ਲੇਖਕ : ਐਮ. ਐਨ. ਰਾਏ
ਅਨੁਵਾਦਕ : ਜਗਵਿੰਦਰ ਯੋਧਾ
(ਇਸ ਪੁਸਤਕ ਨੂੰ ਲੈ ਕੇ ਤਿੰਨ ਸ਼ਖਸ਼ੀਅਤਾਂ ਦਾ ਕੰਮ ਮੈਂ ਸਰਾਹੁੰਦਾ ਹਾਂ ; 1) ਐਮ ਐਨ ਰਾਏ 2) ਜਗਵਿੰਦਰ ਯੋਧਾ 3) ਸਾਥੀ ਵਰਿੰਦਰ ਦੀਵਾਨਾ, ਬਰਨਾਲਾ ਜਿਨਾਂ ਇਹ ਪੁਸਤਕ ਪੜ੍ਹਨ ਦਾ ਮੈਨੂੰ ਸੁਝਾਅ ਦਿੱਤਾ- ਗੁਰਭਜਨ ਗਿੱਲ )
ਅਜਿਹੀ ਕਿਤਾਬ ਅੱਜ ਦੇ ਦੌਰ ਚ ਪੜ੍ਹਨਯੋਗ ਹੈ ਜਦ ਮੌਕਾਪ੍ਰਸਤਾਂ ਵੱਲੋਂ ਇਸਲਾਮ ਦਾ ਭੰਡੀ ਪ੍ਰਚਾਰ ਕਰਕੇ ਮੁਸਲਮਾਨਾਂ ਵਿਰੁੱਧ ਨਫਰਤ ਫੈਲਾਈ ਜਾ ਰਹੀ ਹੈ ਜਿਸਤੋਂ ਇੰਝ ਲਗਦਾ ਹੈ ਜਿਸ ਤਰ੍ਹਾਂ ਮੁਸਲਿਮ ਲੋਕ ਪੈਦਾਇਸ਼ੀ ਜ਼ਾਲਮ ਅਤੇ ਭਰਿਸ਼ਟ ਹੋਣ।
ਅਸੀਂ ਭੁੱਲ ਜਾਂਦੇ ਹਾਂ ਕਿ ਹਿੰਦੂ, ਸਿੱਖ, ਮੁਸਲਿਮ ਹੋਣ ਤੋਂ ਪਹਿਲਾਂ ਅਸੀਂ ਸਭ ਇਨਸਾਨ ਹਾਂ। ਪਹਿਰਾਵੇ, ਰਸਮ-ਰਿਵਾਜ ਆਦਿ ਵੱਖੋ-ਵੱਖਰੇ ਹੋਣ ਨਾਲ ਇਨਸਾਨ ਦੀ ਜ਼ਾਤ ਨਹੀ ਵੰਡੀ ਜਾ ਸਕਦੀ। ਚੰਗੇ-ਬੁਰੇ ਇਨਸਾਨ ਦੀ ਪਛਾਣ ਉਸਦਾ ਧਰਮ ਨਹੀਂ ਕਰਮ ਹੁੰਦਾ ਹੈ ਅਤੇ ਨਾ ਹੀ ਇਹ ਮੰਨ ਲੈਣਾ ਸਹੀ ਹੈ ਕਿ ਕੋਈ ਬੁਰਾ ਇਨਸਾਨ ਕਦੇ ਭਲਾ ਹੋ ਹੀ ਨਹੀਂ ਸਕਦਾ। ਫਲਸਫੇ ਦਾ ਅਧਿਐਨ ਸਾਨੂੰ ਦੱਸਦਾ ਹੈ ਕਿ ਹਰ ਸੁਚੇਤ-ਅਚੇਤ ਵਸਤ ਵਿੱਚ ਦੋ ਵਿਰੋਧੀ ਤੱਤ ਹੁੰਦੇ ਹਨ ਜਿਸ ਤੋਂ ਬਿਨਾਂ ਵਸਤੂ ਦੀ ਹੋਂਦ ਹੀ ਸੰਭਵ ਨਹੀ ਹੋ ਸਕਦੀ। ਭਾਰਤੀ ਦੁਖਾਂਤ ਇਹ ਕਿ ਰਾਜ ਕਰਤਾ ਸ਼੍ਰੇਣੀਆਂ ਵੱਲੋਂ ਭਰਿਸ਼ਟ ਲੋਕਾਂ ਦੀ ਚੋਣ ਉਸਦੇ ਧਰਮ ਜਾਂ ਕਿਸੇ ਬਾਹਰੀ ਚਿੰਨ੍ਹ ਤੋਂ ਕੀਤੀ ਜਾ ਰਹੀ ਹੈ। ਸਿੱਖ ਰਾਜ ਤੋਂ ਪ੍ਰਭਾਵਿਤ ਮਾਨਸਿਕਤਾ ਵਾਲੇ ਬੰਦੇ ਇਹ ਪੂਰੇ ਭਰੋਸੇ ਨਾਲ ਕਹਿੰਦੇ ਮਿਲਦੇ ਹਨ ਕਿ ਦਾੜ੍ਹੀ-ਮੁੱਛ ਵਾਲਾ ਬੰਦਾ ਕਦੇ ਕੋਈ ਗਲਤ ਕੰਮ ਨਹੀਂ ਕਰਦਾ।
