ਅੱਜ ਕੌਮਾਂਤਰੀ ਪੱਧਰ ਤੇ ਕਰੋਨਾ ਵਾਇਰਸ, ਜਿਸ ਨੂੰ ਵਿਸ਼ਵ ਸਿਹਤ ਸੰਸਥਾ ਵਜੋਂ ਕੋਵਿਡ -19 ਕਹਿਣਾ ਉਚਿਆ ਦੱਸਿਆ ਗਿਆ ਹੈ ਅਤੇ ਇਸ ਬਿਮਾਰੀ ਦੀ ਆੜ 'ਚ ਕਿਸੇ ਵੀ ਦੇਸ਼ ਕੌਮ ਅਤੇ ਰੰਗ ਨਸਲ ਦੇ ਲੋਕਾਂ ਨਾਲ ਵਿਤਕਰਾ ਨਾ ਕਰਨ ਦੀ ਤਾੜਨਾ ਵੀ ਕੀਤੀ ਗਈ ਹੈ, ਦਾ ਮੁੱਦਾ ਹਰ ਜਗ੍ਹਾ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਕੈਨੇਡਾ ਵਿੱਚ ਵੀ ਜਿਥੇ ਕੋਵਿਡ - 19 ਦੇ ਖਤਰਨਾਕ ਪ੍ਰਭਾਵ ਲਗਾਤਾਰ ਵਧ ਰਹੇ ਹਨ, ਉਥੇ ਬ੍ਰਿਟਿਸ਼ ਕੋਲੰਬੀਆ ਸਮੇਤ ਕਈ ਸੂਬਿਆਂ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਲੋਕ ਵਾਇਰਸ ਦੇ ਡਰੋਂ ਘਰਾਂ 'ਚੋਂ ਬਾਹਰ ਨਹੀਂ ਨਿਕਲ ਰਹੇ ਅਤੇ ਹਾਲਾਤ ਹੋਰ ਵਿਗੜਨ ਦੇ ਫਿਕਰ 'ਚ ਉਹ ਗੁੰਮਰਾਹ ਵੀ ਹੋ ਰਹੇ ਹਨ ਜਿਵੇਂ ਕਿ ਕੁਝ ਘਬਰਾਏ ਲੋਕ ਸਟੋਰਾਂ ਤੋਂ ਭਾਰੀ ਰਾਸ਼ਨ ਲਿਆ ਕੇ ਘਰੀਂ ਜਮ੍ਹਾਂ ਕਰ ਰਹੇ ਹਨ, ਜਦਕਿ ਹੋਰਨਾਂ ਨੂੰ ਭੋਜਨ ਪਦਾਰਥਾਂ ਦੀ ਘਾਟ ਕਾਰਨ ਤੰਗੀ ਆ ਰਹੀ ਹੈ। ਕੁਝ ਲਾਲਚੀ ਲੋਕ ਸਟੋਰਾਂ 'ਤੇ ਸਮਾਨ ਮਹਿੰਗਾ ਵੇਚ ਕੇ ਬਦਨਾਮੀ ਖੱਟ ਰਹੇ ਹਨ, ਜਦਕਿ ਇਹ ਗੈਰ-ਕਾਨੂੰਨੀ ਵਰਤਾਰਾ ਹੈ। ਅੰਨ੍ਹੇਵਾਹ ਸਮਾਨ ਸੰਚਿਤ ਕਰਨ ਦੀਆਂ ਕੁਝ ਘਟਨਾਵਾਂ ਨੂੰ ਸੋਸ਼ਲ ਮੀਡੀਆ ਵਿੱਚ ਏਨਾ ਫੈਲਾ ਦਿੱਤਾ ਹੈ ਕਿ ਹਰ ਕੋਈ ਆਪਣੇ ਆਪ 'ਚ ਸ਼ਰਮਸਾਰ ਮਹਿਸੂਸ ਕਰ ਰਿਹਾ ਹੈ।
