ਭਾਰਤ ਦੇ ਮਹਾਨ ਗਣਿਤਕਾਰ ਸ੍ਰੀਨਿਵਾਸ ਰਾਮਾਨੁਜਮ ਦਾ ਜਨਮ 22 ਦਸੰਬਰ, 1887 ਵਿਚ ਤਾਮਿਲਨਾਡੂ ਦੇ ਇਕ ਪਿੰਡ ਇਰੋਡ ਵਿਚ ਹੋਇਆ । ਇਨ੍ਹਾਂ ਦੇ ਪਿਤਾ ਦਾ ਨਾਮ ਸ੍ਰੀਨਿਵਾਸ ਅਯਂਗਰ ਅਤੇ ਮਾਤਾ ਦਾ ਨਾਮ ਸ਼੍ਰੀਮਤੀ ਕੋਮਲਤਾਮਲ ਸੀ । ਉਨ੍ਹਾਂ ਨੇ ਪਿੰਡ ਵਿਚ ਹੀ ਆਪਣੀ ਮੁਢਲੀ ਵਿੱਦਿਆ ਪ੍ਰਾਪਤ ਕੀਤੀ ਸੀ । ਬਚਪਨ ਵਿਚ ਰਾਮਾਨੁਜਮ ਦਾ ਬੌਧਿਕ ਵਿਕਾਸ ਹੋਰ ਬੱਚਿਆਂ ਜਿਹਾ ਨਹੀਂ ਸੀ । ਉਹ 3 ਸਾਲ ਦੀ ਉਮਰ ਤੱਕ ਬੋਲਣਾ ਵੀ ਨਹੀਂ ਸਿੱਖ ਪਾਏ ਸੀ । ਇਸ ਤੋਂ ਉਨ੍ਹਾਂ ਦੇ ਪਿਤਾ ਜੀ ਨੂੰ ਲੱਗਿਆ ਸੀ ਕਿ ਕਿਤੇ ਉਹ ਗੂੰਗੇ ਤਾਂ ਨਹੀਂ ਹਨ । ਪਰ ਉਹ ਜਲਦ ਬੋਲਣਾ ਸਿੱਖ ਗਏ ਸਨ । ਪ੍ਰਾਇਮਰੀ ਸਿੱਖਿਆ ਵੇਲੇ ਵੀ ਉਨ੍ਹਾਂ ਦਾ ਮਨ ਪੜ੍ਹਾਈ 'ਚ ਨਹੀਂ ਲੱਗਦਾ ਸੀ । ਪਰ ਉਨ੍ਹਾਂ ਦੀ ਪ੍ਰਤਿਭਾ ਛੋਟੀ ਉਮਰ ਵਿਚ ਹੀ ਜੱਗ ਜ਼ਾਹਰ ਹੋ ਗਈ ਸੀ । ਰਾਮਾਨੁਜਨ ਨੇ ਦਸ ਸਾਲਾਂ ਦੀ ਉਮਰ ਵਿਚ ਪ੍ਰਾਇਮਰੀ ਸਿੱਖਿਆ ਵਿਚ ਪੂਰੇ ਜ਼ਿਲ੍ਹੇ ਵਿਚ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ ਸਨ । ਇਸ ਤੋਂ ਬਾਅਦ ਉਹ ਹਾਈ ਸਕੂਲ ਵਿਚ ਦਾਖਿਲ ਹੋਏ । ਉਨ੍ਹਾਂ ਵਲੋਂ ਪੁੱਛੇ ਜਾਂਦੇ ਪ੍ਰਸ਼ਨ ਅਧਿਆਪਕਾਂ ਨੂੰ ਬਹੁਤ ਹੈਰਾਨ ਕਰ ਦਿੰਦੇ ਸਨ ਜਿਵੇਂ ਕਿ ਸੰਸਾਰ ਦਾ ਪਹਿਲਾ ਵਿਅਕਤੀ ਕੌਣ ਸੀ ? ਧਰਤੀ ਤੇ ਬੱਦਲਾਂ ਵਿਚਾਲੇ ਦੂਰੀ ਕਿੰਨੀ ਹੈ ? ਜੇ 0 ਨੂੰ 0 ਨਾਲ ਤਕਸੀਮ ਕੀਤਾ ਜਾਵੇ ਤਾਂ ਕੀ ਆਵੇਗਾ ? ਰਾਮਾਨੁਜਮ ਨੇ ਸਕੂਲ ਸਮੇਂ ਹੀ ਕਾਲਜ ਪੱਧਰ ਦਾ ਗਣਿਤ ਪੜ੍ਹ ਲਿਆ ਸੀ । ਹਾਈ ਸਕੂਲ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਗਣਿਤ ਤੇ ਅੰਗਰੇਜ਼ੀ ਵਿਚ ਵਧੀਆ ਨੰਬਰ ਲੈਣ ਕਾਰਨ ਇਨ੍ਹਾਂ ਨੂੰ ਵਜ਼ੀਫਾ ਵੀ ਮਿਲਿਆ ਤੇ ਕਾਲਜ ਵਿਚ ਵੀ ਦਾਖਲਾ ਮਿਲ ਗਿਆ । ਪਰ ਗਣਿਤ ਨੂੰ ਛੱਡ ਕੇ ਉਨ੍ਹਾਂ ਦਾ ਕਿਸੇ ਹੋਰ ਵਿਸ਼ੇ ਵੱਲ ਧਿਆਨ ਨਹੀਂ ਸੀ ਜਿਸ ਕਾਰਨ ਉਹ ਗਿਆਰਵ੍ਹੀਂ ਜਮਾਤ ਵਿਚ ਗਣਿਤ ਨੂੰ ਛੱਡ ਕੇ ਬਾਕੀ ਸਾਰੇ ਵਿਸ਼ਿਆਂ ਵਿਚੋਂ ਫੇਲ੍ਹ ਹੋ ਗਏ । ਜਿਸ ਕਾਰਨ ਉਨ੍ਹਾਂ ਨੂੰ ਵਜ਼ੀਫਾ ਮਿਲਣਾ ਬੰਦ ਹੋ ਗਿਆ । ਘਰ ਦੀ ਗਰੀਬੀ ਕਾਰਨ ਉਨ੍ਹਾਂ ਦੀ ਹਾਲਤ ਕਾਫੀ ਖਰਾਬ ਹੋ ਗਈ ਤੇ ਪੜ੍ਹਾਈ ਛੁੱਟ ਗਈ । ਪਰ ਸੰਨ 1907 ਵਿਚ ਉਨ੍ਹਾਂ ਪ੍ਰਾਈਵੇਟ ਤੌਰ ਤੇ ਬਾਰਵ੍ਹੀਂ ਜਮਾਤ ਦੇ ਪੇਪਰ ਦਿੱਤੇ ਤੇ ਪਾਸ ਹੋ ਗਏ । ਸਾਲ 1908 ਵਿਚ ਉਨ੍ਹਾਂ ਦਾ ਵਿਆਹ ਜਾਨਕੀ ਨਾਲ ਹੋਇਆ । ਇਸਤੋਂ ਬਾਅਦ ਉਨ੍ਹਾਂ ਘਰ ਦਾ ਗੁਜ਼ਾਰਾ ਚਲਾਉਣ ਲਈ ਨੌਕਰੀ ਕੀਤੀ । ਉਸ ਸਮੇਂ ਮਦਰਾਸ ਦੇ ਹਾਕਮ ਵਾਲਕਰ ਵਲੋਂ ਮਿਲੀ ਮਦਦ ਨਾਲ ਉਨ੍ਹਾਂ ਨੂੰ ਮਦਰਾਸ ਯੂਨੀਵਰਸਿਟੀ ਵਲੋਂ 75 ਰੁਪਏ ਮਹੀਨਾ ਵਜ਼ੀਫਾ ਮਿਲਣਾ ਆਰੰਭ ਹੋ ਗਿਆ । ਉਹ ਆਪਣੇ ਵਲੋਂ ਗਣਿਤ 