ਸੋਚੋ ਕੀ ਇਹ ਗੱਲ ਜ਼ਮੀਨੀ ਪੱਧਰ ਤੇ ਲਾਗੂ ਹੁੰਦੀ ਹੈ? ਉਹ ਜੋ ਲੋਕ ਪੜ੍ਹਨ-ਪੜਤਾਲਣ ਦੇ ਆਦੀ ਨਹੀ, ਮੁਸਲਿਮ ਇਤਿਹਾਸ ਦੇ ਸਿਰਫ ਨਾਕਾਰਾਤਮਕ ਪੱਖ ਤੋ ਹੀ ਜਾਣੂ ਹਨ ਕਿਉਕਿ ਹਿੰਦੂ-ਸਿੱਖ ਧਰਮਾਂ ਦੇ ਠੇਕੇਦਾਰਾਂ ਵੱਲੋਂ ਉਨਾਂ ਨੂੰ ਬਸ ਇਹੋ ਸੁਣਾਇਆ-ਰਟਾਇਆ ਗਿਆ ਹੈ। ਸਰਕਾਰਾਂ ਲੋਕਾਂ ਦੇ ਇਸ ਪਾਟਕ ਤੋਂ ਪੂਰਾ ਲਾਭ ਉਠਾਉਂਦੀਆਂ ਆ ਰਹੀਆਂ ਹਨ।
ਇਸਲਾਮ ਦਾ ਉਦੈ ਦੱਬੀ-ਕੁਚਲੀ ਲੋਕਾਈ ਲਈ ਉਮੀਦਾਂ ਦੀ ਸਵੇਰ ਲੈ ਕੇ ਹੋਇਆ ਸੀ ਜਿਸ ਕਾਰਨ ਇਸ ਕੋਲ ਵਧਣ-ਫੈਲਣ ਦਾ ਮੌਕਾ ਖੁੱਲ੍ਹਾ-ਡੁੱਲ੍ਹਾ ਸੀ। ਇਹ ਇਸ ਤਰ੍ਹਾਂ ਸੀ ਜਿਵੇਂ ਸੋਕਿਆਂ ਸਤਾਈ ਜਮੀਨ ਤੇ ਵਰਖਾ-ਬੂੰਦਾਂ ਡਿੱਗ ਪੈਣ। ਬਹੁ ਦੇਵ ਵਾਦ ਕਾਰਨ ਮਨੁੱਖਤਾ ਵਿੱਚ ਪਈਆਂ ਵੰਡੀਆਂ ਨੂੰ ਮਿਟਾਉਣ ਦਾ ਕੰਮ ਉਨਾਂ ਦੇ 'ਇਕ ਅੱਲਾ' ਦੇ ਨਾਹਰੇ ਨੇ ਕੀਤਾ। ਲਿਖਣ ਤੋਂ ਪਹਿਲਾਂ ਐਮ ਐਨ ਰਾਇ ਨੇ ਇਸਲਾਮ ਬਾਰੇ ਖੂਬ ਪੜ੍ਹਿਆ। ਇਸਲਾਮ ਦੇ ਬੁਰੇ ਪੱਖ ਨੂੰ ਤਾਂ ਸਾਡੇ ਅਨਪੜ੍ਹ ਲੋਕ ਵੀ ਭਲੀ-ਭਾਂਤ ਜਾਣਦੇ ਹਨ ਸਗੋਂ ਪੜ੍ਹੇ ਲਿਖਿਆਂ ਤੋਂ ਵੀ ਵੱਧ ਜਾਣਦੇ ਹਨ, ਇਥੋਂ ਤਕ ਕਿ ਇਹ ਉਹ ਵੀ ਜਾਣਦੇ ਹਨ ਜੋ ਹੈ ਹੀ ਨਹੀ।
