ਕੁਦਰਤ ਦੇ ਰੰਗ ਦੇਖੋ ਕਿ ਹੁਣ ਨਾ ਤਾਂ ਕਿਸੇ ਨੂੰ ਹਿੰਦੂ ਸਟੇਟ ਦੀ ਚਿੰਤਾ,ਨਾ ਖਾਲਿਸਤਾਨ ਦੀ,ਮੁਸਲਮਾਨਾਂ ਦਾ ਵੱਡਾ ਜੱਹਾਦ ਹੁਣ ਹਾਈਬਰਨੇਟ ਹੋਕੇ ਖੁੱਡਾਂ ਚ ਵੜ ਬੈਠਾ,ਧਰਮਾਂ-ਕਰਮਾਂ ਵਾਲੇ ਮੋਰਚੇ ਸਸਪੈਂਡਿਡ ਮੋਡ ਤੇ ਨੇ,ਅਮਰੀਕਾ-ਰੂਸ-ਇਰਾਨ-ਕੋਰੀਆ ;ਮਤਲਬ ਕਿ ਸਭ ਲਈ ਸਭ ਤੋਂ ਵੱਡੀ ਜੱਦੋ-ਜਹਿਦ ਅਪਣੀ ਹੋਂਦ ਬਚਾਉਣ ਲਈ ਹੈ।
ਮਨੁੱਖਾਂ ਦੀਆਂ ਬਣਾਈਆਂ ਜਾਤਾਂ ਪਾਤਾਂ ਹੁਣ ਇੱਕਸਾਰ ਨੇ।
ਖਾਲ਼ੀ ਪਏ ਮਲਟੀਸਟੋਰੀ ਮਾਲਾਂ ਨੂੰ ਵਿਕਾਸ ਸਮਝਣ ਵਾਲੇ ਵਿਦਵਾਨ ਹੁਣ ਉਹਨਾਂ ਸਟੋਰਾਂ ਚ ਜਾਣਾ ਵੀ ਮੌਤ ਸਮਝਦੇ ਨੇ, ਸੀਮਿੰਟਡ ਸੜਕਾਂ ਤੇ ਦੌੜਦੀਆਂ ਲੰਬੀਆਂ ਕਾਰਾਂ ਹੁਣ ਗੈਰਜਾਂ ਦੇ ਸ਼ਿੰਗਾਰ ਬਣੀਆਂ ਖੜੀਆਂ ਨੇ, ਬਾਹਰੋਂ ਆਏ ਆਈਫੋਨਾਂ ਵਾਲ਼ੀਆਂ ਸਾਂਝਾਂ ਵੀ ਤ੍ਰੇੜੀਆਂ ਗਈਆਂ ਨੇ। ਵੱਡੀਆਂ ਵੱਡੀਆਂ ਬਿਮਾਰੀਆਂ ਅਤੇ ਕਾਲ਼ ਨੂੰ ਬੰਨ ਲੈਣ ਦਾ ਦਾਅਵਾ ਕਰਦੇ ਬਾਬੇ-ਮਹਾਂਪੁਰਖ ਹੁਣ ਕਿਸੇ ਕਮਰੇ ਦੇ ਖੂੰਜੇ ਚ ਭਗਤਾਂ ਤੋਂ ਲੁਕੇ ਬੈਠੇ ਨੇ।
ਵਪਾਰੀਆਂ ਦੀਆਂ ਮੁਨਾਫਾ ਸ਼ੀਟਾਂ ਹੁਣ ਦਰਾਜਾਂ ਚ ਅਰਾਮ ਫ਼ਰਮਾਂ ਰਹੀਆਂ ਨੇ,ਜ਼ਨਾਨੀਆਂ ਦੇ ਸੂਟਾਂ ਆਲੀ ਭੁੱਖ ਹੁਣ ਮਾਸਕਾਂ ਨੇ ਖੁੱਡੇ ਲਾਇਨ ਲਾ ਦਿੱਤੀ ਹੈ,ਸ਼ਾਇਦ ਬੁਲਟਾਂ ਤੇ ਗੇੜੀਆਂ,ਪਟਾਕੇ ਮਾਰਦੇ ਫਿਰਦੇ ਸਾਡੇ ਚੋਬਰ ਫੋਨ ਵਾਲ਼ੀਆਂ ਫੋਟੋਆਂ ਫਰੋਲਦੇ ਫਰੋਲਦੇ ਬੋਰ ਹੋ ਰਹੇ ਨੇ।
ਸੁੰਨ ਸਾਨ ਪਏ ਵੀਜਾਂ ਦਫ਼ਤਰਾਂ,ਆਈਲੈਟਸ ਸੈਂਟਰਾਂ ਦੇ ਸ਼ਟਰਾਂ ਦੇ ਆਲਣਿਆਂ ਚ ਬੈਠੈ ਘੁੱਗੀਆਂ ਦੇ ਟੌਟਰੂ ਸ਼ਾਇਦ ਇਹੀ ਕਹਿੰਦੇ ਹੋਣਗੇ ਕਿ ਕੁਦਰਤ ਕਿੰਨੀ ਦਰਿਆਦਿਲ ਹੈ,ਜੋ ਬੰਦੇ ਨੂੰ ਜ਼ਿੰਦਗੀ ਜਿਉਣ ਦਾ ਦੂਜਾ ਮੌਕਾ ਦੇ ਰਹੀ ਹੈ।ਕਿਉਂਕਿ ਕੁਦਰਤੀ ਸਰੋਤਾਂ,ਹਵਾ ਪਾਣੀ ਨੂੰ ਜ਼ਹਿਰੀਲਾ ਕਰਨ ਵੇਲੇ,ਖੇਤਾਂ-ਸੜਕਾਂ ਤੋਂ ਮਣਾਂ ਮੂੰਹੀ ਦਰੱਖਤ ਵੱਡਣ ਵੇਲੇ, ਪਰਾਲ਼ੀ,ਪਟਾਕਿਆਂ ਨਾਲ,ਫਸਲਾਂ ਤੇ ਜ਼ਹਿਰਾਂ ਛਿੜਕਣ ਵੇਲੇ,ਮਿਲਾਵਟਾਂ ਕਰਨ ਵੇਲੇ, ਪਤੰਗਾਂ ਚ ਚੀਨੀ ਡੋਰਾਂ ਪਾਉਣ ਵੇਲੇ,ਇਹਨਾਂ ਨੇ ਤਾਂ ਦੂਜੇ ਜੀਵ ਜੰਤੂਆਂ ਨੂੰ ਜਿਉਣ ਦਾ ਇੱਕ ਵੀ ਮੌਕਾ ਨਹੀਂ ਸੀ ਦਿੱਤਾ। ਪੰਛੀ ਖੌਰੇ ਅਰਦਾਸ ਵੀ ਕਰਦੇ ਹੋਣਗੇ ਕਿ ਓਹ ਰੱਬ ਦੇ ਬੰਦਿੳ,ਡਰੋ ਨਾ,ਹਾਲੇ ਥੋਨੂੰ ਮੌਤ ਨਹੀਂ ਆਈ,ਇਹ ਤਾਂ ਸਿਰਫ ਮੌਤ ਦੀ ਆਹਟ ਹੈ,ਹਾਲੇ ਵੀ ਸੰਭਲ ਜਾਉ। ਬੰਦੇ ਬਣੋ ਬੰਦੇ। ਮੌਤ ਇਸਤੋਂ ਵੀ ਭਿਆਨਕ ਹੋਵੇਗੀ। ਖ਼ੁਦ ਵੀ ਜੀਉ ਤੇ ਹੋਰਾਂ ਨੂੰ ਵੀ ਜਿਓਣ ਦਿਉ।
-
ਵਿਜੈ ਗਰਗ, ਪੀਈਐਸ-1 ਸਰਕਾਰੀ ਕੰਨਿਆ ਸੀਨੀਆਰ ਸਕੈਂਡਰੀ ਸਕੂਲ ਮੰਡੀ ਹਾਰਜੀ ਰਾਮ, ਮਲੋਟ
vkmalout@gmail.com
******
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.