'ਤੇ ਕੀਤੇ ਖੋਜ ਕਾਰਜਾਂ ਨੂੰ ਇਕ ਰਜਿਸਟਰ 'ਤੇ ਉਤਾਰ ਲੈਂਦੇ ਸਨ । ਉਨ੍ਹਾਂ ਦੇ ਇਹ ਖੋਜ ਕਾਰਜ ਤੇ ਪੇਪਰ ਪੁਰਾਣੇ ਮਿੱਤਰਾਂ ਨੇ ਲੰਡਨ ਦੇ ਪ੍ਰਸਿੱਧ ਗਣਿਤਕਾਰਾਂ ਨੂੰ ਭੇਜੇ । ਜਿਸ ਨਾਲ ਲੋਕ ਉਨ੍ਹਾਂ ਨੂੰ ਜਾਣਨ ਲੱਗ ਪਏ । ਇਸ ਤੋਂ ਬਾਅਦ ਉਨ੍ਹਾਂ ਆਪਣੇ ਖੋਜ ਕਾਰਜ ਤੇ ਪੇਪਰਾਂ ਨੂੰ ਕੈਂਬਰਿਜ ਯੂਨੀਵਰਸਿਟੀ ਦੇ ਪ੍ਰਸਿੱਧ ਗਣਿਤਕਾਰ ਪ੍ਰੋ. ਬੀ. ਐਚ. ਹਾਰਡੀ ਨੂੰ ਭੇਜ ਦਿੱਤੇ । ਇਨ੍ਹਾਂ ਪੇਪਰਾਂ ਨੂੰ ਪੜ੍ਹ ਕੇ ਉਹ ਬਹੁਤ ਹੈਰਾਨ ਹੋਏ । ਪ੍ਰੋਫੈਸਰ ਹਾਰਡੀ ਨੇ ਸ੍ਰੀ ਰਾਮਾਨੁਜਮ ਨੂੰ ਆਪਣੇ ਕੋਲ ਇੰਗਲੈਂਡ ਬੁਲਾ ਲਿਆ, ਜਿਸ ਉਪਰੰਤ ਰਾਮਾਨੁਜਮ ਬਹੁਤ ਪ੍ਰਸਿੱਧ ਹੋ ਗਏ । ਰਾਮਾਨੁਜਮ ਨੇ ਇੰਗਲੈਂਡ ਜਾਣ ਤੋਂ ਪਹਿਲਾਂ ਗਣਿਤ ਦੇ ਕਰੀਬ 3000 ਸੂਤਰਾਂ ਨੂੰ ਆਪਣੀ ਨੋਟਬੁੱਕ 'ਤੇ ਲਿਖਿਆ ਸੀ । ਪ੍ਰੋਫੈਸਰ ਹਾਰਡੀ ਨੇ ਪ੍ਰਤਿਭਾ ਦੇ ਆਧਾਰ ਤੇ ਰਾਮਾਨੁਜਮ ਨੂੰ 100 ਵਿਚੋਂ 100 ਅੰਕ ਦਿੱਤੇ । ਇੱਥੇ ਉਨ੍ਹਾਂ ਦੇ ਪ੍ਰੋਫੈਸਰ ਹਾਰਡੀ ਨਾਲ ਮਿਲਕੇ ਕਈ ਪੇਪਰ ਪ੍ਰਕਾਸ਼ਿਤ ਹੋਏ । ਇਸ ਉਪਰੰਤ ਉਨ੍ਹਾਂ ਨੂੰ ਕੈਂਬਰਿਜ਼ ਯੂਨੀਵਰਸਿਟੀ ਵਲੋਂ ਬੀ.ਏ. ਦੀ ਡਿਗਰੀ ਵੀ ਮਿਲੀ । ਇਸਤੋਂ ਬਾਅਦ ਉਨ੍ਹਾਂ ਨੂੰ ਰਾਇਲ ਸੁਸਾਇਟੀ ਵਿਚ 'ਫੈਲੋਸ਼ਿਪ' ਵੀ ਦਿੱਤੀ ਗਈ । ਰਾਇਲ ਸੁਸਾਇਟੀ ਦੇ ਇਤਿਹਾਸ ਵਿਚ ਏਨੀ ਘੱਟ ਉਮਰ ਵਿਚ ਹੋਰ ਕੋਈ ਮੈਂਬਰ ਨਹੀਂ ਬਣ ਸਕਿਆ ਸੀ । ਪ੍ਰੋਫੈਸਰ ਹਾਰਡੀ ਅਤੇ ਰਾਮਾਨੁਜਮ ਦੀ ਜੋੜੀ ਨੇ 'ਹਾਰਡੀ-ਰਾਮਾਨੁਜਮ ਅਸਿਮਟੋਟਿਕ ਥਿਊਰੀ ਆਫ ਪਾਰਟੀਸ਼ਨ' ਦੀ ਖੋਜ ਕੀਤੀ ਤੇ ਇਕ ਕਿਤਾਬ "ਏ ਮੈਥੇਮੈਟਿਸ਼ੀਅਨ ਮਿਸਲੇਨੀਅਸ" ਵੀ ਲਿਖੀ । ਇਸਤੋਂ ਬਾਅਦ ਉਹ ਟ੍ਰਿਨਿਟੀ ਕਾਲਜ ਦੀ ਫੈਲੋਸ਼ਿਪ ਪਾਉਣ ਵਾਲੇ ਪਹਿਲੇ ਭਾਰਤੀ ਬਣੇ । ਹੁਣ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਰਾਮਾਨੁਜਮ ਦੀ ਸਿਹਤ ਵਿਗੜਦੀ ਜਾ ਰਹੀ ਸੀ । ਅੰਤ ਡਾਕਟਰਾਂ ਦੀ ਸਲਾਹ 'ਤੇ ਉਨ੍ਹਾਂ ਨੂੰ ਵਾਪਸ ਭਾਰਤ ਪਰਤਣਾ ਪਿਆ । ਇੱਥੇ ਆ ਕੇ ਉਨ੍ਹਾਂ ਨੂੰ ਮਦਰਾਸ ਯੂਨੀਵਰਸਿਟੀ ਵਿਚ ਅਧਿਆਪਕ ਦੀ ਨੌਕਰੀ ਮਿਲ ਗਈ ਤੇ ਉਹ ਦੁਬਾਰਾ ਅਧਿਆਪਨ ਅਤੇ ਖੋਜ ਕਾਰਜਾਂ ਵਿਚ ਰੁੱਝ ਗਏ । ਜ਼ਿਆਦਾ ਬੀਮਾਰ ਹੋਣ 'ਤੇ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਾਉਣਾ ਪਿਆ । ਇੱਥੇ ਜਦੋਂ ਪ੍ਰੋ. ਹਾਰਡੀ ਉਨ੍ਹਾਂ ਦਾ ਪਤਾ ਲੈਣ ਆਏ ਤਾਂ ਉਹ ਕਹਿਣ ਲੱਗੇ ਕਿ "ਰਾਮਾਨੁਜਮ ! ਅੱਜ ਮੈਂ ਜਿਸ ਟੈਕਸੀ 'ਤੇ ਬੈਠ ਕੇ ਆਇਆ ਹਾਂ ਉਸਦਾ ਨੰਬਰ 1729 ਸੀ, ਮੈਨੂੰ ਇਹ ਨੰਬਰ ਡਲ ਲੱਗਿਆ, ਕੀ ਇਸ ਸੱਚਮੁੱਚ ਡਲ ਹੈ ?" ਇਸਤੇ ਰਾਮਾਨੁਜਮ ਨੇ ਜੁਆਬ ਦਿੰਦਿਆਂ ਕਿਹਾ ਪ੍ਰੋ. ਸਾਹਿਬ ਇਹ ਸੰਖਿਆ ਤਾਂ ਮੇਰੀ ਮਨਭਾਉਂਦੀ ਹੈ ਤੇ ਇਹ ਡਲ ਨੰਬਰ ਨਹੀਂ ਹੈ । ਇਹ ਉਹ ਸਭ ਤੋਂ ਛੋਟੀ ਸੰਖਿਆ ਹੈ ਜੋ ਦੋ ਸੰਖਿਆਵਾਂ ਦੇ ਘਣਾਂ ਦੇ ਜੋੜ ਦੇ ਬਰਾਬਰ ਦੋ ਤਰੀਕਿਆਂ ਵਿਚ ਲਿਖੀ ਜਾ ਸਕਦੀ ਹੈ –
