ਮੈਂ 1971-72 ਤੋਂ ਕਵਿਤਾ ਲਿਖ ਰਿਹਾਂ।
ਪ੍ਰੀਤਲੜੀ, ਆਰਸੀ, ਸਿਰਜਣਾ, ਲੋਅ ਤੋਂ ਸ਼ੁਰੂ ਕਰਕੇ ਵਰਤਮਾਨ ਲਗਪਗ ਸਾਰੇ ਪਰਚਿਆਂ ਚ ਛਪ ਰਿਹਾਂ।
ਪਰਚਿਆਂ ਚ ਲਗਪਗ ਹਰ ਕਿਤਾਬ ਦੇ ਰੀਵੀਊ ਛਪੇ ਹਨ।
1978 ਚ ਛਪੀ ਪਹਿਲੀ ਕਾਵਿ ਕਿਤਾਬ ਸ਼ੀਸ਼ਾ ਝੂਠ ਬੋਲਦਾ ਹੈ ਦਾ ਮੁੱਖ ਬੰਦ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਜੀ ਤੇ ਸੁਰਜੀਤ ਪਾਤਰ ਜੀ ਨੇ ਲਿਖਿਆ ਸੀ। ਸੱਜਰੀ ਕਿਤਾਬ ਰਾਵੀ ਬਾਰੇ ਸਵਰਾਜਬੀਰ ਤੇ ਡਾ: ਸੁਰਜੀਤ ਸਿੰਘ ਭੱਟੀ ਜੀ ਨੇ ਲਿਖਿਆ ਹੈ।
14 ਮੌਲਿਕ ਪੁਸਤਕਾਂ ਵਿੱਚੋਂ ਸਿਰਫ਼ ਬੋਲ ਮਿੱਟੀ ਦਿਆ ਬਾਵਿਆ ਨੂੰ ਹੀ ਇੱਕ ਵਾਰ ਡਾ: ਐੱਸ ਪੀ ਸਿੰਘ ਜੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਪੰਜਾਬੀ ਆਨਰਜ਼ ਜਮਾਤ ਵਿੱਚ ਦੋ ਸਾਲ ਲਈ ਸਿਲੇਬਸ ਚ ਲਾਇਆ ਸੀ।
ਬਾਕੀ ਸਤਿਨਾਮ ਹੀ ਰਿਹਾ।
ਕਦੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਡਾ: ਸੁਖਦੇਵ ਨੇ ਜ਼ਰੂਰ ਜਸਵਿੰਦਰ ਭਾਈਰੂਪਾ ਨੂੰ ਪ੍ਰੇਰਨਾ ਦੇ ਕੇ ਮੇਰੀ ਕਵਿਤਾ ਤੇ ਐੱਮ ਫਿੱਲ ਕਰਵਾਈ ਸੀ ਜਾਂ ਡਾ: ਦਰਿਆ ਕਦੇ ਕਦੇ ਲੋਕ ਧਾਰਾਈ ਆਧਾਰ ਪਰਖਣ ਲਈ ਖੋਜ ਵਿਦਿਆਰਥੀਆਂ ਨੂੰ ਪ੍ਰੇਰਦਾ ਹੈ।
ਚਲੋ ਜਿਉਣ ਜਾਗਣ ਸਾਰੇ ਭਾਈਬੰਦ।
ਇੱਕ ਵਾਰ ਪੁਰਦਮਨ ਸਿੰਘ ਬੇਦੀ ਨੇ ਮੇਰੇ ਬਾਰੇ ਕੁਝ ਲੇਖ ਇਕੱਤਰ ਕੀਤੇ, ਟਾਈਪ ਵੀ ਹੋ ਗਏ ਪਰ ਕਿਤਾਬ ਨਾ ਛਪ ਸਕੀ। ਸਤੀਸ਼ ਨੂੰ ਕਿਹਾ ਚੇਤਨਾ ਵੱਲੋਂ ਛਾਪ ਦੇ, ਉਸ ਨੂੰ ਸੰਪਾਦਕ ਪਸੰਦ ਨਹੀਂ ਸੀ,ਨਾਲੇ ਮੈਂ ਕਿਹੜਾ ਸਿਲੇਬਸੀ ਲਿਖਾਰੀ ਸਾਂ, ਕਿਤਾਬ ਵਿਕਦੀ ਕਿੱਥੇ?
ਪਰ ਗਰੀਬਾਂ ਦਾ ਵੀ ਤਾਂ ਕੋਈ ਰੱਬ ਹੁੰਦਾ ਹੈ।
ਹੁਣ ਮੰਡੀ ਗੋਬਿੰਦਗੜ੍ਹ ਕਾਲਿਜ ਚ ਪੜ੍ਹਾਉਂਦੇ ਡਾ: ਮਨਦੀਪ ਸਿੰਘ ਨੇ ਮੇਰੇ ਕਾਵਿ ਸੰਸਾਰ ਨੂੰ ਅਮਰਜੀਤ ਘੁੰਮਣ ਸਮੇਤ ਨਿਰਖਿਆ ਪਰਖਿਆ ਹੈ।
ਸਪਤ ਰਿਸ਼ੀ ਪ੍ਰਕਾਸ਼ਨ ਨੇ ਇਸ ਕਿਤਾਬ ਨੂੰ ਪਰਕਾਸ਼ਿਤ ਕੀਤਾ ਹੈ।
ਕਿਤਾਬ ਪੜ੍ਹ ਕੇ ਬਾਕੀ ਗੱਲ ਕਰ ਸਕਾਂਗਾ।
ਹਾਲ ਦੀ ਘੜੀ ਮਨਦੀਪ ਨੂੰ ਮੁਬਾਰਕ
ਜਿਸ ਨੇ ਮੈਨੂੰ ਪੜ੍ਹ ਕੇ ਵਿਚਾਰਿਆ ਹੈ, ਉਹ ਵੀ ਮੈਨੂੰ ਕਦੇ ਵੀ ਬਿਨ ਮਿਲਿਆਂ।
ਇਸੇ ਨੂੰ ਸਤਿਯੁਗ ਕਹਿੰਦੇ ਨੇ।
ਦਾਵਾ ਅਗਨ ਬਹੁ ਤ੍ਰਿਣ ਜਾਲੇ
ਕੋਈ ਹਰਿਆ ਬੂਟ ਰਹਿਉ ਰੀ।
ਗੁਰਭਜਨ ਗਿੱਲ
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.