ਖ਼ਬਰ ਹੈ ਕਿ ਕਰੋਨਾ ਵਾਇਰਸ ਦੇ ਫੈਲਦੇ ਪ੍ਰਭਾਵ 'ਤੇ ਕਾਬੂ ਪਾਉਣ ਦੀ ਜੱਦੋ-ਜਹਿਦ 'ਚ ਲੱਗੀ ਸਰਕਾਰ ਦੇ ਸਾਹਮਣੇ ਅਨੇਕਾਂ ਵੱਡੀਆਂ ਚਣੌਤੀਆਂ ਹਨ। ਕੇਂਦਰ ਸਰਕਾਰ ਨੇ ਸੂਬਿਆਂ ਨੂੰ ਲਿਖਿਆ ਹੈ ਕਿ 15 ਲੱਖ ਲੋਕ ਵਿਦੇਸ਼ ਤੋਂ ਆਏ ਹਨ ਅਤੇ ਸਾਰਿਆਂ ਦੀ ਜਾਂਚ ਨਾ ਤਾਂ ਹੋਈ ਹੈ ਅਤੇ ਨਾ ਹੀ ਉਹਨਾ ਦੀ ਨਿਗਰਾਨੀ ਕੀਤੀ ਗਈ। ਕੇਂਦਰ ਨੇ ਕਿਹਾ ਕਿ ਭਾਰਤ 'ਚ ਕੋਵਿਡ-19 'ਚ ਜਿੰਨੇ ਵੀ ਲੋਕਾਂ ਦੀ ਜਾਨ ਗਈ ਹੈ ਉਹਨਾ ਨੂੰ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਜਾਂ ਦਿਲ ਦੀ ਬੀਮਾਰੀ ਸੀ। ਜਿਆਦਾ ਮਰੀਜ਼ ਬਜ਼ੁਰਗ ਸਨ।
ਸੁਣੋ ਜੀ, ਕਰੋਨਾ ਤਾਂ "ਕਰੋਨਾ ਡਿਜ਼ਟਲ" ਬਣਿਆ ਦਿਸਦਾ। ਕਰੋਨਾ ਨੇ ਤਾਂ ਲੋਕਾਂ ਨੂੰ ਵਖਤ ਪਾਇਆ ਹੋਇਆ। ਵਿਹਲਾ ਬੰਦਾ ਸ਼ੈਤਾਨ ਦਾ ਘਰ! ਘਰ ਬੈਠਿਆ ਹਰ ਕੋਈ ਹਕੀਮ, ਹਰ ਕੋਈ ਡਾਕਟਰ, ਹਰ ਕੋਈ ਸਿਆਣਾ ਬਣਿਆ ਫਿਰਦੈ, ਆਪਣੇ ਦਿਮਾਗ ਦੀ ਖਾਜ, ਦੂਜੇ ਸਿਰ ਮੜ੍ਹ ਰਿਹੈ।
ਸੁਣੋ ਜੀ ਟਰੰਪ ਪ੍ਰੇਸ਼ਾਨ ਆ ਕਰੋਨਾ ਤੋਂ। ਮੋਦੀ ਪ੍ਰੇਸ਼ਾਨ ਆ ਲੋਕਾਂ ਤੋਂ। ਸਰਕਾਰਾਂ ਪ੍ਰੇਸ਼ਾਨ ਆ ਪ੍ਰਵਾਸੀਆਂ ਤੋਂ। ਪਰ ਸਭ ਤੋਂ ਵੱਧ ਪ੍ਰੇਸ਼ਾਨ ਹਨ, ਗਲੀਆਂ-ਮੁਹੱਲਿਆਂ ਵਾਲੇ ਨੇਤਾ ਜਿਹਨਾ ਨੂੰ ਆਪਣੀਆਂ ਵੋਟਾਂ ਕਿਰਨ ਦਾ ਖਤਰਾ ਹੈ। ਜੇ ਨਾ ਰਿਹਾ ਬਾਂਸ ਤਾਂ ਕਿਥੋਂ ਵੱਜੂ ਬੰਸਰੀ।
