ਚੱਲ ਗੁਫ਼ਤਗੂ ਕੋਈ ਕਰਦੇ ਹਾਂ,
ਇਹਨਾਂ ਵਿਗੜੇ ਹੋਏ ਹਾਲਾਤਾਂ ਤੇ,
ਇਹ ਲੋਕ ਵੀ ਵੰਡੇ ਹੋਏ ਨੇ,
ਕੁੱਝ ਧਰਮਾਂ ਵਿੱਚ ਕੁੱਝ ਜਾਤਾਂ ਦੇ,
ਅੱਜ ਸੜਕਾਂ ਖ਼ਾਲੀ ਖ਼ਾਲੀ ਨੇ,
ਚੁੱਪ ਚਾਪ ਪਈਏ ਅਸਮਾਨਾਂ ਦੇ,
ਸੁੰਨਸਾਨ ਜੇ ਕਿਉਂ ਬਜ਼ਾਰ ਪਏ,
ਤੇ ਜਿੰਦਰੇ ਬੱਝੇ ਦੁਕਾਨਾਂ ਦੇ,
ਕੀ ਜੁਗਨੂੰ ਪਹਿਰੇਦਾਰ ਬਣਨਗੇ,
ਇਹਨਾਂ ਕਾਲੀ ਕਾਲੀ ਰਾਤਾਂ ਦੇ..ਚੱਲ
ਸਭ ਰਾਹ ਵੀ ਸੁੰਨੇ ਸੁੰਨੇ ਨੇ,
ਕੋਈ ਵਿਰਲਾ ਵੀ ਦਿੱਸਦਾ ਨਾ,
ਇਹ ਅਸਲ ਕਹਾਣੀ ਕੀ ਹੋਈ,
ਕੋਈ ਸੱਚ ਨੂੰ ਸੱਚ ਲਿਖਦਾ ਨਾ,
ਹੁਣ ਰਾਸੀਆਂ ਵਾਲੇ ਚੁੱਪ ਬੈਠੇ,
ਕੋਈ ਜੌਹਰ ਵਿਖਾਉ ਕਰਾਮਾਤਾਂ ਦੇ..ਚੱਲ
ਕਿੰਝ ਮੋਟਰ ਗੱਡੀਆਂ ਬਿਨ ਸਰਦਾ ਹੈ,
ਕੌਣ ਕੰਮ ਜ਼ਰੂਰੀ ਕਰਦਾ ਹੈ,
ਹੁਣ ਕਿਸਦੀ ਤੂਤੀ ਬੋਲ ਰਹੀ,
ਕੌਣ ਕੀਹਦਾ ਪਾਣੀ ਭਰਦਾ ਹੈ,
ਹੁਣ ਅੱਖਾਂ ਵੀ ਕੁੱਝ ਲੱਭਦੀਆਂ ਨਈਂ,
ਕਿਤੇ ਵਿਸ਼ਰਾਮ ਚਿੰਨ੍ਹ ਲੱਗਾ ਜਜ਼ਬਾਤਾਂ ਦੇ....ਚੱਲ
ਅੱਜ ਕਿਰਤ ਨੂੰ ਹੈ ਢਾਅ ਲੱਗੀ,
ਚੁੱਲ੍ਹਾ ਕਿਰਤੀ ਦਾ ਹੈ ਬੰਦ ਪਿਆ,
ਮੈਂਨੂੰ ਫ਼ਿਕਰ ਉਹਦੇ ਜੁਆਕਾਂ ਦਾ,
ਨਾ ਬਾਕੀਆਂ ਨੂੰ ਬਹੁਤਾ ਫ਼ਰਕ ਪਿਆ,
ਕੋਈ ਉਹਦੀ ਖ਼ੈਰ ਖਵਾਂ ਪੁੱਛ ਲੈਣਾ,
ਉਹ ਭੁੱਖੇ ਨੇ ਕਿੰਨੇ ਦਿਨ ਤੇ ਰਾਤਾਂ ਦੇ..ਚੱਲ
ਅੱਜ ਕੁਦਰਤ ਖੁਸ਼ ਕਿਉਂ ਲੱਗਦੀ,
ਭੈਅ ਵਿੱਚ ਹੈ ਇਨਸਾਨ ਪਏ
ਜ਼ੋ ਰੱਬ ਦੇ ਨਾਂ ਤੇ ਖਾਹਦੇ ਸੀ,
ਅੱਜ ਉਹ ਬੰਦ ਵਿੱਚ ਮਕਾਨ ਪਏ,
ਜਖਵਾਲੀ ਐਨਾ ਡਰ ਕਿਸਦਾ,
ਨਾ ਕੋਈ ਸ਼ਿਕਵੇ ਧੁੱਪਾਂ ਬਰਸਾਤਾਂ ਦੇ..ਚੱਲ
ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ 98550 36444
-
ਗੁਰਪ੍ਰੀਤ ਸਿੰਘ ਜਖਵਾਲੀ, ਲੇਖਕ
jakhwali89@gmail.com
98550 36444
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.