ਮੁੱਢ ਕਦੀਮੋਂ ਜਦੋਂ ਤੋਂ ਜੀਵ ਹੋਂਦ 'ਚ ਆਇਆ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਨਵੀਆਂ-ਨਵੀਆਂ ਬਿਮਾਰੀਆਂ ਵੀ ਪਨਪ ਦੀਆਂ ਰਹੀਆਂ ਹਨ। ਕੁਝ ਕੁ ਨੂੰ ਛੇਤੀ ਕਾਬੂ ਕਰ ਲਿਆ ਜਾਂਦਾ ਰਿਹਾ ਕੁਝ ਕੁ ਮਹਾਂਮਾਰੀ ਬਣ ਕੇ ਸਦਾ ਲਈ ਦੁਨੀਆ ਦੀ ਸਿਆਣਪ ਤਰੱਕੀ ਤੋਂ ਲੈ ਕੇ ਗਿਆਨ-ਵਿਗਿਆਨ ਦੇ ਮੂੰਹ 'ਤੇ ਚਪੇੜਾਂ ਮਾਰਦੀਆਂ ਰਹੀਆਂ ਹਨ। ਉਹ ਚਾਹੇ ਚੇਚਕ ਹੋਵੇ, ਚਾਹੇ ਕੋਹੜ ਹੋਵੇ, ਚਾਹੇ ਪੋਲਿਓ ਹੋਵੇ, ਚਾਹੇ ਪਲੇਗ ਹੋਵੇ, ਚਾਹੇ ਏਡਜ਼ ਹੋਵੇ, ਚਾਹੇ ਸਵਾਨ ਫਲੂ ਹੋਵੇ, ਚਾਹੇ ਇਬੋਲਾ ਹੋਵੇ ਤੇ ਚਾਹੇ ਹੁਣ ਚੱਲ ਰਿਹਾ ਕਰੋਨਾ ਹੋਵੇ। ਕਿਸੇ ਵੀ ਇਕ ਨਵੀਂ ਬਿਮਾਰੀ ਤੇ ਕਾਬੂ ਪਾਉਣ 'ਚ ਦੋ ਚਾਰ ਸਾਲ ਤਾਂ ਲੱਗ ਹੀ ਜਾਂਦੇ ਹਨ ਤੇ ਅਗਲੀ ਤਿਆਰ ਖੜ੍ਹੀ ਹੁੰਦੀ ਹੈ।
ਪੁਰਾਣੇ ਜ਼ਮਾਨੇ 'ਚ ਜੇ ਦੁਨੀਆ ਨੇ ਤਰੱਕੀ ਨਹੀਂ ਸੀ ਕੀਤੀ ਤਾਂ ਉਸ ਨਾਲ ਹਰ ਚੀਜ਼ ਦੀ ਰਫ਼ਤਾਰ ਵੀ ਘੱਟ ਸੀ ਅੱਜ ਅਸੀਂ ਤਰੱਕੀ ਕਰ-ਕਰ ਕੇ ਦੁਨੀਆ ਮੁੱਠੀ 'ਚ ਤਾਂ ਕਰ ਲਈ ਹੈ ਜਿਸ ਦੇ ਫ਼ਾਇਦੇ ਵੀ ਬਹੁਤ ਹੋ ਗਏ ਹਨ ਪਰ ਨਾਲ-ਨਾਲ ਨੁਕਸਾਨ ਵੀ ਤੁਹਾਡੇ ਸਾਹਮਣੇ ਹਨ। ਅੱਗੇ ਜੇ ਦੁਨੀਆ ਦੇ ਕਿਸੇ ਕੋਨੇ 'ਚ ਕੋਈ ਮਹਾਂਮਾਰੀ ਫੈਲ ਵੀ ਜਾਂਦੀ ਸੀ ਤਾਂ ਉਹ ਉਸ ਤੇਜ਼ੀ ਨਾਲ ਸਫ਼ਰ ਨਹੀਂ ਸੀ ਕਰਦੀ ਜੋ ਅੱਜ ਦੇ ਆਧੁਨਿਕ ਯੁੱਗ 'ਚ ਕਰ ਰਹੀ ਹੈ। ਸਿਰਫ਼ ਤਿੰਨ ਮਹੀਨਿਆਂ ਤੋਂ ਵੀ ਘੱਟ ਵਕਤ 'ਚ ਚਾਈਨਾ ਤੋਂ ਸ਼ੁਰੂ ਹੋਇਆ ਕਰੋਨਾ ਨਾਮ ਦਾ ਕੀਟਾਣੂ ਅੱਜ ਅੱਧੀ ਦੇ ਕਰੀਬ ਦੁਨੀਆ ਨੂੰ ਲਪੇਟ 'ਚ ਲੈ ਚੁੱਕਿਆ ਹੈ। ਜਿਹੜੀ ਦੁਨੀਆ ਦੀ ਰਫ਼ਤਾਰ ਨੂੰ ਠੱਲ੍ਹ ਪਾਉਣ 'ਚ ਵੱਡੇ ਵੱਡੇ ਰਾਜੇ ਰਾਣੇ ਫ਼ੇਲ੍ਹ ਹੋ ਜਾਂਦੇ ਹਨ ਉਸ ਨੂੰ ਇਸ ਇਕ ਨਾ ਦਿਸਣ ਵਾਲੇ ਕੀਟਾਣੂ ਨੇ ਠੱਲ੍ਹ ਪਾ ਦਿੱਤੀ ਹੈ। ਜਹਾਜ਼ਾਂ ਦੇ ਅੱਡਿਆਂ ਤੋਂ ਲੈ ਕੇ ਬਜ਼ਾਰਾਂ, ਸੜਕਾਂ ਦੀ ਰੌਣਕ ਤੱਕ ਖਾ ਗਿਆ ਹੈ। ਇਸ ਆਪੋ-ਧਾਪੀ 'ਚ ਜਿੱਥੇ ਰਿਸ਼ਤਿਆਂ 'ਚ ਵੀ ਦੂਰੀਆਂ ਆ ਗਈਆਂ ਉੱਥੇ ਸਭਿਅਕ ਕਹਾਉਣ ਵਾਲਾ ਸੰਸਾਰ ਟਾਇਲਟ ਪੇਪਰਾਂ ਬਦਲੇ ਇਕ ਦੂਜੇ ਦੇ ਲੀੜੇ ਪਾੜਦਾ ਦਿਖਾਈ ਦਿੱਤਾ। ਸਾਡਾ ਇਕ ਮਿੱਤਰ ਕਹਿੰਦਾ ਹੁੰਦਾ ਕਿ ਜਿਹੜੇ ਇਹ ਭਾਰਤੀ ਲੋਕਾਂ ਨੂੰ ਅਸੱਭਿਅਕ ਕਹਿਣ ਵਾਲੇ ਲੋਕ ਹਨ ਜੇ ਇਹਨਾਂ ਨੂੰ ਉਹ ਜਿਹੇ ਹਾਲਤਾਂ 'ਚ ਰਹਿਣਾ ਪੈ ਜਾਵੇ ਤਾਂ ਇਹਨਾਂ ਦੀ ਵੀ ਔਕਾਤ ਸਾਹਮਣੇ ਆ ਜਾਵੇ। ਜੋ ਪਿਛਲੇ ਦਿਨਾਂ 'ਚ ਸਾਰੇ ਸੰਸਾਰ ਨੇ ਦੇਖ ਵੀ ਲਈ ਹੈ। ਇਸ ਦੌਰਾਨ ਪੈਸੇ ਵਾਲੇ ਉਹ ਲੋਕਾਂ ਤੋਂ ਵੀ ਪਰਦਾ ਚੁੱਕਿਆ ਗਿਆ ਜੋ ਦੂਜਿਆਂ ਨੂੰ ਤਾਂ 'ਵੰਡ ਛਕੋ' ਦੇ ਪ੍ਰਵਚਨ ਆਮ ਦਿੰਦੇ ਸੁਣੇ ਜਾਂਦੇ ਹਨ ਪਰ ਖ਼ੁਦ ਆਟੇ ਅਤੇ ਚੌਲਾਂ ਆਦਿ ਦੀਆਂ ਰੇੜ੍ਹੀਆਂ ਭਰ-ਭਰ ਘਰਾਂ ਨੂੰ ਲਿਜਾਂਦੇ ਦਿਸੇ। ਕੋਈ ਉਨ੍ਹਾਂ ਤੋਂ ਪੁੱਛਣ ਵਾਲਾ ਹੋਵੇ ਕਿ ਕੀ ਇਸ ਨਾਲ ਤੁਹਾਡੀ ਤਾ ਉਮਰ ਲੰਘ ਜਾਵੇਗੀ? ਜੋ ਗ਼ਰੀਬ ਰੋਜ਼ ਕਮਾ ਕੇ ਖਾਣ ਵਾਲਾ ਉਸ ਦਾ ਕੀ ਬਣੇਗਾ?