ਸੁਣੋ ਜੀ, ਅਫਵਾਹਾਂ ਦਾ ਦੌਰ ਗਰਮ ਹੈ। ਕੋਈ ਆਂਹਦਾ ਨੀਂਦ 'ਚ ਸੁਤਿਆਂ ਕਰੋਨਾ ਨੇ ਹਮਲਾ ਕੀਤਾ, ਲੋਕ ਪੱਥਰ ਬਣ ਗਏ। ਕੋਈ ਆਂਹਦਾ ਕਰੋਨਾ ਨਾਲ ਲੱਖਾਂ ਮਰ ਗਏ। ਸੱਥਰ ਵਿੱਛ ਗਏ। ਭਾਈਬੰਦੋ ਭੁੱਖੇ ਢਿੱਡਾਂ 'ਚ ਜਦ ਟੁੱਕਰ ਨਹੀਂ ਪੈਣਾ ਤਾਂ ਬੰਦੇ ਨੇ ਪੱਥਰ ਹੀ ਬਨਣਾ।
ਸੁਣੋ ਜੀ, ਲੋਕ ਘਰੀਂ ਬੈਠੇ ਆ। ਨੇਤਾ ਕੁਰਸੀਆਂ ਸੰਭਾਲ ਰਹੇ ਆ। ਅਫ਼ਸਰ ਹੁਕਮ ਫਰਮਾ ਰਹੇ ਆ। ਆਂਹਦੇ ਆ, ਕੋਈ ਭੁੱਖਾ ਨਹੀਂ ਮਰੇਗਾ। ਬਸ ਕਰੋਨਾ ਸੁੱਖ ਰੱਖੇ। ਲੋਕ ਅੰਨ ਉਡੀਕਦੇ ਆ। ਦਵਾਈਆਂ ਉਡੀਕ ਰਹੇ ਆ ਅਤੇ ਸਭ ਰਿਸ਼ਤੇ ਭੁਲ ਗਏ ਆ । ਬਸ ਪੇਟ ਹੀ ਵੱਡਾ ਰਿਸ਼ਤਾ ਰਹਿ ਗਿਆ। "ਖਾਣ ਪੀਣ ਦਾ ਰਿਹਾ ਹੈ ਬਸ ਰਿਸ਼ਤਾ, ਆਪੋ ਧਾਪੀ ਤੇ ਰੋਲ ਘਲੋਚ ਮੀਆਂ"।
ਸੁਣੋ ਜੀ, ਚੀਨੋ ਤੁਰਿਆ ਕਰੋਨਾ, ਪਹੁੰਚਾ ਵਿੱਚ ਪ੍ਰਦੇਸ਼। ਚੀਨੋ ਤੁਰਿਆ "ਕਰੋਨਾ ਡਿਜ਼ੀਟਲ, ਇਟਲੀ ਪੁੱਜਾ , ਜਰਮਨ ਪੁੱਜਾ, ਬਰਤਾਨੀਆ ਪੁੱਜਾ ਅਤੇ ਫਿਰ ਪਹੁੰਚਾ ਦੇਵਤਿਆਂ ਦੇ ਦੇਸ਼ ਮਹਾਨ ਭਾਰਤ । ਕਿਸੇ ਨਾ ਰੋਕਿਆ, ਕਿਸੇ ਨਾ ਟੋਕਿਆ। ਰੋਕਦਾ ਵੀ ਕੌਣ, ਟੋਕਦਾ ਵੀ ਕੌਣ ਵਪਾਰੀਆਂ ਦਾ ਵਪਾਰ ਫਲੂ ਫੁਲੂ।
ਇਧਰਲੀ-ਉਧਰ, ਮਿੰਟਾਂ ਸਕਿੰਟਾਂ ਦੇ ਖੇਲ 'ਚ ਕੋਈ ਰੰਕ ਬਣੂੰ, ਕੋਈ ਬਣੂੰ ਰਾਜਾ ਕਿਉਂਕਿ ਸੁਣੋ ਜੀ, "ਖੁਲ੍ਹੀ ਮੰਡੀ ਹੈ ਸਾਰਾ ਸੰਸਾਰ ਬਣਿਆ, ਵਿਸ਼ਵੀਕਰਨ ਦਾ ਵੱਜਦਾ ਢੋਲ ਮੀਆਂ"।
ਖੀਸੇ ਖਾਲੀ, ਢਿੱਡ ਭੁੱਖੇ ਅਤੇ ਤਨ ਉਤੇ ਲੀਰਾਂ
ਖ਼ਬਰ ਹੈ ਕਿ ਪੰਜਾਬ ਵਿੱਚ ਕਰੋਨਾ ਵਾਇਰਸ ਨੂੰ ਰੋਕਣ ਲਈ ਪਾਬੰਦੀਆਂ ਦੇ ਛੇਵੇਂ ਦਿਨ ਲੋਕਾਂ ਨੂੰ ਨਵੀਆਂ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਲੋਕ ਕੰਮ-ਕਾਰ ਛੱਡਕੇ ਘਰਾਂ 'ਚ ਬੈਠੇ ਜ਼ਿੰਦਗੀ ਨੂੰ ਚਲਦਾ ਰੱਖਣ ਲਈ ਯਤਨ ਕਰ ਰਹੇ ਹਨ, ਪਰ ਕੋਈ ਰਾਹਤ ਨਹੀਂ ਮਿਲ ਰਹੀ। ਸਰਕਾਰ ਵਲੋਂ ਗਰੀਬਾਂ ਨੂੰ ਅਨਾਜ ਦੇਣ ਲਈ ਪੰਚਾਇਤਾਂ ਕੋਲੋਂ ਲਿਸਟਾਂ ਮੰਗੀਆਂ ਜਾ ਰਹੀਆਂ ਹਨ ਫਿਰ ਪੰਚਾਇਤਾਂ ਨੂੰ ਹਰ ਰੋਜ 5000 ਰੁਪਏ ਦਾ ਅਨਾਜ ਵੰਡਣ ਦੀਆਂ ਹਦਾਇਤਾਂ ਹਨ, ਪਰ ਪੰਚਾਇਤਾਂ ਦੇ ਖਾਤਿਆਂ 'ਚ ਕੋਈ ਰਕਮ ਨਹੀਂ ਹੈ ਅਤੇ ਨਾ ਹੀ ਸਰਕਾਰ ਵਲੋਂ ਕੋਈ ਸਹਾਇਤਾ ਦਿੱਤੀ ਜਾ ਰਹੀ ਹੈ। ਉਧਰ ਕਿਰਿਆਨੇ ਦੀ ਵੱਡੀ ਸਪਲਾਈ, ਜੋ ਦਿੱਲੀ ਤੋਂ ਆਉਂਦੀ ਹੈ, ਠੱਪ ਹੋ ਗਈ ਹੈ ਅਤੇ ਦਾਲਾਂ, ਗੁੜ, ਮਸਾਲੇ ਅਤੇ ਹੋਰ ਨਿੱਤ ਵਰਤੋਂ ਦੀਆਂ ਚੀਜ਼ਾਂ 'ਚ ਭਾਰੀ ਕਮੀ ਆ ਗਈ ਹੈ। ਪ੍ਰਵਾਸੀ ਮਜ਼ਦੂਰਾਂ ਨੂੰ ਤਾਂ ਖਾਸ ਕਰਕੇ ਰੋਟੀ ਦੇ ਲਾਲੇ ਪਏ ਹੋਏ ਹਨ ਕਿਉਂਕਿ ਪਿੰਡਾਂ ਵਾਲੇ ਆਪਣੇ ਖੇਤ ਮਜ਼ਦੂਰਾਂ ਦੀ ਤਾਂ ਮਾੜੀ-ਮੋਟੀ ਸਾਰ ਲੈ ਰਹੇ ਹਨ, ਪਰ ਇਹਨਾ ਮਜ਼ਦੂਰਾਂ ਨੂੰ ਕੋਈ ਪੁੱਛ ਨਹੀਂ ਰਿਹਾ।
ਸਰਕਾਰਾਂ ਆਂਹਦੀ ਆ ਕਿਸੇ ਚੀਜ਼ ਦੀ ਕੋਈ ਕਮੀ ਨਹੀਂ। ਵਾਕਿਆ ਹੀ ਕੋਈ ਕਮੀ ਨਹੀਂ। ਖਾਲੀ ਖਜ਼ਾਨੇ ਦੀ ਕੋਈ ਕਮੀ ਨਹੀਂ, ਕਰਫ਼ਿਊ ਦੇ ਬਾਵਜੂਦ ਸੜਕਾਂ 'ਤੇ ਲੋਕਾਂ ਦੀ ਕੋਈ ਕਮੀ ਨਹੀਂ। ਵੱਡੇ ਸਟੋਰਾਂ ਵਾਲਿਆਂ ਵਲੋਂ ਲੋਕਾਂ ਨੂੰ ਜੀਅ ਭਰਕੇ ਲੁੱਟਣ 'ਚ ਕੋਈ ਕਮੀ ਨਹੀਂ। ਕਰੋਨਾ ਵਾਇਰਸ ਦੇ ਵਾਧੇ 'ਚ ਕੋਈ ਕਮੀ ਨਹੀਂ। ਅਫ਼ਵਾਹਾਂ ਲਗਾਤਾਰ ਫੈਲ ਰਹੀਆਂ ਹਨ, ਕੋਈ ਕਮੀ ਨਹੀਂ। ਪੁਲਿਸ ਵਾਲਿਆਂ ਵਲੋਂ ਲੋਕਾਂ ਨਾਲ ਕੀਤੀਆਂ ਜਾ ਰਹੀਆਂ ਜਿਆਦਤੀਆਂ 'ਚ ਕੋਈ ਕਮੀ ਨਹੀਂ। ਵੱਡਿਆਂ ਵਲੋਂ ਛੋਟਿਆਂ ਨੂੰ ਛੁਟਿਆਊਣ, 'ਚ ਕੋਈ ਕਮੀ ਨਹੀਂ। ਵੱਡੀ ਗਿਣਤੀ ਭਾਈਚਾਰਿਆਂ ਵਲੋਂ ਇਸ ਮਹਾਂਮਾਰੀ ਸਮੇਂ ਘੱਟ ਗਿਣਤੀਆਂ ਨੂੰ ਸਬਕ ਸਿਖਾਉਣ ਅਤੇ ਆਪਣੀ ਧੌਂਸ ਜਮਾਉਣ 'ਚ ਕੋਈ ਕਮੀ ਨਹੀਂ।
ਓ ਭਾਈ ਹਾਕਮੋ, ਮਹਾਂਮਾਰੀ ਦੇ ਇਸ ਦੌਰ 'ਚ ਇੱਕ ਲੋਕ ਹਿਤੈਸ਼ੀ ਚਿੰਤਕ ਡਾ: ਗਿਆਨ ਸਿੰਘ ਦੇ ਕਹਿਣ ਅਨੁਸਾਰ, "ਖੀਸੇ ਖਾਲੀ, ਢਿੱਡ ਭੁੱਖੇ ਤਨ ਉਥੇ ਲੀਰਾਂ" ਹਨ। ਇਸ 'ਚ ਕੋਈ ਕਮੀ ਨਹੀਂ ਭਾਈ!
ਉੱਲੂ ਮੀਟਦਾ ਅੱਖੀਆਂ ਰੌਸ਼ਨੀ 'ਚ,
ਚੰਗਾ ਨੇਰ੍ਹਾ ਹੀ ਉਸਨੂੰ ਘੁੱਪ ਲੱਗੇ।
ਖ਼ਬਰ ਹੈ ਕਿ ਦੁਨੀਆ ਦੇ ਸਭ ਤੋਂ ਵੱਧ ਵਿਕਸਤ ਦੇਸ਼ ਅਮਰੀਕਾ ਵਿੱਚ ਕਰੋਨਾ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ ਅਤੇ ਅਮਰੀਕਾ ਵਿੱਚ ਕਰੋਨਾ ਪੀੜਤ ਲੋਕਾਂ ਦੀ ਗਿਣਤੀ ਸਵਾ ਲੱਖ ਤੋਂ ਉਪਰ ਟੱਪ ਗਈ ਹੈ ਅਤੇ ਮੌਤਾਂ ਦੀ ਗਿਣਤੀ 2200 ਦੇ ਲਗਭਗ ਹੋ ਚੁੱਕੀ ਹੈ। ਚੀਨ ਵਿੱਚ ਇਹ ਗਿਣਤੀ 80000 ਤੋਂ ਉਪਰ ਸੀ ਅਤੇ ਉਥੇ 3300 ਮੌਤਾਂ ਹੋਈਆਂ ਹਨ।
ਥਾਣੇਦਾਰ ਆ ਅਮਰੀਕਾ, ਜਿਹੜਾ ਦੁਨੀਆਂ 'ਚ ਹਰ ਕਿਸੇ ਉਥੇ ਧੌਂਸ ਜਮਾਉਂਦਾ ਆ। ਥਾਣੇਦਾਰ ਆ ਕਾਰੋਬਾਰੀ ਟਰੰਪ, ਜਿਹੜਾ ਜਿਥੇ ਜਾਂਦਾ ਡਾਲਰਾਂ ਦੇ ਡਾਲਰ ਇੱਕਠੇ ਕਰਕੇ, ਚਾਦਰ 'ਚ ਲਪੇਟਾ ਮਾਰਕੇ ਲੈ ਜਾਂਦਾ ਆ ਤੇ ਦੇਸ਼ਾਂ ਨੂੰ ਹਥਿਆਰ ਵੰਡੀ ਜਾਂਦਾ। ਦੋ ਵੇਰ ਦੇਵਤਿਆਂ ਦੇ ਦੇਸ਼ ਹਿੰਦੋਸਤਾਨ ਆਇਆ, ਟਰੱਕਾਂ ਦੇ ਟਰੱਕ ਡਾਲਰਾਂ ਦਾ ਕਰੋਬਾਰ ਕਰਕੇ ਤੁਰਦਾ ਬਣਿਆ ਅਤੇ ਦੇਸੀਆਂ ਨੂੰ ਚੋਗਾ ਪਾ ਗਿਆ। ਪਰ ਵੇਖੋ ਜੀ, ਆਪਣੇ ਸਾਂਭੇ ਨਹੀਂ ਜਾਂਦੇ, ਆਂਹਦਾ ਆ ਆਫਤ ਵੇਲੇ ਵੈਂਟੀਲੇਟਰ ਇੰਡੀਆ ਨੂੰ ਦਊਂ।
ਥਾਣੇਦਾਰ ਟਰੰਪ ਨੂੰ ਨੇਰ੍ਹਾ ਪਸੰਦ ਆ। ਨਿਊਯਾਰਕ 'ਚ ਕਹਿਰ ਵਰਿਆ ਪਿਆ, ਤੇ ਟਰੰਪ 'ਵਾਈਟ ਹਾਊਸ' ਵਿੱਚ ਆਰਾਮ ਫਰਮਾ ਰਿਹਾ। ਇਧਰ ਮੋਦੀ ਨੂੰ ਲਾਕਡਾਊਨ, ਕਰਫ਼ਿਊ ਲਗਵਾ, ਭਾਰਤੀ ਜਨਤਾ ਨੂੰ ਮਰਨੋਂ ਬਚਾਉਣ ਦਾ ਫਾਰਮੂਲਾ ਸਿਖਾ ਰਿਹਾ। ਮਨ 'ਚ ਇਹ ਸੋਚਕੇ ਕਿ ਜਿੰਨੇ ਵੀ ਠੋਸ ਅਮਰੀਕੀ ਕਰੋਨਾ ਤੋਂ ਬਚਣਗੇ, ਦੁਨੀਆ ਉਤੇ ਰਾਜ ਕਰਨਗੇ।
ਜੇ ਦੁਨੀਆ 'ਚ ਲੋਕ ਹੀ ਨਾ ਬਚੇ, ਤਾਂ ਉਹ ਥਾਣੇਦਾਰੀ ਕੀਹਦੇ ਤੇ ਕਰੂ। ਤਦੇ ਤਾਂ ਟਰੰਪ ਵਰਗਿਆਂ ਉਤੇ ਕਵੀ ਨੇ ਤਨਜ ਕੱਸੀ ਆ, "ਉਲੂ ਮੀਟਦਾ ਅੱਖੀਆਂ ਰੌਸ਼ਨੀ 'ਚ, ਚੰਗਾ ਨੇਰ੍ਹਾ ਹੀ ਉਸਨੂੰ ਘੁੱਪ ਲੱਗੇ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਕੱਚੇ ਤੇਲ ਲਈ ਭਾਰਤ ਦੂਜੇ ਦੇਸ਼ਾਂ ਉਤੇ ਨਿਰਭਰ ਰਹਿੰਦਾ ਹੈ। ਪਿਛਲੇ ਸਾਲ ਤੇਲ ਦੀ ਕੁੱਲ ਵਰਤੋਂ ਦਾ 80 ਫੀਸਦੀ ਤੋਂ ਜਿਆਦਾ ਤੇਲ ਬਾਹਰਲੇ ਮੁਲਕਾਂ ਤੋਂ ਲਿਆਂਦਾ ਗਿਆ।
ਇੱਕ ਵਿਚਾਰ
ਆਤਮ ਵਿਸ਼ਵਾਸ ਦੀ ਘਾਟ ਕਾਰਨ ਲੋਕ ਚੁਣੋਤੀਆਂ ਦਾ ਸਾਹਮਣਾ ਕਰਨ ਤੋਂ ਕੰਨੀ ਕਤਰਾਉਂਦੇ ਹਨ, ਜਦ ਕਿ ਮੈਂ ਆਪਣੇ ਆਪ ਉਤੇ ਭਰੋਸਾ ਕਰਦਾ ਹਾਂ। ......... ਮੁਹੰਮਦ ਅਲੀ
-
ਗੁਰਮੀਤ ਸਿੰਘ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.