(9)3+(10)3 = 1729 ਅਤੇ (1)3+(12)3 = 1729
ਇਸਤੋਂ ਇਲਾਵਾ ਜੇਕਰ 1729 ਦੇ ਸਾਰੇ ਅੰਕਾਂ ਨੂੰ ਜੋੜ ਕਰਕੇ ਅਤੇ ਪ੍ਰਾਪਤ ਸੰਖਿਆ ਨੂੰ ਉਲਟਾ ਕਰਕੇ ਦੋਵਾਂ ਨੂੰ ਗੁਣਾ ਕਰ ਦਿੱਤਾ ਜਾਵੇ ਤਾਂ ਵੀ 1729 ਹੀ ਪ੍ਰਾਪਤ ਹੁੰਦਾ ਹੈ –
1+7+2+9 = 19 , 19 ਦਾ ਉਲਟਾ = 91
ਦੋਵਾਂ ਨੂੰ ਗੁਣਾ ਕਰਨ 'ਤੇ 19×91 = 1729
ਉਨ੍ਹਾਂ ਦੀ ਵਿਗੜਦੀ ਸਿਹਤ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਬਣ ਗਈ । ਇੱਥੋਂ ਤੱਕ ਕਿ ਡਾਕਟਰਾਂ ਨੇ ਵੀ ਜੁਆਬ ਦੇ ਦਿੱਤਾ । ਆਖਰੀ ਵਕਤ ਤੱਕ ਗਣਿਤ 'ਤੇ ਖੋਜ ਕਰਦਿਆਂ ਅੰਤ ਉਹ 26 ਅਪਰੈਲ 1920 ਨੂੰ 33 ਸਾਲ ਦੀ ਭਰ ਜੁਆਨ ਉਮਰ ਵਿਚ ਸਦੀਵੀ ਵਿਛੋੜਾ ਦੇ ਗਏ । ਪਰ ਉਨ੍ਹਾਂ ਵਲੋਂ ਗਣਿਤ ਤੇ ਕੀਤੇ ਖੋਜ ਕਾਰਜ ਅੱਜ ਵੀ ਗਣਿਤ ਪੜ੍ਹਨ ਵਾਲਿਆਂ ਲਈ ਲਾਹੇਵੰਦ ਹਨ ।
- ਨਵਨੀਤ ਅਨਾਇਤਪੁਰੀ
ਮੈਥ ਮਾਸਟਰ, ਸਰਕਾਰੀ ਹਾਈ ਸਮਾਰਟ ਸਕੂਲ ਕਰਹਾਲੀ (ਪਟਿਆਲਾ)
ਮੋਬਾਇਲ -9814509900
-
ਨਵਨੀਤ ਅਨਾਇਤਪੁਰੀ, ਲੇਖਕ
navi09900@gmail.com
9814509900
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.