ਦੂਸਰੇ ਪਾਸੇ ਕੈਨੇਡਾ ਦੀਆਂ ਸਿੱਖ ਨੌਜਵਾਨ ਸੰਸਥਾਵਾਂ ਨੇ ਅਜਿਹੇ ਸੰਕਟਮਈ ਸਮੇਂ ਮਨੁੱਖਤਾ ਦੀ ਸੇਵਾ ਦਾ ਜਿਹੜਾ ਰਾਹ ਅਪਨਾਇਆ ਹੈ, ਉਸ ਚੰਗੇ ਪੱਖ ਨੂੰ ਬਹੁਤ ਘੱਟ ਪ੍ਰਚਾਰਿਆ ਜਾ ਰਿਹਾ ਹੈ। ਗੱਲ ਸਰੀ ਤੋਂ ਸ਼ੁਰੂ ਕਰਦੇ ਹਾਂ ਜਿਥੇ ਬ੍ਰਿਟਿਸ਼ ਕੋਲੰਬੀਆਂ ਸਿੱਖਜ਼ ਅਤੇ ਸੈਫ(ਸਿੱਖ ਅਵੇਅਰਨੈੱਸ ਫਾਊਂਡੇਸ਼ਨ) ਇੰਟਰਨੈਸ਼ਨਲ ਵੱਲੋਂ 'ਨੋ ਹੰਗਰੀ ਟਮੀ ' ਭਾਵ ਕੋਈ ਪੇਟ ਭੁਖਾ ਨਹੀਂ ਰਹੇਗਾ, ਮੁਹਿੰਮ ਚੱਲ ਰਹੀ ਹੈ। ਜਿਸ ਰਾਹੀ ਕੈਨੇਡਾ ਦੇ ਸੈਂਕੜੇ ਸਿੱਖ ਬੱਚੇ - ਬਚੀਆਂ ਸਿਹਤ ਨਿਯਮਾਂ ਦਾ ਖਿਆਲ ਰੱਖਦੇ ਹੋਏ, ਲੋੜਵੰਦ ਲੋਕਾਂ ਨੂੰ ਭੋਜਨ ਪਦਾਰਥ ਪਹੁੰਚਾ ਰਹੇ ਹਨ। ਲੋਅਰ- ਮੇਨਲੈਂਡ ਦੇ ਵੱਖ- ਵੱਖ ਸ਼ਹਿਰਾਂ 'ਚ ਘਰੋਂ - ਘਰੀ ਜਾ ਕੇ ਸੇਵਾ ਕਰਨ ਵਾਲੇ ਇਹ ਵਲੰਟੀਅਰ, ਬਗੈਰ ਕਿਸੇ ਭਿੰਨ - ਭੇਦ ਦੇ, ਹਰੇਕ ਰੰਗ - ਨਸਲ ਤੇ ਫਿਰਕੇ ਨਾਲ ਸਬੰਧਤ ਪਰਿਵਾਰਾਂ ਦੀ ਸੇਵਾ ਕਰ ਰਹੇ ਹਨ। ਉਂਞ ਇਹ ਸੰਸਥਾਵਾਂ ਲੰਮੇ ਅਰਸੇ ਤੋਂ , ਕੈਨੇਡਾ ਤੋਂ ਇਲਾਵਾ ਭਾਰਤ 'ਚ ਵੀ ਬੱਚਿਆਂ ਲਈ ਵੱਖ-ਵੱਖ ਸੇਵਾਵਾਂ ਨਿਭਾ ਰਹੀਆਂ ਹਨ। ਅੱਜ ਦੇ ਔਖੇ ਵੇਲੇ ਕੈਨੇਡਾ ਵਸਦੇ ਭਾਈਚਾਰੇ ਲਈ ਸਤਿਕਾਰ ਦੇ ਪਾਤਰ ਬਣਨ ਵਾਲੇ ਅਜਿਹੇ ਸੇਵਾਦਾਰਾਂ ਦੀ ਗਿਣਤੀ ਬਹੁਤ ਵੱਡੀ ਹੈ। ਇਨ੍ਹਾਂ ਵਿੱਚ ਰੈਸਟੋਰੈਂਟ ਵੱਲੋਂ 'ਫ੍ਰੀ ਟਿਫਨ' ਦੇ ਨਾਂ ਹੇਠ ਲੋੜਵੰਦ ਪਰਿਵਾਰਾਂ, ਖਾਸ ਕਰਕੇ ਕੈਨੇਡਾ 'ਚ ਪੜ੍ਹਨ ਆਏ ਅੰਤਰ - ਰਾਸ਼ਟਰੀ ਵਿਦਿਆਰਥੀਆਂ ਲਈ ਸੇਵਾ ਚਲਾਈ ਜਾ ਰਹੀ ਹੈ, ਜਿਥੇ ਖਾਲੀ ਟਿਫ਼ਨ ਤਾਜ਼ਾ ਭੋਜਨ ਦੇ ਭਰ ਕੇ ਅਤੇ ਲੋੜ ਪੈਣ 'ਤੇ ਘਰਾਂ 'ਚ ਵੀ ਪਹੁੰਚਦੇ ਕਰਕੇ , ਇਹ ਸੇਵਾਦਾਰ ਸਮੁੱਚੇ ਸਿੱਖ ਭਾਈਚਾਰੇ ਦਾ ਨਾਂ ਰੌਸ਼ਨ ਕਰ ਰਹੇ ਹਨ। ਇਉਂ ਹੀ ਕੈਨੇਡਾ ਦੇ ਹੋਰਨਾਂ ਪ੍ਰਮੁੱਖ ਸ਼ਹਿਰਾਂ ਵਿੱਚ ਵੀ ਸੈਂਕੜੇ ਹੀ ਅਜਿਹੇ ਨਿਸ਼ਕਾਮ ਸੇਵਾਦਾਰ ਸਰਗਰਮ ਹਨ, ਜਿਹੜੇ ਕੋਵਿੰਡ -19 ਦੇ ਸੰਕਟਮਈ ਹਾਲਾਤ ਵਿੱਚ ਇਤਿਹਾਸਕ ਭੂਮਿਕਾ ਨਿਭਾ ਰਹੇ ਹਨ।
ਕੈਨੇਡਾ 'ਚ ਖਾਲਸਾ ਸਾਜਨਾ ਦਿਹਾੜੇ 'ਤੇ ਸਜਾਏ ਜਾਂਦੇ ਨਗਰ ਕੀਰਤਨ ਮੌਜੂਦ ਹਾਲਾਤ ਵਿੱਚ ਮੁਲਤਵੀ ਕਰ ਦਿੱਤੇ ਗਏ ਹਨ, ਤਾਂ ਕਿ ਕੋਵਿਡ- 19 ਮਹਾਂਮਾਰੀ ਨੂੰ ਹੋਰ ਫੈਲਣ ਤੋਂ ਰੋਕਿਆ ਜਾਵੇ। ਦੂਜੇ ਪਾਸੇ ਗੁਰਦੁਆਰਾ ਸੰਸਥਾਵਾਂ ਦੇ ਪ੍ਰਬੰਧਕਾਂ ਵੱਲੋਂ ਨਗਰ ਕੀਰਤਨਾਂ 'ਚ ਲਗਾਏ ਜਾਂਦੇ ਭੋਜਨ ਸਟਾਲਾਂ ਦੀ ਥਾਂ, ਹੁਣ ਲੋੜਵੰਦ ਲੋਕਾਂ ਨੂੰ ਸੇਵਾਵਾਂ ਦੇਣ ਦੇ ਉਪਰਾਲੇ ਹੋ ਰਹੇ ਹਨ, ਜੋ ਕਿ ਸ਼ਲਾਘਾਯੋਗ ਹਨ। ਬ੍ਰਿਟਿਸ਼ ਕੋਲੰਬੀਆਂ ਗੁਰਦੁਆਰਾ ਕੌਂਸਲ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਗੁਰੂ ਦਾ ਲੰਗਰ ਜ਼ਰੂਰਤਮੰਦਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਪਹੁੰਚਦਾ ਕੀਤਾ ਜਾਵੇਗਾ। ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਡੈਲਟਾ ਵਲੋਂ ਸਰਬੱਤ ਲਈ ਸਰਬਪੱਖੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਵਿਸ਼ੇਸ਼ ਕਰਕੇ ਇੰਟਰਨੈਸ਼ਨਲ ਵਿਦਿਆਰਥੀਆਂ ਦੀ ਮੁਸ਼ਕਿਲ ਦੀ ਘੜੀ ਬਾਂਹ ਫੜਨ ਲਈ ਜਿਵੇਂ ਗੁਰਦੁਆਰਾ ਸੰਸਥਾਵਾਂ ਭੂਮਿਕਾ ਨਿਭਾ ਰਹੀਆਂ ਹਨ, ਉਹ ਬਿਆਨ ਕਰਨਾ ਕਹਿਣ ਤੋਂ ਬਾਹਰ ਹੈ। ਗੁਰਦੁਆਰਾ ਦੁੱਖ ਨਿਵਾਰਨ ਸਰੀ ਵਿਖੇ ਵੀ ਸੇਵਾਦਾਰਾਂ ਅਤੇ ਕਾਰੋਬਾਰੀ ਵਿਅਕਤੀਆਂ ਨੇ ਮਿਲ ਕੇ ਬੇਅੰਤ ਨਿਸ਼ਕਾਮ ਸੇਵਾ ਦੇ ਕਾਰਜ ਆਰੰਭ ਕਰ ਦਿੱਤੇ ਹਨ। ਲੋੜਵੰਦ ਵਿਦਿਆਰਥੀਆਂ ਲਈ ਰੋਟੀ- ਕੱਪੜਾ ਕਈ ਮਹੀਨਿਆਂ ਤੱਕ ਮੁਹੱਈਆ ਕਰਨਾ ਅਤੇ ਮਾਲੀ ਮਦਦ ਵੀ ਕਰਨਾ ਉਨ੍ਹਾਂ ਉਪਰਾਲਿਆਂ ਵਿਚੋਂ ਕੁਝ ਹਨ, ਜਿਹੜੇ ਕੈਨੇਡਾ ਦੇ ਕਈ ਸ਼ਹਿਰਾਂ 'ਚ ਜ਼ੋਰਾਂ ਤੇ ਹਨ। ਪਰ ਅਫਸੋਸ ਇਹ ਹੈ ਕਿ ਕਰੋਨਾ ਵਾਇਰਸ ਦੇ ਫੈਲਣ 'ਤੇ ਕਈ ਵਿਅਕਤੀ ਗੁਰਦੁਆਰਿਆਂ ਦੇ ਸ਼ਰਧਾ ਪੱਖ ਨੂੰ ਅਲੋਚਨਾ ਦੇ ਘੇਰੇ 'ਚ ਲਿਆ ਕੇ ਨਿੰਦਣਾ ਸ਼ੁਰੂ ਕਰ ਦਿੰਦੇ ਹਨ, ਜਦਕਿ ਗੁਰਦੁਆਰਿਆਂ ਵਲੋਂ ਅੱਜ ਸਮਾਜਿਕ ਤੇ ਭਾਈਚਾਰਕ ਕਾਰਜਾਂ 'ਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਜਾਣ-ਬੁੱਝ ਕੇ ਛੁਟਿਆਉਂਦੇ ਹਨ।
ਕੌਮਾਂਤਰੀ ਪੱਧਰ ਤੇ 'ਖਾਲਸਾ ਏਡ' ਸੰਸਥਾਂ ਨੇ ਜਿਥੇ ਹੱਦਾਂ ਸਰਹੱਦਾਂ ਤੋਂ ਪਾਰ, ਵੱਖ ਵੱਖ ਦੇਸ਼ਾਂ 'ਚ ਹਰ ਮੁਸ਼ਕਿਲ ਘੜੀ 'ਚ ਮੋਹਰੀ ਭੂਮਿਕਾ ਨਿਭਾਈ ਹੈ ਤੇ ਅੱਜ ਵੀ ਨਿਭਾ ਰਹੇ ਹਨ, ਉਸੇ ਸਥਾਨਕ ਪੱਧਰ ਤੇ ਵੀ ਭਾਈਚਾਰਾ ਸਿੱਖ ਕੌਮ ਤੇ 'ਕਿਰਤ ਕਰੋ' ਵੰਡ ਛਕੋ ਤੇ ਨਾਮ ਜਪੋ ਦੇ ਸਿਧਾਂਤ ਤੇ ਪਹਿਰਾ ਦੇ ਰਿਹਾ ਹੈ।'ਯੂਨਾਈਟਡ ਸਿੱਖਸ' ਵਲੋਂ ਅਮਰੀਕਾ 'ਚ ਥਾਂ- ਥਾਂ ਤੇ ਜਾ ਕੇ, ਲੋੜਵੰਦਾਂ ਦੀ ਮਦਦ ਕਰਕੇ ਮਨੁੱਖੀ ਸੇਵਾ ਦਾ ਕਾਰਜ ਨਿਭਾਇਆ ਜਾ ਰਿਹਾ ਹੈ। ਇਉਂ ਹੀ ਯੂਰਪ ਸਮੇਤ ਵੱਖ- ਵੱਖ ਮੁਲਕਾਂ 'ਚ ਵੀ ਨਿਸ਼ਕਾਮ ਸਿੱਖ, ਭਾਈ ਘਨਈਆ ਜੀ ਦੇ ਅਸੂਲਾਂ 'ਤੇ ਪਹਿਰਾ ਦਿੰਦਿਆਂ' ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਲੰਗਰ ਚਲਾ ਰਹੇ ਹਨ, ਜੋ ਕਿ ਸੰਸਾਰ ਲਈ ਪ੍ਰੇਰਨਾਸਰੋਤ ਹਨ ।
ਐਨ ਅੈਸ ਹੀ ਮੌਕੇ 'ਤੇ ਅਫਗਾਨਿਸਤਾਨ ਦੇ ਕਾਬੁਲ ਸਥਿਤ ਗੁਰਦੁਆਰਾ ਸਾਹਿਬ ਵਿਖੇ ਨਿਰਦੋਸ਼ ਸਿੱਖਾਂ 'ਤੇ ਭਿਆਨਕ ਦਹਿਸ਼ਤਗਰਦੀ ਹਮਲਾ ਕਰਕੇ, 25 ਸਿੱਖਾਂ ਦੀਆਂ ਜਾਨਾਂ ਲਈਆਂ ਗਈਆਂ ਹਨ, ਜਿਸ ਨਾਲ ਸੰਸਾਰ ਕੰਬ ਉੱਠਿਆ ਹੈ। ਦੁਨੀਆਂ ਭਰ ਦੇ ਦੇਸ਼ਾਂ ਤੋਂ ਇਲਾਵਾ ਯੂਅੈਨਓ ਨੇ ਵੀ ਇਸ ਹਮਲੇ ਨੂੰ ਵਹਿਸ਼ੀਆਨਾ ਕਾਰਾ ਕਰਾਰ ਦਿੱਤਾ ਹੈ, ਪਰ ਇਸ ਦੀ ਆੜ ਵਿੱਚ ਕੁਝ ਤਾਕਤਾਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਸ਼ਾਹੀਨ ਬਾਗ ਜਾਂ ਕਸ਼ਮੀਰ ਵਿੱਚ ਮੁਸਲਮਾਨਾਂ ਜਾਂ ਸੰਘਰਸ਼ ਕਰ ਰਹੇ ਲੋਕਾਂ ਲਈ ਲੰਗਰ ਲਾਉਣ ਵਾਲੇ ਸਿੱਖ, ਹੁਣ ਸੋਚਣ। ਅਜਿਹੇ ਨਫਰਤ ਭਰੇ ਬਿਆਨ ਦੇਣ ਵਾਲੇ ਕਪਿਲ ਮਿਸ਼ਰਾ ਵਰਗੇ ਲੋਕ ਸ਼ਾਇਦ ਇਹ ਭੁੱਲ ਜਾਂਦੇ ਹਨ ਕਿ ਸਿੱਖ ਤਾਂ ਜੰਗਾਂ- ਯੁੱਧਾਂ ਵਿੱਚ ਪਾਣੀ ਪਿਆਉਣ ਦੇ ਨਾਲ ਮੱਲ੍ਹਮ -ਪੱਟੀ ਕਰਨ ਦੀ ਵਿਰਾਸਤ ਨੂੰ ਸੰਭਾਲੀ ਬੈਠੇ ਹਨ, ਉਹ ਕਦੇ ਵੀ ਸਰਬੱਤ ਦੇ ਭਲੇ ਦੇ ਸੰਕਲਪ ਤੋਂ ਪਿੱਛੇ ਨਹੀਂ ਹੱਟਣਗੇ। ਹੌਲੀ-ਹੌਲੀ ਇਹ ਸੱਚ ਵੀ ਸਾਹਮਣੇ ਆ ਜਾਏਗਾ ਕਿ ਆਈਐੱਸ ਦੇ ਇਸ ਹਮਲੇ ਪਿੱਛੇ ਕਿਹੜੀਆਂ ਏਜੰਸੀਆਂ ਆਪਣੇ ਨਾਪਾਕ ਇਰਾਦੇ ਪੂਰੇ ਕਰ ਰਹੀਆਂ ਹਨ।
ਕਰੋਨਾ ਵਾਇਰਸ ਦਾ ਸੰਕਟ ਵੀ 'ਦੁੱਖ ਤੇ ਸੁੱਖ ਦੋਵੇਂ ਹੀ ਮਨੁੱਖੀ ਜੀਵਨ ਸਫ਼ਰ 'ਚ ਕੱਪੜੇ ਹਨ,ਜੋ ਕਿ ਮਨੁੱਖ ਬਦਲ - ਬਦਲ ਪਹਿਨਦਾ ਹੈ, ਅਨੁਸਾਰ ਹੀ ਮਾਨਵਵਾਦੀ ਸੋਚ ਨੂੰ ਚੜ੍ਹਦੀਕਲਾ ਦੀ ਲੀਹ ਤੇ ਪਾਉਣ ਦਾ ਆਧਾਰ ਬਣ ਰਿਹਾ ਹੈ। ਚਾਹੇ ਮਹਾਂ ਸ਼ਕਤੀਆਂ ਵੱਲੋਂ ਕੋਵਿਡ -19 ਜੈਵਿਕ ਜੰਗ ਦੀ ਮਸ਼ਕ ਹੋਵੇ, ਚਾਹੇ ਫਾਸ਼ੀਵਾਦੀ ਤਾਕਤਾਂ ਵੱਲੋਂ ਜਨਤਾ ਦਾ ਧਿਆਨ, ਉਨ੍ਹਾਂ ਦੀਆਂ ਅਸਫ਼ਲਤਾਵਾਂ ਅਤੇ ਲੋਕਮਾਰੂ ਨੀਤੀਆਂ ਤੋਂ ਹਟਾਉਣ ਦੀ ਸਾਜ਼ਿਸ਼ ਚੱਲ ਰਹੀ ਹੋਵੇ, ਚਾਹੇ ਆਰਥਿਕ ਮੰਦਵਾੜੇ ਤੋਂ ਜਨਤਾ ਦਾ ਧਿਆਨ ਹਟਾਉਣ ਲਈ ਵੀ ਇਸ ਦਾ ਸਹਾਰਾ ਲਿਆ ਦਾ ਰਿਹਾ ਹੈ, ਕੁਝ ਵੀ ਹੋਏ , ਪਰ ਇਸ ਸਮੇਂ ਕੌਮਾਂਤਰੀ ਪਧਰ 'ਤੇ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ , ਇਕ ਵਾਰ ਫਿਰ ਸਮੂਹ ਮਾਨਵ ਜਾਤੀ ਦੀ ਸੇਵਾਦਾਰ ਬਣ ਕੇ ਉਭਰੀ ਹੈ।
-
ਡਾ. ਗੁਰਵਿੰਦਰ ਸਿੰਘ, ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁੱਢਲੀ ਰਜਿ. ਕੈਨੇਡਾ
singhnews@gmail.com
0016048251550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.