ਐਮ ਐਨ ਰਾਇ ਨੇ ਹਥਲੀ ਪੁਸਤਕ ਦੁਆਰਾ ਇਸਲਾਮ ਦੇ ਉਸਾਰੂ ਪੱਖਾਂ ਉਤੇ ਚਾਨਣ ਪਾਉਣ ਦਾ ਹੀ ਹੰਭਲਾ ਮਾਰਿਆ ਹੈ। ਅਰਬ ਦੇ ਖਾਨਾਬਦੋਸ਼ ਸੌਰਸੈਨੀ ਕਬੀਲਿਆਂ ਤੋਂ ਇਸਲਾਮਿਕ ਜਿੱਤਾਂ ਦਾ ਮੁੱਢ ਬੱਝਦਾ ਹੈ। ਇਹ ਜਿੱਤੇ ਰਾਜਾਂ ਦੀ ਲੋਕਾਈ ਨਾਲ ਇਨਸਾਨੀਅਤ ਵਾਲਾ ਵਿਹਾਰ ਕਰਦੇ ਸਨ ਤੇ ਹਜ਼ਰਤ ਮੁਹੰਮਦ ਸਾਹਿਬ ਦੇ ਸ਼ਾਂਤੀ ਸੰਦੇਸ਼ ਦੇ ਸਮਰਥਕ ਸਨ। ਭਾਵੇਂ ਬਾਅਦ ਵਿੱਚ ਜਦ ਮੁਸਲਮਾਨ ਸੈਨਿਕਾਂ ਵਿੱਚ ਜਾਂਗਲੀ ਮੱਧ ਏਸ਼ੀਆਈ ਮੰਗੋਲ ਸੈਨਿਕਾਂ ਦੀ ਗਿਣਤੀ ਸੌਰਸੈਨੀ ਸੈਨਿਕਾਂ ਨਾਲੋਂ ਵਧ ਗਈ ਤਾਂ ਮੁਸਲਮਾਨਾਂ ਦੀਆਂ ਜਿੱਤਾਂ ਵਿੱਚ ਲੁੱਟਮਾਰ, ਅੱਤਿਆਚਾਰ ਅਤੇ ਦਮਨ ਵਧਣ ਲੱਗਾ। ਇਸਲਾਮ ਤੋਂ ਪਹਿਲਾਂ ਪ੍ਰਚਲਿਤ ਧਰਮ ਤੇ ਸ਼ਾਸ਼ਕਾਂ ਦੇ ਸ਼ਾਸਨ ਭ੍ਰਿਸ਼ਟ ਹੋ ਚੁੱਕੇ ਸਨ। ਭਾਰਤ ਵਿਚ ਸਮਾਂ ਬੀਤਣ ਤੇ ਆਖਰ ਬੁੱਧ ਧਰਮ ਵਿੱਚ ਅਜਿਹੀਆਂ ਬੁਰਾਈਆਂ ਪੈਦਾ ਹੋ ਗਈਆਂ ਸਨ ਜਿਨਾਂ ਕਾਰਨ ਪਤਨ ਵਜੋਂ ਇਹ ਭਾਰਤੀ ਬ੍ਰਾਹਮਣਵਾਦ ਅੱਗੇ ਗੋਡੇ ਟੇਕ ਗਿਆ ਸੀ। ਪੁਜਾਰੀ ਵਰਗ ਦੁਆਰਾ ਆਮ ਲੋਕਾਂ ਦੀ ਲੁੱਟ ਜ਼ੋਰਾਂ ਤੇ ਸੀ, ਮੰਦਰ-ਮੂਰਤੀਆਂ ਦੇ ਨਾਂ ਤੇ ਸੋਨਾ-ਧਨ ਬੇਹਿਸਾਬ ਸਮੇਟ ਰਹੇ ਸਨ। ਪਰ ਪੁਜਾਰੀਆਂ ਦੁਆਰਾ ਕਾਇਮ ਕੀਤੇ ਦੇਵੀ-ਦੇਵਤਿਆਂ ਦੀ ਸ਼ਕਤੀ ਉਤੇ ਸ਼ਰਧਾਲੂਆਂ ਦੇ ਭਰੋਸੇ ਨੂੰ ਉਦੋਂ ਸੱਟ ਪਈ ਜਦ ਵਿਦੇਸ਼ੀ ਹਮਲਾਵਰ ਸ਼ਰ੍ਹੇਆਮ ਮੰਦਰ-ਮੂਰਤੀਆਂ ਤੋਂ ਸੋਨਾ ਆਦਿ ਲੁੱਟ ਲਿਜਾਂਦੇ ਰਹੇ ਪਰ ਕੋਈ ਦੇਵੀ-ਦੇਵਤਾ ਉਨਾਂ ਨੂੰ ਟੱਕਰ ਦੇਣ ਲਈ ਪ੍ਰਗਟ ਨਾ ਹੋਇਆ। ਚੰਗੇ ਭਵਿਖ ਦੀ ਆਸ ਨਾਲ ਭਾਰਤ ਵਾਸੀਆਂ ਨੇ ਇਸਲਾਮਿਕ ਸੱਤਾ ਦਾ ਸਵਾਗਤ ਕੀਤਾ ਜਿਸਨੇ ਬ੍ਰਾਹਮਣਵਾਦ ਹੇਠ ਲਤਾੜੇ ਸੂਦਰ, ਜਿਸਨੂੰ ਮਨੁੱਖ ਹੀ ਨਹੀ ਸੀ ਸਮਝਿਆ ਜਾਂਦਾ, ਕਿਰਤੀ ਇਨਸਾਨ ਜਿਨਾਂ ਨੂੰ ਨੀਚ ਸਮਝ ਕੇ ਘ੍ਰਿਣਾ ਕੀਤੀ ਜਾਂਦੀ ਸੀ, ਮੁਸਲਿਮ ਰਾਜ ਵਿੱਚ ਸਨਮਾਨੇ ਗਏ, ਇਥੋਂ ਤੱਕ ਕਿ ਉਨਾਂ ਨੂੰ ਉੱਚ ਪਦਵੀਆਂ ਤੱਕ ਪਹੁੰਚਣ ਦੀ ਵੀ ਆਜਾਦੀ ਦਿਤੀ ਗਈ। ਇਸਲਾਮਿਕ ਦੁਨੀਆਂ ਵਿੱਚੋਂ ਪੈਦਾ ਹੋਏ ਵਿਗਿਆਨੀ, ਦਾਰਸ਼ਨਿਕ ਅਤੇ ਸਮਾਜ ਸੁਧਾਰਕ ਮਨੁੱਖਤਾ ਲਈ ਆਸੀਸ ਬਣੇ।
ਮੈਂ ਇਹ ਪੁਸਤਕ ਪੜ੍ਹਨ ਦਾ ਸੁਝਾਅ ਪੇਸ਼ ਕਰਦਾ ਹਾਂ। ਇਸਲਾਮ ਨੂੰ ਲੈ ਕੇ ਭਾਵੇਂ ਭਾਰਤੀ ਬਹੁਗਿਣਤੀ ਵਿੱਚ ਜਾਣੇ-ਅਣਜਾਣੇ ਬਹੁਤ ਗਲਤਫਹਿਮੀਆਂ ਪਾਈਆਂ ਜਾਂਦੀਆਂ ਹਨ ਪਰ ਮੈਨੂੰ ਅਜਿਹੀ ਕੋਈ ਗਲਤਫਹਿਮੀ ਨਹੀ ਸੀ ਜੋ ਇਸ ਕਿਤਾਬ ਨੇ ਦੂਰ ਕੀਤੀ ਹੋਵੇ।
ਮੇਰੇ ਲਈ ਇਸ ਪੁਸਤਕ ਵਿੱਚੋਂ ਨਿੱਕਲੀ ਮਹੱਤਵਪੂਰਨ ਸਮੱਗਰੀ ਐਮ ਐਨ ਰਾਇ ਬਾਰੇ ਜਾਣਕਾਰੀ ਹੈ ਜੋ ਕਿਤਾਬ ਦੇ ਅੰਤ ਵਿੱਚ ਦਿੱਤੀ ਗਈ ਹੈ। ਇਸਤੋਂ ਪਹਿਲਾਂ ਮੈ ਸਿਰਫ਼ ਇਹੋ ਜਾਣਦਾ ਸੀ ਕਿ ਐਮ ਐਨ ਰਾਇ ਨੇ 1920 ਵਿੱਚ, ਰੂਸ ਦੇ ਸ਼ਹਿਰ ਤਾਸਕੰਦ ਵਿੱਚ ਰੂਸ ਦੀ ਅਗਵਾਈ ਹੇਠ ਭਾਰਤੀ ਕਮਿਊਨਿਸਟ ਪਾਰਟੀ ਦਾ ਮੁੱਢ ਬੰਨ੍ਹਿਆ ਸੀ। ਪਰ ਇਸ ਕਿਤਾਬ ਵਿੱਚ ਐਮ ਐਨ ਰਾਇ ਦੀ ਸੰਘਰਸ਼ਮਈ ਜ਼ਿੰਦਗੀ ਬਾਰੇ ਪੜ੍ਹਿਆ। ਉਹ ਕਿਸੇ ਹਾਲ ਭੁਲਾਉਣ ਯੋਗ ਇਨਸਾਨ ਨਹੀਂ।
-
ਐਮ. ਐਨ. ਰਾਏ, ਲੇਖਕ
******
*************
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.