ਮੈਂ ਮਿਸਲਾਂ ਦੇ ਛੋਟੇ ਛੋਟੇ ਰਾਜਿਆਂ ਨੂੰ ਰਾਜੇ ਨਾ ਮੰਨ ਕੇ ਵੱਡੇ ਅਤੇ ਸਮੁੱਚੇ ਪੰਜਾਬ ਤੇ ਰਾਜ ਕਰਦੇ ਰਾਜੇ ਬਾਰੇ ਲਿਖਣ ਲੱਗਾ ਹਾਂ ਜਿਸ ਦੇ ਰਾਜ ਦੀਆਂ ਧੁੰਮਾਂ ਦੁਨੀਆਂ ਵਿਚ ਪਈਆਂ ਸਨ। ਰੂਸੀ ਸ਼ਹਿਜਾਦਾ ਸੋਲਟੀਕੂਫ 1842 ਵਿਚ ਮਿੱਤਰਤਾ ਵਾਲਾ ਖਤ ਲੈ ਕੇ ਲਹੌਰ ਪਹੁੰਚਿਆ ਅਤੇ ਇਥੇ ਇਹ ਮਹਾਰਾਜਾ ਸ਼ੇਰ ਸਿੰਘ ਦਾ ਪ੍ਰਾਹੁਣਾ ਬਣਿਆ। ਲਹੌਰ ਦੇ ਸ਼ਾਲਾਮਾਰ ਬਾਗ ਦੀ ਰੌਣਕ ਅਤੇ ਸਫਾਈ ਵੇਖ ਕੇ ਇਹ ਕਹਿੰਦਾ ਹੈ ਕਿ ਇਹ ਫਰਾਂਸ ਦੇ ਵਰਸਾਈਲ ਮਹਿਲਾਂ ਦੇ ਤੁਲ ਹੈ ਜੋ ਸਵਰਗ ਦੇ ਨਜ਼ਾਰੇ ਦੀ ਝਲਕ ਦਿੰਦਾ ਹੈ। ਫਰਾਂਸ ਦੇ ਰਾਜੇ ਦਾ ਐਸਾ ਖਤ ਇਸ ਤੋਂ ਕਈ ਸਾਲ ਪਹਿਲਾਂ ਲਹੌਰ ਪੁੱਜ ਚੁੱਕਾ ਸੀ।
ਸਿੱਖੋ! ਮਾਣ ਕਰੋ ਆਪਣੇ ਮਹਾਰਾਜੇ ਰਣਜੀਤ ਸਿੰਘ ਤੇ ਜਿਸ ਨੂੰ ਆਪਣੇ ਬਾਪ ਕੋਲੋਂ ਵਿਰਸੇ ਵਿਚ ਕੁੱਝ ਕੁ ਸੈਂਕੜੇ ਸਿਪਾਹੀ ਅਤੇ ਪਿੰਡ ਮਿਲੇ ਸਨ ਅਤੇ ਆਪਣੇ 40 ਕੁ ਸਾਲਾਂ ਦੇ ਰਾਜ ‘ਚ ਖਾਲਸਾ ਰਾਜ ਨੂੰ ਦੁਨੀਆਂ ਦੀ ਸੁਪਰ-ਪਾਵਰ ਬਣਾ ਦਿੱਤਾ। ਰਸ਼ੀਆ ਵਾਂਗਰ ਨਹੀਂ ਕਿ ਲੋਕਾਂ ਦਾ ਢਿੱਡ ਭਰਨ ਲਈ ਅਨਾਜ ਆਪਣੇ ਹੀ ਦੁਸ਼ਮਣ ਤੋਂ ਮੰਗਣਾ ਪਵੇ। ਪਰ ਖਾਲਸਾ ਰਾਜ ਤਾਂ ਖਾਣ ਲਈ ਕੁਦਰਤੀ ਲੂਣ/ਨਮਕ ਦਰਾਮਦ ਕਰਕੇ ਹੀ ਲੱਖਾਂ ਰੁਪਿਆ ਦਾ ਵਪਾਰ ਕਰਦਾ ਸੀ। ਸ਼ਹਿਦ, ਰੇਸ਼ਮੀ ਕਪੜਾ ਤੇ ਗੁਲਬਦਨ ਅੰਮ੍ਰਿਤਸਰ ਤੇ ਮੁਲਤਾਨ ਵਿਚ ਵਪਾਰ ਲਈ ਤਿਆਰ ਕੀਤੇ ਜਾਂਦੇ ਸਨ। ਮੈਂ ਫਰੀਦਕੋਟ ਰਿਆਸਤ ਦੇ ਰਹਿਣ ਵਾਲਾ ਹਾਂ ਤੇ ਇਸ ਪਾਸੇ ਦੇ ਪੰਜਾਬ ਵਿਚ ਤਾਂ ਇਹੀ ਪ੍ਰਚਾਰ ਕੀਤਾ ਗਿਆ ਕਿ ਅਗਰੇਜ਼ਾਂ ਨੇ 1880 ਵਿਚ ਨਹਿਰਾਂ ਕੱਢ ਕੇ ਲੋਕਾਂ ਨੂੰ ਖੇਤੀ ਕਰਨ ਦਾ ਤਰੀਕਾ ਸਿਖਾਇਆ, ਨਹਿਰਾਂ ਰਾਹੀਂ ਵਪਾਰ ਕਰਨਾ ਤੇ ਲੱਕੜ ਦੀ ਢੋ-ਢੁਆਈ ਸਿਖਾਈ। ਪਰ ਰਣਜੀਤ ਸਿੰਘ ਨੇ ਤਾਂ 1837 ਵਿਚ ਹੀ ਨਹਿਰੀ ਪਾਣੀ ਨਾਲ 37,500 ਏਕੜ ਜ਼ਮੀਨ ਦੀ ਸਿੰਚਾਈ ਦਾ ਪ੍ਰਬੰਧ ਕਰ ਲਿਆ ਸੀ। ਪਿਛਲੇ ਸਾਲਾਂ ਦੇ ਮੁਕਾਬਲਤਨ ਜਦੋਂ ਇਸ ਸਾਲ ਲੋਕਾਂ ਦੀ ਹਾਲਤ ਚੰਗੀ ਹੋਈ ਤੇ ਸਰਕਾਰੀ ਖਜ਼ਾਨੇ ਵਿਚ ਮਾਮਲਾ ਵੀ ਜ਼ਿਆਦਾ ਆਇਆ ਤਾਂ ਅਗਲੇ ਸਾਲ, 1838 ‘ਚ, ਦਸ ਲੱਖ ਏਕੜ ਜ਼ਮੀਨ ਨਹਿਰੀ ਪਾਣੀ ਨਾਲ ਸਿੰਜਾਈ ਕੀਤੀ। ਇਸ ਸਾਲ ਤਕ ਨਹਿਰਾਂ ਦੀ ਲੰਬਾਈ 300 ਕੋਹ/ 650 ਤੋਂ 700 ਕਿਲੋਮੀਟਰ ਸੀ ਜੋ ਬਾਅਦ ਵਿਚ ਹੋਰ ਵੀ ਵਧਾਈ ਗਈ। ਨਹਿਰਾਂ ਵਿਚ ਚੱਲਣ ਵਾਲੀਆਂ ਕਿਸ਼ਤੀਆਂ ਪਿੰਡ ਦਾਦਨ ਖਾਨ ਜੋ ਅੱਜ-ਕੱਲ੍ਹ ਪਾਕਿਸਤਾਨ ਵਿਚ ਹੈ ਦੁਨੀਆਂ ਭਰ ਵਿਚ ਮਸ਼ਹੂਰ ਸਨ। ਲੋਕਾਂ ਨੂੰ ਖੂਹ ਅਤੇ ਝੱਟੇ ਲਾਉਣ ਲਈ ਸਰਕਾਰੀ ਖਾਜ਼ਾਨੇ ਵਿਚੋਂ ਬਗੈਰ ਵਿਆਜ ਤੋਂ ਪੈਸਾ ਦਿੱਤਾ ਗਿਆ ਜੋ ਬਗੈਰ ਕਿਸੇ ਕਸ਼ਟ ਉਠਾਇਆਂ ਵਾਪਸ ਕਰਨ ਲਈ ਕਿਹਾ ਗਿਆ ਅਤੇ ਕੁੱਝ ਕੁ ਹਾਲਤਾਂ ਵਿਚ ਜੇਕਰ ਕੋਈ ਕਿਸਾਨ ਵਾਪਸ ਨਹੀਂ ਕਰ ਸਕਦਾ ਸੀ ਤਾਂ ਮੁਆਫ ਵੀ ਕੀਤਾ ਗਿਆ। ਮਹਾਂਰਾਜੇ ਦੀ ਇਹ ਸੋਚ ਸੀ ਕਿ ਜੇਕਰ ਜ਼ਿਮੀਦਾਰ ਖੁਸ਼ਹਾਲ ਹਨ ਤਾਂ ਹੀ ਤਾਂ ਉਹ ਮੇਰੇ ਰਾਜ ਦੀ ਰਾਖੀ ਕਰਨ ਲਈ ਚੰਗੇ ਡੀਲ-ਡੌਲ ਅਤੇ ਤੰਦਰੁਸਤ ਨੌਜਵਾਨ ਪੈਦਾ ਕਰਨਗੇ।
ਬਾਰਨ ਚਾਰਲਿਸ ਹੂਗਿਲ ਜਿਹੜਾ ਹੈ ਤਾਂ ਅੰਗਰੇਜ਼ਾਂ ਦਾ ਜਾਸੂਸ ਪਰ ਆਇਆ ਉਹ ਯਾਤਰੂ ਬਣਕੇ ਸੀ। ਕਈ ਵਾਰ ਉਹ ਮਹਾਂਰਾਜੇ ਰਣਜੀਤ ਸਿੰਘ ਨੂੰ ਮਿਲਿਆ ਵੀ। ਉਹ ਆਪਣੀ ਕਿਤਾਬ,“ਕਸ਼ਮੀਰ ਅਤੇ ਪੰਜਾਬ” ਵਿਚ ਲਿਖਦਾ ਹੈ ਕਿ ਆਸਟਰੀਆ ਦੀ ਫੌਜ ਬਹੁਤ ਹੀ ਨਿਸ਼ਾਨੇਬਾਜ਼ ਸਮਝੀ ਜਾਂਦੀ ਹੈ ਪਰ ਮਹਾਂਰਾਜੇ ਰਣਜੀਤ ਸਿੰਘ ਦੀ ਫੌਜ ਦਾ ਨਿਸ਼ਾਨਾ ਉਨ੍ਹਾਂ ਤੋਂ ਕਿਤੇ ਵੱਧ ਠੀਕ ਅਤੇ ਪੱਕਾ ਹੈ।ਇਨ੍ਹਾਂ ਦੀਆਂ ਤੋਪਾਂ ਦੇ ਨਿਸ਼ਾਨੇ ਵੇਖ ਮੈਂ ਹੈਰਾਨ ਹਾਂ ਜੋ ਅੰਗਰੇਜਾਂ ਜਾਂ ਯੂਰਪੀਅਨ ਤੋਪਾਂ ਨਾਲੋਂ ਕਿਤੇ ਵੱਧ ਠੀਕ ਹਨ। ਰਵਾਇਤੀ ਹੱਥਿਆਰ ਜਿਵੇਂ ਕਿਰਪਾਨ, ਨੇਜ਼ਾ, ਭਾਲਾ ਤਾਂ ਸਾਡੇ ਨਾਲੋਂ ਵਧੀਆ ਹੈ ਹੀ ਹਨ ਪਰ ਜੇ ਕਿਧਰੇ ਯੁਰਪੀਅਨ ਤੋਪਾਂ ਤੇ ਮਹਾਂਰਾਜੇ ਦੀਆਂ ਤੋਪਾਂ ਨੂੰ ਰਲਾ ਕੇ ਰੱਖ ਦਿੱਤਾ ਜਾਵੇ ਤਾਂ ਕੋਈ ਨਹੀਂ ਪਛਾਂਣ ਸਕੇਗਾ ਕਿ ਕਿਹੜੀ ਕਿਸਦੀ ਹੈ। ਇਹ ਸਾਰੀ ਕਾਰੀਗਰੀ ਭਾਈ ਲਹਿਣਾ ਸਿੰਘ ਦੀ ਸੀ ਜਿਹੜਾ ਕਦੇ ਕਿਸੇ ਚੀਜ਼ ਨੂੰ ਵੇਖ ਆਉਂਦਾ ਉਸ ਤੋਂ ਵਧੀਆ ਓਹੀ ਚੀਜ਼ ਓਹ ਇਕ ਦੋ ਮਹੀਨਿਆਂ ਵਿਚ ਤਿਆਰ ਕਰਕੇ ਮਹਾਂਰਾਜੇ ਦੇ ਪੇਸ਼ ਕਰ ਦਿੰਦਾ। ਬਾਬਾ ਪ੍ਰੇਮ ਸਿੰਘ ਹੋਤੀ ਇਸੇ ਕਿਤਾਬ ਵਿਚ ਲਿਖਦੇ ਹਨ ਕਿ ਘੋੜੇ ਦੀ ਨਾਲ (ਪੈਰ ਵਿਚ ਖੁਰੀ ਲਾਉਣ ਲਈ ਵਰਤੀ ਜਾਂਦੀ ਮੇਖ) ਤੋਂ ਲੈ ਕੇ ਅਫਸਰਾਂ ਦੀ ਪੱਗ ਤਕ ਰਾਜੇ ਦੀ ਨਜ਼ਰ ਹੇਠੋਂ ਦੀ ਲੰਘਦੀ। ਆਪਣੇ ਪ੍ਰਧਾਨ ਮੰਤਰੀ ਅਜ਼ੀਜ਼ੂਦੀਨ ਨੂੰ ਇਹ ਹੁਕਮ ਸੀ ਕਿ ਮੈਂ ਸਿੱਖ ਰਾਜਾ ਹਾਂ ਇਸ ਕਰਕੇ ਕਿਸੇ ਸਿੱਖ ਨਾਲ ਕਾਨੂੰਨੀ ਤੌਰ ਤੇ ਲਿਹਾਜ਼ ਕਰੇਂ ਅਤੇ ਤੂੰ ਮੁਸਲਮਾਨ ਹੈਂ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਕਿਸੇ ਮੁਸਲਮਾਨ ਨਾਲ ਲਿਹਾਜ਼ ਕਰੇਂ ਮੈਂ ਇਹ ਬਰਦਾਸ਼ਤ ਨਹੀਂ ਕਰਾਂਗਾ।
ਮਹਾਂਰਾਜੇ ਰਣਜੀਤ ਸਿੰਘ ਦੇ ਸਮੁੱਚੇ ਰਾਜ-ਕਾਲ ਵਿਚ ਸਰਹੱਦੀ ਇਲਾਕਿਆਂ ਨੂੰ ਛੱਡ ਕੇ ਸਾਰੇ ਖਾਲਸਾ ਰਾਜ ਵਿਚ ਕਿਧਰੇ ਵਿਦਰੋਹ ਨਹੀ ਹੋਇਆ। ਖਲੀਫਾ ਸੱਯਦ ਮੁਹੰਮਦ ਅਤੇ ਬਾਰਕਜ਼ਈ ਭਰਾਵਾਂ ਮੁਹੰਮਦ ਆਜ਼ਮ ਅਤੇ ਦੋਸਤ ਮੁਹੰਮਦ ਨੇ ਕਈ ਵਾਰ ਮਜ਼੍ਹਬ ਦੇ ਨਾਂ ਤੇ ਮੁਸਲਮਾਨਾਂ ਨੂੰ ਭੜਕਾਉਣ ਦੇ ਯਤਨ ਕੀਤੇ ਪਰ ਉਨ੍ਹਾਂ ਦੀ ਕੋਈ ਪੇਸ਼ ਨਹੀਂ ਗਈ ਕਿਉਂਕਿ ਖਾਲਸਾ ਰਾਜ ਵਿਚ ਵੱਸਦੇ ਮੁਸਲਮਾਨ ਵੀ ਓਹਨੇ ਹੀ ਖੁਸ਼ਹਾਲ ਸਨ ਜਿਤਨੇ ਸਿੱਖ ਜਾਂ ਕੋਈ ਹੋਰ ਕੌਮ ਦੇ ਬੰਦੇ। ਹੋਰ ਜ਼ਿਆਦਾ ਵਿਸਥਾਰ ਨਾਲ ਮਹਾਂਰਾਜੇ ਬਾਰੇ ਪੜ੍ਹਨਾ ਹੋਵੇ ਤਾਂ ਹੋਨਿੰਗ ਬਰਗਰ ਦੀ ਕਿਤਾਬ ‘35 ਸਾਲ ਇਨ ਈਸਟ’ ਪੜ੍ਹੋ। ਬਰਨਜ਼ ਅਤੇ ਯਕੋਮਾਂ ਫਰਾਂਸੀਸੀ ਦੇ ਵੀਚਾਰ ਜਾਨਣਾ ਚਾਹੂੰਦੇ ਹੋ ਤਾਂ ਪਟਿਆਲਾਂ ਯੂਨੀਵਰਸਿਟੀ ਦੀ ਛਾਪੀ ਹੋਈ ਕਿਤਾਬ, “ ਪੰਜਾਬ ਦਾ ਇਤਹਾਸ ( ਖਾਲਸਾ ਰਾਜ-ਕਾਲ ਵਿਖੇ) ਕਰਤਾ ਬਾਬਾ ਪ੍ਰੇਮ ਸਿੰਘ ਹੋਤੀ ਸੰਪਾਦਕ ਡਾ. ਫੌਜਾ ਸਿੰਘ ਪੜ੍ਹੋ। ਬਰਨਜ਼ ਲਿਖਦਾ ਹੈ ਕਿ ਮੈਂ ਭਾਰਤ ਦੇ ਹੋਰ ਰਾਜਾਂ ਵਿਚ ਪਹਿਲੇ ਰਾਜਿਆਂ ਦੇ ਪ੍ਰੀਵਾਰਾਂ ਨੂੰ ਭੀਖ ਮੰਗਦੇ ਦੇਖਿਆ ਹੈ ਪਰ ਮਹਾਂਰਾਜੇ ਰਣਜੀਤ ਸਿੰਘ ਨੇ ਜਿਸ ਕਿਸੇ ਵੀ ਸਿਰਦਾਰ ਦਾ ਰਾਜ ਆਪਣੇ ਨਾਲ ਮਿਲਾਇਆ ਉਸਦੇ ਪ੍ਰੀਵਾਰ ਨੂੰ ਸੁਖ ਸਹੂਲਤਾਂ ਵਾਸਤੇ ਵੱਡੀਆਂ ਵੱਡੀਆਂ ਜ਼ਗੀਰਾਂ ਦੇ ਕੇ ਨਿਵਾਜਿਆ। ਪੁਰਾਣੇ ਰਾਜਿਆਂ ਦੇ ਪ੍ਰੀਵਾਰ ਵਿਚੋਂ ਪੰਜਾਬ ਵਿਚ ਮੈਂ ਕਿਸੇ ਨੂੰ ਭੀਖ ਮੰਗਦੇ ਨਹੀਂ ਦੇਖਿਆ।
ਜ਼ਨਾਨਖਾਨਿਆਂ ਵਿਚ ਕੰਮ ਕਰਨ ਵਾਸਤੇ ਮਹਾਂਰਾਜੇ ਰਣਜੀਤ ਸਿੰਘ ਨੇ ਖੁਸਰੇ ਨਹੀਂ ਰੱਖੇ ਸਗੋਂ ਜ਼ਨਾਨੀਆਂ ਦੀ ਹਿਫਾਜ਼ਤ ਲਈ ਜਾਂ ਰਾਣੀਆਂ ਦੀ ਸੇਵਾ ਲਈ ਜ਼ਨਾਨੀਆਂ ਹੀ ਮੁਕਰੱਰ ਕੀਤੀਆਂ ਹੋਈਆਂ ਸਨ। ਇਹ ਠੀਕ ਹੈ ਕਿ ਰਾਜੇ ਨੇ ਜਿਸ ਕਿਸੇ ਮਿਸਲ ਨੂੰ ਆਪਣੇ ਰਾਜ ਵਿਚ ਮਿਲਾਉਣ ਲਈ ਲੜਾਈ ਕੀਤੀ ਤੇ ਸਿਰਦਾਰ ਦੀ ਮੌਤ ਹੋ ਗਈ ਉਸ ਦੀ ਸਿਰਦਾਰਨੀ ਨੂੰ ਆਪਣੇ ਮਹਿਲਾਂ ਵਿਚ ਰਾਣੀ ਦੀ ਤਰ੍ਹਾਂ ਸਹੂਲਤਾਂ ਦਿਤੀਆਂ। ਇਹ ਵੀ ਹੋ ਸਕਦਾ ਹੈ ਕਿ ਬਾਹਰੋਂ ਆਏ ਮਹਿਮਾਨਾਂ ਦੀ ਮਹਿਮਾਨ-ਨਿਵਾਜਗੀ ਲਈ ਉਨ੍ਹਾਂ ਔਰਤਾਂ ਨੂੰ ਆਪਣੀ ਇਯਾਸ਼ੀ ਲਈ ਵਰਤਿਆ ਜਾਂਦਾ ਹੋਵੇ ਪਰ ਉਹ ਗੁਲਾਮ ਬਣਾ ਕੇ ਨਹੀਂ ਰੱਖੀਆਂ ਹੋਈਆਂ ਸਨ ਜਿਵੇਂ ਪੁਰਾਣੇ ਮੁਗਲ-ਬਾਦਸ਼ਾਹ ਕਰਦੇ ਸਨ।
ਮੈਨੂੰ ਤਾਂ ਮੋਰਾਂ ਨਾਚੀ ਨਾਲ ਸਬੰਧਾਂ ਜਾਂ ਵਿਆਹ ਕਰਵਾਉਣ ਵਾਲੀ ਗੱਲ ਵੀ ਅੰਗਰੇਜ਼ਾਂ ਵੇਲੇ ਪ੍ਰਚੱਲਤ ਕੀਤੀ ਲੱਗਦੀ ਹੈ ਜਿਵੇਂ ਸਾਡੇ ਹੀ ਪ੍ਰਚਾਰਕਾਂ ਕੋਲੋਂ ਅੰਗਰੇਜ਼ਾਂ ਨੇ ਇਹ ਅਫਵਾਹ ਉਡਵਾਈ ਕਿ, “ ਗੁਰੂ ਤੇਗ ਬਹਾਦਰ ਜੀ ਲਾਲ ਕਿਲੇ ਦੀ ਛੱਤ ਤੇ ਖੜ੍ਹ ਕੇ ਦੂਰ ਨਜ਼ਰ ਮਾਰ ਕੇ ਵੇਖਦੇ ਸਨ ਕਿ ਮੇਰੇ ਟੋਪੀ ਵਾਲੇ ਸਿੱਖ ਆ ਕੇ ਮੁਗਲੀਆ ਸਲਤਨਤ ਦਾ ਖਾਤਮਾ ਕਰਨਗੇ। ਕਿਉਂਕਿ ਜਿਹੜਾ ਰਾਜਾ ਗਿਆਨੀ ਗਿਆਨ ਸਿੰਘ ਤੋਂ ਸੁਬਾਹ ਸਵੇਰੇ ਉਠ ਕੇ ਹਰ ਰੋਜ ਅੱਧਾ ਸੁਖਮਨੀ ਬਾਣੀ ਦਾ ਪਾਠ ਸੁਣਨ ਦਾ ਆਦੀ ਹੋਵੇ ਉਹ ਜਰੂਰ ਸ਼ਾਮ ਨੂੰ ਜਲਦੀ ਸੋਵੇਗਾ। ਬਾਬਾ ਪ੍ਰੇਮ ਸਿੰਘ ਹੋਤੀ ਜੀ ਆਪਣੀ ਕਿਤਾਬ ਵਿਚ ਲਿਖਦੇ ਹਨ ਕਿ ਦਰਬਾਰੀਆਂ ਨੇ ਕਈ ਵਾਰੀ ਰਾਜੇ ਨੂੰ ਆਪਣੇ ਮਹਿਲਾਂ ਵਿਚ ਅੰਮ੍ਰਿਤਸਰ ਵੱਲ ਮੂੰਹ ਕਰਕੇ ਧਰਤੀ ਤੇ ਬੈਠਿਆਂ, ਜਿੱਥੇ ਘਾਹ ਲਗਾਇਆ ਹੋਇਆ ਸੀ, ਰੋ ਰੋ ਕੇ ਅਰਦਾਸਾਂ ਕਰਦਿਆਂ ਦੇਖਿਆ ਸੀ, “ ਧੰਨ ਗੁਰੂ ਰਾਮਦਾਸ ਜੀ ਆਪਣੇ ਸੇਵਕ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕਿਤੇ ਮੇਰੇ ਕੋਲੋਂ ਕੋਈ ਗਲਤੀ ਨਾ ਹੋ ਜਾਵੇ”। ਐਸੇ ਰਾਜੇ ਦੇ ਰਾਜ-ਮਹਿਲਾਂ ਵਿਚ ਗੁਲੂ ਮਾਸ਼ਕੀ ਦੀ ਹਿੰਮਤ ਹੋ ਸਕਦੀ ਹੈ ਕਿ ਉਹ ਕਿਸੇ ਰਾਣੀ ਨਾਲ ਸੰਬੰਧ ਪੈਦਾ ਕਰ ਸਕੇ? ਬਲਦੇਵ ਸਿੰਘ ਸੜਕਨਾਮਾ ਵਾਲੇ ਨੇ ਆਪਣੀ ਕਿਤਾਬ, “ਸੂਰਜ ਦੀ ਅੱਖ” ਵਿਚ ਜੋ ਕੜ੍ਹੀ ਘੋਲੀ ਹੈ ਉਹ ਬਰਦਾਸ਼ਤੇ-ਕਾਬਿਲ ਨਹੀਂ। ਬਲਦੇਵ ਸਿੰਘ ਲਿਖਦਾ ਹੈ, ਸਿੱਖਾਂ ਦੇ ਮੂੰਹ ਨੂੰ ਰਾਜ ਕਰਨ ਦਾ ਲਹੂ ਲੱਗ ਚੁਕਿਆ ਸੀ, ਰਾਜੇ ਦਾ ਇਕ ਲੜਕਾ ਗੁਲੂ ਮਾਸ਼ਕੀ ਦਾ ਸੀ, ਰਾਜੇ ਰਣਜੀਤ ਸਿੰਘ ਨੇ ਇਕੱਲੀ ਮੋਰਾਂ ਨਾਚੀ ਨਾਲ ਹੀ ਨਿਕਾਹ ਨਹੀਂ ਕਰਵਾਇਆ ਸਗੋਂ ਚਾਰ ਪੰਜ ਹੋਰ ਮੁਸਲਮਾਨਣੀਆਂ ਨਾਲ ਵੀ ਨਿਕਾਹ ਕਰਾਏ ਸਨ। ਇਸ ਬਲਦੇਵ ਸਿੰਘ ਨੂੰ ਰਾਜੇ ਦਾ ਇਕ ਵੀ ਚੰਗਾ ਕੰਮ ਨਹੀਂ ਦਿਸਿਆ। ਜੇਕਰ ਇਸਨੂੰ ਰਾਜਾ ਦਿਸਿਆ ਤਾਂ ਅਯਾਸ਼ੀ ਕਰਦਾ ਹੀ ਦਿਸਿਆ। ਇਸ ਨੂੰ ਰਾਜੇ ਦੇ ਖਾਲਸਾ ਰਾਜ ਦਾ ਸੁਪਰ ਪਾਵਰ ਹੋਣਾ ਨਹੀਂ ਦਿਸਿਆ, ਓਸ ਵੇਲੇ ਅਮਰੀਕੀ 1.75 ਡਾਲਰ (ਪੌਣੇ ਦੋ ਡਾਲਰ) ਦੇ ਬਰਾਬਰ ਇਕ ਰੁਪੱਈਏ ਦਾ ਹੋਣਾ ਨਹੀਂ ਦਿਸਿਆ। ਘੁੱਗ ਵੱਸਦਾ ਪੰਜਾਬ ਨਹੀਂ ਦਿਸਿਆ ਪਰ ਕੁੱਝ ਅੰਗਰੇਜ਼ਾਂ ਦੀਆਂ ਕਿਤਾਬਾਂ ਦੇ ਵਿਚੋਂ ਰੈਫਰੈਂਸ ਲੈ ਕੇ ਇਸਨੇ ਰਾਜੇ ਰਣਜੀਤ ਸਿੰਘ ਦੀ ਦੂਜੀ ਅੱਖ ਤੇ ਵੀ ਮਿੱਟੀ ਮਲ ਦਿੱਤੀ ਜੋ ਬਹੁਤ ਹੀ ਨਿੰਦਣ ਯੋਗ ਹੈ।
ਬਲਦੇਵ ਸਿੰਘ ਜਿਹੜੇ ਅੰਗਰੇਜ਼ਾਂ ਨੇ ਖਾਲਸਾ ਰਾਜ ਨੂੰ ਹੱਥਿਆਉਣ ਲਈ ਡੋਗਰੇ ਖਰੀਦੇ, ਹੋਰ ਚੋਰ ਮੋਰੀਆਂ ਪੈਦਾ ਕੀਤੀਆਂ ਅਤੇ ਡਰਦੇ ਮਾਰੇ ਮਹਾਂਰਾਜੇ ਦੀ ਮੌਤ ਦੀ ਉਡੀਕ ਕਰਨ ਲੱਗੇ ਅੱਜ ੳਨ੍ਹਾਂ ਹੀ ਅੰਗਰੇਜ਼ਾਂ ਦੇ ਬੀ.ਬੀ.ਸੀ. ਦੇ ਸਰਵੇ ਦੀ ਰੀਪੋਰਟ ਵਿਚ ਮਹਾਂਰਾਜੇ ਰਣਜੀਤ ਸਿੰਘ ਨੂੰ ਉਨਵੀ ਸਦੀ ਦਾ ਸਰਬੋਤਮ ਰਾਜਾ ਐਲਾਣਿਆ ਗਿਆ ਹੈ। ਤੁਹਾਡੀ ਕਿਤਾਬ ਠੀਕ ਹੈ ਜਾਂ ਬੀ.ਬੀ.ਸੀ? ਭਾਵੇਂ ਉਹ ਅੱਖਰੀ ਗਿਆਨ ਤੋਂ ਕੋਰਾ ਸੀ ਪਰ ਫਿਰ ਵੀ ਉਹ ਬਹੁਤ ਹੀ ਸਿਆਣਾ ਤੇ ਸਮਝਦਾਰ ਰਾਜਾ ਸੀ। ਗਿਆਨ ਸਿਰਫ ਅੱਖਰਾਂ ਰਾਹੀਂ ਹੀ ਨਹੀਂ ਪ੍ਰਾਪਤ ਕੀਤਾ ਜਾਂਦਾ ਸਗੋਂ ਕੰਨਾਂ ਨਾਲ ਸੁਣ ਕੇ ਵੀ ਪ੍ਰਾਪਤ ਕੀਤਾ ਜਾਂਦਾ ਹੈ। ਬਾਦਸ਼ਾਹ ਅਕਬਰ ਵੀ ਇਸੇ ਨਸਲ ਦਾ ਰਾਜਾ ਸੀ। ਉਹ ਵੀ ਗਿਆਨ-ਗੋਸ਼ਟੀਆਂ ਕਰਵਾਉਂਦਾ, ਸੁਣਦਾ ਤੇ ਗਿਆਨ ਪ੍ਰਾਪਤ ਕਰਦਾ ਸੀ।
-
ਗੁਰਚਰਨ ਸਿੰਘ ਜਿਉਣ ਵਾਲਾ, ਲੇਖਕ
ajit@ajitsingh.ca
647 966 3132
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.