋਂ ਅਜੀਬ ਸੁੰਨਮਸਾਨ ਪਸਰੀ ਹੋਈ ਹੈ। ਇਵੇਂ ਜਾਪਦਾ ਹੈ 'ਜਿਵੇਂ ਸੰਗੀਤ ਦਾ ਇਕ ਸੁਰ ਗੁੰਮ ਹੋ ਗਿਆ ਹੋਵੇ , ਜਿਵੇਂ ਚਿੱਤਰਕਾਰ ਦੀ ਕਿਸੇ ਸ਼ਾਹਕਾਰ ਰਚਨਾ ਵਿੱਚੋਂ ਇੱਕ ਰੰਗ ਉੱਡ ਗਿਆ ਹੋਵੇ ਜਾਂ ਬ੍ਰਹਮੰਡੀ ਨਾਚ ਦਾ ਤਾਲ ਖੁੰਝ ਗਿਆ ਹੋਵੇ। ਬਜ਼ੁਰਗ ਅਕਾਲੀ ਆਗੂ ਅਤੇ ਸਿੱਖ ਮਾਨਸਿਕਤਾ ਦਾ ਇਕ ਖਾਸ ਅਕਸ ਜਥੇਦਾਰ ਗੁਰਚਰਨ ਸਿੰਘ ਟੌਹੜਾ ਪੰਜਾਬ ਦੇ ਸਿਆਸੀ ਧਾਰਮਿਕ ਪਿੜ ਵਿੱਚੋਂ ਗਾਇਬ ਹਨ । ਜਥੇਦਾਰ ਟੌਹੜਾ ਦਾ ਚਲੇ ਜਾਣਾ ਕੇਵਲ ਸਿੱਖ ਸਿਆਸਤ ਲਈ ਹੀ ਨਹੀਂ ਬਲਕਿ ਪੰਜਾਬ ਦੀ ਸਮੁੱਚੀ ਸਮਾਜਿਕ ਅਤੇ ਮਨੋਵਿਗਿਆਨਕ ਫਿਜ਼ਾ ਲਈ ਬੇਹੱਦ ਦੁਖਦਾਈ ਪਲ ਸੀ। ਮੈਨੂੰ ਨਹੀਂ ਲੱਗਦਾ ਕਿ ਮੇਰੇ ਇਸ ਧਰਤੀ ਉੱਤੇ ਰਹਿੰਦਿਆਂ ਸਿੱਖ ਜਾਂ ਪੰਜਾਬ ਦੀ ਸਿਆਸਤ ਵਿੱਚ ਉਨ੍ਹਾਂ ਵਰਗਾ ਕੋਈ ਹੋਰ ਸੂਰਮਾ ਮੁੜ ਉੱਭਰੇ"।
ਇਕ ਦਿਨ ਮੈਂ ਗੁਰਚਰਨ ਸਿੰਘ ਟੌਹੜਾ ਦੇ ਜੱਦੀ ਪਿੰਡ ਟੌਹੜਾ ਵਿੱਚੋਂ ਦੀ ਲੰਘਿਆ ਤਾਂ ਮੈਨੂੰ ਹਰਚਰਨ ਬੈਂਸ ਜੀ ਵੱਲੋਂ ਲਿਖੀਆਂ ਉਪਰੋਕਤ ਲਾਈਨਾਂ ਯਾਦ ਆ ਗਈਆਂ । ਸੰਸਾਰ ਤੋਂ ਜਥੇਦਾਰ ਟੌਹੜਾ ਦੇ ਰੁਖਸਤ ਹੋਣ ਦੇ ਸੇਕ ਦੀ ਝਲਕ ਪੰਜਾਬ ਤੇ ਸਿੱਖ ਸਿਆਸਤ ਦੇ ਨਾਲ - ਨਾਲ ਉਨ੍ਹਾਂ ਦੀ ਜਨਮ ਭੂਮੀ ਵਿੱਚੋਂ ਵੀ ਮਿਲਣੀ ਸੁਭਾਵਿਕ ਹੈ । ਜਥੇਦਾਰ ਟੌਹੜਾ ਦੇ ਸਮੇਂ ਟੌਹੜਾ ਪਿੰਡ ਤੋਂ ਜਾਂਦੀ ਹਰ ਸੜਕ ਦੀ ਹਾਲਤ ਬੜੀ ਸਾਫ਼ ਸੁਥਰੀ ਹੁੰਦੀ ਸੀ । ਪਰ ਅੱਜ ਉਨ੍ਹਾਂ ਸੜਕਾਂ ਤੇ ਖੱਡੇ - ਟੋਏ ਵੇਖਣ ਨੂੰ ਆਮ ਮਿਲਦੇ ਹਨ , ਹੋਰ ਤਾਂ ਹੋਰ ਸੜਕਾਂ ਵੀ ਆਪਣੇ ਮਹਿਬੂਬ ਆਗੂ ਨੂੰ ਤਰਸ ਰਹੀਆਂ ਹਨ । ਜਿਉਂ ਹੀ ਅਸੀਂ ਟੌਹੜਾ ਪਿੰਡ ਦੇ ਵਿੱਚੋਂ ਗੁਜ਼ਰੇ ਤਾਂ ਉੱਥੇ ਦੀਆਂ ਰੌਣਕਾਂ , ਸਰਕਾਰੀ , ਗੈਰ ਸਰਕਾਰੀ ਇਮਾਰਤਾਂ , ਸੜਕਾਂ , ਵਾਤਾਵਰਨ ਤੇ ਰੁੱਖ ਮੁਰਝਾਏ ਹੋਏ ਜਾਪੇ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਇੰਝ ਲੱਗ ਰਿਹਾ ਸੀ ਜਿਵੇਂ ਕਿਸੇ ਬਾਗ ਦਾ ਮਾਲੀ ਆਪਣੇ ਸੋਹਣੇ ਬਾਗ਼ ਨੂੰ ਛੱਡ ਕੇ ਕਿਤੇ ਦੂਰ ਕੂਚ ਕਰ ਗਿਆ ਹੋਵੇ ਅਤੇ ਬਾਗ ਵਿੱਚ ਅਜੀਬ ਜਿਹੀ ਸੁੰਨਸਾਨ ਛਾ ਗਈ ਹੋਵੇ । ਜਿਉਂਦੇ ਜੀਅ ਜਥੇਦਾਰ ਟੌਹੜਾ ਦਾ ਪਿੰਡ ਅਥਾਹ ਤਰੱਕੀ
ਦੇ ਰਾਹ ਉੱਤੇ ਤੁਰਿਆ ਹੋਇਆ ਸੀ ਪਰ ਅੱਜ ਬਿਲਕੁਲ ਇਸ ਦੇ ਉਲਟ , ਸਾਰਾ ਕੁਝ ਖੰਡਰਾਤ ਬਣਨ ਕੰਢੇ ਉੱਤੇ ਹੈ । ਜੇ ਕਿਤੇ ਕੋਈ ਪਿੰਡ ਬਿਨਾਂ ਰੂਹ ਤੋਂ ਵੱਸਦਾ ਵੇਖਣਾ ਹੋਵੇ ਤਾਂ ਮੌਜੂਦਾ ਸਮੇਂ ਵਿਚ ਟੌਹੜਾ ਪਿੰਡ ਉਸ ਦੀ ਪ੍ਰਤੱਖ ਉਦਾਹਰਣ ਹੋ ਸਕਦੀ ਹੈ । ਟੌਹੜਾ ਪਿੰਡ ਦੀ ਮੌਜੂਦਾ ਸਥਿਤੀ ਵੇਖ ਕੇ ਸੱਚਮੁੱਚ ਹੀ ਮਨ ਬੜਾ ਵਿਆਕੁਲ , ਉਦਾਸ ਤੇ ਮਨ ਨੂੰ ਅੰਦਰੋ ਅੰਦਰੀ ਰੋਣਾ ਆਇਆ । ਹਕੀਕਤ ਇਹ ਹੈ ਕਿ ਟੌਹੜਾ ਪਿੰਡ ਦੇ ਜ਼ੱਰੇ - ਜ਼ੱਰੇ ਨੂੰ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਘਾਟ ਮਹਿਸੂਸ ਹੋ ਰਹੀ ਹੈ , ਠੀਕ ਉਸੇ ਤਰ੍ਹਾਂ ਟੌਹੜਾ ਪਿੰਡ ਦੀ ਆਤਮਾ ਤੜਫ ਰਹੀ ਹੈ ਜਿਵੇਂ ਇੱਕ ਮੱਛੀ ਪਾਣੀ ਤੋਂ ਬਿਨਾ ਤੜਫਦੀ ਹੋਵੇ ।
ਕੁਝ ਇਹੋ ਜਿਹੇ ਹੀ ਹਾਲਾਤ ਅੱਜ ਸਿੱਖ ਸਿਆਸਤ ਤੇ ਪੰਜਾਬ ਦੀ ਫਿਜ਼ਾ ਲਈ ਬਣੇ ਹੋਏ ਹਨ । ਜਿਸ ਆਗੂ ਨੇ ਆਪਣੀ ਸਾਰੀ ਉਮਰ ਲੋਕ ਪੱਖੀ ਸਿਆਸਤ ਵਿੱਚ ਗੁਜ਼ਾਰ ਦਿੱਤੀ ਹੋਵੇ , ਜੇਕਰ ਉਸ ਦੇ ਜਾਣ ਪਿੱਛੋਂ ਉਸ ਦੇ ਜੱਦੀ ਪਿੰਡ ਦਾ ਇਹ ਹਾਲ ਹੈ ਤਾਂ ਪੰਜਾਬ ਦੀ ਸਿਆਸਤ ਅਤੇ ਸਿੱਖ ਸਿਆਸਤ ਕਿੰਨੀ ਗੰਦਲੀ ਤੇ ਭ੍ਰਿਸ਼ਟ ਹੋ ਗਈ ਹੋਵੇਗੀ , ਇਸ ਦਾ ਅਨੁਮਾਨ ਲਗਾਉਣਾ ਵੀ ਅਸੰਭਵ ਹੈ ਕਿਉਂਕਿ ਪੰਜਾਬ ਦੇ ਸਿਆਸੀ ਪਿੜ ਅੰਦਰ ਜਥੇਦਾਰ ਟੌਹੜਾ ਇੱਕੋ ਇੱਕ ਅਜਿਹੇ ਨੇਤਾ ਸਨ ਕਿ ਜਦੋਂ ਉਹ ਬੋਲਦੇ ਸਨ ਤਾਂ ਸੁਰਖੀਆਂ ਬਣਦੀਆਂ ਸਨ ਪਰ ਜਦੋਂ ਚੁੱਪ ਹੁੰਦੇ ਸਨ ਤਾਂ ਵੀ ਅਖ਼ਬਾਰਾਂ ਵਿੱਚ ਵੱਡੀਆਂ ਸੁਰਖੀਆਂ ਬਣਦੀਆਂ ਸਨ । ਉੱਥੋ ਇਹ ਗੱਲ ਮੈਨੂੰ ਸਿੱਖਣ ਨੂੰ ਮਿਲੀ ਕਿ ਲੋੜ ਅੱਜ ਅਜਿਹੇ ਦਰਪੇਸ਼ ਆਗੂ ਦੀ ਉੱਚੀ - ਸੁੱਚੀ ਵਿਚਾਰਧਾਰਾ ਦੇ ਸੱਚੇ ਵਾਰਸ ਬਣਕੇ, ਉਸ ਨੂੰ ਅਗਾਹ ਤੋਰਨ ਲਈ ਯਤਨਸ਼ੀਲ ਰਹਿਣ ਦੀ ਹੈ ।
ਜਥੇਦਾਰ ਟੌਹੜਾ ਨੇ ਸਾਰੀ ਜਿੰਦਗੀ ਬਾਲਿਆ ਵਾਲੀ ਕੱਚੀ ਛੱਤ ਹੇਠ ਗੁਜਾਰ ਦਿੱਤੀ ਪਰ ਬਾਅਦ ਵਿਚ ਉਨ੍ਹਾਂ ਦੇ ਸਾਥੀ ਨਿੱਜੀ ਸਵਾਰਥਾਂ ਵਿਚ ਗਲਤਾਨ ਹੋ ਕੇ ਰਹਿ ਗਏ । ਇਸੇ ਕਾਰਣ ਅੱਜ ਟੌਹੜਾ ਧੜਾ ਪੰਜਾਬ ਦੀ ਸਿਆਸਤ ਵਿਚੋ ਅਲੋਪ ਹੁੰਦਾ ਜਾਪਦਾ ਹੈ । ਜਥੇਦਾਰ ਟੌਹੜਾ ਦੇ ਕਾਰਜਕਾਲ ਦੌਰਾਨ ਹਰ ਅਕਾਲੀ ਦਾ ਬੜਾ ਸਤਿਕਾਰ ਹੁੰਦਾ ਸੀ। ਉਸ ਸਮੇਂ ਕਮੀਜ਼ਾਂ ਉੱਤੇ 'ਮੈਨੂੰ ਮਾਣ ਅਕਾਲੀ ਹੋਣ 'ਤੇ' ਵਰਗੇ ਸਟਿੱਕਰ ਲਾਉਣ ਦੀ ਲੋੜ ਨਹੀਂ ਸੀ ਹੁੰਦੀ ਬਲਕਿ ਉਸ ਸਮੇਂ ਆਮ ਲੋਕਾਂ ਦੇ ਦਿਲਾਂ 'ਚ ਅਕਾਲੀਆਂ ਪ੍ਰਤੀ ਮਾਣ ਤੇ ਹਮਦਰਦੀ ਦਾ ਦਿਲੋਂ ਪ੍ਰਗਟਾਵਾ ਹੁੰਦਾ ਸੀ । ਜਦੋਂ ਜਥੇਦਾਰ ਟੌਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੁੰਦਿਆਂ ਵਿਦੇਸ਼ੀ ਦੌਰਿਆਂ ਤੇ ਜਾਂਦੇ ਤਾਂ ਏਅਰਪੋਰਟ ਤੋਂ ਗੁਰਦੁਆਰਾ ਸਾਹਿਬ ਤਕ ਸਿੱਖ ਭਾਈਚਾਰਾ ਉਨ੍ਹਾਂ ਦਾ ਸ਼ਾਨੋ ਸ਼ੌਕਤ ਨਾਲ ਸਵਾਗਤ ਕਰਦਾ ਸੀ । ਪਰ ਅਜੋਕੇ ਹਾਲਾਤਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਤੇ ਹੋਰ ਅਕਾਲੀ ਆਗੂ ਛੇਤੀ ਕਿਤੇ ਵਿਦੇਸ਼ ਦੇ ਕਿਸੇ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਜਾਣ ਦੀ ਜ਼ੁਰੱਅਤ ਵੀ ਨਹੀਂ ਕਰ ਸਕਦੇ, ਜੇਕਰ ਜਾਂਦੇ ਵੀ ਹਨ ਤਾਂ ਉੱਥੇ ਉਨ੍ਹਾਂ ਦੇ ਵਿਰੋਧ ਹੋਣ ਦੀਆਂ ਖ਼ਬਰਾਂ ਸਾਡੇ ਸਾਹਮਣੇ ਹਨ।
ਕੋਈ ਸਮਾਂ ਸੀ ਜਦੋਂ ਅਕਾਲੀ ਸ਼ਬਦ ਪਤੀ ਦੁਨੀਆਂ ਦਾ ਸਿਰ ਸਤਿਕਾਰ ਨਾਲ ਝੁਕਦਾ ਸੀ ਪਰ ਅੱਜ ਅਕਾਲੀ ਸੁਣਦੇ ਸਾਰ ਹੀ ਲੋਕਾਂ ਦੇ ਮਨ ਵਿਚ ਪੰਥ ਪ੍ਰਸਤੀ ਭੁੱਲ ਸਭ ਤੋਂ ਪਹਿਲਾ ਟੈਕਸ , ਰੇਤਾ ਬਜਰੀ , ਭ੍ਰਿਸ਼ਟਾਚਾਰ , ਨਸ਼ੇ , ਹਿੱਸੇਦਾਰੀਆਂ ਆਦਿ ਸ਼ਬਦ ਘੁੰਮਣ ਲੱਗ ਪੈਂਦੇ ਹਨ । ਪੰਜਾਬ ਦੇ ਲੋਕਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਜਿਵੇਂ ਸਭ ਤੋਂ ਮਾੜੇ ਕੰਮਾਂ ਦਾ ਠੇਕਾ ਅੱਜ ਅਕਾਲੀਆਂ ਨੇ ਹੀ ਲਿਆ ਹੋਵੇ । ਅੱਜ ਦੇ ਅਕਾਲੀਆਂ ਅੰਦਰ ਸਮਾਜ ਦੀ ਹਰ ਮਾੜੀ ਲਾਲਸਾ ਵੇਖੀ ਜਾ ਸਕਦੀ ਹੈ । ਅਜੋਕੇ ਅਕਾਲੀਆਂ ਅੰਦਰ ਪੰਥ ਪ੍ਰਸਤੀ ਤੋਂ ਪਹਿਲਾਂ ਅਖੌਤੀ ਦੇਸ਼ ਭਗਤੀ ਜਾਗ ਰਹੀ ਹੈ ਜਿਸ ਨੇ “ ਪੰਥ ਵਸੈ ਮੈਂ ਉਜੜਾ ਮਨ ਚਾਓ ਘਨੇਰਾ ` ਵਾਲੇ ਪੰਥ ਪ੍ਰਸਤੀ ਜਜ਼ਬੇ ਉੱਤੇ ਇੱਕ ਸਵਾਲੀਆ ਚਿੰਨ ਲਗਾ ਦਿੱਤਾ ਹੈ । ਇੰਝ ਲੱਗਦਾ ਹੈ ਜਿਵੇਂ ਇਹਨਾਂ ਅੰਦਰੋ ਪੰਥ ਪ੍ਰਸਤੀ , ਗੁਰਮਤਿ ਦੀ ਰਹਿਣੀ , ਜਝਾਰੂ ਸੋਚ , ਸਿੱਖ ਲੀਡਰਸ਼ਿਪ ਦੀ ਕਾਬਲੀਅਤ ਅੰਦਰੋਂ ਹੀ ਖਤਮ ਹੋ ਚੁੱਕੀ ਹੈ । ਅੱਜ ਜਥੇਦਾਰ ਟੌਹੜਾ ਦੀ ਯਾਦ ਵਿਚ ਬਿਲਡਿੰਗਾਂ , ਮਾਰਗ ਬਣਾਉਣ ਦੀ ਲੋੜ ਨਹੀਂ ਸਗੋਂ ਉਹਨਾਂ ਦੀ ਜੁਝਾਰੂ ਸੋਚ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ ਅਤੇ ਉਹਨਾਂ ਦੀ ਵਿਚਾਰਧਾਰਾ ਨੂੰ ਅਖਬਾਰੀ ਬਿਆਨਾਂ ਤੋਂ ਸੰਕੋਚ ਕਰਕੇ ਅਮਲ ਰੂਪ ਵਿਚ ਲਾਗੂ ਕਰਨ ਦੀ ਲੋੜ ਹੈ ਤਾਂ ਹੀ ਅਸੀਂ ਉਹਨਾਂ ਦੇ ਵਾਰਿਸ ਕਹਾਉਣ ਦੇ ਹੱਕਦਾਰ ਹਾਂ ।
ਵਲੋਂ:ਜਗਜੀਤ ਸਿੰਘ ਪੰਜੋਲੀ,
ਰਿਸਰਚ ਸਕਾਲਰ, ਧਰਮ ਅਧਿਐਨ ਵਿਭਾਗ,
ਪੰਜਾਬੀ ਯੂਨੀਵਰਸਿਟ, ਪਟਿਆਲਾ।
ਮੋਬਾ: 9855520001
-
ਜਗਜੀਤ ਸਿੰਘ ਪੰਜੋਲੀ, ਰਿਸਰਚ ਸਕਾਲਰ, ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟ, ਪਟਿਆਲਾ
jagjitpanjoli@gmail.com
9855520001
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.