ਖ਼ਬਰ ਹੈ ਕਿ ਮਾਰੂਤੀ, ਹੀਰੋ ਮੋਟੋ, ਮਹਿੰਦਰਾ ਦੇ ਕਈ ਪਲਾਂਟ ਬੰਦ ਕਰ ਦਿੱਤੇ ਗਏ ਹਨ। ਮਾਰੂਤੀ ਦੇ ਹਰਿਆਣਾ ਸਥਿਤ ਪਲਾਂਟ 'ਚ ਹਰ ਸਾਲ 15.50 ਲੱਖ ਵਾਹਨ ਤਿਆਰ ਹੁੰਦੇ ਹਨ। ਮਹਿੰਦਰਾ ਕੰਪਨੀ ਨੇ ਵਰਕ ਫਰੋਮ ਹੋਮ ਦੀ ਸੁਵਿਧਾ ਕਰਮਚਾਰੀਆਂ ਨੂੰ ਦਿੱਤੀ ਹੈ। ਉਦਯੋਗਿਕ ਗਤੀਵਿਧੀਆਂ ਵਿੱਚ ਆਈ ਸੁਸਤੀ ਦੀ ਮਾਰ ਬੇਰੁਜ਼ਗਾਰੀ ਉਤੇ ਪਵੇਗੀ। ਇਸ ਦੌਰਾਨ ਇਹ ਵੀ ਖ਼ਬਰ ਹੈ ਕਿ ਯੂਰਪ ਦੀਆਂ 100 ਟੌਪ ਕੰਪਨੀਆਂ ਜਿਹਨਾ ਵਿੱਚ ਜਿਆਦਾ ਤੇਲ ਅਤੇ ਗੈਸ ਕੰਪਨੀਆਂ ਹਨ ਨੂੰ 81.39 ਲੱਖ ਕਰੋੜ ਰੁਪਏ ਦਾ ਘਾਟਾ ਪਿਆ ਹੈ। ਇਹ ਵੀ ਖ਼ਬਰ ਹੈ ਕਿ ਡਾਲਰ ਅਤੇ ਸੋਨੇ ਜਿਹੇ ਸੁਰੱਖਿਅਤ ਵਿਕਲਪਾਂ ਉਤੇ ਵਿਦੇਸ਼ੀ ਨਿਵੇਸ਼ਕ ਆਪਣਾ ਧੰਨ ਲਗਾ ਰਹੇ ਹਨ ਕਿਉਂਕਿ ਸ਼ਿਅਰ ਬਜ਼ਾਰ ਵਿੱਚ ਗਿਰਾਵਟ ਜਾਰੀ ਹੈ।
ਆਖ਼ਿਰ ਜਾਈਏ ਤਾਂ ਕਿਥੇ ਜਾਈਏ। ਇਧਰ ਕਰੋਨਾ ਵਾਇਰਸ ਹੈ, ਉਧਰ ਸੱਟਾ ਬਜ਼ਾਰ ਹੈ। ਦੋਵਾਂ ਦਾ ਕਹਿਰ ਜਾਰੀ ਹੈ।
ਆਖ਼ਿਰ ਜਾਈਏ ਤਾਂ ਕਿਥੇ ਜਾਈਏ। ਇਧਰ ਕਰੋਨਾ ਦੀ ਲਪੇਟ ਵਿੱਚ ਲੋਕ ਆਈ ਜਾ ਰਹੇ ਹਨ, ਆਈ ਜਾ ਰਹੇ ਹਨ,ਉਧਰ ਸੱਟਾ ਬਜ਼ਾਰ ਨੇ ਵਸਦੇ-ਰਸਦੇ ਘਰ ਉਜਾੜ ਦਿੱਤੇ ਹਨ।
ਆਖ਼ਿਰ ਜਾਈਏ ਤਾਂ ਕਿਥੇ ਜਾਈਏ, ਇਧਰ ਕਰੋਨਾ ਵਾਇਰਸ ਨੇ ਲੋਕ ਘਰਾਂ ਦੇ ਅੰਦਰੀ ਵਾੜ ਦਿੱਤੇ ਹਨ, ਉਥੇ ਸੱਟਾ ਬਜ਼ਾਰ ਨੇ ਲੋਕ ਮੂਧੇ ਮੂੰਹ ਪਾ ਦਿੱਤੇ ਹਨ।