ਇਸ ਲੇਖ ਦੀ ਸਮਝ ਮੁਤਾਬਿਕ ਇਹ ਦੁਨੀਆ ਲਈ ਆਉਣ ਵਾਲੇ ਜ਼ਮਾਨੇ ਦੀ ਇਕ ਝਲਕ ਅਤੇ ਚੇਤਾਵਨੀ ਹੈ।
ਹਰ ਰੋਜ਼ ਸਾਡੇ ਕੰਨ ਇਹ ਸੁਣਨ ਦੇ ਆਦੀ ਹੋ ਚੁੱਕੇ ਹਨ ਕਿ ਫਲਾਂ ਦੇਸ਼ ਦੁਨੀਆ ਦੀ ਮਹਾਂ-ਸ਼ਕਤੀ ਹੈ , ਫਲਾਂ ਬੰਦਾ ਬਾਹੂ-ਬਲੀ ਹੈ। ਪਰ ਇਕ ਛੋਟੇ ਜਿਹੇ ਕੀਟਾਣੂ ਨੇ ਦੁਨੀਆ ਨੂੰ ਉਸ ਦੀ ਔਕਾਤ ਦਿਖਾ ਦਿੱਤੀ ਹੈ।
ਹੁਣ ਤੁਸੀਂ ਸੋਚ ਕੇ ਦੇਖੋ ਕੇ ਜਦੋਂ ਸਾਨੂੰ ਕੁਦਰਤ ਵੱਲੋਂ ਬਖ਼ਸ਼ੀਆਂ ਉਹ ਬੇਸ਼ਕੀਮਤੀ ਸੁਗਾਤਾਂ ਮੁੱਕਣ ਕੰਢੇ ਆ ਗਈਆਂ ਤਾਂ ਮਹਾਂ ਸ਼ਕਤੀਆਂ ਤੋਂ ਲੈ ਕੇ ਰਿਸ਼ਤਿਆਂ ਤੱਕ ਦਾ ਘਾਣ ਕਿਵੇਂ ਦਾ ਹੋਵੇਗਾ? ਅੱਜ ਇਕ ਮਾਂ ਆਪਣੇ ਬਿਮਾਰ ਪੁੱਤ ਦਾ ਮੂੰਹ ਚੁੰਮਣਾ ਤਾਂ ਕਿ ਉਸ ਦੇ ਕੋਲ ਜਾਣ ਤੋਂ ਵੀ ਡਰਦੀ ਹੈ। ਦੁਨੀਆ ਨੂੰ ਅੱਖਾਂ ਦਿਖਾਉਣ ਵਾਲੇ ਮੁਲਕ ਖੁੱਡਾਂ 'ਚ ਵੜ ਕੇ ਬਹਿ ਗਏ ਹਨ। ਮੰਨ ਲਵੋ ਜੇ ਦੁਨੀਆ ਤੋਂ ਪਾਣੀ ਮੁੱਕ ਗਿਆ ਤਾਂ ਕਿਹੜਾ ਰਿਸ਼ਤਾ ਜੋ ਦੂਜੇ ਤੇ ਜਾਣ ਵਾਰੇ ਗਾ ਜਾਂ ਫੇਰ ਜ਼ੋਰਾਵਰ ਕਮਜ਼ੋਰ ਦਾ ਖ਼ੂਨ ਪੀ ਕੇ ਚਾਰ ਘੜੀਆਂ ਵੱਧ ਜਿਉਂ ਲਵੇਗਾ? ਕੁੱਝ ਗੱਲਾਂ ਡੀਂਗਾਂ ਮਾਰਨ ਤੇ ਕਿਤਾਬਾਂ 'ਚ ਹੀ ਚੰਗੀਆਂ ਲਗਦੀਆਂ ਹਨ। ਪਰਖ ਤਾਂ ਮੁਸੀਬਤ ਦੀ ਘੜੀ 'ਚ ਹੁੰਦੀ ਹੈ।
ਹਰ ਕੋਈ ਇਕ ਦੂਜੇ ਤੇ ਦੋਸ਼ ਲਾ ਰਿਹਾ ਹੈ, ਕੋਈ ਕਹਿੰਦਾ ਕੁਤਾਹੀ ਚਾਈਨਾ ਦੇ ਲੋਕਾਂ ਨੇ ਕੀਤੀ ਹੈ। ਕੋਈ ਕਹਿੰਦਾ ਅਮਰੀਕਾ ਦੀ ਚਾਲ ਹੈ। ਕੋਈ ਕਹਿੰਦਾ ਇਹੀ ਤਾਂ ਹੈ ਰਸਾਇਣਿਕ ਜੰਗ। ਕੁਲ ਮਿਲਾ ਕੇ ਇਹ ਲਗਦਾ ਹੈ ਕਿ ਇਹ ਉਹ ਤਰੱਕੀ ਹੈ ਜਿਸ ਦੀ ਭਾਲ 'ਚ ਅਸੀਂ ਦਿਨ ਰਾਤ ਇਕ ਕਰਕੇ ਕੁਦਰਤ ਦੇ ਵੈਰੀ ਬਣੇ ਹੋਏ ਹਾਂ।
ਪੱਖ ਬਹੁਤ ਸਾਰੇ ਹਨ ਅੱਜ ਦੇ ਹਾਲਤਾਂ ਦੇ। ਜਿੱਥੇ ਇਸ ਨੂੰ ਇਨਸਾਨ ਦੀ ਗ਼ਲਤੀ ਕਿਹਾ ਜਾ ਰਿਹਾ ਹੈ ਉੱਥੇ ਤਾਕਤ ਲਈ ਲੜਾਈ ਵੀ ਕਿਹਾ ਜਾ ਰਿਹਾ ਹੈ। ਮੌਕਾ ਪ੍ਰਸਤਾਂ ਲਈ ਪੈਸੇ ਕਮਾਉਣ ਦਾ ਮੌਕਾ ਮੰਨਿਆ ਜਾ ਰਿਹਾ ਹੈ। ਬੁੱਧੀਜੀਵੀ ਆਪਣੀ ਬੁੱਧੀਜੀਵੀਤਾ ਝਾੜਨ ਦੇ ਸੁਨਹਿਰੀ ਮੌਕੇ ਦੇ ਰੂਪ 'ਚ ਦੇਖ ਰਹੇ ਹਨ। ਅਸਲ 'ਚ ਤਾਂ ਇਹ ਤਰੱਕੀ ਦਾ ਖ਼ਮਿਆਜ਼ਾ ਹੈ।
ਪੱਖ ਇਕ ਹੋਰ ਵੀ ਵਿਚਾਰਨਯੋਗ ਹੈ ਕਿ ਜਦੋਂ ਕਿਸੇ ਦੇ ਘਰ ਚਾਰ ਮਨ ਦਾਣੇ ਹੋਣ ਲੱਗ ਜਾਣ ਤਾਂ ਉਹ ਵੱਡਿਆਂ ਦੀਆਂ ਅੱਖਾਂ 'ਚ ਰੜਕਣ ਲੱਗ ਜਾਂਦਾ ਹੈ। ਇਹੀ ਕੁੱਝ ਅੱਜ ਕੱਲ੍ਹ ਚਾਈਨਾ ਤੇ ਅਮਰੀਕਾ ਵਿਚਾਲੇ ਚੱਲ ਰਿਹਾ ਸੀ। ਚਾਈਨਾ ਦੀ ਤਰੱਕੀ ਅਮਰੀਕਾ ਨੂੰ ਰੜਕ ਰਹੀ ਹੈ। ਹੋ ਸਕਦਾ ਕਰੋਨਾ ਇਸ ਦੀ ਉਪਜ ਹੋਵੇ! ਕਿਉਂਕਿ ਅਮਰੀਕੀ ਲੋਕਾਂ ਨੂੰ ਚਾਈਨਾ ਦੀਆਂ ਸਸਤੀਆਂ ਚੀਜ਼ਾਂ ਖ਼ਰੀਦਣ ਦਾ ਭੁਸ ਪੈ ਗਿਆ ਸੀ ਤੇ ਦੇਸ਼ ਦਾ ਇਕ ਵੱਡਾ ਸਰਮਾਇਆ ਉੱਧਰ ਨੂੰ ਜਾ ਰਿਹਾ ਸੀ। ਹੁਣ ਜੇ ਸਰਕਾਰ ਚਾਈਨਾ ਨਾਲ ਇਸ ਕਰਕੇ ਵਪਾਰ ਬੰਦ ਕਰ ਦਿੰਦੀ ਤਾਂ ਲੋਕਾਂ ਤੇ ਵਿਰੋਧੀਆਂ ਨੇ ਕਰਨ ਨਹੀਂ ਦੇਣਾ ਸੀ। ਪਰ ਹੁਣ ਹਾਲਾਤ ਇਹ ਹਨ ਕਿ ਲੋਕਾਂ ਦੇ ਮਨਾਂ ਅੰਦਰ ਚਾਈਨਾ ਦਾ ਖ਼ੌਫ਼ ਖੜ੍ਹਾ ਕਰ ਦਿੱਤਾ ਗਿਆ ਹੈ। ਜਿਸ ਨਾਲ ਅਮਰੀਕਾ ਦੇ ਦੋਵਾਂ ਹੱਥਾਂ 'ਚ ਲੱਡੂ ਹਨ। ਇਕ ਪਾਸੇ ਉਹ ਆਪਣਾ ਸਰਮਾਇਆ ਬਚਾਊ, ਦੂਜੇ ਪਾਸੇ ਰੋਜ਼ਗਾਰ ਵਧੂ, ਤੀਜੇ ਪਾਸੇ ਪਹਿਲਾਂ ਜਿਵੇਂ ਐੱਚ.ਆਈ.ਵੀ. ਦਾ ਹਊਆ ਬਣਾ ਕੇ ਆਪਣੀ ਦਵਾਈ ਵੇਚੀ ਸੀ, ਹੁਣ ਕਰੋਨਾ ਦੀ ਦਵਾਈ ਪੇਟੈਂਟ ਕਰਵਾ ਕੇ ਦੁਨੀਆ ਲੁੱਟੂ। ਸੋਚਣ ਵਾਲੀ ਗੱਲ ਹੈ ਕਿ ਚਾਈਨਾ 'ਚ ਕਰੋਨਾ ਫੈਲਣ ਦੀ ਪਹਿਲੀ ਖ਼ਬਰ ਅਮਰੀਕਾ ਦੇ ਮੀਡੀਆ ਤੋਂ ਹੀ ਕਿਉਂ ਨਸ਼ਰ ਹੋਈ?
ਦਿਨਾਂ 'ਚ ਹਸਪਤਾਲ ਉੱਸਰ ਗਏ, ਬਿਲੀਅਨ ਡਾਲਰ ਦਾਨ ਹੋ ਰਹੇ ਹਨ ਤਾਂ ਕਿ ਇਸ ਦੁਸ਼ਮਣ ਦਾ ਕੋਈ ਤੋੜ ਲੱਭਿਆ ਜਾ ਸਕੇ। ਲੱਭ ਵੀ ਲਿਆ ਜਾਵੇਗਾ ਪਰ ਕਰੋਨਾ ਤੋਂ ਬਾਅਦ ਕਿਸ ਨੂੰ ਪਤਾ ਹੋਰ ਕਿਹੜਾ ਉਸ ਦਾ ਮਾਸੀ ਦਾ ਮੁੰਡਾ ਤਿਆਰੀ ਕਰ ਰਿਹਾ ਹੋਵੇ ਇਸ ਦੁਨੀਆ ਨੂੰ ਉਸ ਦੀ ਔਕਾਤ ਦਿਖਾਉਣ ਲਈ?
ਹਾਲੇ ਤਾਂ ਇਸ ਦੀ ਮੌਤ ਦਰ ਸਿਰਫ਼ ਦੋ ਪ੍ਰਤੀਸ਼ਤ ਕਹੀ ਜਾ ਰਹੀ ਹੈ ਪਰ ਫੇਰ ਵੀ ਇਸ ਨੇ ਦੁਨੀਆ ਨੂੰ ਖੁੱਡੀ ਵਾੜ ਦਿੱਤਾ ਹੈ। ਇਸ ਨਾਲੋਂ ਤਾਂ ਭਿਆਨਕ ਕੈਂਸਰ ਹੈ ਜੋ ਇਕੱਲੇ ਬਠਿੰਡੇ ਜ਼ਿਲ੍ਹੇ 'ਚ ਇਸ ਤੋਂ ਵੱਡਾ ਨੁਕਸਾਨ ਹਰ ਰੋਜ਼ ਕਰ ਰਿਹਾ ਹੈ। ਇਸ ਨਾਲੋਂ ਭੈੜਾ ਤਾਂ ਸੜਕਾਂ ਦਾ ਭੂਤ ਹੈ ਜੋ ਹਰ ਰੋਜ਼ ਅਣਗਿਣਤ ਘਰ ਉਜਾੜ ਦਿੰਦਾ ਹੈ। ਕਰੋਨਾ ਨਾਲੋਂ ਵੱਧ ਤਾਂ ਲੋਕ ਭੁੱਖਮਰੀ ਨਾਲ ਮਰ ਰਹੇ ਹਨ, ਇਸ ਤੋਂ ਵੱਧ ਤਾਂ ਤਾਕਤ ਵਾਲੇ ਲੋਕ ਗ਼ਰੀਬਾਂ ਨੂੰ ਦਰੜ ਦਿੰਦੇ ਹਨ।
ਗਲੀ ਬਾਤੀਂ ਭਾਵੇਂ ਅਸੀਂ ਹਰ ਰੋਜ਼ ਉਪਰੋਕਤ ਵਿਚਾਰਾਂ ਕਰਦੇ ਰਹਿੰਦੇ ਹਾਂ ਪਰ ਅੱਜ ਜਦੋਂ ਜਿਗਿਆਸਾ ਦੇ ਤਹਿਤ ਗੂਗਲ ਬਾਬੇ ਤੋਂ ਪੁੱਛ ਕਢਵਾਈ ਤਾਂ ਆਂਕੜੇ ਦੇਖ ਕੇ ਗ਼ਸ਼ ਪੈਣ ਵਾਲੀ ਹੋ ਗਈ। ਸਿਰਫ਼ ਕੈਂਸਰ ਦੇ ਆਂਕੜੇ ਦੱਸ ਦਿੰਦਾ ਹਾਂ ਬਾਕੀ ਤੁਸੀਂ ਆਪ ਦੇਖ ਲਓ। ਦੁਨੀਆ ਦੀ ਸਿਹਤ ਸੰਸਥਾ ਮਤਲਬ ਡਬਲਿਊ.