ਇਧਰ ਕਰੋਨਾ ਵਾਇਰਸ ਨੂੰ "ਗੋਦੀ ਚੈਨਲ" ਨੇ ਵੱਟੇ-ਵੱਟੇ ਪਾਇਆ ਹੋਇਆ। ਉਧਰ ਸੱਟਾ ਬਜ਼ਾਰ ਨੇ ਪਟਕ-ਪਟਕਕੇ, ਉਛਾਲ-ਉਛਾਲਕੇ ਘੁੰਮ-ਘੁੰਮਾਕੇ ਵਪਾਰੀਆਂ ਕਾਰੋਬਾਰੀਆਂ ਨੂੰ ਆਖਰੀ ਤਾਰਾ ਦਿਖਾਇਆ ਹੋਇਆ। ਪਰ ਜਿਵੇਂ ਟਰੰਪ ਕਰੋਨਾ ਵਾਇਰਸ ਤੋਂ ਖੱਟ ਰਿਹਾ, ਇਵੇਂ ਆਪਣੇ ਸਿਆਣੇ ਸੱਟਾਂ ਬਜ਼ਾਰੀਏ ਆਪਣੇ ਘਰ ਆਪਣੇ ਢੰਗ ਨਾਲ ਭਰੀ ਜਾ ਰਹੇ ਆ, ਤਦੇ ਹੀ ਤਾਂ ਇਹਨਾ ਬਾਰੇ ਕਵੀ ਆਖਦਾ ਆ, " ਆਖ, ਅਕਲ ਦਾ ਬਾਦਸ਼ਾਹ ਉਸਨੂੰ, ਤੁਰੇ ਸਿਰ ਤੇ ਰੱਖ ਜੋ ਜੁੱਤਿਆਂ ਨੂੰ"।
ਝੂਠ ਆਖਾਂ ਤਾਂ ਕੁਝ ਬਚਦਾ ਏ, ਸੱਚ ਆਖਿਆਂ ਭਾਂਬੜ ਮਚਦਾ ਏ।
ਖ਼ਬਰ ਹੈ ਕਿ ਐਤਵਾਰ ਦੇ ਦਿਨ ਕਰੋਨਾ ਵਾਇਰਸ ਦੇ ਵਧਦੇ ਕਹਿਰ ਵਿਚਾਲੇ ਸਵੇਰ 7 ਵਜੇ ਤੋਂ ਰਾਤ 9 ਵਜੇ ਤੱਕ ਜਨਤਾ ਕਰਫਿਊ ਦੇਸ਼ ਭਰ ਵਿੱਚ ਲਗਾ ਦਿੱਤਾ ਗਿਆ। ਜਿਸਨੂੰ ਲੋਕਾਂ ਦਾ ਭਰਪੂਰ ਹੁੰਗਾਰਾ ਮਿਲਿਆ ਅਤੇ ਸਾਰਿਆਂ ਨੇ ਰਲ ਕੇ ਜ਼ਿੰਮੇਵਾਰੀ ਨਿਭਾਈ। ਕਰੋਨਾ ਤੋਂ ਪ੍ਰਭਾਵਿਤ 75 ਜ਼ਿਲਿਆਂ ਸਮੇਤ ਸੂਬੇ ਪੰਜਾਬ ਦੇ ਸਾਰੇ ਜ਼ਿਲਿਆਂ 'ਚ ਲਾਕਡਾਊਨ ਕਰ ਦਿੱਤਾ ਗਿਆ ਤਾਂ ਕਿ ਕਰੋਨਾ ਵਾਰਿਰਸ ਦੇ ਲਾਗ ਨਾਲ ਵਾਧੇ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਟਰੇਨਾਂ, ਪਬਲਿਕ ਬੱਸਾਂ ਬੰਦ ਹਨ, ਸਿਰਫ਼ ਜ਼ਰੂਰੀ ਸੇਵਾਵਾਂ ਨਾਗਰਿਕਾਂ ਲਈ ਚੱਲ ਰਹੀਆਂ ਹਨ।
ਵੇਖੋ ਵਪਾਰੀਆਂ ਦੇ ਰੰਗ, ਦਿਨਾਂ, ਘੰਟਿਆਂ 'ਚ ਹੀ ਕਰੋੜਾਂ ਕਮਾ ਗਏ। ਪਿਆਜ 20 ਰੁਪਏ ਤੋਂ ਸਿੱਧੇ 50 ਰੁਪਏ ਕਿਲੋ, ਟਮਾਟਰ 30 ਰੁਪਏ ਤੋਂ ਸਿੱਧੇ 50 ਰੁਪਏ ਕਿਲੋ। ਸੈਨੇਟਾਈਜ਼ਰ ਤਿੰਨ ਗੁਣਾ ਜਿਆਦਾ ਕੀਮਤ ਤੇ ਅਤੇ ਖਾਣ-ਪੀਣ ਦੀਆਂ ਚੀਜ਼ਾਂ ਲੋਕ ਸਟੋਰ ਕਰ ਰਹੇ ਹਨ। ਪਰ ਭਾਈ ਦਿਹਾੜੀਦਾਰ ਕੀ ਕਰਨਗੇ? ਮੌਤੋਂ ਭੁੱਖ ਬੁਰੀ। ਪੱਲੇ ਧੇਲਾ ਨਹੀਂ ਹੋਏਗਾ ਤਾਂ ਆਪਣੇ ਆਪ ਨੂੰ ਵੇਚਣ ਲਈ ਸੜਕਾਂ ਤੇ ਆਉਣਗੇ। ਹੈ ਕਿ ਨਹੀਂ। ਮਜ਼ਦੂਰ ਮੰਡੀਆਂ ਉਵੇਂ ਲੱਗ ਰਹੀਆਂ ਸ਼ਹਿਰਾਂ 'ਚ। ਨਾ ਮੂੰਹ ਢਕੇ ਹੋਏ, ਨਾ ਸੈਨੇਟਾਈਜ਼ਰ ਦੀ ਵਰਤੋਂ, ਬੱਸ ਇਕੋ ਝਾਕ, ਕੋਈ ਆਵੇ, ਉਹਨਾ ਦੀ ਦਿਹਾੜੀ ਪਾਵੇ ਤੇ ਜੁਆਕਾਂ ਦੇ ਮੂੰਹ ਰੋਟੀ-ਟੁੱਕ ਪਾਵੇ।
ਸਭ ਖੇਲ ਆ ਭਾਈ ਵਪਾਰੀ ਅਮਰੀਕਾ ਦਾ। ਸਭ ਖੇਲ ਆ ਭਾਈ ਵਪਾਰੀ ਚੀਨ ਦਾ। ਸਭ ਖੇਲ ਆ ਭਾਈ ਮੋਦੀ ਵਰਗੀਆਂ ਫੇਲ ਹੋਈਆਂ ਸਰਕਾਰਾਂ ਦਾ, ਲੋਕਾਂ ਦਾ ਧਿਆਨ ਦੂਜੇ ਬੰਨੇ ਲਾਉਣ ਦਾ। ਸਭ ਖੇਲ ਆ ਭਾਈ, ਬਸ ਸਭ ਖੇਲ ਆ। ਬੁਲ੍ਹੇ ਸ਼ਾਹ ਯਾਦ ਆ ਰਿਹਾ ਹੈ, "ਝੂਠ ਆਖਾਂ ਤਾਂ ਕੁਝ ਬਚਦਾ ਏ, ਸੱਚ ਆਖਿਆਂ ਭਾਂਬੜ ਮਚਦਾ ਏ। ਮੂੰਹ ਆਈ ਬਾਤ ਨਾ ਰਹਿੰਦੀ ਏ"।
ਮਰੇ ਘੋੜੇ ਤੇ ਚੜ੍ਹਨ ਦਾ ਕੀ ਫਾਇਦਾ,
ਮੜ੍ਹਕ ਨਾਲ ਪੁੱਟ ਦੋ ਪੈਰ ਮੀਆਂ।
ਖ਼ਬਰ ਹੈ ਕਿ ਮੱਧ ਪ੍ਰਦੇਸ਼ ਵਿੱਚ ਸੂਬਾ ਸਰਕਾਰ ਨੂੰ ਗੱਦੀ ਤੋਂ ਲਾਉਣ ਲਈ 22 ਕਾਂਗਰਸੀ ਵਿਧਾਇਕਾਂ ਨੇ ਅਹਿਮ ਭੂਮਿਕਾ ਨਿਭਾਈ, ਜਿਹਨਾ ਨੇ ਵਿਧਾਇਕੀ ਤੋਂ ਅਸਤੀਫਾ ਦਿੱਤਾ ਅਤੇ ਮੁੜ ਹੁਣ ਭਾਜਪਾ ਵਿੱਚ ਸ਼ਾਮਲ ਹੋ ਗਏ। ਇਹਨਾ 22 ਵਿਧਾਇਕਾਂ ਨੇ 2018 ਵਿੱਚ ਭਾਜਪਾ ਦੇ ਉਮੀਦਵਾਰਾਂ ਨੂੰ ਹਰਾਇਆ ਸੀ। ਹੁਣ ਭਾਜਪਾ ਦੀ ਕੋਸ਼ਿਸ਼ ਹੋਏਗੀ ਕਿ ਉਹ ਮੱਧ ਪ੍ਰਦੇਸ਼ ਵਿੱਚ ਮੁੜ ਸਰਕਾਰ ਬਣਾਏ ਅਤੇ 6 ਮਹੀਨਿਆਂ ਦੇ ਅੰਦਰ ਅੰਦਰ ਚੋਣਾਂ ਕਰਵਾਏ। ਇਸ ਵੇਲੇ ਭਾਜਪਾ 17 ਸੂਬਿਆਂ ਵਿੱਚ ਸੱਤਾ ਵਿੱਚ ਹੈ। ਸੂਬੇ ਮੱਧ ਪ੍ਰਦੇਸ਼ ਵਿੱਚ ਕਾਂਗਰਸ ਦੇ 22 ਵਿਧਾਇਕਾਂ ਨੂੰ ਭਾਜਪਾ ਦੇ ਪਾਸੇ ਲੈ ਜਾਣ ਵਿੱਚ ਜੋਤੀਰਾਦਿਤਿਆ ਸਿੰਧੀਆ ਨੇ ਭੂਮਿਕਾ ਨਿਭਾਈ, ਜੋ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਖਾਸ ਵਿਅਕਤੀ ਸੀ।
ਇਹ ਟੰਗਾਂ ਖਿਚਣ ਦੀ ਖੇਡ ਆ। ਸੱਤਾ ਸਾਂਝੀ ਕਰੋ ਜਾਂ ਗੱਦੀ ਛੱਡੋ। ਕਮਲ ਨਾਥ ਨੂੰ 'ਕਮਲ' ਵਾਲਿਆਂ ਪੜ੍ਹਨੇ ਪਾ ਦਿੱਤਾ ਅਤੇ ਲਾਲਚੀ ਕਾਂਗਰਸੀਆਂ ਨੂੰ ਦੋ-ਦੋ, ਚਾਰ-ਚਾਰ ਟਰੰਕ ਧੰਨ ਦੇ ਫੜਾਕੇ ਆਪਣੇ ਨਾਲ ਚਿਪਕਾ ਲਿਆ। ਅੱਗੋਂ ਕੀ ਹੋਊ, ਭਾਜਪਾ ਜਾਣੇ ਜਾਂ ਸ਼ਾਹ-ਮੋਦੀ! ਪਰ ਇੱਕ ਗੱਲ ਪੱਕੀ ਆ ਇੱਟ ਵਰਗੀ ਕਿ ਗੱਦੀਆਂ ਦਾ ਲਾਲਚ ਤੇ ਪੈਸਿਆਂ ਦੀ ਹੋੜ ਬੰਦੇ ਨੂੰ ਕੀ ਦਾ ਕੀ ਬਣਾ ਦਿੰਦੀ ਆ। ਉਹੀ ਮੋਦੀ-ਸ਼ਾਹ ਜਿਹੜੇ 22 ਕਾਂਗਰਸੀਆਂ ਲਈ ਮਾੜੇ ਸਨ, ਉਹੀ ਹੁਣ ਉਹਨਾ ਦੇ ਆਪਣੇ ਮਾਈ-ਬਾਪ ਆ। ਜਿਹੜੇ ਉਹਨਾ ਨੂੰ ਟਿਕਟਾਂ ਦੇਣਗੇ, ਮੰਤਰੀ ਬਨਾਉਣਗੇ ਅਤੇ ਆਪਣੇ ਦਰ 'ਤੇ ਸੀਸ ਝੁਕਾਉਣ ਲਈ ਮਜ਼ਬੂਰ ਕਰਨਗੇ। ਪਰ ਭਾਈ ਉਹਨਾ ਵਿਚਾਰੇ ਲੋਕਾਂ ਦਾ ਕੀ ਬਣੂ, ਜਿਹੜੇ ਮੋਦੀ -ਸ਼ਾਹ ਨੂੰ ਗਾਲਾਂ ਕੱਢਦੇ ਸੀ, ਉਹਨਾ ਦੇ ਕਸੀਦੇ ਕਿਵੇਂ ਪੜ੍ਹਨਗੇ?
ਉਹ ਭਾਈਬੰਦੋ, ਨੇਤਾਵਾਂ ਦੀ ਮੱਤ ਅਤੇ ਬੁੱਧ ਤੇ ਪਰਦਾ ਪਿਆ ਹੋਇਐ। ਲੀਡਰ ਮਲਾਈ ਛਕੀ ਜਾਂਦੇ ਆ ਤੇ ਬਾਂਦਰ ਵੰਡ 'ਚ ਰੁਝੇ ਹੋਏ ਆ। ਉਹਨਾ ਨੂੰ ਲੋਕਾਂ ਦੀ ਭਲਾਈ ਨਾਲ ਕੀ ਵਾਹ ਵਾਸਤਾ। ਨਿਰੇ ਕਰੋਨਾ ਵਾਇਰਸ ਆ ਨੇਤਾ। ਜਿਹਨਾ ਨੂੰ ਲੋਕਾਂ ਦੀ ਮੌਤ ਦਾ ਫਿਕਰ ਨਹੀਂ, ਲੋਕਾਂ ਦੀ ਭੁੱਖ ਦਾ ਫਿਕਰ ਨਹੀਂ। ਜੇਕਰ ਫਿਕਰ ਆ ਤਾਂ ਵੱਸ ਗੱਦੀ ਦਾ। ਜਿਨੇ ਬਚਣਗੇ, ਉਨਿਆਂ ਉਤੇ ਹੀ ਰਾਜ ਕਰ ਲੈਣਗੇ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਵਿਸ਼ਵ ਸਿਹਤ ਸੰਗਠਨ ਦਾ ਮੰਨਣਾ ਹੈ ਕਿ ਸਿਹਤ ਸੁਵਿਧਾਵਾਂ ਲਈ ਇੱਕ ਹਜ਼ਾਰ ਆਬਾਦੀ ਪਿੱਛੇ ਪ੍ਰਤੀ ਵਿਅਕਤੀ ਇੱਕ ਡਾਕਟਰ ਚਾਹੀਦਾ ਹੈ। ਜਦਕਿ ਭਾਰਤ ਵਿੱਚ ਸਿਰਫ਼ 0.7 ਡਾਕਟਰ ਪ੍ਰਤੀ ਹਜ਼ਾਰ ਹੈ। ਚੀਨ ਵਿੱਚ 1.5 ਡਾਕਟਰ ਅਤੇ ਰੂਸ ਵਿੱਚ 3.3 ਡਾਕਟਰ ਪ੍ਰਤੀ ਹਜ਼ਾਰ ਹੈ।
ਇੱਕ ਵਿਚਾਰ
ਅਸੀਂ ਉਹਨਾ ਚੀਜ਼ਾਂ ਬਾਰੇ ਸਭ ਤੋਂ ਘੱਟ ਗੱਲ ਕਰਦੇ ਹਾਂ, ਜਿਹਨਾ ਬਾਰੇ ਅਸੀਂ ਸਭ ਤੋਂ ਵੱਧ ਸੋਚਦੇ ਹਾਂ।
..............ਚਾਰਲਸ ਲਿੰਡਵਰਗ
-
ਗੁਰਮੀਤ ਸਿੰਘ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.