ਐੱਚ.ਓ. ਦੇ ਅੰਕੜੇ ਦੱਸਦੇ ਹਨ ਕਿ 2018 'ਚ ਤਕਰੀਬਨ 90 ਲੱਖ ਲੋਕੀਂ ਕੈਂਸਰ ਦੀ ਭੇਂਟ ਚੜ੍ਹੇ ਹਨ ਮਤਲਬ ਨਿਊਜ਼ੀਲੈਂਡ ਦੀ ਆਬਾਦੀ ਜਿੱਡੇ ਦੋ ਮੁਲਕ।
ਬਾਕੀ ਇੰਡੀਆ ਦੇ ਅੰਕੜਿਆਂ ਦਾ ਤਾਂ ਕਿ ਕਹਿਣਾ, ਤੇ ਕੀ ਕਹਿਣਾ ਉੱਥੋਂ ਦੀਆਂ ਸਰਕਾਰਾਂ ਦਾ। ਕਰੋਨਾ ਨਾਲ ਤਾਂ ਹਾਲੇ ਸਿਰਫ਼ ਦੋ ਹੀ ਮੌਤਾਂ ਹੋਈਆਂ ਹਨ ਸੋ ਇਹ ਤਾਂ ਸਰਕਾਰਾਂ ਦੇ ਕੀ ਯਾਦ ਹੈ। ਉੱਥੇ ਤਾਂ ਪਿਛਲੇ ਮਹੀਨੇ ਦਿੱਲੀ 'ਚ ਪੰਜਾਹ ਦੇ ਕਰੀਬ ਬੇਕਸੂਰ, ਤਾਕਤਵਰਾਂ ਨੇ ਮੌਤ ਦੇ ਘਾਟ ਉਤਾਰ ਦਿੱਤੇ ਤੇ ਸਾਡੇ ਪ੍ਰਧਾਨ ਸੇਵਕ ਆਪਣੇ ਯਾਰ ਨੂੰ ਖ਼ੁਸ਼ ਕਰਨ ਲਈ ਕਬਰਾਂ ਧੋਣ 'ਚ ਵਿਅਸਤ ਰਹੇ।
ਭਾਵੇਂ ਕਰੋਨਾ ਰੂਪੀ ਮਾਂਹਾਂ ਨੇ ਲੋਕਾਂ ਨੂੰ ਵਾਦੀ ਹੀ ਕੀਤੀ ਹੈ ਪਰ ਕਈਆਂ ਲਈ ਇਹ ਮਾਂਹ ਸਵਾਦੀ ਵੀ ਹੋ ਨਿੱਬੜੇ ਹਨ। ਜਿਨ੍ਹਾਂ ਵਿਚ ਕੋਈ ਦੁੱਗਣੇ ਦਾਮਾਂ ਚ ਮਾਸਕ ਵੇਚ ਕੇ ਤੇ ਕੋਈ ਸੈਨੇਟਾਇਜ਼ਰ ਵੇਚ ਕੇ ਆਪਣਾ ਧੰਦਾ ਚਮਕਾ ਗਿਆ। ਉੱਧਰ ਕਰੋਨਾ ਰੂਪੀ ਗੰਗਾ 'ਚ ਪੰਜਾਬ ਦੇ ਮੁੱਖਮੰਤਰੀ ਸਾਹਿਬ ਵੀ ਆਪਣੇ ਹੱਥ ਧੋ ਹੀ ਗਏ ਕਹਿੰਦੇ "ਨੌਜਵਾਨੋ ਕਰੋਨਾ ਤੁਹਾਡਾ ਦੁਸ਼ਮਣ ਬਣ ਕੇ ਆ ਗਿਆ ਨਹੀਂ ਤਾਂ ਸਮਾਰਟ ਫ਼ੋਨ ਹੁਣ ਤੱਕ ਤੁਹਾਡੇ ਹੱਥਾਂ 'ਚ ਹੋਣੇ ਸੀ!" ਕਈ ਭਗਤ ਕਰੋਨਾ ਤੋਂ ਇਸ ਲਈ ਖ਼ੁਸ਼ ਹਨ ਕੇ ਇਸ ਕਰਕੇ ਸਾਡੀ ਨਮਸਤੇ ਦੁਨੀਆ ਨੂੰ ਅਪਣਾਉਣੀ ਪੈ ਗਈ।
ਮੀਡੀਆ ਦੀ ਭੂਮਿਕਾ ਬਾਰੇ ਤਾਂ ਇਹੀ ਚਾਰ ਲਾਈਨਾਂ ਲਿਖ ਸਕਦਾ ਹਾਂ ਕਿ ਅੱਗੇ ਤਾਂ ਡੱਬੂ ਦਾ ਕਿਰਦਾਰ ਨਿਭਾਉਣ ਵਾਲਾ ਇਕੱਲਾ ਮੀਡੀਆ ਹੁੰਦਾ ਸੀ ਹੁਣ ਤਾਂ ਸੁੱਖ ਨਾਲ ਸੋਸ਼ਲ ਮੀਡੀਆ ਰੂਪੀ ਡੱਬੂ ਘਰ-ਘਰ ਪੈਦਾ ਹੋ ਗਿਆ ਜੋ ਲਾਇਕ ਅਤੇ ਸ਼ੇਅਰ ਦੇ ਚੱਕਰ 'ਚ ਅੱਗ ਲਾ ਕੇ ਖ਼ੁਦ ਕੰਧ ਤੇ ਬੈਠਾ ਨਜ਼ਾਰੇ ਲੈ ਰਿਹਾ ਹੈ। ਓਨਾ ਤਾਂ ਕਰੋਨਾ ਨਹੀਂ ਫੈਲਿਆ ਜਿੰਨੀਆਂ ਅਫ਼ਵਾਹਾਂ ਇਹਨਾਂ ਨੇ ਫਲਾ ਦਿੱਤਿਆਂ। ਪਰ ਕੋਈ ਨਾ ਵਕਤ ਵੱਡੀ ਚੀਜ਼ ਹੈ ਅਕਲ ਕਿਸੇ ਦਿਨ ਇਹਨਾਂ ਨੂੰ ਵੀ ਆਵੇਗੀ ਜਿਵੇਂ ਕਰੋਨਾ ਨੇ ਬਾਹੂਬਲੀਆਂ ਨੂੰ ਲਿਆ ਦਿੱਤੀ।
ਅਖੀਰ 'ਚ ਬੇਨਤੀ ਹੈ ਜੀ ਆਪ ਸਭ ਕੋਲ ਕਿ ਅਸੀਂ ਲੱਖ ਕੋਸ਼ਿਸ਼ ਕਰ ਲਈਏ ਦੁਨੀਆ ਨੂੰ ਤਾਂ ਨਹੀਂ ਸੁਧਾਰ ਸਕਦੇ, ਹਾਂ ਆਪਣੇ ਆਪ ਨੂੰ ਤਾਂ ਸੁਧਾਰ ਹੀ ਸਕਦੇ ਹਾਂ। ਜਿਸ ਦਿਨ ਅਸੀਂ ਸੁਧਰ ਗਏ ਦੁਨੀਆ ਆਪੇ ਸੁਧਰ ਜਾਣੀ ਹੈ।
ਮਿੰਟੂ ਬਰਾੜ
mintubrar@gmail.com
+61 434 289 905
-
ਮਿੰਟੂ ਬਰਾੜ, ਲੇਖਕ
mintubrar@gmail.com
+61 434 289 905
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.